Site icon Sikh Siyasat News

ਮਨਜਿੰਦਰ ਸਿੰਘ ਸਿਰਸਾ ਨੇ ਮਾਫੀ ਮੰਗੀ; ਕਿਹਾ ਕਿ ਪਹਿਲਾਂ ਬਿਨਾ ਸੋਚੇ-ਵਿਚਾਰੇ ਟਿੱਪਣੀ ਸਾਂਝੀ ਕਰ ਦਿੱਤੀ ਸੀ

ਚੰਡੀਗੜ੍ਹ: ਲੰਘੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਚ ਅੰਨ੍ਹੇਵਾਹ ਗੋਲੀਆਂ ਚਲਾ ਕੇ 49 ਲੋਕਾਂ ਨੂੰ ਮਾਰ ਦੇਣ ਤੇ ਕਈ ਹੋਰਾਂ ਨੂੰ ਜਖਮੀ ਕਰਨ ਦੇ ਮਾਮਲੇ ਤੇ ਆਸਟ੍ਰੇਲੀਆ ਦੇ ਇਕ ਸੈਨੇਟਰ ਦੀ ਵਿਵਾਦਤ ਟਿੱਪਣੀ ਦੀ ਪ੍ਰੋੜਤਾ ਕਰਨ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹੁਣ ‘ਬਿਨਾ ਸ਼ਰਤ ਮਾਫੀ’ ਮੰਗੀ ਹੈ।

ਜ਼ਿਕਰਯੋਗ ਹੈ ਕਿ 15 ਮਾਰਚ ਨੂੰ ਕਰਾਈਸਟਚਰਚ ਸ਼ਹਿਰ ਵਿਚ ਵਾਪਰੇ ਕਤਲੇਆਮ ਬਾਰੇ ਆਸਟ੍ਰੇਲੀਆ ਦੇ ਕਿਊਨਜ਼ਲੈਂਡ ਸੂਬੇ ਦੇ ਸੈਨੇਟਰ ਫਰੇਜ਼ਰ ਐਨਿੰਗ ਵਲੋਂ ਜਾਰੀ ਕੀਤਾ ਗਿਆ ਇਕ ਬਿਆਨ ਮਨਜਿੰਦਰ ਸਿੰਘ ਸਿਰਸਾ ਨੇ ਟਵਿਟਰ ਉੱਤੇ ਸਾਂਝਾ ਕੀਤਾ ਸੀ ਜਿਸ ਵਿਚ ਸੈਨੇਟਰ ਨੇ ਇਸ ਕਤਲੇਆਮ ਪਿੱਛੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਮੁਸਲਮਾਨਾਂ ਦੇ ਪਰਵਾਸ ਕਾਰਨ ਵਧ ਰਹੇ ਕਥਿਤ ਡਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਮਨਜਿੰਦਰ ਸਿੰਘ ਸਿਰਸਾ

ਬਿਆਨ ਦੀ ਨਕਲ ਅੱਗੇ ਸਾਂਝੀ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਟਵਿਟਰ ਉੱਤੇ ਲਿਿਖਆ ਕਿ “ਇਸ ਨਾਲ ਜਿਹਾਦੀ ਮਾਨਸਿਕਤਾ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਮ ਆਉਣੀ ਜਾਹੀਦੀ ਹੈ ਜਿਨ੍ਹਾਂ ਦੀ ਕੱਟੜ ਤੇ ਹਿੰਸਕ ਸੋਚ ਕਾਰਨ ਉਨ੍ਹਾਂ ਦੇ ਧਰਮ ਨੂੰ ਉੱਤੇ “ਫਾਸ਼ੀਵਾਦ” ਦੀ ਫੀਤੀ ਲੱਗੀ ਹੈ। ਕਿਊਨਜ਼ਲੈਂਡ ਦੀ ਸੈਨੇਟਰ ਫਰੇਜ਼ਰ ਐਨਿੰਗ ਨੇ ਨਿਧੜਕ ਪੱਖ ਲਿਆ ਹੈ। ਮੈਨੂੰ ਉਮੀਦ ਹੈ ਕਿ ਦੁਨੀਆ ਦਾ ਖਬਰਖਾਨਾ ਉਸ ਉੱਤੇ ਖਲਾਨਾਇਕ ਦੀ ਫੀਤੀ ਲਾ ਕੇ ਜਿਹਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ”। (ਮੂਲ ਅੰਗਰੇਜ਼ੀ ਤੋਂ ਪੰਜਾਬ ਵਿਚ ਉਲੱਥਾ)।

