ਲੜੀਵਾਰ ਕਿਤਾਬਾਂ

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 12)

November 25, 2010 | By

(ਪਾਠ 2 – ਰਾਜਸੀ ਜਾਗ੍ਰਿਤੀ ਤੇ ਜੱਦੋ ਜਹਿਦ): ਸਿੱਖ ਲੀਡਰਸ਼ਿੱਪ ਦਾ ਸਿਧਾਂਤਕ ਨਜ਼ਰੀਆ : ਕਿੰਨਾ ਖਰਾ, ਕਿੰਨਾ ਖੋਟਾ?(ਪਾਠਕਾਂ ਦਾ ਧਿਆਨ ਹਿੱਤ: ਇਸ ਲਿਖਤ ਵਿੱਚ ਜੋ ਅੰਕ () ਵਿੱਚ ਦਰਜ ਹਨ ਉਹ ਟਿੱਪਣੀ ਜਾਂ ਹਵਾਲਾ ਸੂਚਕ ਹੋ ਸਕਦੇ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਲਿਖਤ ਦੇ ਅਖੀਰ ਵਿੱਚ ਦਰਜ ਹਨ)

Sikh Politics of Twentieth Century - Book by Ajmer Singhਸਿੱਖ ਲੀਡਰਸ਼ਿੱਪ ਜਦ ‘ਫਿਰਕੂ ਨੁਮਾਇੰਦਗੀ’ ਦੇ ਅਸੂਲ ਦੀ ਜਨੂੰਨ ਦੀ ਪੱਧਰ ’ਤੇ ਵਿਰੋਧਤਾ ਕਰ ਰਹੀ ਸੀ ਅਤੇ ਕਲਕੱਤਾ ਵਿਖੇ (ਦਸੰਬਰ 1928) ‘‘ਨਹਿਰੂ ਰਿਪੋਰਟ’’ ਦੀ ਤਿਆਰੀ ਸਬੰਧੀ ਬੁਲਾਈ ਸਰਬ ਪਾਰਟੀ ਕਾਨਫਰੰਸ ਵਿਚ ਇਹ ਮੰਗ ਕਰ ਰਹੀ ਸੀ ਕਿ ‘‘ਫਿਰਕੂਪੁਣੇ ਨੂੰ ਕਿਸੇ ਵੀ ਸ਼ਕਲ ਜਾਂ ਕਿਸੇ ਵੀ ਹਾਲਤ ਵਿਚ ਭਾਰਤ ਦੀ ਭਾਵੀ ਨੀਤੀ ਦਾ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ’’ ਤਾਂ ਉਹ, ਜ਼ਾਹਰਾ ਤੌਰ ’ਤੇ, ਇਕ ਘੱਟਗਿਣਤੀ ਵਰਗ ਦੀ ਨਹੀਂ ਸਗੋਂ ਬਹੁਗਿਣਤੀ ਵਰਗ ਦੀ ਬੋਲੀ ਬੋਲ ਰਹੀ ਸੀ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਜਾਪਦੀ ਕਿ ਇਕ ਅਜਿਹੀ ਕਮਿਊਨਿਟੀ, ਜਿਸ ਦੀ ਸਾਰੇ ਦੇਸ ਅੰਦਰ ਵਸੋਂ 2 ਫੀ ਸਦੀ ਤੋਂ ਵੀ ਘੱਟ ਅਤੇ ਪੰਜਾਬ ਅੰਦਰ ਬਾਰਾਂ ਫੀ ਸਦੀ ਤੋਂ ਵੱਧ ਨਹੀਂ ਸੀ ਅਤੇ ਜਿਸ ਦੀ ਕਿਸੇ ਇਕ ਵੀ ਜ਼ਿਲ੍ਹੇ ਅੰਦਰ ਬਹੁਗਿਣਤੀ ਨਹੀਂ ਸੀ ਅਤੇ ਜੋ 1909, 1912 ਤੇ 1916 ਦੀਆਂ ਚੋਣਾਂ ਵਿਚ, ਨਿਗੂਣੀ ਘੱਟਗਿਣਤੀ ਹੋਣ ਕਰਕੇ, ਬੁਰੀ ਤਰ੍ਹਾਂ ਮਾਤ ਖਾ ਚੁੱਕੀ ਸੀ, ਉਸ ਦੀ ਲੀਡਰਸ਼ਿੱਪ ਫਿਰਕੂ ਨੁਮਾਇੰਦਗੀ ਨੂੰ ਸਿਧਾਂਤਕ ਤੌਰ ’ਤੇ ਹੀ ਰੱਦ ਕਰਨ ਅਤੇ ਵੱਖਰੇ ਕਮਿਊਨਲ ਚੋਣ ਖੇਤਰਾਂ ਦੀ ਬਜਾਇ ਸਰਬਸਾਂਝੇ ਚੋਣ ਖੇਤਰਾਂ ਦੇ ਅਸੂਲ ਨੂੰ ਬੁ¦ਦ ਕਰਨ ਦੀ ਰੱਟ ਲਾਈ ਜਾ ਰਹੀ ਸੀ? ਬਹੁਗਿਣਤੀ ਵਰਗ ਵੱਲੋਂ ਤਾਂ ਅਜਿਹੀ ਪੋਜ਼ੀਸ਼ਨ ਲੈਣੀ ਸਮਝ ’ਚ ਆਉਂਦੀ ਸੀ ਪ੍ਰੰਤੂ ਇਕ ਘੱਟਗਿਣਤੀ ਵਰਗ ਵੱਲੋਂ, ਆਪਣੇ ਹੀ ਹਿਤਾਂ ਦੇ ਉਲਟ, ਅਜਿਹੀ ਪੋਜ਼ੀਸ਼ਨ ਲੈਣ ਦੀ ਵਜ੍ਹਾ ਕੀ ਹੋ ਸਕਦੀ ਸੀ? ਜੇਕਰ ਸਿੱਖ ਲੀਡਰਸ਼ਿੱਪ ( ਜਿਸ ਵਿਚ ਹਰ ਵੰਨਗੀ ਦੀ ਲੀਡਰਸ਼ਿਪ ਸ਼ਾਮਲ ਸੀ) ਵੱਲੋਂ ਪ੍ਰਸ਼ਾਸਨੀ ਸੁਧਾਰਾਂ ਦੇ ਮਸਲੇ ਪ੍ਰਤੀ ਅਪਣਾਈ ਸਮੁੱਚੀ ਪਹੁੰਚ ਦਾ ਪੜਚੋਲਵਾਂ ਅਧਿਅਨ ਕੀਤਾ ਜਾਵੇ ਤਾਂ ਇਸ ਸੁਆਲ ਦਾ ਜੁਆਬ ਸਹਿਜੇ ਹੀ ਮਿਲ ਜਾਵੇਗਾ।

ਜਿਥੋਂ ਤੱਕ ਸਿੱਖ ਧਰਮ ਦੀ ਹਿੰਦੂ ਮੱਤ ਨਾਲੋਂ ਵੱਖਰੀ ਧਾਰਮਿਕ ਪਛਾਣ ਦਾ ਸੁਆਲ ਸੀ, ਉਸ ਬਾਰੇ ਸਿੱਖ ਲੀਡਰਸ਼ਿੱਪ ਅੰਦਰ ਕੋਈ ਸਿਧਾਂਤਕ ਘਚੋਲਾ ਜਾਂ ਦੁਬਿਧਾ ਨਹੀਂ ਸੀ। ਇਹ ਧਾਰਮਿਕ ਚੇਤਨਤਾ ਉਸ ਨੇ ਸਿੰਘ ਸਭਾ ਲਹਿਰ ਕੋਲੋਂ ਗ੍ਰਹਿਣ ਕੀਤੀ ਹੋਈ ਸੀ। ਇਸ ਕਰਕੇ ਜਿੰਨਾ ਚਿਰ ਲੜਾਈ ਇਸ ਧਾਰਮਿਕ/ਸਭਿਆਚਾਰਕ ਮੁੱਦੇ ਤੱਕ ਸੀਮਿਤ ਰਹੀ, ਉਨਾ ਚਿਰ ਸਿੱਖ ਲੀਡਰਸ਼ਿੱਪ ਅੰਦਰ ਕੋਈ ਸਿਧਾਂਤਕ ਡਾਵਾਂਡੋਲਤਾ ਜਾਂ ਥਿੜਕਣ ਨਹੀਂ ਆਈ। ਪਰ ਜਿਉਂ ਹੀ ਪ੍ਰਸ਼ਾਸਨੀ ਸੁਧਾਰਾਂ ਦਾ ਛੇੜਾ ਛਿੜ ਪੈਣ ਨਾਲ ਮਸਲਾ ਰਾਜਸੀ ਰੰਗਤ ਅਖਤਿਆਰ ਕਰ ਗਿਆ ਤਾਂ ਸਿੱਖ ਲੀਡਰਸ਼ਿੱਪ ਅੰਦਰ ਸਿਧਾਂਤਕ ਅਸਪਸ਼ਟਤਾ ਤੇ ਡਾਵਾਂਡੋਲਤਾ ਦੇ ਚਿੰਨ੍ਹ ਪ੍ਰਗਟ ਹੋਣ ਲੱਗੇ। ਹੁਣ ਮਸਲਾ ਨਿਰਾ ਸਿੱਖ ਪੰਥ ਦੀ ਵੱਖਰੀ ਧਾਰਮਿਕ/ਸਭਿਆਚਾਰਕ ਪਛਾਣ ਦਾ ਨਹੀਂ ਸੀ ਰਹਿ ਗਿਆ ਸਗੋਂ ਨਾਲ ਹੀ ਇਸ ਦੇ ਆਰਥਿਕ ਤੇ ਰਾਜਸੀ ਹਿਤਾਂ ਦੀ ਸੁਰੱਖਿਆ ਦਾ ਵੀ ਬਣ ਗਿਆ ਸੀ। ਸਿੱਖ ਲੀਡਰਸ਼ਿੱਪ ਲਈ ਇਹ ਕਾਰਜ ਨਵਾਂ ਨਵੇਕਲਾ ਸੀ ਅਤੇ ਬੇਭੇਤਾ ਵੀ। ਜਿੰਨਾ ਚਿਰ ਲੜਾਈ ਧਾਰਮਿਕ ਅਤੇ ਸਭਿਆਚਾਰਕ ਖੇਤਰ ਤੱਕ ਸੀਮਤ ਰਹੀ, ਉਨਾਂ ਚਿਰ ਇਸ ਵਿਚੋਂ ਮੁਸਲਿਮ ਫੈਕਟਰ ਤਕਰੀਬਨ ਮਨਫੀ ਰਿਹਾ। ਸਿੱਖ ਪੰਥ ਦਾ ਇਸਲਾਮੀ ਭਾਈਚਾਰੇ ਨਾਲ ਧਾਰਮਿਕ, ਸਭਿਆਚਾਰਕ ਪਛਾਣ ਦਾ ਕੋਈ ਝਗੜਾ ਨਹੀਂ ਸੀ। ਇਹ ਝਗੜਾ ਕੇਵਲ ਤੇ ਕੇਵਲ ਹਿੰਦੂ ਵਰਗ ਨਾਲ ਹੀ ਸੀ। ਪਰ ਜਦ ਲੜਾਈ ਰਾਜਸੀ ਖੇਤਰ ਅੰਦਰ ਦਾਖਲ ਹੋ ਗਈ ਤਾਂ ਇਸ ਨਾਲ ਲੜਾਈ ਦੀ ਸਮੁੱਚੀ ਵਿਆਕਰਣ ਹੀ ਬਦਲ ਗਈ। ਪਹਿਲਾਂ ਸਿੱਖ ਕੌਮ ਨੂੰ ਖਤਰਾ ਇਕ ਵਰਗ ਹੱਥੋਂ ਸੀ। ਪ੍ਰਸ਼ਾਸਨੀ ਸੁਧਾਰਾਂ ਦਾ ਛੇੜਾ ਛਿੜਨ ਨਾਲ, ਸਿੱਖ ਕੌਮ ਨੂੰ ਹਿੰਦੂਆਂ ਦੇ ਨਾਲ ਹੀ ਮੁਸਲਿਮ ਵਰਗ ਵਾਲੇ ਪਾਸਿਓਂ ਵੀ ਵੱਡਾ ਖਤਰਾ ਦਿਖਾਈ ਦੇਣ ਲੱਗਾ। ਪੰਜਾਬ ਅੰਦਰ ਕਿਉਂਕਿ ਮੁਸਲਿਮ ਵਰਗ ਬਹੁਗਿਣਤੀ ਵਿਚ ਸੀ, ਇਸ ਕਰਕੇ ਨੁਮਾਇੰਦਗੀ ਦੇ ਸਿਧਾਂਤ ’ਤੇ ਆਧਾਰਤ ਨਵੀਂ ਰਾਜ-ਪ੍ਰਣਾਲੀ ਦੇ ਹੋਂਦ ਵਿਚ ਆਉਣ ਨਾਲ ਸਿੱਖ ਲੀਡਰਸ਼ਿੱਪ ਨੂੰ ਪੰਜਾਬ ਅੰਦਰ ਮੁਸਲਿਮ ਵਰਗ ਦਾ ਰਾਜਸੀ ਗਲਬਾ ਸਥਾਪਤ ਹੁੰਦਾ ਦਿਖਾਈ ਦਿੰਦਾ ਸੀ। ਕੁਝ ਇਤਿਹਾਸਕ ਕਾਰਨਾਂ ਕਰਕੇ, ਸਿੱਖ ਕੌਮ ਨੂੰ ਭਾਰਤ ਅੰਦਰ ਹਿੰਦੂ ਵਰਗ ਦੇ ਰਾਜਸੀ ਗਲਬੇ ਨਾਲੋਂ ਪੰਜਾਬ ਅੰਦਰ ਮੁਸਲਿਮ ਵਰਗ ਦੀ ਰਾਜਸੀ ਚੌਧਰ ਦਾ ਖਤਰਾ ਵੱਧ ਵੱਡਾ ਤੇ ਨਜ਼ਦੀਕੀ ਜਾਪਣ ਲੱਗਾ। ਇਸ ਕਰਕੇ ਸਿੱਖ ਲੀਡਰਸਿਪ ਦਾ ਸਾਰਾ ਜ਼ੋਰ ਇਸ ‘ਆਫਤ’ ਨੂੰ ਟਾਲਣ ਵੱਲ ਉਲਰ ਪਿਆ। ਉਸ ਨੂੰ ਇਸ ਗੱਲ ਦੀ ਬਹੁਤੀ ਚਿੰਤਾ ਨਾ ਰਹੀ ਕਿ ਭਾਰਤ ਅੰਦਰ ਹਿੰਦੂ ਬਹੁਗਿਣਤੀ ਦਾ ਰਾਜਸੀ ਗਲਬਾ ਸਥਾਪਤ ਹੋਣ ਨਾਲ ਘੱਟਗਿਣਤੀ ਵਰਗਾਂ ਨਾਲ ਕੀ ਬੀਤੇਗੀ। ਉਸ ਦਾ ਦ੍ਰਿਸ਼ਟੀ-ਬਿੰਦੂ ਪੰਜਾਬ ਤੱਕ ਸੁੰਗੜ ਕੇ ਰਹਿ ਗਿਆ ਅਤੇ ਪੰਜਾਬ ਅੰਦਰ ਮੁਸਲਿਮ ਵਰਗ ਨੂੰ ਰਾਜਨੀਤਕ ਸਰਦਾਰੀ ਹਥਿਆਉਣ ਤੋਂ ਵਰਜਣਾ ਉਸ ਦੀ ਇਕ ਮਾਤਰ ਚਿੰਤਾ ਤੇ ਇਕ-ਨੁਕਾਤੀ ਪ੍ਰੋਗਰਾਮ ਹੋ ਨਿਬੜਿਆ। ਇਸ ਤੋਂ ਬਾਅਦ, ਉਸ ਦਾ ਹਰ ਨੀਤੀ ਪੈਂਤੜਾ ਇਥੋਂ ਹੀ ਨਿਰਧਾਰਤ ਹੋਣ ਲੱਗਾ। ਇਸ ਤਰ੍ਹਾਂ, ਸਿੱਖ ਲੀਡਰਸ਼ਿੱਪ ਆਪਣੀ ਅੰਨ੍ਹੀ ਮੁਸਲਿਮ ਦੁਸ਼ਮਣੀ ਸਦਕਾ ਇਕ ਅਜਿਹੀ ਨਕਾਰਾਤਮਿਕ ਰਾਜਨੀਤੀ ਦੀ ਪਟੜੀ ਉਤੇ ਜਾ ਚੜ੍ਹੀ ਜਿਥੇ ਉਹ ਠੀਕ ਅਤੇ ਗਲਤ ਵਿਚਕਾਰ ਨਖੇੜਾ ਕਰ ਸਕਣ ਦੀ ਸਮਰੱਥਾ ਤੇ ਸੁੱਧ-ਬੁੱਧ ਹੀ ਖੋ ਬੈਠੀ। ਚਾਹੀਦਾ ਇਹ ਸੀ ਕਿ ਸਿੱਖ ਲੀਡਰਸ਼ਿੱਪ ਪ੍ਰਸ਼ਾਸਨੀ ਸੁਧਾਰਾਂ ਦੇ ਸਮੁੱਚੇ ਵਰਤਾਰੇ ਦਾ ਗਹਿਰ-ਗੰਭੀਰ ਵਿਸਲੇਸ਼ਣ ਕਰਦੀ ਅਤੇ ਸਿੱਖੀ ਸਿਧਾਂਤਾਂ ਤੇ ਸਿੱਖ ਕੌਮ ਦੇ ਬੁਨਿਆਦੀ ਹਿਤਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣੀਆਂ ਦੋਸਤ ਤੇ ਦੁਸ਼ਮਣ ਧਿਰਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਕੇ ਤੁਰਦੀ। ਜੇਕਰ ਉਹ ਅਜਿਹੀ ਪਹੁੰਚ ਅਪਣਾ ਕੇ ਚਲਦੀ ਤਾਂ ਉਸ ਲਈ ਇਹ ਗੱਲ ਸਮਝਣੀ ਰਤੀ ਵੀ ਔਖੀ ਨਹੀਂ ਸੀ ਕਿ ਭਾਰਤ ਅੰਦਰ ਪੱਛਮੀ ਤਰਜ਼ ਦੀ ਜਮਹੂਰੀ ਰਾਜ ਪ੍ਰਣਾਲੀ ਅਪਨਾਉਣ ਦਾ ਅਰਥ ਇਥੇ ਹਿੰਦੂ ਵਰਗ ਦਾ ਰਾਜਸੀ ਗਲਬਾ ਸਥਾਪਤ ਕਰਨਾ ਹੋਵੇਗਾ। ਉਹ ਭਾਰਤ ਦੀ ਸਮਾਜੀ ਵਿਵਸਥਾ ਤੋਂ ਏਡੀ ਅਨਜਾਣ ਨਹੀਂ ਸੀ ਕਿ ਏਨੀ ਗੱਲ ਵੀ ਨਾ ਸਮਝ ਸਕਦੀ ਕਿ ਹਿੰਦੂ ਵਰਗ ਦਾ ਰਾਜ ਅਸਲੀਅਤ ਵਿਚ ਅਖੌਤੀ ਸਵਰਨ ਜਾਤੀਆਂ ਦਾ ਰਾਜ ਹੀ ਹੋਵੇਗਾ ਜੋ ਨਾ ਸਿਰਫ ਗੈਰ-ਹਿੰਦੂ ਘੱਟਗਿਣਤੀ ਧਾਰਮਿਕ ਭਾਈਚਾਰਿਆਂ ਲਈ ਅਸਹਿ ਹੋਵੇਗਾ ਸਗੋਂ ਸਮਾਜ ਦੇ ਸਭ ਤੋਂ ਵੱਧ ਲਤਾੜੇ ਤੇ ‘ਨੀਵੇਂ’ ਸਮਝੇ ਜਾਂਦੇ ਵਰਗਾਂ ਦਾ ਜੀਣਾ ਹੋਰ ਵੀ ਮੁਹਾਲ ਕਰ ਦੇਵੇਗਾ। ਕਿਉਂਕਿ ਹਿੰਦੂ ਸਵਰਨ ਜਾਤੀਆਂ ਦੇ ਹੱਥ ਵਿਚ ਰਾਜਸੀ ਸੱਤਾ ਆ ਜਾਣ ਨਾਲ ਉਨ੍ਹਾਂ ਦਾ ਜਾਤ-ਪਾਤੀ ਗਰੂਰ ਤੇ ਫਤੂਰ ਸੱਤ ਅਸਮਾਨੀ ਜਾ ਚੜ੍ਹੇਗਾ। ਇਹੀ ਕਾਰਨ ਸੀ ਕਿ ਕਾਂਗਰਸ ਦੀ ਅਗਵਾਈ ਹੇਠ ਜਿਉਂ ਜਿਉਂ ਹਿੰਦੂ ਵਰਗ ਦੀ ਤਾਕਤ ਜੁੜਦੀ ਜਾ ਰਹੀ ਸੀ, ਤਿਉਂ ਤਿਉਂ, ਇਕ ਪਾਸੇ ਮੁਸਲਿਮ ਭਾਈਚਾਰੇ ਅੰਦਰ ਅਤੇ ਦੂਜੇ ਪਾਸੇ ਦੇਸ ਭਰ ਦੇ ਦਲਿਤ ਵਰਗ ਅੰਦਰ ਡਰ ਤੇ ਅਸੁਰੱਖਿਆ ਦੀਆਂ ਭਾਵਨਾਵਾਂ ਜ਼ੋਰ ਫੜ ਰਹੀਆਂ ਸਨ। ਇਸ ਨੂੰ ਇਤਿਹਾਸ ਦਾ ਕਰੂਰ ਵਿਅੰਗ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਸ਼ਾਨਦਾਰ ਬ੍ਰਾਹਮਣਵਾਦ ਵਿਰੋਧੀ ਪ੍ਰੰਪਰਾਵਾਂ ਦੀ ਮਾਲਕ ਸਿੱਖ ਲਹਿਰ, ਰਾਜਸੀ ਖੇਤਰ ਅੰਦਰ ਇਨ੍ਹਾਂ ਦੋਨੋਂ ਬ੍ਰਾਹਮਣਵਾਦ ਵਿਰੋਧੀ ਧਾਰਾਵਾਂ ਨਾਲੋਂ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਕੇ ਰਹਿ ਗਈ। ਮੁਸਲਿਮ ਵਰਗ ਨਾਲ ਤਾਂ ਸਿੱਖ ਲਹਿਰ ਦੇ ਵਿਰੋਧਾਂ ਦੀ ਸਮਝ ਆਉਂਦੀ ਹੈ (ਜਿਨ੍ਹਾਂ ਨੂੰ ਹਿੰਦੂ ਆਗੂਆਂ ਨੇ ਆਪਣੀ ਮਤਲਬ ਪੂਰਤੀ ਲਈ ਰੱਜ ਕੇ ਵਰਤਿਆ) ਪ੍ਰੰਤੂ ਆਜ਼ਾਦੀ ਦੀ ਲੜਾਈ ਦੇ ਸਮੁੱਚੇ ਅਮਲ ਦੌਰਾਨ ਅਜਿਹੀ ਇਕ ਵੀ ਉਦਾਹਰਣ ਨਹੀਂ ਮਿਲਦੀ ਜਦ ਸਿੱਖ ਲੀਡਰਸ਼ਿੱਪ ਨੇ ਦਲਿਤ ਭਾਈਚਾਰੇ ਦੇ ਖਦਸ਼ਿਆਂ ਤੇ ਭਾਵਨਾਵਾਂ ਨੂੰ ਦਿਲੀ ਪੱਧਰ ’ਤੇ ਮਹਿਸੂਸ ਕਰਕੇ ਉਸ ਨਾਲ ਰਾਜਸੀ ਨੇੜਤਾ ਕਾਇਮ ਕਰਨ ਦਾ ਸੁਚੇਤ ਅਤੇ ਸੁਹਿਰਦ ਯਤਨ ਕੀਤਾ ਹੋਵੇ। ਉਲਟਾ ਸਗੋਂ ਹੋਇਆ ਇਹ ਕਿ ਜਦ ਦੂਜੀ ਗੋਲਮੇਜ਼ ਕਾਨਫਰੰਸ ਮੌਕੇ (1932) ਡਾ. ਭੀਮ ਰਾਓ ਅੰਬੇਦਕਰ ਦੀ ਪਹਿਲਕਦਮੀ ’ਤੇ ਸਭਨਾ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਅਤੇ ਦਲਿਤ ਵਰਗਾਂ ਦਾ ਵਿਸ਼ਾਲ ਸਾਂਝਾ ਮੁਹਾਜ਼ ਬਣਾ ਕੇ ਸਰਬਸਾਂਝਾ ਰਾਜਸੀ ਪੈਂਤੜਾ ਉਭਾਰਨ ਦਾ ਯਤਨ ਕੀਤਾ ਗਿਆ ਤਾਂ ਸਿੱਖ ਨੁਮਾਇੰਦਿਆਂ ਨੇ ਆਪਣੇ ਆਪ ਨੂੰ ਇਸ ਮੁਹਾਜ਼ ਨਾਲੋਂ ਅਲੱਗ ਕਰ ਲਿਆ।(34)

ਅਸਲ ਵਿਚ ਹਿੰਦੂ ਲੀਡਰਸ਼ਿੱਪ ਸਿੱਖ ਆਗੂਆਂ ਦੇ ਮੁਕਾਬਲੇ ਕਿੱਤੇ ਵੱਧ ਸ਼ਾਤਰ ਤੇ ਬੁੱਧੀਮਾਨ ਸਾਬਤ ਹੋਈ। ਉਸ ਨੇ ਰਾਜਸੀ ਖੇਤਰ ਅੰਦਰ ਲੜਾਈ ਲੜਨ ਲਈ ਆਪਣੇ ਪਹਿਲੇ ਸਿਧਾਂਤਕ ਹਥਿਆਰ ਨੂੰ ਲਿਸ਼ਕਾ-ਸੰਵਾਰ ਕੇ ਨਵਾਂ ਰੂਪ ਦੇ ਲਿਆ। ਜਿਵੇਂ ਉਹ ਭਾਰਤੀ ਮੂਲ ਦੇ ਸਭਨਾਂ ਧਰਮਾਂ ਨੂੰ ਵਿਸ਼ਾਲ ਹਿੰਦੂ ਭਾਈਚਾਰੇ ਦਾ ਅੰਗ ਕਹਿ ਕੇ ਹਿੰਦੂਵਾਦ ਦੇ ਖਾਰੇ ਸਮੁੰਦਰ ਅੰਦਰ ਜਜ਼ਬ ਕਰ ਲੈਣ ਦੀ ਯੁੱਧਨੀਤਕ ਪਹੁੰਚ ਅਪਣਾ ਕੇ ਚੱਲ ਰਹੀ ਸੀ, ਉਵੇਂ ਉਸ ਨੇ, ਪੈਦਾ ਹੋਈ ਨਵੀਂ ਸਥਿਤੀ ਤੇ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ, ਭਾਰਤ ਅੰਦਰ ਵਸਦੇ ਸਭਨਾਂ ਲੋਕਾਂ ਨੂੰ ਹਿੰਦੂ ਵਰਗ ਦੀ ਸਰਦਾਰੀ ਤੇ ਸਰਪ੍ਰਸਤੀ ਹੇਠ ਇਕ ਵਡੇਰੀ ਤੇ ਸਰਬਸਾਂਝੀ ਪਛਾਣ ਦੇ ਘੇਰੇ ਵਿਚ ਵਲਣ ਦੀ ਵਿਉਂਤ ਬਣਾਈ ਤਾਂ ਜੋ ਇੱਕ ਤਾਂ ਭਾਰਤੀ ਵਸੋਂ ਦੇ ਗੈਰ-ਹਿੰਦੂ ਹਿੱਸਿਆਂ ਨੂੰ ਅੰਗਰੇਜ਼ਾਂ ਕੋਲੋਂ ਰਾਜਸੀ ਸੱਤਾ ਹਥਿਆਉਣ ਦੇ ਸੰਘਰਸ਼ ਵਿਚ ਇਸਤੇਮਾਲ ਕੀਤਾ ਜਾ ਸਕੇ। ਦੂਜਾ, ਉਨ੍ਹਾਂ ਨੂੰ ‘‘ਮੁੱਖ ਧਾਰਾ’’ ਅੰਦਰ ਖਿੱਚ ਕੇ ਉਨ੍ਹਾਂ ਦਾ ‘ਭਾਰਤੀਕਰਨ’ ਕਰ ਦਿੱਤਾ ਜਾਵੇ। ਜਿਸ ਦਾ ਸਿੱਧਾ ਤੇ ਸਾਫ ਅਰਥ ਇਹ ਸੀ ਕਿ ਇਨ੍ਹਾਂ ਗੈਰ-ਹਿੰਦੂ ਵਰਗਾਂ ਦੇ ਲੋਕਾਂ ਦੇ ਮਨਾਂ ਅੰਦਰ ਜੋ ਆਪੋ ਆਪਣੇ ਭਾਈਚਾਰਿਆਂ ਪ੍ਰਤੀ ਮੋਹ ਤੇ ਸ਼ਰਧਾ ਦੀਆਂ ਭਾਵਨਾਵਾਂ ਹਨ, ਉਨ੍ਹਾਂ ਨੂੰ ਇਕ ਕਲਪਿਤ ‘‘ਭਾਰਤੀ ਕੌਮ’’ ਪ੍ਰਤੀ ਸ਼ਰਧਾ ਦੇ ਜਜ਼ਬੇ ਹੇਠ ਦਬਾਅ ਦਿੱਤਾ ਜਾਵੇ। ‘‘ਭਾਰਤੀ ਕੌਮ’’ ਦਾ ਇਹ ਅਡੰਬਰ, ਹਿੰਦੂਵਾਦੀ ਤਾਕਤਾਂ ਦੇ ਆਤਮਸਾਤੀ (ਅਸਿਮੀਲੇਟਰੀ) ਧਾਰਮਿਕ ਪੈਂਤੜੇ ਦਾ ਹੀ ਰਾਜਸੀ ਰੂਪਾਂਤਰ (ਵੲਰਸੋਿਨ) ਸੀ। ਗੈਰ-ਹਿੰਦੂ ਧਾਰਮਿਕ ਵਰਗਾਂ ਦੇ ‘ਹਿੰਦੂਕਰਨ’ ਨੂੰ ‘ਭਾਰਤੀਕਰਨ’ ਦਾ ਹੀ ਨਵਾਂ ਨਾਉ ਦਿੱਤਾ ਗਿਆ ਸੀ, ਬੁਨਿਆਦੀ ਤੱਤ ਓਹੀ ਸੀ। ਇਹ ਉਹ ਨੁਕਤਾ ਸੀ ਜਿਥੇ ਸਿੱਖ ਲੀਡਰਸ਼ਿੱਪ ਬੁਰੀ ਤਰ੍ਹਾਂ ਮਾਤ ਖਾ ਗਈ। ਹਿੰਦੂਵਾਦੀ ਤਾਕਤਾਂ ਵੱਲੋਂ ‘‘ਭਾਰਤੀ ਕੌਮਵਾਦ’’ ਦਾ ਨਵਾਂ ਵਿਚਾਰਧਾਰਕ ਹਥਿਆਰ ਲਿਸ਼ਕਾਉਣ ਅਤੇ ਲਹਿਰਾਉਣ ਦੀ ਦੇਰ ਸੀ ਕਿ ਦਹਾਕਿਆਂ ਤੋਂ ਧਾਰਮਿਕ ਖੇਤਰ ਅੰਦਰ ਹਿੰਦੂ ਗਲਬਾਪ੍ਰਸਤੀ ਵਿਰੁੱਧ ਸਖਤ ਜਾਨ ਸਿਧਾਂਤਕ ਲੜਾਈ ਲੜਦੀ ਆ ਰਹੀ ਸਿੱਖ ਲੀਡਰਸ਼ਿੱਪ ਰਾਜਸੀ ਖੇਤਰ ਅੰਦਰ ਇਕ-ਦਮ ਮੂਧੇ ਮੂੰਹ ਜਾ ਡਿਗੀ। ਇਕ ਵੀ ਅਜਿਹਾ ਪ੍ਰਮਾਣ ਨਹੀਂ ਮਿਲਦਾ ਜਿਸ ’ਚੋਂ ਸਿੱਖ ਲੀਡਰਸ਼ਿੱਪ ਵੱਲੋਂ ‘‘ਭਾਰਤੀ ਕੌਮ’’ ਦੀ ਗੁੰਮਰਾਹਕਰੂ ਧਾਰਨਾ ਤੇ ਇਸ ਪਿੱਛੇ ਕੰਮ ਕਰਦੇ ਹਿੰਦੂ ਮਨਸੂਬਿਆਂ ਨੂੰ ਸ਼ੱਕ ਤੇ ਪੜਚੋਲ ਦੀ ਨਿਗ੍ਹਾ ਨਾਲ ਦੇਖਣ ਦੇ ਕਿਸੇ ਯਤਨ ਦਾ ਪਤਾ ਚੱਲਦਾ ਹੋਵੇ। ਇਸ ਦੇ ਉਲਟ ਅਜਿਹੀਆਂ ਦਰਜਨਾਂ ਉਦਾਹਰਣਾਂ ਤੇ ਸੈਂਕੜੇ ਹੀ ਹਵਾਲੇ ਦਿੱਤੇ ਜਾ ਸਕਦੇ ਹਨ ਜਿਨ੍ਹਾਂ ’ਚੋਂ ਇਸ ਅਤੀ ਅਹਿਮ ਮਸਲੇ ਬਾਰੇ ਸਿੱਖ ਲੀਡਰਸ਼ਿੱਪ ਦੀ ਅਗਿਆਨਤਾ ਦੀ ਬਹੁਤ ਹੀ ਕਰੂਪ ਤਸਵੀਰ ਉਘੜਦੀ ਹੈ।

