ਸਿਆਸੀ ਖਬਰਾਂ

ਦਲ ਖ਼ਾਲਸਾ ਵਲੋਂ ਕਾਲੇ ਕਾਨੂੰਨ ‘ਦੇਸ਼-ਧ੍ਰੋਹ’ ਦੀ ਦੁਰਵਰਤੋਂ ਵਿਰੁੱਧ ਕਾਨਫਰੰਸ ਅਤੇ ਮਾਰਚ 14 ਅਗਸਤ ਨੂੰ

By ਸਿੱਖ ਸਿਆਸਤ ਬਿਊਰੋ

August 01, 2017

ਹੁਸ਼ਿਆਰਪੁਰ: ਦਲ ਖਾਲਸਾ ਵਲੋਂ ਜ਼ੁਲਮ, ਧੱਕੇਸ਼ਾਹੀ ਅਤੇ ਗੁਲਾਮੀ ਵਿਰੁੱਧ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਭਾਰਤ ਦੇ 70ਵੇਂ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 14 ਅਗਸਤ ਨੂੰ ਜਲੰਧਰ ਵਿਚ ਕਾਨਫਰੰਸ ਅਤੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ।

ਇਸ ਕਾਨਫਰੰਸ ਵਿਚ ਹਿੰਦੁਸਤਾਨ ਅੰਦਰ ਲੋਕਤੰਤਰਿਕ ਹੱਕਾਂ ਦਾ ਕੀਤਾ ਜਾ ਰਿਹਾ ਘਾਣ, 36 ਸਾਲਾਂ ਬਾਅਦ ਪੁਰਾਣੇ ਕੇਸ ਵਿੱਚ ਸਿੱਖ ਹਾਈਜੈਕਰਾਂ ਵਿਰੁੱਧ ‘ਦੇਸ਼-ਧ੍ਰੋਹ’ ਅਧੀਨ ਨਵੇਂ ਸਿਰਿਉਂ ਦਰਜ ਮੁਕੱਦਮਾ, ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ, ਦਲਿਤਾਂ ਅਤੇ ਮੁਸਲਮਾਨਾਂ ਉੱਤੇ ਗਾਂ ਦੇ ਨਾਂ ‘ਤੇ ਕੀਤੇ ਜਾ ਰਹੇ ਵਹਿਸ਼ੀ ਹਮਲੇ ਅਤੇ ਘੱਟਗਿਣਤੀਆਂ ਉੱਤੇ ਬਹੁਗਿਣਤੀ ਸਭਿਆਚਾਰ ਦਾ ਥੋਪਿਆ ਜਾਣਾ ਆਦਿ ਮੁੱਖ ਮੁੱਦੇ ਹੋਣਗੇ।

ਇਹ ਫੈਸਲਾ ਸੀਨੀਅਰ ਆਗੂ ਹਰਚਰਜੀਤ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਪਾਰਟੀ ਮੀਟਿੰਗ ਵਿਚ ਕੀਤਾ ਗਿਆ, ਜਿਸ ਵਿਚ ਕੰਵਰਪਾਲ ਸਿੰਘ, ਜਸਬੀਰ ਸਿੰਘ ਖੰਡੂਰ, ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਿਲ ਸਨ। ਉਹਨਾਂ ਕਿਹਾ ਕਿ ਕਾਨਫਰੰਸ ਅਤੇ ਮੁਜ਼ਾਹਰੇ ਦੀ ਥਾਂ ਦਾ ਛੇਤੀ ਹੀ ਐਲਾਨ ਕੀਤਾ ਜਾਵੇਗਾ।

ਭਾਈ ਧਾਮੀ ਨੇ ਕਿਹਾ ਕਿ ਇਹ ਸਮਾਗਮ ਸਾਡੀਆਂ ਭਾਰਤੀ ਕਬਜ਼ੇ ਤੋਂ ਅਜ਼ਾਦੀ ਹਾਸਿਲ ਕਰਨ ਦੀਆਂ ਇੱਛਾਵਾਂ ਅਤੇ ਪੰਜਾਬ ਦੇ ਲੋਕਾਂ ਦੇ ਸਵੈ-ਨਿਰਣੇ ਦੇ ਮੌਲਿਕ ਹੱਕ ਹਾਸਿਲ ਕਰਨ ਲਈ ਚੱਲ ਰਹੇ ਸੰਘਰਸ਼ ਦੀ ਤਰਜ਼ਮਾਨੀ ਕਰੇਗਾ।

ਉਹਨਾਂ ਕਿਹਾ ਕਿ ਭਾਰਤ ਦੀ ਮੌਜੂਦਾ ਰਾਜ-ਪ੍ਰਣਾਲੀ ਵਿਚ ਵਿਰੋਧੀ ਵਿਚਾਰਾਂ ਦੀ ਥਾਂ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ, ਸੱਤਾ ਵਿਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਵਿਰੋਧੀ ਵਿਚਾਰ ਰੱਖਣ ਵਾਲੇ ਲੋਕਾਂ ਨੂੰ “ਦੇਸ਼ਧ੍ਰੋਹ” ਵਰਗੇ ਬਸਤੀਵਾਦੀ ਕਾਨੂੰਨਾਂ ਹੇਠ ਫਸਾਉਣ ਵਿਚ ਬਿਲਕੁਲ ਵੀ ਦੇਰ ਨਹੀਂ ਕੀਤੀ ਜਾਂਦੀ।

ਬੀਤੇ ਸਮੇਂ ਦੌਰਾਨ ‘ਦੇਸ਼ਧ੍ਰੋਹ’ ਦੇ ਕਾਲੇ ਕਾਨੂੰਨ ਦਾ ਸ਼ਿਕਾਰ ਬਣਾਏ ਗਏ ਵੱਖ-ਵੱਖ ਵਰਗਾਂ ਅਤੇ ਖਿਤਿਆਂ ਦੇ ਲੋਕਾਂ ਦਾ ਜ਼ਿਕਰ ਕਰਦਿਆਂ ਧਾਮੀ ਨੇ ਦੱਸਿਆ ਕਿ ਕਿਸ ਤਰ੍ਹਾਂ ਜੇ.ਐਨ.ਯੂ ਦੇ ਵਿਦਿਆਰਥੀਆਂ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਗਿਲਾਨੀ, ਚੱਬਾ ਵਿਖੇ ਸਿੱਖ ਸਮਾਗਮ ਕਰਨ ਵਾਲੇ ਪ੍ਰਬੰਧਕਾਂ, ਹਰਿਆਣਾ ਦੇ 15 ਦਲਿਤ ਕਾਰਕੁੰਨਾਂ ਜਿਹਨਾਂ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਵੀ ਸ਼ਾਮਿਲ ਸਨ, ਬੈਂਗਲੁਰੂ ਪੁਲਿਸ ਵਲੋਂ ਐਮਨਸਟੀ ਇੰਟਰਨੈਸ਼ਨਲ ਇੰਡੀਆ, ਮੱਧ ਪ੍ਰਦੇਸ਼ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੀ ਜਿੱਤ ‘ਤੇ ਜਸ਼ਨ ਮਨਾਉਣ ਵਾਲੇ 15 ਲੋਕਾਂ ਅਤੇ ਹਾਲ ਹੀ ਵਿੱਚ ਸਿੱਖਸ ਫਾਰ ਜਸਟਿਸ ਸੰਸਥਾ ਦੇ ਕਾਰਕੁੰਨਾਂ ਖਿਲਾਫ ਇਸ ਬਸਤੀਵਾਦੀ ਕਾਨੂੰਨ ਨੂੰ ਨਜਾਇਜ਼ ਵਰਤਿਆ ਗਿਆ ਹੈ।

ਸਿੱਖ ਹਾਈਜੈਕਰਾਂ ਦੇ 36 ਸਾਲ ਬਾਅਦ ਦੁਬਾਰਾ ਖੋਲ੍ਹੇ ਗਏ ਕੇਸ ਨੂੰ ਭਾਰਤੀ ਨਿਆਂਇਕ ਸਿਸਟਮ ਦੇ ਕਾਲੇ ਪੱਖ ਦੀ ਵੱਡੀ ਉਦਾਹਰਣ ਦਸਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਜੇਕਰ ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕਰਨ ਵਾਲੇ ਭੋਲੇਨਾਥ ਪਾਂਡੇ ਅਤੇ ਦਵਿੰਦਰ ਪਾਂਡੇ ਦਾ ਕੇਸ ਹਿੰਦ ਸਰਕਾਰ ਵਾਪਿਸ ਲੈ ਸਕਦੀ ਹੈ ਤਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਜੋ 14 ਸਾਲ ਸਜ਼ਾ ਵੀ ਕੱਟ ਚੁੱਕੇ ਹਨ ਉਹਨਾਂ ਖਿਲਾਫ ਦਿੱਲੀ ਪੁਲਿਸ ਵਲੋਂ ਦਰਜ ਕੀਤੀ ਗਈ ਵਾਧੂ-ਚਾਰਜਚੀਟ ਨੂੰ ਵਾਪਿਸ ਕਿਉਂ ਨਹੀਂ ਲੈ ਸਕਦੀ? ਉਹਨਾਂ ਕਿਹਾ ਕਿ ਦੁਨੀਆ ਦਾ ਵੱਡਾ ਲੋਕਤੰਤਰ ਕਹਾਉਣ ਵਾਲੇ ਦੇਸ਼ ਨੂੰ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਇਕੋ ਦੋਸ਼ ਅੰਦਰ ਦੋ ਕਾਨੂੰਨ ਨਹੀਂ ਚੱਲ ਸਕਦੇ।

ਉਹਨਾਂ ਅੱਗੇ ਕਿਹਾ ਕਿ ਘੱਟਗਿਣਤੀਆਂ ਖਾਸ ਤੌਰ ‘ਤੇ ਮੁਸਲਮਾਨ ਅਤੇ ਦਲਿਤ ਭਾਰਤ ਵਿਚ ਹਿੰਦੂਤਵ ਤਾਕਤਾਂ ਦੇ ਵੱਧ ਰਹੇ ਹਮਲਿਆਂ ਕਾਰਨ ਸਹਿਮੇ ਹੋਏ ਹਨ। ਉਹਨਾਂ ਟਿੱਪਣੀ ਕਰਦਿਆਂ ਕਿਹਾ, “ਨਰਿੰਦਰ ਮੋਦੀ ਦੇ ਰਾਜ ਵਿਚ ਹਿੰਦੂਤਵ ਤਾਕਤਾਂ ਦਾ ਹੌਂਸਲਾ ਬਹੁਤ ਵੱਧ ਗਿਆ ਹੈ।”

ਇਸ ਮੌਕੇ ਹਰਮਿੰਦਰ ਸਿੰਘ ਹਰਮੋਏ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: