ਖਾਸ ਖਬਰਾਂ

ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਸੰਕੇਤਕ ਰੋਸ ਧਰਨਾ 12 ਨੂੰ – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

By ਸਿੱਖ ਸਿਆਸਤ ਬਿਊਰੋ

September 10, 2020

ਚੰਡੀਗੜ੍ਹ – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ ਉਹ ਅੰਮ੍ਰਿਤਸਰ ਵਿਖੇ ਭੰਡਾਰੀ ਪੁਲ ਤੇ 12 ਸਤੰਬਰ ਨੂੰ ਸੰਕੇਤਕ ਰੋਸ ਧਰਨਾ ਦੇਣਗੇ।

ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਜੈਡ ਸਕਿਉਰਟੀ ਜਿਸ ਵਿਅਕਤੀ ਨੂੰ ਮਿਲੀ ਹੋਵੇ ਉਹ ਕਿਵੇਂ ਭਗੌੜਾ ਹੋ ਸਕਦਾ ਹੈ? ਉਹਨਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਸਿੱਖਾਂ ਦੀ ਦੇਸ਼ ਵਿਦੇਸ਼ ਵਿੱਚ ਹਰ ਸਰਗਰਮੀ ਦਾ ਪਤਾ ਹੁੰਦਾ ਹੈ ਪਰ ਅੱਜ ਪੁਲੀਸ ਦਾ ਸਾਬਕਾ ਡੀ.ਜੀ.ਪੀ ਪੁਲੀਸ ਦੀ ਹਿਰਾਸਤ ਵਿੱਚੋਂ ਫਰਾਰ ਹੈ ਪਰ ਲੱਭ ਨਹੀਂ ਰਿਹਾ। ਉਹਨਾਂ ਕਿਹਾ ਕਿ ਜੇਕਰ ਮੰਨੂਵਾਦੀ ਹਕੂਮਤ ਤੇ ਉਸ ਦੇ ਮੋਹਰੇ ਸੈਣੀ ਦੀ ਮਦਦ ਨਾਂ ਕਰਦੇ ਤਾਂ ਹੁਣ ਤੱਕ ਉਹ ਜੇਲ ਦੀ ਕਾਲ ਕੋਠੜੀ ਵਿੱਚ ਹੁੰਦਾ।

ਜਥੇਬੰਦੀਆਂ ਨੇ ਕਿਹਾ ਕਿ “ਸੁਮੇਧ ਸੈਣੀ ਕੇ.ਪੀ.ਐਸ ਗਿੱਲ ਦੀ ਚੰਡਾਲ ਚੌਕੜੀ ਦਾ ਮੈਂਬਰ ਹੈ ਜਿਸ ਨੇ ਸੈਂਕੜੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਹੈ ਅਤੇ ਵੱਡੇ ਪੱਧਰ ਤੇ ਲੁੱਟ ਮਾਰ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਬਾਦਲ ਦਲ ਨੇ ਇੱਕ ਅਪਰਾਧੀ ਨੂੰ ਪੰਜਾਬ ਦਾ ਲਗਾਤਾਰ ਡੀ.ਜੀ.ਪੀ ਲਗਾਇਆ ਜਿਸ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ। ਪਰ ਅੱਜ ਜਦੋਂ ਊਠ ਪਹਾੜ ਦੇ ਨੀਚੇ ਆਇਆ ਹੈ ਤਾਂ ਬਾਦਲਕੇ,ਕਾਂਗਰਸੀ ਤੇ ਮੰਨੂਵਾਦੀ ਮੂੰਹ ਛਿਪਾਉਂਦੇ ਫਿਰਦੇ ਹਨ”।

ਅੱਜ ਹੈਰਾਨੀ ਦੀ ਗੱਲ ਹੈ ਕਿ ਕਾਨੂੰਨ ਨੇ ਰਾਜ ਦੀ ਦੁਹਾਈ ਪਾਉਣ ਵਾਲੇ ਝੂਠੇ ਮੁਕਾਬਲਿਆਂ ਦੇ ਮਹਾਂ ਦੋਸ਼ੀ ਨੂੰ ਮੰਨੂਵਾਦੀਏ ਅਤੇ ਉਹਨਾਂ ਦੇ ਮੋਹਰੇ ਪਨਾਹ ਦੇ ਰਹੇ ਹਨ ਜਿਸ ਕਰਕੇ ਸੈਣੀ ਦੀ ਗ੍ਰਿਫਤਾਰੀ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਚਾਹੀਦਾ ਸੀ ਸਾਰੇ ਪੰਜਾਬ ਅੰਦਰ 25 ਹਜ਼ਾਰ ਸਿੱਖਾਂ ਉਹਨਾਂ ਦੇ ਝੂਠੇ ਮੁਕਾਬਲੇ ਬਣਾਕੇ ਖਤਮ ਕੀਤਾ ਅਤੇ ਉਹਨਾਂ ਦੀਆਂ ਲਾਵਾਰਸ ਕਰਾਰ ਦੇਕੇ ਸ਼ਮਸ਼ਾਨਘਾਟਾਂ ਵਿੱਚ ਸਾੜੀਆਂ ਅਤੇ ਹਜ਼ਾਰਾਂ ਜਿਹਨਾਂ ਦੀਆਂ ਮਿਰਤਕ ਦੇਹਾਂ ਦਰਿਆਵਾਂ ਨਹਿਰਾਂ ਵਿੱਚ ਰੋੜੀਆਂ ਬਾਰੇ ਨਿਰਪੱਖ ਪੜਤਾਲ ਹੁੰਦੀ ਪਰ ਕਾਂਗਰਸੀਆਂ, ਬਾਦਲਕਿਆਂ ਅਤੇ ਭਾਜਪਾਈਆਂ ਨੇ ਸਿੱਖਾਂ ਦੀ ਕੁਲਨਾਸ਼ ਉਪਰ ਬੇਸ਼ਰਮੀ ਨਾਲ ਪਰਦਾ ਪਾਇਆ। ਉਹਨਾਂ ਕਿਹਾ ਝੂਠੇ ਹਾਕਮਾਂ ਵਿੱਚ ਭੋਰਾ ਭਰ ਵੀ ਇਨਸਾਨੀਅਤ ਹੈ ਤਾਂ ਉਹ ਭਾਰਤੀ ਕਾਨੂੰਨ ਮੁਤਾਬਕ ਸੁਮੇਧ ਸੈਣੀ ਨੂੰ ਮਨੁਖਤਾ ਖਿਲਾਫ ਕੀਤੇ ਅਪਰਾਧਾਂ ਕਾਰਨ ਅੱਤਵਾਦੀ ਐਲਾਨਣ ਦੀ ਹਿੰਮਤ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: