February 13, 2010 | By ਸਿੱਖ ਸਿਆਸਤ ਬਿਊਰੋ
ਮੋਹਾਲੀ, ਫਰਵਰੀ (14 ਫਰਵਰੀ, 2010): ਅਕਾਲ ਤਖ਼ਤ ’ਤੇ ਕਾਬਜ਼ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਛੇਕ ਦੇਣ ਦਾ ਫ਼ੈਸਲਾ ਤਾਂ ਬਹੁਤ ਜਲਦੀ ਨਾਲ ਲੈ ਲਿਆ ਪਰ ਸੰਤਾਂ ਦੇ ਰੂਪ ਵਿਚ ਵਿਚਰ ਰਹੀਆਂ ਕਾਲੀਆਂ ਭੇਡਾਂ ਜਿਨ੍ਹਾ ਬਾਰੇ ਲੰਮੇ ਸਮੇਂ ਤੋਂ ਇਨ੍ਹਾਂ ਜਥੇਦਾਰਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਬਾਰੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ। ਉਪ੍ਰੋਕਤ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਭਾਈ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਕਿ 31 ਦਸੰਬਰ 2009 ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਇਕ ਵਫਦ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਦੇ ਪੀ.ਏ. ਰਾਹੀਂ ਅਖੌਤੀ ਸਾਧ ਪ੍ਰਿਤਪਾਲ ਸਿਹੁੰ ਝੀਲ ਵਾਲੇ ਦੀਆਂ ਕਰਤੂਤਾਂ ਕਾਰਨ ਉਸਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਬੇਨਤੀ ਕੀਤੀ ਸੀ ਜਿਸ ’ਤੇ ਜਥੇਦਾਰਾਂ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅਖੌਤੀ ਸੰਤ ਮਾਨ ਸਿੰਘ ਪਿਹੋਵਾ, ਦਲਜੀਤ ਸਿਘ ਸ਼ਿਕਾਗੋ ਦੀਆਂ ਕਰਤੂਤਾਂ ਬਾਰੇ ਵੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਕਈ ਵਾਰ ਜਥੇਦਾਰ ਨੂੰ ਬੇਨਤੀਆਂ ਕਰ ਚੁੱਕੀਆਂ ਹਨ ਪਰ ਜਥੇਦਾਰਾਂ ਨੂੰ ਇਨ੍ਹਾਂ ਲੋਕਾਂ ਵਿੱਚ ਕੋਈ ਖੋਟ ਸ਼ਾਇਦ ਇਸ ਲਈ ਨਜ਼ਰ ਨਹੀਂ ਆਈ ਕਿਉਂਕਿ ਇਹ ਪਾਖੰਡੀ, ਜਥੇਦਾਰਾਂ ਦੇ ਸਤਿਕਾਰਤ ਪੌਰਾਣਿਕ ਗ੍ਰੰਥਾਂ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਨਿਰਬਾਹ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਖੌਤੀ ਸਾਧ ਸ਼ਮਸ਼ੇਰ ਜਗੇੜੇ ਵਿਰੁੱਧ ਕਾਰਵਾਈ ਲਈ ਉਦੋਂ ਦੇ ਜਥੇਦਾਰ ਜੋਗਿੰਦਰ ਸਿੰਘ ‘ਵੇਦਾਂਤੀ’ ਨੇ ਪੀੜਤ ਲੜਕੀ ਨਾਲ ਵਾਅਦਾ ਕਰਕੇ ਪੀੜਤ ਲੜਕੀ ਨੂੰ ਹੀ ਦੋਸ਼ੀ ਠਹਿਰਾ ਦੇਣਾ ਉਪ੍ਰੋਕਤ ਤੱਥ ਲਈ ਇਕ ਵੱਡਾ ਸਬੂਤ ਹੈ ਕਿਉਂਕਿ ਜਗੇੜੇ ਦਾ ਜੀਵਨ ਢੰਗ ਵੀ ਤਾਂ ਵੇਦਾਂਤਾਂ ਦੀ ਸਿੱਖਿਆ ਤੋਂ ਹੀ ਪ੍ਰੇਰਿਤ ਹੈ। ਭਾਈ ਕਨੇਡੀਅਨ ਨੇ ਕਿਹਾ ਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਵਲੋਂ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਪਾਖੰਡਵਾਦ ਦੇ ਸਮਾਜ-ਵਿਰੋਧੀ ਅੱਡਿਆਂ ਨੂੰ ਪ੍ਰਫ਼ੁਲਤ ਕਰਨ ਲਈ ਹਰ ਤਰ੍ਹਾਂ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹ ਧਿਰ ਗੁਰੂਘਰਾਂ ’ਤੇ ਕਾਬਜ਼ ਹੋ ਕੇ ਸਿੱਖ ਧਰਮ ਨੂੰ ਤਹਿਸ-ਨਹਿਸ ਕਰਨ ਦੀ ਪੰਥ ਵਿਰੋਧੀ ਸ਼ਕਤੀਆਂ ਵਲੋਂ ਮਿਲੀ ਡਿਊਟੀ ਨੂੰ ਹੀ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਹਿੰਦੂਵਾਦ ਦੇ ਇਨ੍ਹਾਂ ਏਜੰਟ ਮਸੰਦਾਂ ਨੂੰ ਧੂਹ ਕੇ ਬਾਹਰ ਸੁੱਟਣ ਲਈ ਕੌਮ ਇਕਮੁੱਠ ਹੋ ਜਾਵੇ।
Related Topics: Akali Dal Panch Pardhani