ਸਿਆਸੀ ਖਬਰਾਂ » ਸਿੱਖ ਖਬਰਾਂ

ਦਿੱਲੀ ਕਮੇਟੀ ਵਲੋਂ “ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ” ਵਿਸ਼ੈ ‘ਤੇ ਸੈਮੀਨਾਰ ਕਰਵਾਇਆ ਗਿਆ

September 18, 2016 | By

ਨਵੀਂ ਦਿੱਲੀ: ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਸੈਮੀਨਾਰ ਕਰਵਾਇਆ ਗਿਆ। ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਔਡੀਟੋਰਿਅਮ ਵਿਖੇ 2 ਦਿਨੀਂ ਉਲੀਕੇ ਗਏ ਇਸ ਸੈਮੀਨਾਰ ਦਾ ਵਿਸ਼ਾ “ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ” ਸੀ। ਸੈਮੀਨਾਰ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਰਦੇ ਹੋਏ ਸਿੱਖ ਵਿੱਦਿਵਾਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਢੀਂਡਸਾ ਨੇ ਕਿਹਾ ਕਿ ਆਪਣੇ ਇਤਿਹਾਸ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਵਾਸਤੇ ਅਜਿਹੇ ਸੈਮੀਨਾਰ ਉਪਯੋਗੀ ਸਾਬਿਤ ਹੁੰਦੇ ਹਨ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਵਾਗਤੀ ਭਾਸ਼ਣ ਦੌਰਾਨ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਅਦਾਰੇ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਕਾਰਜਸ਼ੀਲਤਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ। ਜੀ.ਕੇ. ਨੇ ਇਤਿਹਾਸ ਨੂੰ ਸੰਭਾਲਣ ਵਾਸਤੇ ਗੁਰਦੁਆਰਾ ਕਮੇਟੀਆਂ ਨੂੰ ਜੰਗੀ ਪੱਧਰ ‘ਤੇ ਕਾਰਜ ਕਰਨ ਦੀ ਅਪੀਲ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਅਰਧ ਸ਼ਤਾਬਦੀ ਨੂੰ ਮਨਾਉਣ ਵਾਸਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਦੇ ਖਰੜੇ ਦੀ ਵੀ ਜਾਣਕਾਰੀ ਦਿੱਤੀ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਤ ਸਿਪਾਹੀ ਦੀ ਭੂਮਿਕਾ ਨੂੰ ਪ੍ਰੇਰਣਾ ਸਰੋਤ ਦੱਸਦੇ ਹੋਏ ਸਿੱਖ ਪਰੰਪਰਾਂ ਵਿਚ ਸ਼ਹਾਦਤ ਦੇ ਸੰਕਲਪ ਬਾਰੇ ਦੱਸਿਆ। ਪੰਜਾਬ ਸਰਕਾਰ ਵੱਲੋਂ ਡਾ. ਸਰਬਜਿੰਦਰ ਸਿੰਘ ਨੇ ਸੈਮੀਨਾਰ ਦੇ ਵੇਰਵੇ ਦੀ ਜਾਣਾਕਰੀ ਦਿੱਤੀ।

ਰਾਜ ਸਭਾ ਮੈਂਬਰ ਤਰਲੋਚਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.

ਰਾਜ ਸਭਾ ਮੈਂਬਰ ਤਰਲੋਚਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.

ਡਾ. ਰਤਨ ਸਿੰਘ ਜੱਗੀ ਨੇ ਕੁੰਜੀਵਤ ਭਾਸ਼ਣ ਦੌਰਾਨ ਗੁਰੂ ਸਾਹਿਬ ਬਾਰੇ ਵਿਚਾਰ ਰੱਖੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਗੁਰੂ ਸਾਹਿਬ ਵੱਲੋਂ ਦਲਿਤ ਵਰਗ ਨੂੰ ਬਰਾਬਰੀ ਦਾ ਹੱਕ ਦੇਣ ਦੀ ਦਿਸ਼ਾ ਵਿਚ ਕੀਤੇ ਗਏ ਕਾਰਜਾਂ ‘ਤੇ ਰੌਸ਼ਨੀ ਪਾਈ। ਦਿੱਲੀ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ਆਪਣੇ ਵਿਚਾਰਾਂ ਨੂੰ ਸਟੇਜ ਸੰਭਾਲਣ ਦੌਰਾਨ ਸਮੇਂ-ਸਮੇਂ ਤੇ ਬਿਆਨ ਕੀਤਾ। ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਵਿੱਦਵਾਨਾਂ ਦਾ ਧੰਨਵਾਦ ਕੀਤਾ।

ਉਦਘਾਟਨ ਸੈਂਸਨ ਤੋਂ ਬਾਅਦ ਅਕਾਦਮਿਕ ਸੈਸ਼ਨ ਦੇ ਸਿਰਲੇਖ ਹੇਠ ਹੋਏ 5 ਸੈਸ਼ਨਾਂ ਦੌਰਾਨ ਵੱਖ-ਵੱਖ ਵਿੱਦਵਾਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ, ਸੰਕਲਪ ਅਤੇ ਕਾਰਜਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੈਂਬਰ ਤਨਵੰਤ ਸਿੰਘ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਚੰਢੋਕ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਆਨੰਦ ਸਣੇ ਕਈ ਉੱਘਿਆਂ ਪੰਥਕ ਸ਼ਖਸੀਅਤਾਂ ਮੌਜੂਦ ਸਨ। ਦਿੱਲੀ ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਦਾ ਸਨਮਾਨ ਸ਼ਾਲ, ਫੁੱਲਾਂ ਦੇ ਗੁੱਲਦਸਤੇ ਅਤੇ ਸ੍ਰੀ ਸਾਹਿਬ ਦੇ ਕੇ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,