ਸਿੱਖ ਖਬਰਾਂ

ਭਾਈ ਅਮਨਦੀਪ ਸਿੰਘ ਵੱਲੋਂ ਨਿਊਜ਼ੀਲੈਂਡ ਵਿਚ ਕਥਾ-ਕੀਰਤਨ ਪ੍ਰਵਾਹ ਸੰਗਤਾਂ ਵਿਚ ਭਾਰੀ ਉਤਸ਼ਾਹ

By ਸਿੱਖ ਸਿਆਸਤ ਬਿਊਰੋ

December 07, 2009

ਆਕਲੈਂਡ (6 ਦਸੰਬਰ, 2009 – ਹਰਜਿੰਦਰ ਸਿੰਘ ਬਸਿਆਲਾ): ਭਾਈ ਗੁਰਇਕਬਾਲ ਸਿੰਘ ਵੱਲੋਂ ਚਲਾਏ ਜਾ ਰਹੇ ਮਾਤਾ ਕੌਲਾਂ ਭਲਾਈ ਕੇਂਦਰ ‘ਟਰੱਸਟ ਸ੍ਰੀ ਅੰਮ੍ਰਿਤਸਰ ਦੇ ਕੀਰਤਨੀ ਜਥੇ ਭਾਈ ਅਮਨਦੀਪ ਸਿੰਘ ਅੱਜਕਲ੍ਹ ਆਪਣੇ ਸਾਥੀਆਂ ਸਮੇਤ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ‘ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਕਥਾ-ਕੀਰਤਨ ਨਾਲ ਜੋੜਨ ਲਈ ਪਿਛਲੇ ਤਿੰਨ ਦਿਨਾਂ ਤੋਂ ਨਿਊਜ਼ੀਲੈਂਡ ’ਚ ਹਨ। ਭਾਈ ਅਮਨਦੀਪ ਸਿੰਘ ਜਿਨ੍ਹਾਂ ਭਾਈ ਗੁਰਇਕਬਾਲ ਸਿੰਘ ਹੋਰਾਂ ਦੀ ਸੰਗਤ ਕਰਨ ਬਾਅਦ 1991 ਵਿਚ ਆਪਣੇ ਕੇਸ ਰੱਖੇ ਅਤੇ ਫਿਰ 1994 ਤੋਂ ਕੀਰਤਨ ਸਿੱਖ ਕੇ ਸਦਾ ਲਈ ਮਾਤਾ ਕੌਲਾਂ ਭਲਾਈ ਟਰੱਸਟ ਨਾਲ ਜੁੜ ਗਏ ਤੇ ਦੇਸ਼-ਵਿਦੇਸ਼ ਵਿਚ ਕੀਰਤਨ-ਕਥਾ ਦੀ ਸੇਵਾ ਕਰ ਰਹੇ ਹਨ। ਭਾਈ ਸਾਹਿਬ ਦਾ ਪਹਿਲਾ ਦੀਵਾਨ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਦੂਜਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅਤੇ ਅੱਜ ਦੁਪਹਿਰ ਦਾ ਅਤੇ ਰਾਤ ਦਾ ਦੀਵਾਨ ਫਿਰ ਗੁਰਦੁਆਰਾ ਨਾਨਕਸਰ ਵਿਖੇ ਲੱਗਿਆ।

