ਮੁੰਬਈ (22 ਅਗਸਤ 2014): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਿੱਖਾਂ ਦੀ ਕੇਂਦਰੀ ਸੰਸਥਾ ਹੋਣ ਦੇ ਮਾਣ ਨੂੰ ਹਰਿਆਣਾ ਵਿੱਚ ਵੱਖਰੀ ਕਮੇਟੀ ਬਨਣ ਤੋਂ ਬਾਅਦ ਅੱਜ ਇੱਕ ਹੋਰ ਝਟਕਾ ਲੱਗ ਗਿਆ ਹੈ।
ਮਹਾਰਾਸ਼ਟਰ ਮੰਤਰੀ ਮੰਡਲ ਵਲੋਂ ਭਾਟੀਆ ਕਮੇਟੀ ਦੀ ਰਿਪੋਰਟ ਨੂੰ ਪ੍ਰਵਾਨਗੀ ਦੇਣ ਨਾਲ ਨਾਂਦੇੜ ਵਿਖੇ ਤਖ਼ਤ ਹਜ਼ੂਰ ਸਾਹਿਬ ਬੋਰਡ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਘੱਟ ਜਾਵੇਗੀ।
ਅਜੀਤ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ ਸੂਬਾ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਬੋਰਡ ਨਾਂਦੇੜ ਐਕਟ 1956 ਵਿਚ ਸੋਧਾਂ ਲਈ ਸਿਫ਼ਾਰਸ਼ਾਂ ਕਰਨ ਵਾਸਤੇ ਇਸ ਕਮੇਟੀ ਦਾ ਗਠਨ ਕੀਤਾ ਸੀ। ਹਾਈ ਕੋਰਟ ਦੇ ਸਾਬਕਾ ਜੱਜ ਜੇ. ਐਸ. ਭਾਟੀਆ ਦੀ ਅਗਵਾਈ ਵਾਲੀ ਭਾਟੀਆ ਕਮੇਟੀ ਨੇ ਬੋਰਡ ਵਿਚ ਸਥਾਨਕ ਸਿੱਖਾਂ ਦੀ ਪ੍ਰਤੀਨਿਧਤਾ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ।
ਬੀਤੀ ਰਾਤ ਮੰਤਰੀ ਮੰਡਲ ਵਲੋਂ ਲਏ ਫ਼ੈਸਲੇ ਨਾਲ ਨਾਂਦੇੜ ਵਿਖੇ ਤਖ਼ਤ ਮਾਮਲਿਆਂ ਦੇ ਪ੍ਰਬੰਧ ਲਈ ਨਵੇਂ ਗੁਰਦੁਆਰਾ ਬੋਰਡ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਕੈਬਨਿਟ ਦੀ ਮੀਟਿੰਗ ਪਿੱਛੋਂ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ 17 ਮੈਂਬਰਾਂ ਦੀ ਬਜਾਏ ਹੁਣ ਬੋਰਡ ਦੇ 21 ਮੈਂਬਰ ਹੋਣਗੇ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਚਾਰ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ ਜਦਕਿ ਹੁਣ ਸਿਰਫ਼ ਇਕ ਮੈਂਬਰ ਸ਼੍ਰੋਮਣੀ ਕਮੇਟੀ ਦਾ ਨਾਮਜ਼ਦ ਕੀਤਾ ਜਾਵੇਗਾ। 21 ਮੈਂਬਰਾਂ ਚੋਂ 18 ਦੀ ਚੋਣ ਹੋਵੇਗੀ ਜਿਨ੍ਹਾਂ ਚੋਂ 9 ਨਾਂਦੇੜ ਜ਼ਿਲ੍ਹੇ ਤੋਂ ਹੋਣਗੇ। ਦੋ ਮੈਂਬਰਾਂ ਦੀ ਨਾਮਜ਼ਦਗੀ ਮਹਾਰਾਸ਼ਟਰ ਸਰਕਾਰ ਕਰੇਗੀ ਅਤੇ ਇਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇਗਾ। ਨਾਂਦੇੜ ਦਾ ਕੁਲੈਕਟਰ ਬੋਰਡ ਦਾ ਮੁਖੀ ਹੋਵੇਗਾ। ਕੁਲੈਕਟਰ ਤੋਂ ਬਿਨਾਂ ਸਾਰੇ ਮੈਂਬਰ ਸਿੱਖ ਹੋਣਗੇ।