ਆਮ ਖਬਰਾਂ

ਅਜਬ ਇਹ ਖੁਲਾਸਾ ਹੈ; ਇਨਸਾਫ ਤਾਂ ਇੱਥੇ ਬਸ ਇੱਕ ਤਮਾਸ਼ਾ ਹੈ

By ਸਿੱਖ ਸਿਆਸਤ ਬਿਊਰੋ

December 02, 2009

ਨਵੀਂ ਦਿੱਲੀ (ਦਸੰਬਰ 2, 2009): ਅਦਾਲਤੀ ਇਤਿਹਾਸ ਵਿੱਚ ਅਜਿਹਾ ਤਮਾਸ਼ਾ ਸ਼ਇਦ ਹੀ ਕਦੇ ਦੇਖਿਆ ਗਿਆ ਹੋਵੇ ਕਿ ਜਿਸ ਜਾਂਚ ਏਜੰਸੀ ਨੂੰ ਦੋਸ਼ੀ ਵਿਰੁੱਧ ਸਬੂਤ ਇੱਕਤਰ ਕਰਕੇ ਉਸ ਨੂੰ ਸਜਾ ਅਤੇ ਹਜ਼ਾਰਾਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜਿੰਮੇਵਾਰ ਬਣਾਇਆ ਗਿਆ ਹੋਵੇ ਉਹ ਦੋਸ਼ੀ ਨੂੰ ਬਰੀ ਕਰਵਾਉਣ ਲਈ ਸਬੂਤ ਇਕੱਠੇ ਕਰੇ। ਇਹ ਤਮਾਸ਼ਾ ਅੱਜ ਕਲ ਦਿੱਲੀ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਹੈ ਜਿੱਥੇ ਭਾਰਤ ਦੀ ‘ਨਿਰਪੱਖ’ ਜਾਂਚ ਏਜੰਸੀ ਸੀ. ਬੀ. ਆਈ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਬੇਦੋਸ਼ ਸਾਬਿਤ ਕਰਨ ਲਈ ਬਹਿਸ ਕਰ ਰਹੀ ਹੈ। ਵਧੀਕ ਮੁੱਖ ਮੈਟਰੋਪਾਲੀਟਲ ਮੈਜਿਸਟ੍ਰੇਟ ਰਕੇਸ਼ ਪੰਡਤ ਦੀ ਅਦਾਲਤ ਵਿੱਚ ਅੱਜ ਸੀ. ਬੀ. ਆਈ ਨੇ ਅੱਜ ਕੁਝ ਵੀਡੀਓ ਲੈਪਟਾਪ ਉੱਤੇ ਚਲਾਏ ਜਿਨ੍ਹਾਂ ਵਿੱਚ ਸਿੱਖ ਕਤਲੇਆਮ ਦੇ ਮਰਹੂਮ ਗਵਾਹ ਸਿਰਦਾਰ ਸੁਰਿੰਦਰ ਸਿੰਘ ਦੇ ਕਥਿਤ ਬਿਆਨ ਹਨ ਜਿਨ੍ਹਾਂ ਤੋਂ ਸੀ. ਬੀ. ਆਈ ਇਹ ਦਾਅਵਾ ਕਰਦੀ ਹੈ ਕਿ ਜਗਦੀਸ਼ ਟਾਈਟਲਰ ਸਿੱਖ ਕਤਲੇਆਮ ਲਈ ਦੋਸ਼ੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਸੀਡੀਆਂ ਭਾਰਤੀ ਜਾਂਚ ਏਜੰਸੀ ਨੂੰ ਖੁਦ ਦੋਸ਼ੀ ਜਗਦੀਸ਼ ਟਾਈਟਲਰ ਨੇ ਦਿੱਤੀਆਂ ਹਨ।

ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੇ 25 ਸਾਲਾਂ ਬਾਅਦ ਸੀ. ਬੀ. ਆਈ ਦਾ ਇਹ ਅਜਬ ਖੁਲਾਸਾ ਹੈ ਅਤੇ ਇੰਝ ਲਗਦਾ ਹੈ ਕਿ ਇਸ ਮੁਲਕ ਵਿੱਚ ਇਨਸਾਫ ਤਾਂ ਬਸ ਇੱਕ ਤਮਾਸ਼ਾ ਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: