
May 6, 2011 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਹੁਸ਼ਿਆਰਪੁਰ (6 ਮਈ, 2011): ਪੰਜਾਬ ਸਰਕਾਰ ਦੇ ਇਸ਼ਾਰਿਆਂ ‘ਤੇ ਪੰਜਾਬ ਪੁਲਿਸ ਵਲੋਂ ਪੰਥਕ ਸੋਚ ਰੱਖਣ ਵਾਲਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਪੰਜਾਬ ਪੁਲਸ ਭਾਈ ਪਰਮਜੀਤ ਸਿੰਘ ਪੰਮਾ ਯੂ.ਕੇ ਦੇ ਮੋਹਾਲੀ ਵਿਖੇ ਰਹਿੰਦੇ ਮਾਪਿਆਂ ਨੂੰ ਘਰ ਜਾ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਯੂਥ ਆਕਲੀ ਦਲ ਪੰਚ ਪ੍ਰਧਾਨੀ ਦੇ ਬੁਲਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕੀਤਾ।
ਉਹਨਾਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਮਾ ਪਿਛਲੇ 13 ਸਾਲਾਂ ਤੋਂ ਯੂ.ਕੇ. ਵਿਚ ਰਹਿ ਰਹੇ ਹਨ ਅਤੇ ਪੰਥਕ ਸਰਗਰਮੀਆਂ ਵਿਚ ਵੱਧ-ਚੜ੍ਹ ਕੇ ਸ਼ਾਮਲ ਹੁੰਦੇ ਹਨ। ਉਹਨਾਂ ਨੇ ਇਕ ਵਾਰ ਪੰਥ ਵਿਰੋਧੀ ਆਰ.ਐੱਸ.ਐੱਸ ਦੀ ਸਿੱਖਾਂ ਵਿਚ ਘੁਸਪੈਠ ਕਰਨ ਲਈ ਬਣਾਈ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿਹੁੰ ਦੀ ਯੂ.ਕੇ ਫੇਰੀ ਦੌਰਾਨ ਜਮਹੂਰੀ ਢੰਗ ਨਾਲ ਵਿਰੋਧਤਾ ਕੀਤੀ ਸੀ ਤੇ ਪੰਜਾਬ ਪੁਲਿਸ ਨੇ 2009 ਵਿਚ ਰੁਲਦਾ ਸਿਹੁੰ ਦੇ ਕਤਲ ਕੇਸ ਵਿਚ ਭਾਈ ਪਰਮਜੀਤ ਸਿੰਘ ਨੂੰ ਨਾਮਜ਼ਦ ਕਰ ਦਿੱਤਾ ਅਤੇ ਪੰਜਾਬ ਪੁਲਿਸ ਨੂੰ ਉਦੋਂ ਮੂੰਹ ਦੀ ਖਾਣੀ ਪਈ ਜਦੋਂ ਭਾਈ ਪਰਮਜੀਤ ਸਿੰਘ ਨੂੰ ਯੂ.ਕੇ ਦੀ ਪੁਲਿਸ ਵਲੋਂ ਕਲੀਨ ਚਿੱਟ ਦੇ ਦਿੱਤੀ ਗਈ ਪਰ ਪੰਜਾਬ ਪੁਲਿਸ ਨੇ ਉਹਨਾਂ ਦੇ ਪਿਤਾ ਸ਼. ਅਮਰੀਕ ਸਿੰਘ, ਮਾਤਾ ਰਤਨ ਕੌਰ ਤੇ ਭੈਣ ਜਗਵਿੰਦਰ ਕੌਰ ਨੂੰ ਉਸ ਸਮੇਂ ਬਹੁਤ ਤੰਗ ਪ੍ਰੇਸ਼ਾਨ ਕੀਤਾ।
ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਫਿਰ ਮੋਹਾਲੀ ਪੁਲਿਸ ਉਹਨਾਂ ਦੇ ਘਰ ਜਾ ਕੇ ਮਾਤਾ-ਪਿਤਾ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਕਿ ਜਿੱਥੇ ਕਾਨੂੰਨ ਦੀ ਉਲੰਘਣਾ ਹੈ ਉੱਥੇ ਸਿੱਖ ਨੌਜਵਾਨਾਂ ਨੂੰ ਭੜਕਾਉਂਣ ਦੀ ਕਾਰਵਾਈ ਵੀ ਕਹੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਭਾਈ ਪਰਮਜੀਤ ਸਿੰਘ ਯੂ.ਕੇ ਦੇ ਖਿਲਾਫ ਰੁਲਦਾ ਸਿਹੁੰ ਕਤਲ ਕੇਸ ਵਿਚ ਕੁਝ ਨਾ ਮਿਲਣ ਦਾ ਝੋਰਾ ਵੱਢ-ਵੱਢ ਖਾ ਰਿਹਾ ਹੈ ਅਤੇ ਉਹ ਉਹਨਾਂ ਦੇ ਬਜ਼ੁਰਗ ਮਾਪਿਆਂ ਨੂੰ ਤੰਗ-ਪ੍ਰੇਸ਼ਾਨ ਕਰਕੇ ਭਾਈ ਪਰਮਜੀਤ ਸਿੰਘ ‘ਤੇ ਮਾਨਸਿਕ ਰੂਪ ਵਿਚ ਤਸ਼ੱਦਦ ਢਾਹ ਰਹੀਂ ਹੈ।
Related Topics: Akali Dal Panch Pardhani