Site icon Sikh Siyasat News

ਭਾਈ ਦਲਜੀਤ ਸਿੰਘ ਬਿੱਟੂ ਤੇ ਕੁਲਬੀਰ ਸਿੰਘ ਬੜਾ ਪਿੰਡ ਗ੍ਰਿਫ਼ਤਾਰ

ਲੁਧਿਆਣਾ, 20 ਸਤੰਬਰ  : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਪ੍ਰਜ਼ੀਡੀਅਮ ਕੌਂਸਲ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਅਤੇ ਪਾਰਟੀ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਉਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਭਾਜਪਾ ਦੇ ਭਾਰਤ ਬੰਦ ਦੇ ਸੱਦੇ ਨੂੰ ਵੇਖਦਿਆਂ ਉਕਤ ਆਗੂਆਂ ਨੂੰ ਅਹਿਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ ਪਰ ਪੰਚ ਪ੍ਰਧਾਨੀ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਈ ਬਿੱਟੂ ਅਤੇ ਬੜਾ ਪਿੰਡ ਨੂੰ ਧਾਰਾ 107/151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਇਸ ‘ਦਮਨਕਾਰੀ’ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਅਮਰੀਕ ਸਿੰਘ ਈਸੜੂ, ਸਕੱਤਰ ਜਨਰਲ ਮਨਧੀਰ ਸਿੰਘ ਅਤੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਵਿਚਾਰਧਾਰਿਕ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਸ਼ਕਤੀ ਦੀ ਦੁਰਵਰਤੋਂ ਕਰ ਰਹੀ ਹੈ। ਕਾਨੂੰਨ ਅਤੇ ਨਿਆਂ ਵਿਵਸਥਾ ਨੂੰ ਪੈਰਾਂ ’ਚ ਲਿਤਾੜ ਕੇ ਵਿਚਾਰਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈ ਕੁਲਬੀਰ ਸਿੰਘ ਦਾ ਪਿੰਡ ਜਲੰਧਰ ਜਿਲ੍ਹੇ ’ਚ ਹੈ ਪਰ ਅਮਨ ਕਾਨੂੰਨ ਦਾ ਬਹਾਨਾ ਲਗਾ ਕੇ ਉਨ੍ਹਾ ਨੂੰ ਨਵਾਂ ਸ਼ਹਿਰ ਜਿਲ੍ਹੇ ਦੀ ਪੁਲਿਸ ਕਿਵੇਂ ਗ੍ਰਿਫ਼ਤਾਰ ਕਰ ਸਕਦੀ ਹੈ? ਭਾਈ ਬੜਾ ਪਿੰਡ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਨਵਾਂ ਸ਼ਹਰਿ ਜਿਲ੍ਹੇ ਦੇ ਐਸਪੀ ਧਰਮ ਸਿੰਘ ਉੱਪਲ ਦੀ ਅਗਵਾਈ ’ਚ ਆਈ ਪੁਲਿਸ ਟੀਮ ਨੇ ਅੱਧੀ ਰਾਤ ਨੂੰ ਡੇਢ ਵਜੇ ਘਰ ਤੋਂ ਗ੍ਰਿਫ਼ਤਾਰ ਕੀਤਾ।

ਭਾਈ ਦਲਜੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਚ ਪ੍ਰਧਾਨੀ ਦੇ ਆਗੂ।

 ਪੰਚ ਪ੍ਰਧਾਨੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਬੰਦ ਦਾ ਇਹ ਸੱਦਾ ਤਾਂ ਭਾਜਪਾ ਨੇ ਦਿੱਤਾ ਹੈ ਅਤੇ ਪੰਜਾਬ ਸਰਕਾਰ ਇਸ ਬੰਦ ਨੂੰ ਐਲਾਨੀਆ ਸਮਰਥਨ ਦੇ ਰਹੀ ਹੈ ਪਰ ਇਸੇ ਬੰਦ ਦੀ ਆੜ ’ਚ ਝੂਠੇ ਮੁੱਕਦਮੇ ਬਣਾ ਕੇ ਗ੍ਰਿਫ਼ਤਾਰ ਪੰਚ ਪ੍ਰਧਾਨੀ ਦੇ ਆਗੂਆਂ ਕੀਤਾ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਮਿਲ ਰਹੀਆਂ ਸੂਚਨਾਵਾਂ ਮੁਤਾਬਕ ਪੁਲਿਸ ਖ਼ੁਦ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਭਾਜਪਾ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਹੈਰਨੀਜਨਕ ਕਾਰਗੁਜ਼ਾਰੀ ਬਾਦਲ ਸਰਕਾਰ ਦੀਆਂ ਤੁਗਲਕੀ ਨੀਤੀਆਂ ਦਾ ਹੀ ਪ੍ਰਗਟਾਵਾ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version