ਮਨਜਿੰਦਰ ਸਿੰਘ ਸਿਰਸਾ ਦੀ ਉਕਤ ਟਿੱਪਣੀ ਅਤੇ ਉਸ ਦੀ ਪਹੁੰਚ ਦੀ ਸਿੱਖਾਂ ਵਲੋਂ ਕਰੜੇ ਲਫਜ਼ਾਂ ਵਿਚ ਨਿਖੇਧੀ ਕੀਤੀ ਗਈ ਤੇ ਇਸ ਨੂੰ ਸਿੱਖੀ ਵਿਰੋਧੀ ਬਿਆਨ ਦੱਸਿਆ ਗਿਆ।

ਟਵਿਟਰ ਉੱਤੇ ਮਨਜਿੰਦਰ ਸਿੰਘ ਸਿਰਸਾ ਨੂੰ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੇ ਬੀਤੇ ਕੱਲ੍ਹ ਆਪਣੀ ਵਿਵਾਦਤ ਟਵੀਟ ਮਿਟਾ ਦਿੱਤੀ ਤੇ ਸਫਾਈ ਪੇਸ਼ ਕਰਦਿਆਂ ਕਿਹਾ: “ਮੈਂ ਹਮੇਸ਼ਾਂ ਜਿਹਾਦੀ ਮਾਨਸਿਕਤਾ- ਜੋ ਕਿ ਇਕ ਅਜਿਹਾ ਵਿਚਾਰ ਹੈ ਜਿਹੜਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਮਾਰਨ ਦੀ ਵਕਾਲਤ ਕਰਦਾ ਹੈ, ਦਾ ਵਿਰੋਧ ਕਰਦਾ ਰਿਹਾ ਹਾਂ। ਪਰ ਜੇਕਰ ਸੈਨੇਟਰ ਫਰੇਜ਼ਰ ਐਨਿੰਗ ਦੇ ਲਫਜ਼ਾਂ ਵਾਲੀ ਮੇਰੀ ਟਵੀਟ ਨਾਲ ਕਿਸੇ ਨੂੰ ਦੁੱਖ ਲੱਗਾ ਹੋਵੇ ਤਾਂ ਮੈਂ ਨਿਮਰਤਾ ਨਾਲ ਸਪਸ਼ਟ ਕਰਦਾ ਹਾਂ ਕਿ ਮੈਂ ਹਰ ਤਰ੍ਹਾਂ ਦੇ ਹਮਲਿਆਂ ਤੇ ਹਿੰਸਾ ਦਾ ਵਿਰੋਧ ਕਰਦਾ ਹਾਂ। ਕਿਸੇ ਵੀ ਭਾਈਚਾਰੇ ਨੂੰ ਦੁੱਖ ਪਹੁੰਚਾਉਣਾ ਕਦੀ ਵੀ ਮੇਰੀ ਮਨਸ਼ਾ ਨਹੀਂ ਸੀ”। (ਮੂਲ ਅੰਗਰੇਜ਼ੀ ਤੋਂ ਪੰਜਾਬ ਵਿਚ ਉਲੱਥਾ)।

ਉਕਤ ਸਫਾਈ ਦੇਣ ਤੋਂ ਤਕਰੀਬਨ 3 ਘੰਟੇ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ‘ਬਿਨਾ ਸ਼ਰਤ ਮਾਫੀ’ ਮੰਗਦਿਆਂ 3 ਟਵੀਟ ਕੀਤੇ ਤੇ ਕਿਹਾ ਕਿ: “ਮੈਂ ਆਪਣੇ ਲਫਜ਼ਾਂ ਤੇ ਟਵੀਟ ਲਈ ਬਿਨਾ ਸ਼ਰਤ ਮਾਫੀ ਮੰਗਦਾ ਹਾਂ। ਮੈਂ ਆਪਣੀ ਟਵੀਟ ਵਿਚ ਸਾਫ ਤੌਰ ਤੇ ‘ਹਿੰਸਾ’ ਦੀ ਨਿਖੇਧੀ ਕੀਤੀ ਸੀ ਪਰ ਮੈਂ ਸੈਨੇਟਰ ਫਰੇਜ਼ਰ ਐਨਿੰਗ ਦੀ ਮਨਸ਼ਾ ਨੂੰ ਬਿਨਾ ਸਮਝੇ ਹੀ ਉਸਦੇ ਲਫਜ਼ਾਂ ਦਾ ਹਵਾਲਾ ਦੇ ਕੇ ਗਲਤੀ ਕਰ ਲਈ ਸੀ। ਮੈਂ ਇਕ ਵਾਰ ਮੁੜ ਮਾਫੀ ਮੰਗਦਾ ਹਾਂ”। (ਮੂਲ ਅੰਗਰੇਜ਼ੀ ਤੋਂ ਪੰਜਾਬ ਵਿਚ ਉਲੱਥਾ)।

“ਮੇਰੇ ਵਲੋਂ ਇਹ ਬੜੀ ਭਾਰੀ ਗਲਤੀ ਸੀ ਕਿ ਮੈਂ ਇਹ ਬਿਨਾ ਸਮਝੇ ਹੀ ਟਵੀਟ ਕਰ ਦਿੱਤਾ ਕਿ ਸੈਨੇਟਰ ਕਿਸ ਨੂੰ ਨਿਸ਼ਾਨਾ ਬਣਾ ਰਿਹਾ ਸੀ। ਮੇਰੀ ਪਰਦੇਸ ਰਹਿੰਦੇ ਸਿੱਖ ਭਰਾਵਾਂ ਦੇ ਮਨ ਦੁਖਾਉਣ ਦੀ ਬਿਲਕੁਲ ਵੀ ਮਨਸ਼ਾ ਨਹੀਂ ਸੀ। ਇਕ ਧਾਰਮਕ ਅਦਾਰੇ ਦੇ ਮੁਖੀ ਵਜੋਂ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ”। (ਮੂਲ ਅੰਗਰੇਜ਼ੀ ਤੋਂ ਪੰਜਾਬ ਵਿਚ ਉਲੱਥਾ)।

“ਮੈਂ ਇਕ ਵਾਰ ਮੁੜ ਕਹਿੰਦਾ ਹਾਂ ਕਿ ਇਕ ਸ਼ਰਧਾਵਾਨ ਸਿੱਖ ਵਜੋਂ ਮੈਂ ਗੁਰੂ ਸਾਹਿਬ ਵਲੋਂ ਸਿਖਾਏ ਮਨੁੱਖਤਾ ਪੱਖੀ ਆਦਰਸ਼ਾਂ ਤੇ ਹਮਦਰਦੀ ਭਾਵ ਦੀ ਹਿਮਾਇਤ ਕਰਦਾ ਹਾਂ। ਜਿਨ੍ਹਾਂ ਲੋਕਾਂ ਨੂੰ ਮੇਰੇ ਲਫਜ਼ਾਂ ਨਾਲ ਦੁੱਖ ਲੱਗਾ ਹੈ ਉਨ੍ਹਾਂ ਨੂੰ ਬਹੁਤ ਨਿਮਰਤਾ ਨਾਲ ਬੇਨਤੀ ਕਰ ਰਿਹਾ ਹਾਂ ਕਿ ਮੇਰੀ ਮਾਫੀ ਮਨਜੂਰ ਕਰ ਲਓ ਤੇ ਸਾਰਿਆਂ ਨਾਲ ਸਾਂਝੀ ਕਰ ਦਿਓ”। (ਮੂਲ ਅੰਗਰੇਜ਼ੀ ਤੋਂ ਪੰਜਾਬ ਵਿਚ ਉਲੱਥਾ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version