Site icon Sikh Siyasat News

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਪੰਜਾਬ ਲਗਭਗ ਮੁਕੰਮਲ ਬੰਦ; ਵੱਖੋ ਵੱਖ ਥਾਵਾਂ ’ਤੇ ਸੜਕਾਂ ਜਾਮ

ਚੰਡੀਗੜ੍ਹ: ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ।ਸਿੱਖ ਸੰਗਤਾਂ ਵੱਲੋਂ ਸ਼ਹਿਰਾਂ, ਕਸਬਿਆਂ ਵਿੱਚ ਰੋਸ ਮਾਰਚ ਕੀਤੇ ਗਏ ਤੇ ਬੰਦ ਕਰਵਾਇਆ ਗਿਆ।ਬੇਅਦਬੀ ਵਿਰੁੱਧ ਰੋਸ ਦੇ ਚਲਦਿਆਂ ਸਿੱਖ ਸੰਗਤਾਂ ਵੱਲੋਂ ਪੰਜਾਬ ਭਰ ਵਿੱਚ ਵੱਖੋ ਵੱਖ ਥਾਵਾਂ ਉੱਤੇ ਸੜਕਾਂ ’ਤੇ ਧਰਨੇ ਸ਼ੁਰੂ ਕਰਕੇ ਚੱਕਾ ਜਾਮ ਕਰਨ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਦਲਾਂ ਦੇ ਹੁਕਮਾਂ ਉਤੇ ਢਾਹੇ ਗਏ ਸਿਖਾਂ ਉੱਤੇ ਕਹਿਰ ਵਿਰੁਧ ਅੱਜ ਪੰਜਾਬ ਬੰਦ ਦੇ ਸੱਦੇ ਦਾ ਦੋਆਬੇ ਤੇ ਮਾਝੇ ਵਿਚ ਕੁਝ ਅਸਰ ਘੱਟ ਰਿਹਾ ਪਰ ਮਾਲਵੇ ਵਿਚ ਸੁੰਨ ਸਰਾਂ ਰਹੀ। ਹੋਰ ਕਈ ਸ਼ਹਿਰਾਂ ਵਿਚ ਪੁਲੀਸ ਬਲਾਂ ਨੇ ਧੱਕੇਸ਼ਾਹੀ ਕਰਨੀ ਚਾਹੀ ਪਰ ਸੰਗਤ ਅੱਗੇ ਪੇਸ਼ ਨਹੀ ਗਈ। ਬਠਿੰਡੇ ਤੇ ਹੋਰ ਕਈ ਥਾਵਾਂ ਤੋਂ ਗ੍ਰਿਫਤਾਰੀਆਂ ਦੀਆਂ ਖਬਰਾਂ ਮਿਲੀਆਂ ਹਨ। ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਗਿਆ ਹੈ।

ਬੰਦ ਕਰਵਾਉਂਦੀਆਂ ਸਿੱਖ ਬੀਬੀਆਂ

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਟਕਪੂਰੇ ਲਾਗੇ ਬਰਗਾੜੀ ਪਿੰਡ ਵਿੱਚ ਕਿਸੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਤੋਂ ਬਾਅਦ ਸਿੱਖ ਸੰਗਤਾਂ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੀਆਂ ਸਨ।ਪਰ ਕੱਲ੍ਹ ਪੁਲਿਸ ਵੱਲੋਂ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ’ਤੇ ਗੋਲੀ ਚਲਾ ਦਿੱਤੀ ਗਈ ਸੀ ਜਿਸ ਨਾਲ ਦੋ ਸਿੰਘ ਸ਼ਹੀਦ ਹੋ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਜਖਮੀ ਹੋ ਗਈਆਂ ਸਨ।ਪੁਲਿਸ ਵੱਲੋਂ ਕਈ ਸਿੱਖ ਪ੍ਰਚਾਰਕਾਂ ਸਮੇਤ ਵੱਡੀ ਗਿਣਤੀ ਸਿੱਖ ਸੰਗਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ।ਜਿਸ ਤੋਂ ਬਾਅਦ ਸਿੱਖ ਕੌਮ ਵਿੱਚ ਰੋਸ ਹੋਰ ਜਿਆਦਾ ਵੱਧ ਗਿਆ ਤੇ ਪੰਥਕ ਜਥੇਬੰਦੀਆਂ ਵੱਲੋਂ ਰੋਸ ਵਜੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ।

ਲੁਧਿਆਣਾ ਵਿਖੇ ਧਰਨੇ ਤੇ ਬੈਠੇ ਬਾਬਾ ਪਰਮਜੀਤ ਸਿੰਘ ਖਾਲਸਾ ਅਤੇ ਸਿੱਖ ਸੰਗਤਾਂ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ, ਸਮਰਾਲਾ, ਗਿੱਦੜਬਾਹਾ, ਕਰਤਾਰਪੁਰ, ਲੁਧਿਆਣਾ, ਜਲੰਧਰ, ਫਰੀਦਕੋਟ, ਬਠਿੰਡਾ, ਫਤਿਹਗੜ੍ਹ ਸਾਹਿਬ, ਸਰਹਿੰਦ, ਮਾਨਸਾ ਪੂਰਣ ਤੌਰ ਤੇ ਬੰਦ ਰਹੇ। ਬਠਿੰਡਾ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਸਿੱਖ ਸੰਗਤਾਂ ਨੇ ਪੁਲਿਸ ਥਾਣਿਆਂ ਦਾ ਵੀ ਘਿਰਾਓ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version