ਆਮ ਖਬਰਾਂ » ਸਿੱਖ ਖਬਰਾਂ

ਨਿਊਯਾਰਕ ’ਚ ਮਨਜੀਤ ਸਿੰਘ ਜੀ.ਕੇ. ਦਾ ਵਿਰੋਧ ਹੋਇਆ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ

August 22, 2018 | By

ਚੰਡੀਗੜ੍ਹ: ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਖਤ ਵਿਰੋਧ ਹੋਇਆ ਹੈ। ਖ਼ਬਰਾਂ ਮੁਤਾਬਕ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ) ਦੇ ਝੰਡੇ ਹੇਠ ਮਨਜੀਤ ਸਿੰਘ ਜੀ.ਕੇ. ਦਾ ਜਨਤਕ ਤੌਰ ‘ਤੇ ਵਿਰੋਧ ਕੀਤਾ ਗਿਆ। ਇਸ ਕਮੇਟੀ ਦੇ ਤਾਲਮੇਲਕਰਤਾ ਹਿੰਮਤ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵੱਲੋਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਇਸ ਕਾਰਨ ਸਿੱਖ ਜਥੇਬੰਦੀਆਂ ਨੇ ਸ਼੍ਰੋ.ਅ.ਦ (ਬਾਦਲ) ਨਾਲ ਸਬੰਧਤ ਆਗੂਆਂ ਦਾ ਅਮਰੀਕਾ ਆਉਣ ’ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।

ਦਿ.ਸਿ.ਗੁ.ਪ੍ਰ.ਕ ਦੇ ਪ੍ਰਧਾਨ ਦੇ ਵਿਰੋਧ ਦੀਆਂ ਵੱਖ-ਵੱਖ ਝਲਕਾਂ ਮੁੱਕੜਜਾਲ (ਇੰਟਰਨੈਟ) ਉੱਤੇ ਫੈਲੀਆਂ ਹਨ ਜਿਨ੍ਹਾਂ ਵਿਚੋਂ ਇਕ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਆਗੂ ਮਨਜੀਤ ਸਿੰਘ ਜੀ.ਕੇ. ਵਿਰੁਧ ਨਾਅਰੇਬਾਜ਼ੀ ਕਰ ਰਹੇ ਹਨ।

ਇਸ ਹੋਰ ਝਲਕ ਜੋ ਕਿ ਰਾਤ ਦੇ ਸਮੇਂ ਦੀ ਹੈ ਵਿੱਚ ਕੁਝ ਨੌਜਵਾਨ ਮਨਜੀਤ ਸਿੰਘ ਜੀ.ਕੇ. ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਵਿਚੋਂ ਇਕ ਨੌਜਵਾਨ ਮਨਜੀਤ ਸਿੰਘ ਜੀ.ਕੇ. ਦੀ ਕਾਰ ਦੀ ਤਾਕੀ ਉੱਤੇ ਜੁਤੀਆਂ ਮਾਰ ਰਿਹਾ ਸੀ। ਇਸੇ ਝਲਕ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਨਜੀਤ ਸਿੰਘ ਜੀ.ਕੇ. ਦਾ ਇਕ ਸਾਥੀ ਗੱਡੀ ਵਿਚੋਂ ਬਾਹਰ ਨਿਕਲ ਕੇ ਵਿਰੋਧ ਕਰਨ ਵਾਲਿਆਂ ਵਾਲਾ ਭੱਜਦਾ ਹੈ ਤਾ ਅੱਗੇ ਧੱਕਾ ਪੈਣ ਤੇ ਉਹ ਹੇਠਾ ਡਿੱਗ ਜਾਂਦਾ ਹੈ ਤੇ ਉਸ ਦੀ ਦਸਤਾਰ ਉੱਤਰ ਜਾਂਦੀ ਹੈ।

ਇਕ ਹੋਰ ਝਲਕ ਜੋ ਕਿ ਮਨਜੀਤ ਸਿੰਘ ਜੀ.ਕੇ. ਨੇ ਮੱਕੜਤੰਦ ਫੇਸਬੁੱਕ ਉੱਤੇ ਪਾਈ ਹੈ ਵਿੱਚ ਮਨਜੀਤ ਸਿੰਘ ਜੀ.ਕੇ. ਤੇ ਉਸ ਦਾ ਵਿਰੋਧ ਕਰਨ ਵਾਲੇ ਆਪੋਂ ਵਿੱਚੀਂ ਬਹਿਸਦੇ ਤੇ ਇਕ ਦੂਜੇ ਨੂੰ ਭੱਦੀ ਸ਼ਬਦਾਵਲੀ ਬੋਲਦੇ ਵੇਖੇ ਜਾ ਸਕਦੇ ਹਨ। ਇਸ ਝਲਕ ਵਿੱਚ ਦੋਵੇਂ ਧਿਰਾਂ ਇਕ ਦੂਜੇ ਨੂੰ “ਹੱਥ ਲਾ ਕੇ” ਵਿਖਾਉਣ ਦੀ ਚਣੌਤੀ ਦੇਂਦੀਆਂ ਵੀ ਸੁਣੀਆਂ ਜਾ ਸਕਦੀ ਹਨ।

ਮਨਜੀਤ ਸਿੰਘ ਜੀ.ਕੇ. ਵਲੋ ਫੇਸਬੁਕ ‘ਤੇ ਪਾਈ ਵੀਡੀਓ ਦੇਖੋ।

ਇਸ ਤੋਂ ਬਾਅਦ ਮਨਜੀਤ ਸਿੰਘ ਜੀ.ਕੇ. ਨੇ ਇਕ ਹੋਰ ਝਲਕ ਆਪਣੇ ਫੇਸਬੁੱਕ ਖਾਤੇ ਰਾਹੀਂ ਸਾਂਝੀ ਕੀਤੀ ਜਿਸ ਵਿੱਚ ਉਸ ਦੀ ਹਿਮਾਇਤ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਪ੍ਰਧਾਨ ਰਘਬੀਰ ਸਿੰਘ ਬੱਬੀ ਨੇ ਹਿੰਮਤ ਸਿੰਘ ਤੇ ਹੋਰਨਾਂ ਵਿਰੋਧ ਕਰਨ ਵਾਲਿਆਂ ਨੂੰ ਸਮਾਂ ਬੰਨ੍ਹ ਕੇ ਟੱਕਰਣ ਦੀ ਚਣੌਤੀ ਦਿੱਤੀ।

ਇਸ ਘਟਨਾਕ੍ਰਮ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਮੈਂਬਰ ਹਰਿੰਦਰ ਪਾਲ ਸਿੰਘ ਤੇ ਚਮਨ ਸਿੰਘ ਨੇ ਮਨਜੀਤ ਸਿੰਘ ਜੀ.ਕੇ. ਦੇ ਵਿਰੋਧ ਦਾ ਭਾਂਡਾ ਵੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ. ਸਿਰ ਭੰਨਿਆ ਤੇ ਕਿਹਾ ਕਿ ਇਹ “ਹਮਲਾ” ਆਈ.ਐਸ.ਆਈ ਦੀ ਸ਼ਹਿ ‘ਤੇ “ਸਿੱਖ ਫੌਰ ਜਸਟਿਸ” ਵੱਲੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਲ 2015 ਵਿੱਚ ਬਰਗਾੜੀ ਅਤੇ ਹੋਰਨਾਂ ਥਾਵਾਂ ਉੱਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਵੀ “ਵਿਦੇਸ਼ੀ ਤਾਕਤਾਂ” ਦਾ ਹੱਥ ਦੱਸਿਆ ਸੀ ਹਾਲਾਕਿ ਹੁਣ ਇਹ ਸਾਫ ਹੋ ਗਿਆ ਹੈ ਕਿ ਇਹ ਘਟਨਾਵਾਂ ਉਸੇ ਡੇਰਾ ਸਿਰਸਾ ਵੱਲੋਂ ਕਰਵਾਈਆਂ ਗਈਆਂ ਸਨ ਜਿਸ ਕੋਲੋਂ ਇਸ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਹਿਮਾਇਤ ਹਾਸਲ ਕੀਤੀ ਸੀ।

ਬੀਤੇ ਦਿਨ ਦਿ.ਸਿ.ਗੁ.ਪ੍ਰ.ਕ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਮਨਜਿੰਦਰ ਸਿੰਘ ਸਿਰਸਾ ਨੇ ਮਨਜੀਤ ਸਿੰਘ ਜੀ.ਕੇ. ਦੇ ਬੋਲਾਂ ਨੂੰ ਬਹਾਦਰੀ ਦਾ ਖਿਤਾਬ ਦਿਤਾ ਅਤੇ ਸਿੱਖ ਫੌਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਖਿਲਾੜ ਕਰੜੀ ਤੇ ਨੀਵੇਂ ਪੱਧਰ ਦੀ ਸ਼ਬਦਾਬਲੀ ਵਰਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,