Site icon Sikh Siyasat News

ਸੂਰਜਾਂ ਦਾ ਤੇਜ …….. (ਕਵਿਤਾ)

ਨੌਵੇਂ ਪਾਤਿਸ਼ਾਹ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ੪੦੦ਵੇਂ ਪ੍ਰਕਾਸ਼ ਵਰ੍ਹੇ ਨੂੰ ਮਨਾਉਂਦਿਆਂ, ਮਹਾਰਾਜ ਦੇ ਚਰਨ ਕਵਲਾਂ ਵਿੱਚ ਕਾਵਿ ਫੁੱਲ ਦੀ ਨਿਮਾਣੀ ਭੇਟ।

ਸਾਗਰ ਤੋਂ ਡੂੰਘੀ ਬੰਦਗੀ
ਆਤਮ ਤੋਂ ਸੁੱਚੀ ਤੇਗ ਹੈ।
ਓ ਜੋ ਬੀਜਦਾ ਏ ਬਹਾਦਰੀ
ਲੱਖ ਸੂਰਜਾਂ ਦਾ ਤੇਜ ਹੈ॥

ਛਾਵਾਂ ਨੇ ਸਿਰ ‘ਤੇ ਗੁਰ ਪਿਤਾ
ਹਰਿ ਹੈ ਕਿ ਹਰਿਗੋਬਿੰਦ ਹੈ।
ਮੀਰੀ ਤੇ ਪੀਰੀ ਇਕ ਜਗ੍ਹਾ
ਵੈਰਾਗ ਹੈ ਮਨ ਚਿੰਦ ਹੈ।
ਕੁਲ ਜਗ ਹੈ ਜਿਸ ਦਾ ਆਪਣਾ
ਨਾ ਕੋਈ ਗੈਰ ਤੇ ਪਰਹੇਜ ਹੈ॥

ਭੋਰੇ ‘ਚ ਬੈਠੇ ਪਾਤਿਸ਼ਾਹ
ਸੰਗਤ ਜਿੰਮੀ ਤੇ ਭਾਲਦੀ।
ਸੌਦਾਗਰਾਂ ਦਾ ਸ਼ਾਹ ਮੱਖਣ
ਕਰ ਦੀਦ ਗੁਰੂ ਅਕਾਲ ਦੀ।
ਕੋਠੇ ‘ਤੇ ਚੜ ਕੇ ਕੂਕਦਾ
ਵਰਖੇ ਮਿਹਰ ਜਿਉਂ ਮੇਘ ਹੈ॥

ਹਿਰਦੇ ਨੂੰ ਤੇਰੇ ਖਿੱਚਦੀ
ਦੁਖੀਆਂ ਦੀ ਕੀਤੀ ਅਰਜ ਹੈ।
ਕੁਲ ਜਗ ਦਾ ਤੋਟਾ ਮੇਟਣਾ
ਤੇਰਾ ਬਿਰਦ ਹੈ ਜਾਂ ਫ਼ਰਜ ਹੈ।
ਬਖ਼ਸ਼ਿਸ਼ ਦੀ ਹੋਵੇ ਕਿੰਝ ਕਮੀਂ
ਤੇਰਾ ਹਰ ਕਦਮ ਲਬਰੇਜ਼ ਹੈ॥

ਮੁਸਕਾਵਣਾ ਜੱਲਾਦ ‘ਤੇ
ਨ੍ਹੇਰੇ ਲਈ ਚਾਨਣ ਮੰਗਣਾ।
ਜਹਿਰਾਂ ਨੇ ਖੌਰੇ ਕਿਸ ਕਦਰ
ਅੰਮ੍ਰਿਤ ਨੂੰ ਹਾਲੇ ਡੰਗਣਾ।
ਤੇਰੇ ਆਸਰੇ ਸੱਚੇ ਪਿਤਾ
ਧਰ ਤੇ ਧਰਮ ਜਰਖੇਜ਼ ਹੈ॥

ਧੜ ਤੋਂ ਜੁਦਾ ਸਿਰ ਹੋ ਗਿਆ
ਹਿੱਲਿਆ ਅੰਬਰ ਦਾ ਥਾਲ ਵੀ।
ਕੋਈ ਦ੍ਰਿਸਟ ਤਾਂ ਦਿਸਦੀ ਨਹੀਂ
ਲੱਖੀ ਦੇ ਨੈਣਾਂ ਨਾਲ ਦੀ।
ਝੱਖੜਾਂ ਨੂੰ ਮੱਥਾ ਲਾ ਲਿਆ
ਛੱਡ ਦੌਲਤਾਂ ਦਾ ਹੇਜ ਹੈ॥

ਗੋਬਿੰਦ ਹੀ ਗੋਬਿੰਦ ਹੈ
ਕਦੇ ਲਾਲ ਹੈ ਤੇ ਗੁਲਾਲ ਹੈ।
ਖ਼ਾਲਸ ਹੈ ਰਬ ਦਾ ਰੂਪ ਜੋ
ਕੁਲ ਖ਼ਾਲਸਾ ਜਿਸ ਨਾਲ ਹੈ।
ਤੇਰੀ ਗੋਦ ਵਿੱਚ ਉਸ ਖੇਡਣਾ
ਕੰਡਿਆਂ ਤੇ ਜਿਸ ਦੀ ਸੇਜ ਹੈ॥

ਹਰਦੇਵ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version