ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਂਇੰਦੇ

ਖਾਸ ਖਬਰਾਂ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ 6 ਜੂਨ ਤੋਂ ਹੜਤਾਲ ਵਾਪਿਸ ਲੈਣ ਦਾ ਐਲਾਨ

By ਸਿੱਖ ਸਿਆਸਤ ਬਿਊਰੋ

June 05, 2018

ਚੰਡੀਗੜ੍ਹ: ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਸ਼ਹਿਰਾਂ ਤੇ ਕਸਬਿਆਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕੀਤੇ ਜਾਣ ਕਾਰਨ ਦੋਧੀਆਂ ਤੇ ਹੋਰਨਾਂ ਨਾਲ ਵੱਧ ਰਹੇ ਟਕਰਾਅ ਦੇ ਮੱਦੇਨਜ਼ਰ 6 ਜੂਨ ਤੋਂ ਅੰਦੋਲਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਪਰ ਦੇਸ਼ ਦੇ ਬਾਕੀ ਸੂਬਿਆਂ ਵਿੱਚ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ ’ਤੇ ਸਪਲਾਈ ਬੰਦ ਰਹੇਗੀ। ਇਸ ਫ਼ੈਸਲੇ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਸਪਲਾਈ ਬੰਦ ਕੀਤੇ ਜਾਣ ਕਰਕੇ ਕਿਸਾਨਾਂ ਤੇ ਦੋਧੀਆਂ ਵਿਚਾਲੇ ਵੱਧ ਰਹੇ ਟਕਰਾਅ ਨੂੰ ਠੱਲ੍ਹ ਪਏਗੀ।