ਕਪੂਰਥਲਾ ਰਿਆਸਤ ਦੇ ਸਾਬਕਾ ਵਜ਼ੀਰ ਸ. ਸੰਤ ਸਿੰਘ, ਜੋ ਚੀਫ ਖਾਲਸਾ ਦੀਵਾਨ ਦੀ ਜਾਣੀ ਪਛਾਣ ਹਸਤੀ ਸਨ ਅਤੇ ਜਿਨ੍ਹਾਂ ਦੀ ਇਕ ਸੁਲਝੀ ਹੋਈ ਵਿਦਵਾਨ ਸਖਸ਼ੀਅਤ ਵਜੋਂ ਖਾਸ ਕਦਰ ਸੀ, ਨੇ ਚੀਫ ਖਾਲਸਾ ਦੀਵਾਨ ਦੀ ਹੀ ਇਕ ਹੋਰ ਸਰਕਰਦਾ ਹਸਤੀ ਭਾਈ ਜੋਧ ਸਿੰਘ ਬਾਰੇ ਛਾਪੇ ਗਏ ‘‘ਅਭਿਨੰਦਨ ਗ੍ਰੰਥ’’ ਵਿਚ ਇਸ ਮਸਲੇ ਬਾਰੇ ਆਪਣੀਆਂ ਅਤੇ ਸਮੁੱਚੀ ਸਿੱਖ ਲੀਡਰਸ਼ਿੱਪ ਦੀਆਂ ਖਤਰਨਾਕ ਹੱਦ ਤੱਕ ਗਲਤ ਧਾਰਨਾਵਾਂ ਦਾ ਇਉਂ ਖੁਲਾਸਾ ਕੀਤਾ ਹੈ :

‘‘ਚੀਫ ਖਾਲਸਾ ਦੀਵਾਨ ਵੱਲੋਂ ਜੋ ਜੋ ਮੈਮੋਰੰਡਮ ਪੇਸ਼ ਕੀਤੇ ਗਏ ਉਨ੍ਹਾਂ ਵਿਚ ਇਕ ਵੱਡੀ ਗੱਲ ਇਹ ਸੀ ਕਿ ਵਿਧਾਨ ਵਿਚ ਵੱਖ-ਵੱਖ ਵਰਗਾਂ ਦੀਆਂ ਅੱਡ ਅੱਡ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਦੇਸ ਪਿਆਰ ਘੱਟ ਜਾਂਦਾ ਹੈ ਅਤੇ ਹਿੰਦੋਸਤਾਨੀ ਕੌਮੀਅਤ ਦੇ ਭਾਵ ਪ੍ਰਫੁੱਲਤ ਨਹੀਂ ਹੁੰਦੇ।’’(35)

ਇਸੇ ਤਰ੍ਹਾਂ, ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ (ਅਤੇ ਆਜ਼ਾਦੀ ਤੋਂ ਬਾਅਦ ਵੀ) ਹਰ ਮੰਚ ਉਤੇ ਸਿੱਖ ਕੌਮ ਦੀ ਤਰਜਮਾਨੀ ਅਤੇ ਉਸਦੇ ਪੱਖ ਦੀ ਵਜ਼ਾਹਤ ਕਰਨ ਵਾਲੇ ਸ. ਉਜਲ ਸਿੰਘ 1973 ਵਿਚ ਵੀ ਹਿੱਕ ਠੋਕ ਕੇ ਕਹਿ ਰਹੇ ਸਨ :

‘‘ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਆਪਣੇ ਵਾਜਬ ਹੱਕਾਂ ਦੀ ਰਾਖੀ ਦੀ ਚਿੰਤਾ ਦੇ ਨਾਲ ਹੀ ਸਿੱਖ ਹਮੇਸ਼ਾ ਕੌਮੀ ਨਜ਼ਰੀਏ ਦੇ ਧਾਰਨੀ ਰਹੇ ਹਨ।’’(36)

ਇਥੇ ‘‘ਕੌਮੀ ਨਜ਼ਰੀਏ’’ ਤੋਂ ਸ. ਉਜਲ ਸਿੰਘ ਹੁਰਾਂ ਦਾ ਜੋ ਭਾਵ ਹੈ, ਉਸ ਬਾਰੇ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ। ਸ. ਸੰਤ ਸਿੰਘ ਤੇ ਸ. ਉਜਲ ਸਿੰਘ ਦੇ ਇਨ੍ਹਾਂ ਕਥਨਾ ਤੋਂ ਇਲਾਵਾ ਅਜਿਹੇ ਹੋਰ ਸੈਂਕੜੇ ਹਵਾਲੇ ਦਿੱਤੇ ਜਾ ਸਕਦੇ ਹਨ ਜਿਨ੍ਹਾਂ ’ਚੋਂ ਇਹ ਸਚਾਈ ਸਵੈ-ਉਜਾਗਰ ਹੁੰਦੀ ਹੈ ਕਿ ਇਸ ਸਦੀ ਦੇ ਸ਼ੁਰੂ ਤੋਂ ਲੈ ਕੇ ਅੱਠਵੇਂ ਦਹਾਕੇ ਤੱਕ ਹਰ ਵੰਨਗੀ ਦੀ ਸਿੱਖ ਲੀਡਰਸ਼ਿੱਪ ‘ਭਾਰਤੀ ਕੌਮ’ ਦੀ ਧਾਰਨਾ ਨੂੰ ਸੱਚ ਕਬੂਲ ਕਰਕੇ ਚਲਦੀ ਰਹੀ ਹੈ ਅਤੇ ਆਪਣੇ ਆਪ ਨੂੰ ‘ਸੱਚੇ ਦੇਸਭਗਤ’ ਤੇ ‘ਕੌਮਪ੍ਰਸਤ’ ਸਾਬਤ ਕਰਨ ਲਈ ਸਿੱਖ ਭਾਈਚਾਰੇ ਦੇ ਕੌਮੀ ਹਿਤਾਂ ਨੂੰ ਨਾ ਸਿਰਫ ਨਜ਼ਰਅੰਦਾਜ਼ ਸਗੋਂ ਕਈ ਮੌਕਿਆਂ ’ਤੇ ਤਾਂ ਸ਼ਰ੍ਹੇਆਮ ਨਿਲਾਮ ਕਰਦੀ ਰਹੀ ਹੈ।

ਹਵਾਲੇ ਅਤੇ ਟਿੱਪਣੀਆਂ:

33. Ram Narayan Kumar, op. cit., p. 82

35. ਭਾਈ ਜੋਧ ਸਿੰਘ ਅਭਿਨੰਦਨ ਗਰੰਥ, ਸਫ਼ਾ 112

36. Spokesman (Delhi), June 1, 1973

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,