ਲੇਖ

ਪਲਾਸਟਿਕ ਪ੍ਰਦੂਸ਼ਣ

January 10, 2023 | By

ਪਲਾਸਟਿਕ ਪ੍ਰਦੂਸ਼ਣ ਇੱਕ ਵੱਡਾ ਰੂਪ ਲਈ ਖੜ੍ਹਾ ਹੈ, ਜੋ ਮਨੁੱਖੀ ਜ਼ਿੰਦਗੀ ਦੇ ਨਾਲ-ਨਾਲ ਪਸ਼ੂਆਂ, ਪੰਛੀਆਂ, ਬਨਸਪਤੀ ਅਤੇ ਸਮੂਹਿਕ ਰੂਪ ਵਿੱਚ ਪੂਰੇ ਵਾਤਾਵਰਣ ਲਈ ਵੱਡੀ ਸਮੱਸਿਆ ਹੈ। ਵਿਗਿਆਨੀਆਂ ਅਨੁਸਾਰ ਅਸੀਂ ਆਪਣੇ ਸਾਹ ਰਾਹੀਂ ਰੋਜਾਨਾ ਲਗਭਗ ਸੱਤ ਹਜਾਰ ਮਾਈਕਰੋਪਲਾਸਟਿਕ ਦੇ ਟੁਕੜੇ ਲੈਂਦੇ ਹਾਂ।

ਏਹ ਸਾਡੇ ‘ਤੇ ਤੰਬਾਕੂ ਜਾਂ ਸਿਗਰੇਟ ਵਰਗਾ ਹੀ ਪ੍ਰਭਾਵ ਪਾਉਂਦੇ ਹਨ। ਪਲਾਸਟਿਕ ਲੰਬੇ ਸਮੇਂ ਤੱਕ ਸੜਨ ਦੇ ਸਮਰੱਥ ਨਹੀਂ ਹੈ, ਜਿਸ ਕਾਰਨ ਇਹ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ। ਿੲਸ ਨੂੰ ਸਾੜਨ ‘ਤੇ ਜਹਿਰੀਲੀਆਂ ਗੈਸਾਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨਿਕਲਦੀਆਂ ਹਨ ਜੋ ਫੇਫੜਿਆਂ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਖੋਜ ਅਨੁਸਾਰ ਪਲਾਸਟਿਕ ਦੇ ਭਾਂਡਿਆਂ ਵਿਚ ਗ਼ਰਮ ਪਦਾਰਥਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਵਰਤੋਂ ਕਰਨ ਨਾਲ ਉਸ ਵਿਚ ਮੌਜੂਦ ਹਾਨੀਕਾਰਕ ਰਸਾਇਣ, ਡਾਈਆਕਸਾਈਡ, ਲੀਡ, ਕੈਡਮੀਅਮ ਆਦਿ ਭੋਜਨ ਪਦਾਰਥਾਂ ਵਿਚ ਘੁਲ ਕੇ ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ, ਜਿਸ ਨਾਲ ਪੇਟ, ਸਿਰ, ਫੇਫੜਿਆਂ ਦਾ ਨੁਕਸਾਨ ਹੁੰਦਾ ਹੈ ਅਤੇ ਅੱਖਾਂ ਨਾਲ ਸੰਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਵੱਖ ਵੱਖ ਵਸਤੂਆਂ ਵਿੱਚ ਵਰਤਿਆ ਜਾਂਦਾ ਪਲਾਸਟਿਕ

ਸਭ ਤੋਂ ਵੱਧ ਵਰਤੇ ਜਾਂਦੇ ਪਲਾਸਟਿਕ ਉਤਪਾਦ ਵਿੱਚ ਪਲਾਸਟਿਕ ਦੇ ਬੈਗ (ਪੰਜਾਹ ਮਾਈਕਰੋਨ ਤੋਂ ਘੱਟ) ਸ਼ਾਮਿਲ ਹਨ। ਫਿਰ ਪੈਕਿੰਗ ਫਿਲਮ, ਫੋਮ ਕੱਪ, ਲੈਮੀਨੇਟਡ ਕਟੋਰੇ ਅਤੇ ਪਲੇਟਾਂ, ਛੋਟੇ ਪਲਾਸਟਿਕ ਦੇ ਕੱਪ ਅਤੇ ਡੱਬੇ (ਕੰਟੇਨਰ) (150 ਮਿਲੀਗ੍ਰਾਮ ਅਤੇ ਪੰਜ ਗ੍ਰਾਮ ਤੋਂ ਘੱਟ), ਪਲਾਸਟਿਕ ਦੀਆਂ ਖਾਣ ਲਈ ਵਰਤੀਆਂ ਜਾਂਦੀਆਂ ਛੋਟੀਆਂ ਡੰਡੀਆਂ (ਸਟਿਕਸ) ਅਤੇ ਈਅਰ ਬਡਜ਼, ਗੁਬਾਰੇ, ਝੰਡੇ ਅਤੇ ਪਲਾਸਟਿਕ ਦੇ ਉਤਪਾਦ ਜਿਵੇਂ ਕਿ ਕੈਂਡੀ, ਪੀਣ ਵਾਲੇ ਪਦਾਰਥਾਂ ਲਈ ਛੋਟੇ ਪਲਾਸਟਿਕ ਦੇ ਪੈਕੇਟ (ਦੋ ਸੌ ਮਾਈਕਰੋਨ ਤੋਂ ਘੱਟ) ਅਤੇ ਸੜਕ ਕਿਨਾਰੇ ਬੇੈਨਰ (ਇੱਕ ਸੌ ਮਾਈਕਰੋਨ ਤੋਂ ਘੱਟ) ਸ਼ਾਮਲ ਹਨ।

ਪਲਾਸਟਿਕ ਕੂੜਾ ਪੈਦਾ ਕਰਨ ਵਾਲੇ ਦੇਸ਼
ਇਕ ਅੰਦਾਜ਼ੇ ਅਨੁਸਾਰ ਲਗਪਗ ਅੱਧਾ ਪਲਾਸਟਿਕ ਕੂੜਾ ਜ਼ਮੀਨ ਵਿੱਚ ਹੀ ਦਫ਼ਨ ਕੀਤਾ ਜਾਂਦਾ ਹੈ। ਲਗਪਗ 9% ਕੂੜਾ ਹੀ ਮੁੜ ਵਰਤਣਯੋਗ ਬਣਾਇਆ ਜਾਂਦਾ ਹੈ। ਬਾਕੀ ਸਾਰਾ ਕੂੜਾ ਸਮੁੰਦਰ ਵਿਚ ਸੁੱਟਿਆ ਜਾਂਦਾ ਹੈ ਜਾਂ ਪਹੁੰਚ ਜਾਂਦਾ ਹੈ। ਸੰਸਾਰੀ ਜਨਸੰਖਿਆ ਪੜਚੋਲ( ਵਰਲਡ ਪਾਪੂਲੇਸ਼ਨ ਰਵਿਊ) ਨਾਮੀਂ ਇਕ, ਗ਼ੈਰ-ਰਾਜਨੀਤਿਕ, ਸੰਸਥਾ ਦੀ ਰਿਪੋਰਟ ਮੁਤਾਬਿਕ ਦੁਨੀਆਂ ਵਿਚ ਸੱਭ ਤੋਂ ਵੱਧ ਪਲਾਸਟਿਕ ਕੂੜਾ ਪੈਦਾ ਕਰਨ ਵਾਲੇ ਦੇਸ਼ ਅਮਰੀਕਾ, ਭਾਰਤ, ਚੀਨ ਹਨ। 2016 ਦੀ ਰਿਪੋਰਟ ਅਨੁਸਾਰ ਅਮਰੀਕਾ 34.02 ਮਿਲੀਅਨ ਟਨ, ਭਾਰਤ 26.33 ਮਿਲੀਅਨ ਟਨ ਅਤੇ ਚੀਨ 21.60 ਮਿਲੀਅਨ ਟਨ ਕੂੜਾ ਪੈਦਾ ਕਰਦਾ ਹੈ। ਪਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸੱਭ ਤੋਂ ਵੱਧ ਕੂੜਾ ਪੈਦਾ ਕਰਨ ਵਾਲੇ ਦੇਸ਼ ਛੋਟੇ ਦੇਸ਼, ਜਿਵੇਂ ਮਾਇਕਰੋਨੇਸ਼ੀਆ, ਬਰਮੁਡਾ, ਪਲਾਊ, ਫਰੋਏ ਆਈਲੈਂਡ, ਹਾਂਗਕਾਂਗ ਆਦਿ ਹਨ। ਸਮੁੰਦਰ ਵਿਚ ਸੱਭ ਤੋਂ ਵੱਧ ਕੂੜਾ ਸੁੱਟਣ ਵਾਲੇ ਦੇਸ਼ਾਂ ਵਿੱਚ ਫਿਲੀਪੀਨਸ, ਭਾਰਤ, ਮਲੇਸ਼ੀਆ, ਚੀਨ, ਇੰਡੋਨੇਸ਼ੀਆ ਆਦਿ ਹਨ।
ਪਲਾਸਟਿਕ ਦਾ ਵਾਤਾਵਰਣ ਉੱਤੇ ਪ੍ਰਭਾਵ:

ਪਲਾਸਟਿਕ ਕੇਵਲ ਮਿੱਟੀ ਤੇ ਹਵਾ ਪ੍ਰਦੂਸ਼ਣ ਨਹੀਂ ਕਰ ਰਿਹਾ, ਇਹ ਬਰਸਾਤ ਦੇ ਰਾਹੀਂ ਵੀ ਧਰਤੀ ‘ਤੇ ਪਹੁੰਚ ਰਿਹਾ ਹੈ। ਉਦਾਹਰਣ ਦੇ ਤੌਰ ਤੇ ਮਾਈਕਰੋਪਲਾਸਟਿਕ, ਜਿਹੜਾ ਖਿਡੌਣਿਆਂ, ਵਾਹਨਾਂ, ਕੱਪੜਿਆਂ, ਪੁਰਾਣੀਆਂ ਕਾਰਾਂ ਦੇ ਟਾਇਰਾਂ, ਪੇਂਟ ਆਦਿ ਵਿੱਚ ਪਾਇਆ ਜਾਂਦਾ ਹੈ, ਸਾਡੇ ਰਾਹੀਂ ਸਮੁੰਦਰ ਵਿੱਚ ਪਹੁੰਚ ਰਿਹਾ ਹੈ। ਫਿਰ ਇਹ ਈਕੋਸਿਸਟਮ ਦਾ ਹਿੱਸਾ ਬਣ ਕੇ ਧਰਤੀ ‘ਤੇ ਵਾਪਸ ਆ ਰਿਹਾ ਹੈ।

ਅਮਰੀਕਾ ਦੀ ਇਕ ਸਾਇੰਸ ਮੈਗਜ਼ੀਨ ਮੁਤਾਬਕ ਸਭ ਤੋਂ ਸਾਫ-ਸੁਥਰੀ ਜਗ੍ਹਾ ਸਾਊਥ ਨੈਸ਼ਨਲ ਪਾਰਕ ਵਿੱਚ ਵਾਹਨਾਂ ਅਤੇ ਫੈਕਟਰੀਆਂ ਦੀ ਅਣਹੋਂਦ ਦੇ ਬਾਵਜੂਦ ਹਵਾ ‘ਚ ਪਲਾਸਟਿਕ ਦੇ ਬਾਰੀਕ ਕਣਾਂ ਦੀ ਬਾਰਿਸ਼ ਲਗਾਤਾਰ ਹੋ ਰਹੀ ਹੈ ਜਿਸ ਕਾਰਨ ਸੈਂਕੜੇ ਟਨ ਪਲਾਸਟਿਕ ਜਮੀਨ ‘ਤੇ ਪਿਆ ਹੈ।

ਫਿਲੀਪੀਨਜ਼, ਜੋ ਕਿ ਸਮੁੰਦਰ ਵਿਚ ਸਭ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਕਰ ਰਿਹਾ ਹੈ, ਦੇ ਲਾਗੇ ਰਹਿੰਦੇ ਲੋਕਾਂ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਕਾਰਨ ਹੋਣ ਵਾਲੇ ਵਾਤਾਵਰਣ ਦੇ ਵਿਗਾੜ ਦਾ ਨੁਕਸਾਨ ਬਹੁਤ ਜ਼ਿਆਦਾ ਹੈ।

ਪਲਾਸਟਿਕ ਬਨਸਪਤੀ, ਦਵਾਈਆਂ ਅਤੇ ਰੁੱਖਾਂ ਦੇ ਵਾਧੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਦਾ ਕਾਰਨ ਸਿੰਥੈਟਿਕ ਪੋਲੀਮਰ ਨਾਮਕ ਪਦਾਰਥ ਹੈ ਜੋ ਵਾਤਾਵਰਨ ਲਈ ਬੇਹੱਦ ਹਾਨੀਕਾਰਕ ਹੈ। ਇਹ ਪ੍ਰਭਾਵ ਦਰਿਆਵਾਂ, ਝੀਲਾਂ ਅਤੇ ਸਮੁੰਦਰਾਂ ਦੇ ਕੰਢਿਆਂ ‘ਤੇ ਉੱਗੀ ਬਨਸਪਤੀ ਅਤੇ ਰੁੱਖਾਂ ‘ਤੇ ਜ਼ਿਆਦਾ ਦੇਖਿਆ ਗਿਆ ਹੈ। ਅਰਬਾਂ ਟਨ ਪਲਾਸਟਿਕ ਕੂੜਾ ਦਰਿਆਵਾਂ ਅਤੇ ਬੀਚਾਂ ‘ਤੇ ਮੌਜੂਦ ਹੈ।

ਦੁਨੀਆਂ ਵਿੱਚ ਸਾਧਾਰਨ ਪਲਾਸਟਿਕ ਦਾ ਅੱਸੀ ਫੀਸਦੀ ਹਿੱਸਾ ਸਮੁੰਦਰ ਵਿੱਚ ਜਾ ਰਿਹਾ ਹੈ ਜਿਸ ਕਾਰਨ ਥਣਧਾਰੀ ਜੀਵ ਬੇਵਕਤੀ ਮੌਤ ਦਾ ਸ਼ਿਕਾਰ ਹੋਣ ਲੱਗੇ ਹਨ। ਇੱਕ ਅੰਦਾਜੇ ਅਨੁਸਾਰ ਹਰ ਸਾਲ ਇੱਕ ਲੱਖ ਦੇ ਕਰੀਬ ਸਮੁੰਦਰੀ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ ਜਿਸ ਵਿੱਚ ਸੀਲ, ਵੇਲ, ਸਮੁੰਦਰੀ ਕੱਛੂ, ਪੰਛੀ ਸਮੇਤ ਕਈ ਸਮੁੰਦਰੀ ਜਾਨਵਰ ਸ਼ਾਮਲ ਹਨ।
ਪਲਾਸਟਿਕ ਦਾ ਵਿਕਲਪ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ 2017-18 ਵਿੱਚ, ਭਾਰਤ ਵਿੱਚ 6 ਕਰੋੜ ਸੱਠ ਲੱਖ 78 ਹਜ਼ਾਰ 785 ਟਨ ਪਲਾਸਟਿਕ ਕੂੜੇ ਦਾ ਢੇਰ ਲਗਾਇਆ ਗਿਆ ਸੀ। ਵਿਗਿਆਨੀਆਂ ਅਨੁਸਾਰ ਸਾਧਾਰਨ ਪਲਾਸਟਿਕ ਨੂੰ ਸੜਨ ਲਈ ਪੰਜ ਸੌ ਸਾਲ ਲੱਗ ਜਾਂਦੇ ਹਨ। ਇਸ ਲਈ ਇਸ ਦੀ ਵਰਤੋਂ ਘੱਟ ਕਰਨੀ ਹੋਵੇਗੀ।

ਦੁਨੀਆ ਦੀਆਂ ਕੁਝ ਕੰਪਨੀਆਂ ਕੂੜੇ ਨੂੰ ਮੁੜ ਵਰਤੋਂ ਵਿੱਚ ਲਿਆਉਣ ਦਾ ਕੰਮ ਵੀ ਕਰ ਰਹੀਆਂ ਹਨ। ਇਕ ਕੰਪਨੀ ਨੇ ਪਲਾਸਟਿਕ ਦੀਆਂ ਖਾਲੀ ਸੱਤ ਬੋਤਲਾਂ ਤੋਂ ਇੱਕ ਟੀ-ਸ਼ਰਤ ਤਿਆਰ ਕੀਤੀ। 2018 ਵਿੱਚ ਇੱਕ ਜੁੱਤੀ ਨਿਰਮਾਣ ਕੰਪਨੀ ਨੇ ਪੰਜਾਹ ਲੱਖ ਜੋੜਾ ਜੁੱਤੀਆਂ ਤਿਆਰ ਕੀਤੀਆਂ। ਸੁਵਿਧਾ ਸਟੋਰਾਂ ‘ਤੇ ਮੁੜ ਵਰਤੋਂ ਯੋਗ ਕੱਪਾਂ ਅਤੇ ਕਮਿਊਨਿਟੀ ਦੁਕਾਨਾਂ ਵਿੱਚ ਰੀਫਿਲਿੰਗ ਪ੍ਰਣਾਲੀਆਂ ਤੋਂ ਲੈ ਕੇ, ਪੀਣ ਵਾਲੇ ਖੇਤਰ ਵਿੱਚ ਵਾਪਸੀਯੋਗ ਕੱਚ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਭ ਹਲ ਪਲਾਸਟਿਕ ਦੇ ਵਿਕਲਪ ਵਜੋਂ ਤਾਂ ਦੇਖੇ ਜਾ ਸਕਦੇ ਹਨ ਪਰ ਉਸ ਤੇ ਸੰਪੂਰਨ ਹੱਲ ਲਈ ਹੋਰ ਸੋਚਣਾ ਚਾਹੀਦਾ ਹੈ।

ਸਰਕਾਰ ਦੁਆਰਾ ਚੁੱਕੇ ਜਾ ਰਹੇ ਕਦਮ:

ਰਾਸਟਰੀ ਅਤੇ ਸੰਗਠਨਾਤਮਕ ਪੱਧਰ ‘ਤੇ 2025 ਤੱਕ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਟੀਚਾ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੇ ਰਾਜ ਪੱਧਰੀ ਨਿਯਮ ਬਣਾ ਕੇ ਇਕ ਵਾਰੀ ਵਰਤੋਂ ਵਾਲਾ ਪਲਾਸਟਿਕ (ਸਿੰਗਲ-ਯੂਜ) ‘ਤੇ ਪਾਬੰਦੀ ਲਗਾਉਣ ਲਈ ਕੰਮ ਕੀਤਾ, ਜਦੋਂ ਕਿ ਕਈ ਬਹੁ- ਰਾਸਟਰੀ ਕੰਪਨੀਆਂ ਨੇ 2025 ਤੱਕ ਪੈਕੇਜਿੰਗ ਵਿੱਚ 100 ਪ੍ਰਤੀਸ਼ਤ ਰੀਸਾਈਕਲ ਕੀਤੇ ਉਤਪਾਦਾਂ ਦੀ ਵਰਤੋਂ ਕਰਨ ਦਾ ਐਲਾਨ ਵੀ ਕੀਤਾ।

ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਕਰਨਾਟਕ, ਕੇਰਲਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪਲਾਸਟਿਕ ਦੇ ਕੂੜੇ ‘ਤੇ ਪਾਬੰਦੀ ਲਗਾਈ ਗਈ ਹੈ ਪਰ ਅਮਲੀ ਜੀਵਨ ਵਿੱਚ ਇੱਕ ਵਾਰੀ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ਦਾ ਰੁਝਾਨ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਜੇਕਰ ਇਕ ਵਾਰੀ ਵਰਤੋਂ ਵਾਲਾ ਪਲਾਸਟਿਕ ਨੂੰ ਪੜਾਅਵਾਰ ਖਤਮ ਨਾ ਕੀਤਾ ਗਿਆ ਤਾਂ ਮਾਈਕ੍ਰੋਪਲਾਸਟਿਕ ਵਰਖਾ ਕਾਰਨ ਮਨੁੱਖੀ ਸਭਿਅਤਾ ਨੂੰ ਹੋਣ ਵਾਲਾ ਨੁਕਸਾਨ ਮਨੁੱਖ ਨੂੰ ਆਪ ਹੀ ਭੁਗਤਣਾ ਪਵੇਗਾ।

ਪਲਾਸਟਿਕ ਦੀ ਮਾਤਰਾ ਵਿੱਚ ਕਟੌਤੀ ਜੋ ਕੰਪਨੀਆਂ ਬਣਾਉਂਦੀਆਂ ਹਨ ਅਤੇ ਵਰਤਦੀਆਂ ਹਨ, ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਟੀਚੇ ਦੇ ਅਨੁਸਾਰ ਹੈ, ਕਿਉਂਕਿ 99 ਪ੍ਰਤੀਸ਼ਤ ਪਲਾਸਟਿਕ ਜੈਵਿਕ ਬਾਲਣ ਤੋਂ ਬਣੇ ਹੁੰਦੇ ਹਨ। ਇੱਕ ਵਾਰੀ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਕਾਰਪੋਰੇਟ ਲਤ ਨੂੰ ਖਤਮ ਕਰਨਾ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ।

ਵਿਸ਼ਵੀ ਪਲਾਸਟਿਕ ਸੰਧੀ ਅਨੁਸਾਰ ਸਾਨੂੰ ਲੋੜ ਤੋਂ ਵੱਧ ਪਲਾਸਟਿਕ ਉਤਪਾਦਨ ਨੂੰ ਰੋਕਣਾ ਚਾਹੀਦਾ ਹੈ, ਤੇਲ ਅਤੇ ਗੈਸ ਨੂੰ ਜ਼ਮੀਨ ਵਿੱਚ ਰੱਖਣਾ ਚਾਹੀਦਾ ਹੈ, ਅਤੇ ਰੀਫਿਲ ਅਤੇ ਮੁੜ ਵਰਤੋਂ ਪ੍ਰਣਾਲੀਆਂ ਨੂੰ ਮੁੱਖ ਧਾਰਾ ਵਿੱਚ ਰੱਖਣਾ ਚਾਹੀਦਾ ਹੈ।
ਪਲਾਸਟਿਕ ਉਤੇ ਪਾਬੰਦੀਅਾਂ ਵਰਗੀਆਂ ਨੀਤੀਆਂ ਅਤੇ ਸੰਧੀ ਲੋਕਾਂ ਦੇ ਹਿੱਤਾਂ, ਵਾਤਾਵਰਨ ਨਿਆਂ, ਅਤੇ ਸਾਡੇ ਮਾਹੌਲ ਨੂੰ ਇਸਦੇ ਮੂਲ ਵਿੱਚ ਰੱਖਦੀ ਹੈ। ਵਿਸ਼ਵੀ ਪਲਾਸਟਿਕ ਸੰਧੀ ਸਭ ਤੋਂ ਮਹੱਤਵਪੂਰਨ ਵਾਤਾਵਰਣ ਸਮਝੌਤਿਆਂ ਵਿੱਚੋਂ ਇੱਕ ਹੋਣ ਦੀ ਸੰਭਾਵਨਾ ਹੈ ਅਤੇ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਆਪਣੇ ਵਾਅਦੇ ਤੋਂ ਘੱਟ ਨਾ ਹੋਵੇ। ਇਨ੍ਹਾਂ ਸਭ ਨੂੰ ਪ੍ਰਾਪਤ ਕਰਨਾ ਚੁਣੌਤੀ ਪੂਰਨ ਹੋਵੇਗਾ, ਪਰ ਪਲਾਸਟਿਕ ਪ੍ਰਦੂਸ਼ਣ ਸੰਕਟ ਨੂੰ ਹੱਲ ਕਰਨਾ ਸਮੇਂ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,