ਚੋਣਵੀਆਂ ਵੀਡੀਓ

ਖ਼ੂਨੀਂ ਸਾਕਿਆਂ ਪਿੱਛੋਂ … (ਪ੍ਰੋ. ਹਰਿੰਦਰ ਸਿੰਘ ਮਹਿਬੂਬ) [Audio Poem]

By ਸਿੱਖ ਸਿਆਸਤ ਬਿਊਰੋ

June 20, 2022

ਖ਼ੂਨੀਂ ਸਾਕਿਆਂ ਪਿੱਛੋਂ …

– ਪ੍ਰੋ. ਹਰਿੰਦਰ ਸਿੰਘ ਮਹਿਬੂਬ

ਖੂਨ ਲਿਬੜੀ ਪਰਕਰਮਾ ’ਤੇ ਕਹਿਰ ਰਾਤ ਦਾ ਛਾਇਆ। ਤਖਤ ਅਕਾਲ ਦੇ ਖੰਡਰ ਉੱਤੇ, ਕੋਈ ਬਾਜ਼ ਕੁਰਲਾਇਆ।

ਜੋ ਤਾਰੇ ਸਮਿਆਂ ਤੋਂ ਅੱਗੇ ਵਿੱਚ ਅਰਦਾਸ ਖਲੋਏ; ਭੇਦ-ਭਰੀ ਕਲਗੀ ’ਤੇ ਪੈਂਦਾ, ਨਜ਼ਰ ਮੇਰੀ ਦਾ ਸਾਇਆ।

ਮੇਰਾ ਜ਼ਖਮ ਅਜਨਬੀ ’ਕੱਲਾ, ਬਿਨ ਚਾਨਣ ਬਿਨ ਆਸਾਂ। ਰੋ ਤਾਰੇ ਅਰਦਾਸ ਕਰੇਂਦੇ, ਝਿਮ-ਝਿਮ ਪਾਰ ਆਗਾਸਾਂ।

ਫੜ ਕੇ ਬਾਂਹ ਸਮੇਂ ਦੀ ਰਾਜੇ ਜਿਚਰਕ ਪਾਪ ਕਰੇਂਦੇ ਖਾਬ ਬੇਅੰਤ ਕਹਿਰ ਦੀਆਂ ਅਣੀਆਂ ਚੁੰਮ੍ਹ ਕਰੇ ਅਰਦਾਸਾਂ।

ਬੇ-ਪੀਰ ਕੌਮਾਂ ਨੂੰ ਆਖੇ, ਵਗਦੀ-ਵਗਦੀ ਰਾਵੀ। “ਬਾਂਝ ਪਲੀਤ ਨਜ਼ਰ ਦੇ ਹੁੰਦਿਆਂ, ਧਰਤ ਰਹੇਗੀ ਸਾਵੀ। ਬੁੱਤ-ਹਜੂਮ ਭਸਮ ਹੋ ਜਾਸਣ; ਨਾਲੇ ਹੱਥ ਫਰੇਬੀ” ਦੂਰ ਬੇਅੰਤ ਮੌਤ ਦੇ ਰਾਹ ’ਤੇ, ਥੰਮ੍ਹ ਖੜ੍ਹਾ ਕੋਈ ਭਾਵੀ।

ਕਿਸ ਦੇ ਵੈਣ ਸੁਣਾਂ ਮੈਂ ਦੂਰੋਂ, ਕੌਣ ਮੇਰੇ ਵਲ ਆਵੇ। ਪਥਰੀਲੇ ਨ੍ਹੇਰਾਂ ਨੂੰ ਲੰਘਦਾ, ਘੋੜ ਮੇਰਾ ਘਬਰਾਵੇ।

ਜਦ ਮੈਂ ਅਣਦਿੱਸ ਛੋਹ ਕਿਸੇ ਵੱਲ ਰਹਿਮ ਦਾ ਹੱਥ ਉਠਾਵਾਂ; ਲੱਗ ਫਰੇਬੀ ਜੀਭ ਕਿਸੇ ਨੂੰ, ਹੱਥ ਮੇਰਾ ਸੜ ਜਾਵੇ।

ਇਸ ਪਾਸੇ ਮਾਹੀ ਦਾ ਆਉਣਾ, ਫੇਰ ਮਿਲਣ ਦੀ ਵਾਰੀ। ਸਦੀਆਂ ਪਿੱਛੋਂ ਰੁਲ ਨਾ ਜਾਵੇ, ਫ਼ਰਿਆਦਾਂ ਦੀ ਖਾਰੀ।

ਦਿੱਲੀ ਦੇ ਦਰਵਾਜ਼ੇ ਉੱਤੇ ਸੁਣਨ ਲਈ ਕੋਈ ਹੁੰਗਾਰ; ਆਵੇ ਬਾਜ਼ ਫੇਰ ਉੱਡ ਜਾਵੇ, ਵਕਤ ਦੀ ਚੁੱਕ ਕਟਾਰੀ।

ਪਹਿਣ ਲਿਬਾਸ ਸਮੇਂ ਦੇ ਪੌਣੇ, ਅੱਧੀ ਰਾਤ ਨੂੰ ਵੱਗੇਂ। ਕਬਰਾਂ ਥਲਾਂ ਵਿੱਚ ਸ਼ਮਸ਼ਾਨਾਂ, ਲੁਕ-ਲੁਕ ਮਾਹੀ ਸੱਦੇਂ।

ਇਕ ਦਿਨ ਦਿੱਲੀ ਦੇ ਦਰਵਾਜ਼ੇ ਢਾਹ ਦੇਸਣ ਫ਼ਰਿਆਦ; ਕਿਸ ਅਸਮਾਨ ਤੋਂ ਡਰਦੀ ਪੌਣੇਂ ਰੋ ਧਰਤੀ ਗ਼ਲ ਲੱਗੇਂ।

ਬੇਮੁਹਾਰ ਜਜ਼ਬੇ ਦੀਆਂ ਕਿੱਧਰੋਂ, ਡਿੱਗ ਰਹੀਆਂ ਆਬਸ਼ਾਰਾਂ। ਕਿਹੜੀ ਕੁੰਟ ਚੋਂ ਸਮਝ ਨਾਂ ਪੈਂਦੀ, ਹੁਕਮ ਦੇਣਾ ਸਰਕਾਰਾਂ।

ਮੇਰੇ ਲਿਬਾਸ ਤੇ ਬਿਨ-ਦੱਸਿਆਂ ਹੀ ਕਿਤੋਂ ਪੈਂਦੀਆਂ ਚਮਕਾਂ। ਕਿਹੜੇ ਰੱਬ ਦੀ ਬੁੱਕਲ ਦੇ ਵਿੱਚ, ਧਰਤੀ ਦੀਆਂ ਪੁਕਾਰਾਂ?

ਕੋਟ ਨਭਾਂ ਦੇ ਖੰਡਰ ਘੁੱਟੇ, ਜਮਾਂ ਜਹੇ ਕਾਲੇ ਪੈਂਡੇ। ਨੈਂਣ ਵਟਾਊ ਖੜੇ ਨਿਕਰਮੇ, ਬਿੰਗ ਪਥਰਾਂ ਦੇ ਸਹਿੰਦੇ। ਸਮੇਂ ਦੀ ਹੂੰਗਰ ਚੀਰ ਨਾਂ ਹੋਵੇ, ਬੇਬਸ ਗਰਕ ਨਾਂ ਸਕਾਂ; ਤਦੋਂ ਤੇਰੀ ਕਲਗੀ ਦੇ ਸੁਪਨੇ, ਵੱਲ ਸ਼ਹੀਦਾਂ ਵੈਂਦੇ।

ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ, ਨੀਲੇ ਦੇ ਅਸਵਾਰਾ? ਮੈਂ ਅਰਦਾਸ ਕਰਾਂ ਕਿਸ ਥਾਂ ’ਤੇ, ਬਲੇ ਪਿਆ ਜੱਗ ਸਾਰਾ!

ਵਾਟ ਮੇਰੀ ਸਦੀਆਂ ਦੀ ਹੋਈ ਤਖਤ ਅਕਾਲ ’ਤੇ ਖੰਡਰ ਝੁਲਸੇ ਟੁੱਟੇ ਚਰਖ ਸਿਰੇ ’ਤੇ ਚਾੜ੍ਹ ਨਵਾਂ ਕੋਈ ਤਾਰਾ।

ਲੰਮੀ ਰਾਤ! ਬਲਦੀਆਂ ਪਈਆਂ, ਤਾਰਿਆਂ ਤੀਕਜ਼ਮੀਰਾਂ। ਰਾਹ ਵਿੱਚ ਰੋਹ ਬਲੀ ਦੇ ਪਰਬਤ, ਕਿੰਞ ਰੋਕਣ ਤਕਦੀਰਾਂ।

ਸੱਚ ਦੀਆਂ ਸਫਾਂ ਦੇ ਉੱਤੇ ਗੁਰੂ ਵਲੀ ਆ ਬੈਠੇ; ਧਰਤੀ ਦਸ ਸਕੇ ਨਾਂ, ਕਿੱਥੇ ਰੋਣ ਮੁਸਾਫ਼ਰ ਹੀਰਾਂ।

ਰੋਹੀਆਂ ਦੇ ਵਿੱਚ ਲਸ਼ਕਰ ਮੋਏ, ਹਵਾ ਪਈ ਕੁਰਲਾਵੇ। ਧੂੜ ਕੋਂਪਲਾ ਦੇ ਕੰਨਾਂ ਤੱਕ, ਛੁਪੇ ਫਰੇਬ ਲਿਆਵੇ।

ਨੀਂਦਾਂ ਸਣੇ ਮਾਸੂਮ ਖਪਾਏ, ਕੋਟ ਸਾਜ਼ਿਸ਼ਾਂ ਹੋਈਆਂ; ਦਗੇਬਾਜ਼ ਸਮਿਆਂ ਦੇ ਸਾਹਵੇਂ, ਬੋਲ ਸ਼ਹੀਦ ਪੁਗਾਵੇ।

ਰਲ ਵਿੱਚ ਦੂਰ ਦੀਆਂ ਪਰਵਾਜ਼ਾਂ, ਅੱਥਰੂ ਘੁੰਮਣ ਖਾਰੇ। ਅਣਸੋਚੇ ਨੁਕਤੇ ਜੋ ਰੂਹ ਵਿਚ, ਝੁੱਕ-ਝੁੱਕ ਵੇਖਣ ਤਾਰੇ।

ਭੋਲੇ ਭਾਅ ਮੈਂ ਬ੍ਰਿਛ ਲਗਾਵਾਂ, ਦੇਣ ਅਸੀਸ ਪੈਗ਼ੰਬਰ; ਕਿਸੇ ਸ਼ਹੀਦ ਦੀਆਂ ਅਰਦਾਸਾਂ, ਚੌਦਾਂ ਤਬਕ ਖਲ੍ਹਾਰੇ।

ਬੀਆਬਾਨ ਵਿੱਚ ਬਾਜ਼ ਗੁਆਚੇ, ਘੋਰ ਇਕੱਲਾਂ ਛਾਈਆਂ। ਕਿਉਂ ਤੂੰ ਸਿਦਕ ਮੇਰਾ ਅਜ਼ਮਾਵੇਂ। ਉਮਰਾਂ ਅਜੇ ਨਾ ਆਈਆਂ।

ਦੀਵਾ ਬਾਲ ਸਕਾਂ ਨ ਰਾਤੀਂ ਉਜੜੇ ਤ੍ਰਿੰਞਣ ਰੁਲਦੇ; ਘੋੜ ਤੇਰੇ ਦੀ ਟਾਪ ਸੁਣੀਂਦੀ, ਤਾਰਿਆਂ ਸ਼ਰਤਾਂ ਲਾਈਆਂ।

ਨਾ-ਸ਼ੁਕਰੇ ਬੁੱਤ-ਪੂਜ ਨਗਰ ਵਿਚ, ਹਾਕ ਸੁਣੀ ਇੱਕ ਮੈਨੂੰ; ਖਾਕ ਵਿਸ਼ੈਲੀ ਖੋਰ ਦੇਵੇਗੀ ਬੀਆਬਾਨ ਵਿੱਚ ਤੈਨੂੰ। ਨਾਗਾਂ ਵਾਂਗ ਸਾਜਿਸ਼ਾਂ ਘੁੰਮਣ, ਹੋਇ ਹੈਰਾਨ ਮੈਂ ਸੋਚਾਂ; ਜੇ ਨਾਂ ਤੇਰੇ ਮੁਰੀਦ, ਬਾਜ਼ ਦੀ ਨਜ਼ਰ ਦੇਖਦੀ ਕੈਨੂੰ?

ਬੇਪੱਤ ਹੋਈਆਂ ਕੌਮਾਂ ਦੇ ਘਰ, ਦੂਰ ਫਰੇਬੀ ਧਰ ”ਤੇ। ਬਦਨਸੀਬ ਪੈਰਾਂ ਦੇ ਹੇਠਾਂ, ਖਾਕ ਵਿਸ਼ੈਲੀ ਗਰਕੇ। ਮੂੰਹ-ਜ਼ੋਰ ਸਮਾਂ ਨਾਂ ਕੌਮੇ! ਨਿਗਲ ਸਕੇਗਾ ਤੈਨੂੰ; ਆਪਣੀ ਪੱਤ ਪਛਾਣ ਲਵੇਂ ਜੇ, ਲੜ ਮਾਹੀ ਦਾ ਫੜ ਕੇ।

ਉਪਰੋਕਤ ਲਿਖਤ ਪਹਿਲਾਂ 23 ਜੂਨ 2016 ਨੂੰ ਛਾਪੀ ਗਈ ਸੀ

– 0 –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: