ਸਿੱਖ ਖਬਰਾਂ

ਸਮੁੱਚੇ ਵਿਧਾਇਕ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤਾ ਪਾਸ ਕਰਕੇ ਲੋਕਾਂ ਵਲੋਂ ਬਖਸ਼ੀ ਜਿੰਮੇਵਾਰੀ ਨਿਭਾਉਣ; ਪੰਚ ਪਰਧਾਨੀ ਨੇ ਕੀਤਾ ਗੁ: ਅੰਬ ਸਾਹਿਬ ਤੋਂ ਮਾਰਚ

October 3, 2011 | By

Mohali March-1ਮੋਹਾਲੀ (3 ਸਤੰਬਰ, 2011) : ਪ੍ਰੋ. ਦਵਿੰਦਰਪਾਲ ਸਿਘ ਭੁੱਲਰ ਦੀ ਰਿਹਾਈ ਲਈ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਅਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਇਕ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਕੱਢਿਆ ਗਿਆ। ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਇਸ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਪ੍ਰੋ. ਭੁੱਲਰ ਦੀ ਰਿਹਾਈ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਉਣ ਲਈ ਪ੍ਰੇਰਿਤ ਕਰਦੇ ਨਾਰ੍ਹੇ ਲਗਾਉਂਦੇ ਹੋਏ ਸ਼ਾਮਿਲ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵਲੋਂ 30 ਸਤੰਬਰ ਨੂੰ ਸਪੀਡ ਪੋਸਟ ਰਾਹੀਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਇੱਕ ਪੱਤਰ ਭੇਜ ਕੇ ਅਪੀਲ ਕੀਤੀ ਗਈ ਸੀ ਕਿ 3 ਤੋਂ 5 ਅਕਤੂਬਰ ਤੱਕ ਚੱਲਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪ੍ਰੋ. ਭੁੱਲਰ ਦੀ ਫਾਂਸੀ ਖ਼ਤਮ ਕਰਕੇ ਰਿਹਾਅ ਕਰਵਾਉਣ ਹਿੱਤ ਮਤਾ ਪਾਸ ਕੀਤਾ ਜਾਵੇ ਅਤੇ ਇਸੇ ਗੱਲ ਨੂੰ ਸੰਗਤੀ ਰੂਪ ਵਿੱਚ ਦਰਸਾਉਣ ਲਈ ਅੱਜ ਦਾ ਇਹ ਮਾਰਚ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਚ ਪ੍ਰਧਾਨੀ ਦੇ ਆਹੁਦੇਦਾਰਾਂ ਤੇ ਵਰਕਰਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਗੁਰੂ ਆਸਰਾ ਟਰੱਸਟ ਕੱਲਰ ਭੈਣੀ ਤੋਂ ਬੀਬੀ ਸੋਹਨਜੀਤ ਕੌਰ, ਅਕਾਲੀ ਦਲ ਚੰਡੀਗੜ੍ਹ ਦੇ ਆਗੂ ਭਾਈ ਗੁਰਨਾਮ ਸਿੰਘ ਸਿੱਧੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਵਿਸ਼ੇਸ਼ ਤੌਰ ’ਤੇ ਸਾਮਿਲ ਹੋਏ।

ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਵਲੋਂ ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਹੀ ਰੋਕ ਦਿੱਤਾ ਗਿਆ ਅਤੇ ਇਸ ਥਾਂ ਤੋਂ 11 ਮੈਂਬਰੀ ਵਫ਼ਦ ਪੰਜਾਬ ਵਿਧਾਨ ਸਭਾ ਵਿਖੇ ਯਾਦ ਪੱਤਰ ਦੇਣ ਲਈ ਗਿਆ। ਇਸ ਵਫ਼ਦ ਵਿੱਚ ਭਾਈ ਹਰਪਾਲ ਸਿੰਘ ਚੀਮਾ, ਸਤਨਾਮ ਸਿੰਘ ਪਾਉਂਟਾ ਸਾਹਿਬ, ਦਇਆ ਸਿੰਘ ਕੱਕੜ, ਗੁਰਨਾਮ ਸਿੰਘ ਸਿੱਧੂ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਸ. ਹਰਮਹਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਸਲਾਣਾ, ਪਰਮਜੀਤ ਸਿੰਘ ਗਾਜ਼ੀ, ਬਾਬਾ ਨਛੱਤਰ ਸਿੰਘ ਅਤੇ ਸੰਦੀਪ ਸਿੰਘ ਕੈਨੇਡੀਅਨ ਸ਼ਾਮਿਲ ਸਨ।

mohali marchਵਿਧਾਇਕਾਂ ਨੂੰ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਅੱਜ ਦੁਨੀਆਂ ਭਰ ਵਿਚ ਫਾਂਸੀ ਦੀ ਸਜ਼ਾ ਦਾ ਵਿਰੋਧ ਹੋ ਰਿਹਾ ਹੈ ਅਤੇ ਵੱਖ-ਵੱਖ ਮੁਲਕਾਂ ਦੀਆਂ ਪਾਰਲੀਮੈਂਟਾਂ ਦੇ ਮੈਂਬਰਾਂ ਵਲੋਂ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਖਾਸਤ ਕਰਨ ਲਈ ਤਾਮਿਲਨਾਡੂ ਦੀ ਵਿਧਾਨ ਸਭਾ ਨੇ ਮਤਾ ਪਾਸ ਕਰ ਦਿੱਤਾ ਹੈ।ਕਸ਼ਮੀਰੀ ਮੁਸਲਮਾਨ ਅਫਜਲ ਗੁਰੂ ਦੀ ਫਾਂਸੀ ਨੂੰ ਖਤਮ ਕਰਨ ਲਈ ਵੀ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਮਤਾ ਪੇਸ਼ ਹੋ ਚੁੱਕਾ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਪੰਜਾਬ ਦਾ ਪੜ੍ਹਿਆ ਲਿਖਿਆ ਹੋਣਹਾਰ ਨੌਜਵਾਨ ਹੈ ਜਿਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਆਪ ਕੀਤੀ ਤੇ ਕਰਵਾਈ। ਜਿਸਨੂੰ ਪਿਛਲੇ ਕਰੀਬ 17 ਸਾਲਾਂ ਤੋਂ ਤਿਹਾੜ ਜੇਲ੍ਹ ਵਿਚ ਬੰਦ ਰੱਖਿਆ ਹੋਇਆ ਹੈ ਅਤੇ ਜਿਸਨੂੰ ਸੁਪਰੀਮ ਕੋਰਟ ਦੇ 3 ਜੱਜਾਂ ਵਲੋਂ 2:1 ਦੇ ਵੰਡਵੇ ਫੈਸਲੇ ਨਾਲ ਕੇਵਲ ਪੁਲਿਸ ਹਿਰਾਸਤ ਵਿਚ ਦਿੱਤੇ ਕਥਿਤ ਇਕਬਾਲੀਆ ਬਿਆਨ ਨੂੰ ਆਧਾਰ ਬਣਾ ਕੇ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੋ ਕਿ ਭਾਰਤੀ ਕਾਨੂੰਨ, ਕੌਮਾਂਤਰੀ ਸਮਝੌਤਿਆਂ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।ਪਰ ਪ੍ਰੋ. ਭੁੱਲਰ ਨੂੰ ਫਾਂਸੀ ਲੱਗ ਗਈ ਤਾਂ ਆਉਣ ਵਾਲਾ ਵਕਤ ਸਾਰੇ ਵਿਧਾਇਕਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਖੜਾ ਕਰਕੇ ਸਹੀ ਨੁੰਮਾਇੰਦਗੀ ਨਾ ਕਰਨ ਬਾਰੇ ਸਵਾਲ ਕਰੇਗਾ। ਇਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਜਥੇਦਾਰ ਜਰਨੈਲ ਸਿੰਘ ਹੁਸੈਨਪੁਰਾ, ਭਾਈ ਅਮਰੀਕ ਸਿੰਘ ਭੈਰੋਂਮਾਜਰਾ, ਡਾ. ਜਸਵੀਰ ਸਿੰਘ ਡਾਂਗੋ, ਬਾਬੂ ਸਿੰਘ ਕਾਨਗ੍ਹੜ, ਅਮਰਜੀਤ ਸਿੰਘ ਬਡਗੁਜਰਾਂ, ਗੁਰਮੀਤ ਸਿੰਘ ਗੋਗਾ, ਭੁਪਿੰਦਰ ਸਿੰਘ ਮਹਿਦੂਦਾਂ, ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ,ਸਤਨਾਮ ਸਿੰਘ ਭਾਰਾਪੁਰ, ਦਲਜੀਤ ਸਿੰਘ ਮੌਲਾ, ਹਰਪਾਲ ਸਿੰਘ ਸ਼ਹੀਦਗੜ੍ਹ, ਸੁਖਦੇਵ ਸਿੰਘ ਦਲੇਰ, ਭਗਵੰਤ ਸਿੰਘ ਮਹੱਦੀਆਂ, ਪ੍ਰਮਿੰਦਰ ਸਿੰਘ ਕਾਲਾ, ਸੁਲਤਾਨ ਸਿੰਘ ਸੋਢੀ, ਬੀਬੀ ਅਮ੍ਰਿਤ ਕੌਰ ਆਲਮਗੀਰ, ਹਰਪ੍ਰੀਤ ਸਿੰਘ ਹੈਪੀ, ਭਾਈ ਆਤਮਾ ਸਿੰਘ, ਕਰਮਜੀਤ ਸਿੰਘ ਧੰਜਲ, ਸੁਰਿੰਦਰ ਸਿੰਘ ਨਥਾਣਾ, ਭਾਈ ਰਾਮ ਸਿੰਘ ਕਰੰਡੀ, ਮਨਜੀਤ ਸਿੰਘ ਬੰਬ, ਭੋਲਾ ਸਿੰਘ ਸੰਘੇੜਾ, ਜਰਨੈਲ ਸਿੰਘ, ਉਗਰ ਸਿੰਘ, ਜੁਗਰਾਜ ਸਿੰਘ ਖ਼ਾਲਸਾ, ਅੱਛਰਾ ਸਿੰਘ ਹਮੀਦੀ ਆਦਿ ਵੀ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,