ਦਸਤਾਵੇਜ਼ » ਸਿਆਸੀ ਖਬਰਾਂ

ਨਸ਼ਿਆਂ ਦਾ ਕਹਿਰ: ਖਾਲੜਾ ਮਿਸ਼ਨ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਂ ਖੁੱਲੀ ਚਿੱਠੀ

June 27, 2018 | By

ਤਰਨਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਸਹਿਯੋਗੀਆਂ ਵੱਲੋਂ ਨਸ਼ਿਆਂ ਬਾਰੇ ਲਿਖੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਖੁੱਲੀ ਚਿੱਠੀ ਲਿਖੀ ਗਈ ਹੈ ਜਿਸ ਦੀ ਨਕਲ ਜਥੇਬੰਦੀ ਵੱਲੋਂ ਸਿੱਖ ਸਿਆਸਤ ਨੂੰ ਵੀ ਭੇਜੀ ਗਈ ਹੈ।  ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਚਿੱਠੀ ਹੇਠਾਂ ਇੰਨ-ਬਿੰਨ ਛਾਪੀ ਜਾ ਰਹੀ ਹੈ:-

ਮੁੱਖ ਮੰਤਰੀ ਪੰਜਾਬ ਜੀ

ਪਿਛਲੇ ਚਾਰ ਕੁ ਦਿਨਾਂ ਵਿੱਚ ਪੰਜਾਬ ਦੇ ਜਾਏ 11 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਗੁਰਾਂ ਦੇ ਪੰਜਾਬ ਅੰਦਰ ਕਿਸਾਨ ਖੁਦਕਸ਼ੀਆਂ ਅਤੇ ਨਸ਼ਿਆਂ ਕਾਰਨ ਘਰ-ਘਰ ਵੈਣ ਪੈ ਰਹੇ ਹਨ। ਦਿੱਲੀ ਅਤੇ ਨਾਗਪੁਰ ਦੀ ਸਾਂਝੀ ਯੋਜਨਨਾਂਬੰਦੀ ਕਾਰਨ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ, ਨਵੰਬਰ 84 ਕਤਲੇਆਮ ਅਤੇ ਪੰਜਾਬ ਅੰਦਰ ਚੱਪੇ-ਚੱਪੇ ਤੇ ਝੂਠੇ ਮੁਕਾਬਲੇ ਹੋਏ। ਬਾਦਲਕਿਆਂ ਨੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਉੱਪਰ ਪਰਦਾ ਪਾਇਆ ਅਤੇ ਉਹਨਾਂ ਦੇ ਰਾਜ ਵਿੱਚ ਨਸ਼ਿਆਂ ਰਾਹੀਂ ਜਵਾਨੀ ਦੀ ਕੁੱਲ ਨਾਸ਼ ਦਾ ਮੁੱਢ ਬੰਨ੍ਹਿਆ ਗਿਆ। ਤੁਸੀਂ ਸਰਕਾਰ ਬਣਾਉਣ ਸਮੇਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਸ਼ਾ ਤਸਕਰਾਂ ਦਾ 4 ਹਫਤਿਆਂ ਅੰਦਰ ਲੱਕ ਤੋੜ ਦਿੱਤਾ ਜਾਵੇਗਾ, ਪਰ ਹੋਇਆ ਇਸ ਤੋਂ ਉਲਟ ਵੱਡੇ ਮਗਰਮੱਛਾਂ ਵਿੱਚੋਂ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ ਸਗੋਂ ਨਸ਼ਿਆਂ ਦੇ ਪੀੜ੍ਹਤ ਪਰਿਵਾਰਾਂ ਦਾ ਲੱਕ ਟੁੱਟ ਗਿਆ। ਅੱਜ ਘਰ-ਘਰ ਪੈ ਰਹੇ ਕੀਰਨੇ ਸਾਬਕਾ ਤੇ ਮੌਜੂਦਾ ਹਾਕਮਾਂ ਨੂੰ ਲਾਹਨਤਾਂ ਪਾ ਰਹੇ ਹਨ। ਤੁਹਾਡੇ ਵੱਲੋਂ ਬਣਾਈ ਨਸ਼ਿਆਂ ਬਾਰੇ ਐੱਸ.ਟੀ.ਐੱਫ ਦਾ ਤੁਸੀਂ ਆਪ ਹੀ ਭੋਗ ਪਾਉਣ ਤੁਰ ਪਏ ਜਦੋਂ ਨਸ਼ਿਆਂ ਦੀ ਪੜਤਾਲ ਐੱਸ.ਐੱਸ.ਪੀ. ਅਤੇ ਡੀ.ਜੀ.ਪੀ. ਲੈਵਲ ਤੱਕ ਦੇ ਅਧਿਕਾਰੀਆਂ ਤੱਕ ਪਹੁੰਚਣ ਲੱਗੀ। ਹੁਣੇ-ਹੁਣੇ ਕਪੂਰਥਲਾ ਵਿਖੇ ਔਰਤਾਂ ਬਾਰੇ ਖੋਲੇ ਗਏ ਨਸ਼ਾ ਛਡਾਉ ਕੇਂਦਰ ਵਿੱਚ ਪੰਜਾਬ ਦੀਆਂ ਦੋ ਧੀਆਂ ਨੇ ਸਭ ਨੂੰ ਹਲਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਸਾਨੂੰ ਨਸ਼ਿਆਂ ਵਿੱਚ ਧੱਕਣ ਬਾਰੇ ਡੀ.ਐੱਸ.ਪੀ ਅਤੇ ਥਾਣੇਦਾਰ ਜਿੰਮੇਵਾਰ ਹਨ। ਸੂਬੇ ਦੇ ਸਿਹਤ ਮੰਤਰੀ ਨੂੰ ਜਦੋਂ ਇਸ ਘਟਨਾ ਬਾਰੇ ਕਾਰਵਾਈ ਲਈ ਪੁੱਛਿਆ ਗਿਆ ਤਾਂ ਉਸਦੀ ਆਪਣੀ ਸਿਹਤ ਵਿਗੜ ਗਈ ਉਹ ਲਿਖਤੀ ਸ਼ਿਕਾਇਤ ਆਉਣ ਦੀ ਮੰਗ ਕਰਨ ਲੱਗਾ। ਬਰਗਾੜੀ ਕਾਂਡ, ਜਵਾਹਰ ਸਿੰਘ ਵਾਲਾ ਕਾਂਡ ਦਾ ਪੰਜਾਬ ਦੇ ਲੋਕਾ ਨੂੰ ਕੋਈ ਨਿਆਂ ਨਹੀ ਮਿਿਲਆ। ਤੁਹਾਡੇ ਵੱਲੋਂ ਨਵਜੋਤ ਸਿੰਘ ਸਿੱਧੀ ਦੀ ਅਗਵਾਈ ਵਿੱਚ ਰੇਤਾ ਬਾਰੇ ਦਿੱਤੀ ਗਈ ਰਿਪੋਰਟ ਦਾ ਖੁਦ ਹੀ ਭੋਗ ਪਾਇਆ ਜਾ ਰਿਹਾ ਹੈ। ਕੈਪਟਨ ਸਾਹਿਬ ਤੁਹਾਡੇ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬਾਨ ਦਾ ਤੁਹਾਡੇ ਪਰਿਵਾਰ ਨੂੰ ਅਸ਼ੀਰਵਾਦ ਪ੍ਰਾਪਤ ਰਿਹਾ ਹੈ ਪਰ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਅਮਲਾ ਨੇ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਗੁਰਬਾਣੀ ਦੀ ਸੇਧ ਤੋਂ ਕੋਹਾਂ ਦੂਰ ਹੋ। ਤੁਸੀਂ ਫੌਜੀ ਹਮਲੇ ਸਮੇਂ ਅਸਤੀਫਾ ਦੇ ਕੇ, ਪਾਣੀਆਂ ਬਾਰੇ ਮਤਾ ਪਾਸ ਕਰਕੇ, ਕਿਸਾਨਾਂ ਦੀ ਜਿਣਸ ਚੁੱਕ ਕੇ ਆਪਣੇ ਆਪ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵਧੀਆ ਸਿੱਖ ਸਾਬਤ ਕਰਨ ਦਾ ਯਤਨ ਕੀਤਾ। ਪਰ ਇਸ ਵਾਰ ਤੁਸੀਂ ਝੂਠੇ ਮੁਕਾਬਲਿਆਂ ਦੇ ਮਹਾ ਦੋਸ਼ੀ ਕੇ.ਪੀ.ਐੱਸ ਗਿੱਲ ਦੇ ਹੱਕ ਵਿੱਚ ਖਲੋ ਕੇ, 21 ਸਿੱਖ ਨੌਜਵਾਨਾਂ ਦੇ ਨਾਮ ਛੁਪਾ ਕੇ, ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੀਆਂ ਵੱਡੀਆ ਮੱਛੀਆਂ ਨੂੰ ਬਚਾ ਕੇ, ਅਤੇ ਬਹਿਲਾ ਗੋਲੀ ਕਾਂਡ ਦੇ ਦੋਸ਼ੀ ਖੂਬੀ ਰਾਮ ਨੂੰ ਸੁਰੱਖਿਆ ਇੰਚਾਰਜ ਲਾ ਕੇ ਸਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ ਹੈ। ਪੰਜਾਬ ਦਾ ਬੱਚਾ-ਬੱਚਾ ਇਹ ਮੰਨ ਚੁੱਕਾ ਹੈ ਕਿ ਪੰਜਾਬ ਦੀ ਤਬਾਹੀ ਲਈ ਜਿੰਮੇਵਾਰ ਕਾਂਗਰਸੀ, ਭਾਜਪਾ ਅਤੇ ਬਾਦਲਕੇ ਆਪਸ ਵਿੱਚ ਰਲੇ ਹੋਏ ਹਨ।

ਸੋ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ 1) ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਵੱਡੇ ਮਗਰਮੱਛਾਂ ਦੀ ਲਿਸਟ ਜਾਰੀ ਕੀਤੀ ਜਾਵੇ। 2) ਐੱਸ.ਟੀ.ਐੱਫ ਦੀ ਸਾਰੀ ਕਾਰਵਾਈ ਜਨਤਕ ਕੀਤੀ ਜਾਵੇ। 3) ਪੰਜਾਬ ਨੂੰ ਲੁੱਟਣ ਵਾਲਿਆਂ ਦੀ ਲਿਸਟ ਜਾਰੀ ਹੋਵੇ। 4) ਪੰਜਾਬ ਅੰਦਰ ਬਣੇ ਝੂਠੇ ਮੁਕਾਬਲਿਆਂ ਦੀ ਲਿਸਟ ਜਾਰੀ ਕੀਤੀ ਜਾਵੇ।

ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤੁਹਾਡਾ ਮੁੱਖ-ਮੰਤਰੀ ਪਦ ਤੋਂ ਅਸਤੀਫਾ ਦੇਣਾ ਪੰਜਾਬ ਦੇ ਭਲੇ ਵਿੱਚ ਹੋਵੇਗਾ।

ਨਿਰਵੈਰ ਸਿੰਘ ਹਰੀਕੇ
(ਖਾਲੜਾ ਮਿਸ਼ਨ ਆਰਗੇਨਾਈਜੇਸ਼ਨ)

ਪ੍ਰਵੀਨ ਕੁਮਾਰ
(ਪ੍ਰਚਾਰ ਸਕੱਤਰ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ)

ਸਤਵੰਤ ਸਿੰਘ ਮਾਣਕ
(ਕੇਂਦਰੀ ਕਮੇਟੀ ਮੈਂਬਰ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ)

ਬਾਬਾ ਦਰਸ਼ਨ ਸਿੰਘ
(ਪ੍ਰਧਾਨ, ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ)

ਕ੍ਰਿਪਾਲ ਸਿੰਘ ਰੰਧਾਵਾ
(ਡਿਪਟੀ ਚੇਅਰਮੈਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ)


ਪੰਜਾਬ ਦੀ ਜਵਾਨੀ ਨੂੰ ਨਿਗਲਦਾ ਜਾ ਰਿਹਾ ਹੈ ਨਸ਼ਿਆਂ ਦਾ ਦੈਂਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,