ਯਾਦ ਰਹੇ ਕਿ ਕਿਸਾਨਾਂ ਦੀ ਮੰਦਹਾਲੀ ਦਾ ਹੱਲ ਕੱਢਣ, ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਵਰਗੇ ਮੁੱਦਿਆਂ ਨੂੰ ਲੈ ਕੇ ਰਾਸ਼ਟਰੀ ਕਿਸਾਨ ਮਹਾਂਸੰਘ ਨੇ ਇਕ ਤੋਂ 10 ਜੂਨ ਤਕ ਸ਼ਹਿਰਾਂ ਤੇ ਕਸਬਿਆਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਦਾ ਫੈਸਲਾ ਕੀਤਾ ਸੀ। ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਲੱਖੋਵਾਲ, ਰਾਜੇਵਾਲ, ਕਾਦੀਆਂ ਅਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਆਗੂਆਂ ਦੀ ਅੱਜ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਆਗੂਆਂ ਨਾਲ ਲੁਧਿਆਣਾ ਵਿੱਚ ਮੀਟਿੰਗ ਹੋਈ, ਜਿਸ ਵਿਚ ਕਿਸਾਨਾਂ ਦੇ ਦੋਧੀਆਂ ਅਤੇ ਹੋਰਾਂ ਨਾਲ ਵੱਧ ਰਹੇ ਟਕਰਾਅ ਦਾ ਜਾਇਜ਼ਾ ਲਿਆ ਗਿਆ। ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਉਹ ਦੁੱਧ ਦੀ ਸਪਲਾਈ ਨੂੰ ਦੋ ਦਿਨ ਤੋਂ ਵੱਧ ਰੋਕ ਨਹੀਂ ਸਕਦੇ ਕਿਉਂਕਿ ਉਨ੍ਹਾਂ ਕੋਲ ਦੁੱਧ ਰੱਖਣ ਲਈ ਕੋਈ ਸਾਧਨ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਡੇਅਰੀ ਵਾਲੇ ਕੋਲ ਦਸ ਕੁਇੰਟਲ ਦੁੱਧ ਹੈ ਤੇ ਕਿਸੇ ਕੋਲ ਵੀਹ ਕੁਇੰਟਲ, ਉਪਰੋਂ ਗਰਮੀ ਦਾ ਮੌਸਮ ਹੈ। ਜੇਕਰ ਇਸ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਡੇਅਰੀ ਦਾ ਧੰਦਾ ਕਰਨ ਵਾਲੇ ਕਿਸਾਨਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਦੋ ਦਿਨ ਤੋਂ ਵੱਧ ਦੁੱਧ ਦੀ ਸਪਲਾਈ ਬੰਦ ਰੱਖਣ ਦੇ ਮਾਮਲੇ ਵਿੱਚ ਸਾਥ ਨਹੀਂ ਦੇ ਸਕਦੇ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਚਾਰ ਕੀਤੀ ਗਈ ਕਿ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਰੂਪ ਦੇਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਦੀ ਸਫਲਤਾ ਨੂੰ ਵੇਖ ਕੇ ਬੁਖਲਾਹਟ ਵਿੱਚ ਆ ਗਈ ਸੀ ਅਤੇ ਇਸ ਨੂੰ ਤਾਰਪੀਡੋ ਕਰਨ ਲਈ ਸਾਜ਼ਿਸ਼ਾਂ ਰਚ ਰਹੀ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਦੋਰਾਹਾ ਵਿੱਚ ਇਕ ਦੋਧੀ ਨੇ ਅੰਦੋਲਨਕਾਰੀਆਂ ’ਤੇ ਗੋਲੀ ਚਲਾ ਦਿੱਤੀ ਸੀ ਜਦੋਂਕਿ ਬਠਿੰਡੇ ਵਿੱਚ ਵੀ ਇਕ ਕਿਸਾਨ ਦੀ ਕੁੱਟਮਾਰ ਕੀਤੀ ਗਈ। ਹੋਰਨਾਂ ਕਈ ਥਾਵਾਂ ’ਤੇ ਵੀ ਟਕਰਾਅ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਡੇਅਰੀ ਫਾਰਮਰਜ਼ ਦੀਆਂ ਮੁਸ਼ਕਲਾਂ ਜਥੇਬੰਦੀਆਂ ਅੱਗੇ ਰੱਖੀਆਂ ਜਿਸ ਨੂੰ ਵਿਚਾਰਦਿਆਂ ਸਰਬਸੰਮਤੀ ਨਾਲ ਅੰਦੋਲਨ ਨੂੰ 6 ਜੂਨ ਨੂੰ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਮੱਧ ਪ੍ਰਦੇਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੇ ਨਾਲ ਹੀ ਹੜਤਾਲ ਖ਼ਤਮ ਕਰ ਦਿੱਤੀ ਜਾਵੇਗੀ ਤੇ ਸਪਲਾਈ ਖੋਲ੍ਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਕੀ ਸੂਬਿਆਂ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਹੀ ਰਹੇਗੀ। ਪਿੰਡਾਂ ਤੋਂ ਦੁੱਧ ਦੀ ਸਪਲਾਈ ਬੰਦ ਹੋਣ ਦਾ ਅਸਰ ਚੰਡੀਗੜ੍ਹ ਵਿੱਚ ਵੀ ਸਾਫ਼ ਨਜ਼ਰ ਆਇਆ ਤੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਅੱਜ ਲੋਕਾਂ ਨੂੰ ਦੁੱਧ ਨਹੀਂ ਮਿਲਿਆ। ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਗਈਆਂ ਹਨ ਤੇ ਲੋਕ ਆਪਣੇ ਰਿਸ਼ਤੇਦਾਰਾਂ ਕੋਲੋਂ ਸਬਜ਼ੀਆਂ ਮੰਗਵਾਉਣ ਲਈ ਮਜਬੂਰ ਹਨ।

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦਸ ਰੋਜ਼ਾ ਹੜਤਾਲ ਸਬੰਧੀ ਆਪਣੀ ਜਥੇਬੰਦੀ ਦਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਉਹ ਇਸ ਹੜਤਾਲ ਨਾਲ ਇਤਫ਼ਾਕ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਹੜਤਾਲ ’ਚ ਸ਼ਾਮਲ ਜਥੇਬੰਦੀਆਂ ਨੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਉਣ ਵਾਲੀਆਂ ਮੁਸੀਬਤਾਂ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ। ਇਹੀ ਵਜ੍ਹਾ ਹੈ ਕਿ ਪੰਜਾਬ ਦੀਆਂ ਪ੍ਰਮੁੱਖ ਪੰਜ ਕਿਸਾਨ ਜਥੇਬੰਦੀਆਂ ਨੂੰ ਹੁਣ 6 ਜੂਨ ਤੋਂ ਅਧਵਾਟੇ ਇਸ ਹੜਤਾਲ ਨੂੰ ਖ਼ਤਮ ਕਰਨ ਦਾ ਐਲਾਨ ਕਰਨਾ ਪਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: