ਸਿਆਸੀ ਖਬਰਾਂ

ਪਰਕਾਸ਼ ਸਿੰਘ ਬਾਦਲ ਚੋਣ ਮੈਦਾਨ ਚ ਆਵੇ, ਗੁਰਤੇਜ ਸਿੰਘ ਆਈ.ਏ.ਐਸ. ਮੁਕਾਬਲਾ ਕਰਨਗੇ: ਪੰਜਾਬ ਬਚਾਓ ਮੋਰਚਾ

March 27, 2019 | By

ਚੰਡੀਗੜ੍ਹ: ਲੰਘੇ ਕੱਲ੍ਹ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਸਿੱਖ ਬੁੱਧੀਜੀਵੀਆਂ ਵਲੋਂ ਬਣਾਏ ਪੰਜਾਬ ਬਚਾਓ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਤਬਾਹੀ ਦਾ ਜਿੰਮੇਵਾਰ ਸਮਝਦਾ ਹੈ ਅਤੇ ਜੇਕਰ ਵੱਡੇ ਬਾਦਲ ਕੋਲ ਇਸ ਗੱਲ ਵਿਰੁਧ ਕੋਈ ਸਫਾਈ ਹੋਵੇ ਤਾਂ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜੇ ਤੇ ਸਿੱਖ ਬੁੱਧੀਜੀਵੀ ਗੁਰਤੇਜ ਵਲੋਂ ਉਸ ਵਿਰੁਧ ਚੋਣ ਲੜੀ ਜਾਵੇਗੀ।

ਖੱਬਿਓਂ-ਸੱਜ: ਸ. ਸਰਬਜੀਤ ਸਿੰਘ ਸੋਹਲ, ਸ. ਨਰੈਣ ਸਿੰਘ ਚੌੜਾ, ਸ. ਗੁਰਦਰਸ਼ਨ ਸਿੰਘ ਢਿਲੋਂ, ਸ. ਗੁਰਤੇਜ ਸਿੰਘ (ਆਈ.ਏ.ਐਸ.) ਤੇ ਸ. ਰਜਿੰਦਰ ਸਿੰਘ

ਪੰਜਾਬ ਬਚਾਓ ਮੋਰਚੇ ਵਲੋਂ ਸਿੱਖ ਸਿਆਸਤ ਨੂੰ ਭੇਜੇ ਗਏ ਬਿਆਨ ਦੀ ਇੰਨ-ਬਿੰਨ ਨਕਲ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:

ਪੰਜਾਬ ਬਚਾਓ ਮੋਰਚਾ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਤਬਾਹੀ ਦਾ ਮੁੱਖ ਜਿੰਮੇਵਾਰ ਸਮਝਦਾ ਹੈ। ਜੇਕਰ ਉਸ ਕੋਲ ਇਸ ਤੱਥ ਵਿਰੁੱਧ ਕੋਈ ਸਫਾਈ ਹੈ, ਤਾਂ ਉਹ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਆਪਣੇ ਕਿਸੇ ਵੀ ਮਨ-ਪਸੰਦ ਹਲਕੇ ਤੋਂ ਖੜ੍ਹਾ ਹੋ ਜਾਵੇ। ਪੰਜਾਬ ਬਚਾਓ ਮੋਰਚਾ ਇਸ ਗਵਾਹੀ ਦੇ ਚਸ਼ਮਦੀਨ ਗਵਾਹ ਸਰਦਾਰ ਗੁਰਤੇਜ ਸਿੰਘ ਆਈ ਏ ਐਸ ਨੂੰ ਉਸ ਦੇ ਵਿਰੁੱਧ ਉਤਾਰੇਗਾ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿੱਤਰ ਕੇ ਪੰਜਾਬੀਆਂ ਦੇ ਸਾਹਮਣੇ ਆ ਸਕੇ।

ਪੰਜਾਬ ਬਚਾਓ ਮੋਰਚੇ ਦਾ ਲੋਕ ਸਭਾ ਚੋਣਾਂ ਦਾ ਏਜੰਡਾ

1. ਪੰਜਾਬ ਵਿਚ ਧਾਰਮਿਕ ਪੁਸਤਕਾਂ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਘੋਰ ਬੇਅਦਬੀ ਸੌੜੀ ਸਿਆਸਤ ਸੀ। ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਬਜਾਏ ਇਸ ਉਤੇ ਸਿਆਸਤ ਕੀਤੀ ਜਾ ਰਹੀ ਹੈ। ਮੋਰਚੇ ਲਈ ਵੀ ਇਹ ਮਸਲਾ ਰਾਜਨੀਤੀ ਦਾ ਧੁਰਾ ਬਣ ਗਿਆ ਹੈ ਕਿਉਕਿ ਇਸ ਦੇ ਹੱਲ ਕਰਨ ਨਾਲ ਹੀ ਹਿੰਦ ਨੂੰ ਅਧਿਆਤਮਕ ਮੌਤ ਤੋਂ ਬਚਾਇਆ ਜਾ ਸਕਦਾ ਹੈ ।

2. ਜੂਨ 1984 ਵਿਚ ਝੂਠੀ ਬਾਤ ਪਾ ਕੇ ਨਵੀਂ ਸਭਿਅਤਾ ਦੇ ਰੂਹਾਨੀ ਕੇਂਦਰ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ। ਇਸ ਹਮਲੇ ਦੇ ਅਸਲੀ ਕਾਰਣਾਂ ਨੂੰ ਜਾਨਣ ਲਈ ਅਫਰੀਕਾ ਦੇ ਟਰੁੱਥ ਕਮਿਸ਼ਨ ਦੀ ਤਰਜ਼ ਉਤੇ ਇੱਕ ਅੰਤਰ-ਰਾਸ਼ਟਰੀ ਸੱਚ ਖੋਜ ਸੰਸਥਾ ਦੇ ਨਿਰਮਾਣ ਹਿਤ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਅਜਿਹਾ ਕੁਕਰਮ ਦੁਬਾਰਾ ਕਰਨ ਦਾ ਕੋਈ ਮੁਲਕ ਹੌਸਲਾ ਨਾ ਕਰ ਸਕੇ।

3. ਪੰਜਾਬ ਦੇ ਤਕਰੀਬਨ ਢਾਈ ਲੱਖ ਲੋਕ ਅਣਿਆਈ ਮੌਤੇ ਮਾਰੇ ਜਾ ਚੁੱਕੇ ਹਨ। ਅਸੀਂ ਅਜਾਈਂ ਡੁੱਲ੍ਹੇ ਮਨੁੱਖੀ ਖੂਨ ਨੂੰ ਹਿੰਦ ਦੀ ਸਿਆਸਤ ਦਾ ਵੱਡਾ ਮੁੱਦਾ ਸਮਝਦੇ ਹਾਂ। ਮਾਰੇ ਗਏ ਲੋਕਾਂ ਦੀ ਗਿਣਤੀ ਤੇ ਨਿਸ਼ਾਨਦੇਈ ਕਰਨ ਨਾਲ ਹੀ ਪੰਜਾਬ ਅਤੇ ਹਿੰਦ ਦੇ ਸਦੀਵੀ ਅਮਨ ਚੈਨ ਹੋ ਸਕੇਗਾ। ਅਸੀਂ ਏਸ ਬਾਰੇ ਮੁਕੰਮਲ ਜਾਣਕਾਰੀ ਪੰਜਾਬ ਅਤੇ ਹਿੰਦ ਵਾਸੀਆਂ ਨੂੰ ਦੇਣ ਲਈ ਦ੍ਰਿੜ੍ਹ ਇਰਾਦਾ ਰੱਖਦੇ ਹਾਂ। ਏਵੇਂ ਹੀ ਸਜ਼ਾ ਕੱਟ ਚੁੱਕੇ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਵੀ ਅਤਿ ਜ਼ਰੂਰੀ ਸਮਝਦੇ ਹਾਂ। ਇਹਨਾ ਮੁੱਦਿਆ ਉਤੇ ਅਮਲ ਸ਼ੁਰੂ ਹੋਣਾ ਚਾਹੀਦਾ ਹੈ।

4. ਇਨ੍ਹਾਂ ਮੁੱਦਿਆਂ ‘ਤੇ ਪੰਜਾਬੀਆਂ ਦੇ ਹੁੰਗਾਰਾ ਹਾਸਲ ਕਰਨ ਲਈ ਸਰਬ ਸਾਂਝੀਵਾਲਤਾ ਨੂੰ ਪ੍ਰਣਾਈ ਪੰਜਾਬ ਦੀ ਖੇਤਰੀ ਸਿਆਸੀ ਜਮਾਤ ਸਿਰਜਨ ਦੀ ਪ੍ਰਕ੍ਰਿਆ ਜਲਦੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

5. ਰਾਸ਼ਟਰਵਾਦੀ ਸਿਆਸਤ ਨੇ ਪੰਜਾਬ ਨੂੰ ਬਸਤੀ ਵਿਚ ਤਬਦੀਲ ਕਰ ਕੇ ਤਬਾਹ ਕਰ ਦਿਤਾ ਹੈ। ਇਸੇ ਕਰਕੇ ਨੌਜੁਆਨ ਵਰਗ ਪ੍ਰਵਾਸ ਲਈ ਮਜ਼ਬੂਰ ਹੋ ਗਿਆ ਹੈ। ਇਹ ਪ੍ਰਵਾਸ ਪੰਜਾਬ ਦੇ ਹੋਰ ਵੱਡੇ ਉਜਾੜੇ ਦਾ ਕਰਨ ਬਣ ਗਿਆ ਹੈ। ਇਸ ਦੇ ਹੱਲ ਲੱਭਣ ਦੀ ਬਜਾਏ ਰਾਸ਼ਟਰਵਾਦੀ ਜਮਾਤਾਂ ਇਸ ਨਿਰੰਤਰ ਪ੍ਰਵਾਸ ਪ੍ਰਤੀ ਪੂਰਨ ਬੇਮੁੱਖੀ ਅਪਣਾਈ ਹੋਈ ਹੈ। ਅਸੀਂ ਇਸ ਦੇ ਹੱਲ ਲਭਣ ਲਈ ਬਚਨਬੱਧ ਹਾਂ। ਨਵੀਂ ਦਿੱਲੀ ਦੀਆਂ ਬਸਤੀਵਾਦੀ ਨੀਤੀਆਂ ਤਹਿਤ ਪੰਜਾਬ ਨੂੰ ਕਣਕ ਚੌਲ ਵਰਗੇ ਕੱਚੇ ਮਾਲ ਪੈਦਾ ਕਰਨ ਅਤੇ ਭਾਰਤੀ ਸਨਅਤੀ ਵਸਤਾਂ ਦੀ ਖਪਤ ਕਰਨ ਲਈ ਬਸਤੀ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦਾ ਸਰਮਾਇਆ ਬੈਂਕਾਂ ਤੇ ਹੋਰ ਵਿੱਤੀ ਅਦਾਰਿਆਂ ਰਾਹੀਂ ਪੰਜਾਬ ਤੋਂ ਬਾਹਰ ਕੱਢਿਆ ਜਾ ਰਿਹਾ ਹੈ।

6. ਇੰਡੀਅਨ ਯੂਨੀਅਨ ਵਿਚ ਫੈਡਰਲ ਰਾਜ ਪ੍ਰਬੰਧ ਦਮ ਤੋੜ ਚੁੱਕਾ ਹੈ। ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਅਖੌਤੀ ਖਤਰਿਆਂ ਦੀ ਦੁਹਾਈ ਪਾ ਕੇ, ਰਾਜਸੀ ਤਾਕਤ ਦਾ ਨਵੀਂ ਦਿੱਲੀ ਵਿਚ ਕੇਂਦਰੀਕਰਨ ਕਰ ਦਿੱਤਾ ਗਿਆ ਹੈ। ਸਾਡਾ ਇਹ ਨਿਸ਼ਚਾ ਹੈ ਕਿ ਜਿੰਨਾ ਚਿਰ ਸਹੀ ਫੈਡਰਲ ਢਾਂਚਾ ਮੁਲਕ ਵਿਚ ਸਥਾਪਤ ਨਹੀਂ ਕੀਤਾ ਜਾਂਦਾ, ਉੱਨਾ ਚਿਰ ਭਾਰਤੀ ਉਪ-ਮਹਾਂਦੀਪ ਵਿਚ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਇਸ ਕਰਕੇ ਕੇਂਦਰ ਅਤੇ ਰਾਜਾਂ ਦੇ ਆਪਸੀ ਸਬੰਧਾਂ ਉਤੇ ਨਜ਼ਰਸਾਨੀ ਕਰਕੇ ਫੈਡਰਲ ਸਿਸਟਮ ਕਾਇਮ ਕਰਨ ਦਾ ਅਮਲ ਤੁਰੰਤ ਸ਼ੁਰੂ ਹੋਵੇ।

7. ਪੰਜਾਬ ਦੇ ਦਰਿਆਈ ਪਾਣੀਆਂ ਉਪਰ ਰਿਪੇਰੀਅਨ ਅਸੂਲਾਂ ਮੁਤਾਬਕ ਪੰਜਾਬ ਦੇ ਹੱਕ ਨੂੰ ਪ੍ਰਵਾਨ ਹੋਣਾ ਚਾਹੀਦਾ ਹੈ। ਇਸ ਅਮਲ ਲਈ ਪੰਜਾਬ ਦੇ ਰੀ-ਔਰਗੇਨਾਈਜ਼ੇਸ਼ਨ ਐਕਟ ਦੀਆਂ ਗੈਰ ਵਿਧਾਨਿਕ 78/79/80 ਧਰਾਵਾਂ ਨੂੰ ਖਤਮ ਕੀਤਾ ਜਾਵੇ। ਲੁੱਟੇ ਗਏ ਪਾਣੀ ਦਾ ਹਿਸਾਬ-ਕਿਤਾਬ ਕਰ ਕੇ ਪੰਜਾਬ ਨੂੰ ਰਾਇਲਟੀ ਦਿੱਤੀ ਜਾਵੇ।

8. ਪੰਜਾਬੀ ਭਾਸ਼ਾ ਦੇ ਰਾਜ ਭਾਸ਼ਾ ਰੁਤਬੇ ਦੀ ਬਹਾਲੀ ਕੀਤੀ ਜਾਵੇ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਸੱਚਰ ਅਤੇ ਰੀਜ਼ਨਲ ਫਾਰਮੂਲੇ ਦੇ ਅਧਾਰ ‘ਤੇ ਨਿਸ਼ਾਨਦੇਈ ਹੋ ਚੁੱਕੀ ਹੈ। ਉਸ ਨਿਸ਼ਾਨਦੇਈ ਦੇ ਅਧਾਰ ‘ਤੇ ਸੂਬੇ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ।

9. ਕਿਸਾਨਾਂ ਦਾ ਕਰਜ਼ਾ ਤੁਰੰਤ ਮੁਆਫ ਕੀਤਾ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰ ਕੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਇਆ ਜਾਵੇ। ਖੇਤੀ ਸੈਕਟਰ ਵਿਚ ਆਏ ਸੰਕਟ ਨੂੰ ਹੱਲ ਕਰਨ ਲਈ ਖੇਤੀ ਜਿਨਸਾਂ ਅਤੇ ਖੇਤੀ ਲਈ ਵਰਤੀ ਜਾ ਰਹੀ ਖਾਦ ਅਤੇ ਹੋਰ ਵਸਤਾਂ ਦਾ ਮੁੱਲ ਨਿਰਧਾਰਤ ਕਰਨ ਦੇ ਅਧਿਕਾਰ ਕੇਂਦਰ ਦੀ ਬਜਾਇ ਰਾਜਾਂ ਕੋਲ ਹੋਣੇ ਚਾਹੀਦੇ ਹਨ। ਖੇਤੀ ਨੂੰ ਲਾਹੇਵੰਦ ਬਣਾਉਣ ਲਈ ਸਵੈ-ਸੇਵੀ ਗਰੁੱਪਾਂ ਅਤੇ ਸਵੈ-ਇੱਛਤ ਸਹਿਕਾਰੀ ਸੰਸਥਾਵਾਂ ਨੂੰ ਪੰਜਾਬ ਵਿਚ ਸਰਕਾਰ ਵੱਲੋਂ ਉਤਸ਼ਾਹਤ ਕੀਤਾ ਜਾਵੇ। ਖੇਤੀ ਨੂੰ ਉਦਯੋਗ ਪੱਧਰ ਉਤੇ ਖੜ੍ਹਾ ਕਰਨ ਨਾਲ ਪੰਜਾਬ ਦੇ ਕੁਦਰਤੀ ਸਾਧਨ – ਜ਼ਮੀਨ, ਧਰਤੀ ਹੇਠਲਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਕੇ ਵਾਤਾਵਰਨ ਨੂੰ ਤਬਾਹ ਕਰ ਰਹੇ ਹਨ। ਇਸ ਲਈ ਉਦਯੋਗਿਕ ਕਿਸਮ ਦੀ ਖੇਤੀ ਤੁਰੰਤ ਬੰਦ ਕਰ ਕੇ ਵਾਤਾਵਰਨ ਅਤੇ ਖੇਤੀ ਦੇ ਪੁਨਰ-ਜਾਗਰਣ ਦਾ ਅਮਲ ਸ਼ੁਰੂ ਹੋਣਾ ਚਾਹੀਦਾ ਹੈ।

10. ਬੇਰੁਜ਼ਗਾਰੀ ਅਤੇ ਧੁੰਦਲੇ ਭਵਿੱਖ ਕਰਕੇ ਬਹੁਤੇ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਆ ਜਾਂਦੇ ਹਨ। ਹਰ ਮਨੁੱਖ ਨੂੰ ਸਾਰਥਕ ਜਿੰਦਗੀ ਜਿਊਣ ਲਈ ਇੱਜ਼ਤਦਾਰ ਨੌਕਰੀ ਦੀ ਜ਼ਰੂਰਤ ਹੁੰਦੀ ਹੈ। ਸਰਕਾਰਾਂ ਨੇ ਵਿੱਤੀ ਬੱਚਤਾਂ ਨੂੰ ਮੁੱਖ ਰੱਖ ਕੇ ਅਤੇ ਤਕਨੀਕੀ ਔਜ਼ਾਰਾਂ ਦੀ ਮੱਦਦ ਨਾਲ ਨੌਕਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਅਤੇ ਵਿਕਾਸ ਕਰਨ ਦਾ ਬਹਾਨਾ ਬਣਾ ਕੇ ਨਿੱਜੀ ਅਦਾਰਿਆਂ ਨੂੰ ਮਨ-ਮਰਜ਼ੀ ਨਾਲ ਮੁਲਾਜ਼ਮ ‘ਹਾਇਰ ਅਤੇ ਫਾਇਰ’ ਕਰਨ ਦੀਆਂ ਖੁੱਲ੍ਹਾਂ ਦੇ ਦਿੱਤੀਆਂ ਹਨ। ਇਸ ਕਾਰਨ ਕਾਰਪੋਰੇਟ ਤੇ ਵਪਾਰਕ ਅਦਾਰੇ ਵੱਡੇ ਵੱਡੇ ਮੁਨਾਫੇ ਕਮਾ ਰਹੇ ਹਨ ਅਤੇ ਕਾਮੇ ਗਰੀਬੀ, ਬੇਰੁਜ਼ਗਾਰੀ ਅਤੇ ਅਣਮਨੁੱਖੀ ਹਾਲਤਾਂ ਵਿਚ ਧੱਕ ਦਿੱਤੇ ਗਏ ਹਨ। ਇਸ ਕਰਕੇ ਪੰਜਾਬ ਵਿਚ ਚੱਲ ਰਹੇ ਕਾਰਪੋਰੇਟ, ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀਆਂ ਦੀ ਭਰਤੀ ਨੂੰ ਹੀ ਲਾਜ਼ਮੀ ਕੀਤਾ ਜਾਵੇ।

11. ਪਿਛਲੇ ਕਈ ਦਹਾਕਿਆਂ ਤੋਂ ਸੈਂਕੜੇ ਕੇਸਾਂ ਦੇ ਨਿਪਟਾਰੇ ਰਾਹੀਂ ਇਹ ਕੌੜਾ ਸੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਫਿਰਕਾਪ੍ਰਸਤੀ ਅਤੇ ਬਹੁਗਿਣਤੀਵਾਦ ਦੇ ਪ੍ਰਭਾਵਾਂ ਨੂੰ ਕਬੂਲਦਿਆਂ ਕੋਰਟ ਕਚਹਿਰੀਆਂ ਪੰਜਾਬੀਆਂ ਨੂੰ ਇਨਸਾਫ ਦੇਣ ਤੋਂ ਪਾਸਾ ਵੱਟ ਗਈਆਂ ਹਨ। ਸਾਡਾ ਯਕੀਨ ਹੈ ਕਿ ਜੇ ਕੋਰਟਾਂ ਨਿਆਂ ਦੇਣ ਦੀ ਬਜਾਇ ‘ਕਾਜ਼ੀਆਂ ਵਾਲੇ ਫਤਵੇ’ ਜਾਰੀ ਕਰਨਗੀਆਂ ਤਾਂ ਜਮਹੂਰੀਅਤ ਦਾ ਬਚਣਾ ਮੁਸ਼ਕਲ ਹੋ ਜਾਵੇਗਾ।

12. ਮੁਢਲੀ ਸਿੱਖਿਆ ਅਤੇ ਮੁਢਲੀਆਂ ਸਿਹਤ ਸੇਵਾਵਾਂ ਦੇਣਾ ਸਰਕਾਰਾਂ ਦੀ ਅਣਕਹੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਤੋਂ ਪੰਜਾਬ ਸਰਕਾਰ ਆਪਣਾ ਪੱਲਾ ਝਾੜ ਚੁੱਕੀ ਹੈ। ਪੰਜਾਬ ਵਿਚ ਸਰਕਾਰ ਨੇ ਖੁਦ ਹੀ ਸਿੱਖਿਆ ਦੇ ਦੋ ਹਿੱਸੇ ਕਰ ਦਿੱਤੇ ਹਨ। ਅਮੀਰ ਅਤੇ ਮੱਧਵਰਗੀ ਪਰਿਵਾਰਾਂ ਲਈ ਪ੍ਰਾਈਵੇਟ ਅਤੇ ਸਹੂਲਤਾਂ ਭਰਪੂਰ ਅੰਗ੍ਰੇਜੀ ਸਕੂਲ ਅਤੇ ਦਲਿਤਾਂ, ਗਰੀਬਾਂ ਅਤੇ ਆਰਥਿਕ ਤੌਰ ‘ਤੇ ਦਬੀਆਂ ਜਮਾਤਾਂ ਲਈ ਸਹੂਲਤਾਂ-ਰਹਿਤ ਅਤੇ ਅਧਿਆਪਕ-ਰਹਿਤ ਸਰਕਾਰੀ ਸਕੂਲ ਚੱਲ ਰਹੇ ਹਨ। ਇਸ ਵਿਤਕਰੇ ਨੂੰ ਦੂਰ ਕਰਨ ਲਈ ਅਸੀਂ ਪੰਜਾਬ ਵਿਚ ਇਕੋ ਤਰ੍ਹਾਂ ਦੇ, ਇਕੋ ਜਿਹੇ ਸਕੂਲਾਂ ਵਿਚ ਮੁਢਲੀ ਸਿੱਖਿਆ ਦੇ ਮੌਕੇ ਪੈਦਾ ਕਰਨ ਦੇ ਹੱਕ ਵਿਚ ਹਾਂ।

13. ਇਸੇ ਤਰ੍ਹਾਂ ਹੀ ਸਰਕਾਰੀ ਹਸਪਤਾਲਾਂ ਵਿਚ ਸਹੂਲਤਾਂ ਦੇ ਵਿਸਥਾਰ ਅਤੇ ਡਾਕਟਰਾਂ ਦੀ ਨਫਰੀ ਵਿਚ ਵਾਧੇ ਨੂੰ ਯਕੀਨੀ ਬਣਾਇਆ ਜਾਵੇ ਤਾਂ ਗਰੀਬ ਆਦਮੀ ਨੂੰ ਮੌਕੇ ਮੁਤਾਬਕ ਡਾਕਟਰੀ ਸਹੂਲਤ ਅਤੇ ਦਵਾਈਆਂ ਮਿਲ ਸਕਣ। ਉਹ ਮਾਇਕ ਤੌਰ ਸਮਰੱਥ ਨਾ ਹੋਣ ਕਾਰਨ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਨਹੀਂ ਜਾ ਸਕਦੇ ਅਤੇ ਦਵਾਈ ਖੁਣੋਂ ਮਰ ਜਾਣ ਦੇ ਹਾਲਾਤ ਖਤਮ ਹੋਣੇ ਚਾਹੀਦੇ ਹਨ।

14. ਅਸੀਂ ਬ੍ਰਾਹਮਣਵਾਦੀ ਜ਼ਾਤ-ਪਾਤੀ, ਪਿਤਾ-ਪੁਰਖੀ ਅਤੇ ਔਰਤਾਂ ਦੀ ਅਧੋਗਤੀ ਵਾਲੇ ਭਾਰਤੀ ਸਮਾਜ ਦੇ ਵਿਰੋਧ ਵਿਚ ਸਿੱਖ ਸਿਧਾਂਤਾਂ ਮੁਤਾਬਕ ਹਰ ਤਰ੍ਹਾਂ ਦੀ ਬਰਾਬਰੀ ਵਾਲੇ ਸਮਾਜ ਕਾਇਮ ਕਰਨ ਲਈ ਬਚਨਬੱਧ ਹਾਂ। ਇਸ ਕਰਕੇ ਦਲਿਤਾਂ, ਮੁਸਲਮਾਨਾਂ, ਘੱਟ-ਗਿਣਤੀਆਂ, ਔਰਤਾਂ ਅਤੇ ਹੋਰ ਦਬੇ ਕੁਚਲੇ ਲੋਕਾਂ ਉਤੇ ਹੋ ਰਹੇ ਸਮਾਜੀ ਅਤੇ ਰਾਜਨੀਤਿਕ ਧੱਕੇ ਦੇ ਵਿਰੁੱਧ ਹਾਂ ਅਤੇ ਉਨ੍ਹਾਂ ਵੱਲੋਂ ਮੁਕਤੀ ਲਈ ਵਿੱਢੇ ਸੰਘਰਸ਼ਾਂ ਵਿਚ ਬਣਦਾ ਯੋਗਦਾਨ ਪਾਵਾਂਗੇ।

ਮਿਤੀ 26-03-2019 ਨੂੰ ਪੰਜਾਬ ਬਚਾਓ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਵਿਚ ਹੇਠ ਲਿਖੀ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ:

1. ਸ. ਗੁਰਤੇਜ ਸਿੰਘ ਆਈ.ਏ.ਐਸ.
2. ਡਾ. ਗੁਰਦਰਸ਼ਨ ਸਿੰਘ ਢਿੱਲੋਂ
3. ਸ. ਗੁਰਪ੍ਰੀਤ ਸਿੰਘ
4. ਸ. ਜਸਪਾਲ ਸਿੰਘ ਸਿੱਧੂ
5. ਭਾਈ ਨਰਾਇਣ ਸਿੰਘ
6. ਭਾਈ ਰਾਜਿੰਦਰ ਸਿੰਘ ਖਾਲਸਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,