ਪਾਠ ਉਪਰੰਤ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਸਾਗਰ ਜੰਮੂ ਵਾਲਿਆਂ ਕੀਰਤਨ ਕੀਤਾ ਤੇ ਫਿਰ ਭਾਈ ਅਮਨਦੀਪ ਸਿੰਘ ਹੋਰਾਂ ਕੀਰਤਨ ਦੀ ਸ੍ਰੁਰੂਆਤ ਕੀਤੀ। ਭਾਈ ਸਾਹਿਬ ਨੇ ਇਨ੍ਹਾਂ ਸਮਾਗਮਾ ਦਾ ਧੁਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਡਿਆਈਆਂ ਦਾ ਰੱਖਿਆ ਹੋਇਆ ਹੈ ਅਤੇ ਹਰ ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਇਕ ਵਡਿਆਈ ਕਥਾ-ਕੀਰਤਨ ਰਾਹੀਂ ਵਖਿਆਨ ਕੀਤੀ ਜਾ ਰਹੀ ਹੈ। ਪਹਿਲੀ ਵਡਿਆਈ ਕਿ ਦੂਜੇ ਧਰਮਾਂ ਦੇ ਗੁਰੂ ਆਏ ਤੇ ਚਲੇ ਗਏ ਪਰ ਗੁਰੂ ਨਾਨਕ ਦੇਵ ਜੀ ਸ਼ਬਦ ਗੁਰੂ ਰੂਪ ਵਿਚ ਹੁਣ ਵੀ ਹਾਜ਼ਰ ਹਨ, ਦੂਜੀ ਵਡਿਆਈ ਇਹ ਕਿ ਬਾਕੀ ਗੁਰੂ ਰੱਬ ਦੀਆਂ ਗੱਲਾਂ ਕਰਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਰੱਬ ਨਾਲ ਗੱਲਾਂ ਕਰਾਉਂਦੇ ਹਨ ਤੇ ਤੀਜੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿਚ ਹਉਮੇਂ ਲਈ ਕੋਈ ਗੁੰਜਾਇਸ਼ ਨਹੀਂ ਹੈ। ਇਸੇ ਤਰ੍ਹਾਂ ਸਾਰੇ ਦੀਵਾਨਾਂ ਵਿਚ ਕਥਾ ਦਾ ਧੁਰਾ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਰੱਖਿਆ ਗਿਆ ਹੈ ਤਾਂ ਕਿ ਸੰਗਤਾਂ ਨੂੰ ਸ਼ਬਦ ਗੁਰੂ ਦਾ ਮਹਾਤਮ ਸਮਝ ਆ ਸਕੇ। ਇਨ੍ਹਾਂ ਦੀਵਾਨਾਂ ਵਿਚ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਦੂਰੋਂ-ਨੇੜਿਓ ਪਹੁੰਚ ਕੇ ਗੁਰਬਾਣੀ ਕਥਾ-ਕੀਰਤਨ ਦਾ ਲਾਹਾ ਲੈ ਰਹੀਆਂ ਹਨ। ਭਾਈ ਸਾਹਿਬ ਨੇ ਦੱਸਿਆ ਕਿ ਕੀਰਤਨ ਦੌਰਾਨ ਜੁੜੀ ਮਾਇਆ ਟਰੱਸਟ ਨੂੰ ਜਾਂਦੀ ਹੈ। ਜਿੱਥੋਂ ਵਿਧਵਾਵਾਂ ਨੂੰ ਰਾਸ਼ਨ ਜਾਂਦਾ ਹੈ, ਗਰੀਬ ਬੱਚੀਆਂ ਦੇ ਵਿਆਹ ਹੁੰਦੇ ਹਨ ਅਤੇ ਪੜ੍ਹਾਈ ਵਾਸਤੇ ਖਰਚ ਹੁੰਦਾ ਹੈ।  ‘ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਸਮਾਗਮ’ ਰਾਹੀਂ ਅਤੇ ਭਾਈ ਗੁਰਇਕਬਾਲ ਸਿੰਘ ਹੋਰਾਂ ਦੇ ਸਹਿਯੋਗ ਅਤੇ ਅਗਵਾਈ ਸਦਕਾ ਕਈ ਜਥੇ ਵੱਖ-ਵੱਖ ਦੇਸ਼ਾਂ-ਵਿਦੇਸ਼ਾਂ ਵਿਚ ਧਰਮ ਪ੍ਰਚਾਰ ਵਾਸਤੇ ਜਾ ਰਹੇ ਹਨ।

ਨਿਊਜ਼ੀਲੈਂਡ ਵਿਚ ਉਨ੍ਹਾਂ ਦੇ ਸਮਾਗਮਾਂ ਦਾ ਪ੍ਰਬੰਧ ਭਾਈ ਰਾਜਵਿੰਦਰ ਸਿੰਘ ਰਾਜੂ ਗੁਰਦੁਆਰਾ ਨਾਨਕਸਰ ਵਾਲੇ ਕਰ ਰਹੇ ਹਨ। ਬਾਕੀ ਸਮਾਗਮਾਂ ਵਿਚ ਕੱਲ੍ਹ ਫਿਰ 7 ਦਸੰਬਰ ਸ਼ਾਮ ਗੁਰਦੁਆਰਾ ਨਾਨਕਸਰ, 8 ਦਸੰਬਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ, 9 ਦਸੰਬਰ ਸ਼ਾਮ ਗੁਰਦੁਆਰਾ ਸ੍ਰੀ ਹਰਿਕ੍ਰਸ਼ਨ ਸਾਹਿਬ ਨਿਊਲਿਨ, 10 ਦਸੰਬਰ ਸ਼ਾਮ ਗੁਰਦੁਆਰਾ ਦਸ਼ਮੇਸ਼ ਦਰਬਾਰ ਪਾਪਾਟੋਏਟੋਏ, 11 ਤੇ 12 ਦਸੰਬਰ ਸ਼ਾਮ ਨੂੰ ਅਤੇ 13 ਦਸੰਬਰ ਦਿਨ ਦਾ ਸਮਾਗਮ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਹੀ ਰੱਖਿਆ ਗਿਆ ਹੈ। ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵਿਚ ਭਾਈ ਅਮਨਦੀਪ ਸਿੰਘ ਕੋਲੋਂ ਕਥਾ-ਕੀਰਤਨ ਸੁਨਣ ਲਈ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਸੰਗਤਾਂ ਨੂੰ ਲਾਹਾ ਲੈਣ ਦੀ ਅਪੀਲ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: