
June 8, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ/ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਸਬੰਧੀ ਕਰਵਾਏ ਗਏ ਸ਼ਹੀਦੀ ਸਮਾਗਮ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਸਹਿਯੋਗ ’ਤੇ ਤਸੱਲੀ ਪ੍ਰਗਟਾਈ ਹੈ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਸਮਾਗਮ ਸਿੱਖ ਵਿਰੋਧੀਆਂ ਨੂੰ ਹਮੇਸ਼ਾਂ ਰੜਕਦਾ ਰਿਹਾ ਹੈ ਅਤੇ ਉਹ ਸ਼ਾਂਤਮਈ ਸ਼ਹੀਦੀ ਸਮਾਗਮ ਵਿੱਚ ਅੜਿੱਕਾ ਲਾਉਣ ਦਾ ਯਤਨ ਕਰਦੇ ਹਨ।
ਭਾਰਤੀ ਫੌਜ ਵਲੋਂ ਜੂਨ 84 ‘ਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਯਾਦ ‘ਚ ਹੋਏ ਸਮਾਗਮ ਦਾ ਦ੍ਰਿਸ਼
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਦੌਰਾਨ ਗਿਆਨੀ ਗੁਰਬਚਨ ਸਿੰਘ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ ਸੀ। ਗਿਆਨੀ ਗੁਰਬਚਨ ਸਿੰਘ ਅਤੇ ਹੋਰਨਾਂ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਤੋਂ ਹੀ ਸਿੱਖ ਸੰਗਤ ਦੇ ਵੱਡੇ ਹਿੱਸੇ ਵੱਲੋਂ ਜਥੇਦਾਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼ਹੀਦੀ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰ ਕੇ ਇਸ ਸਮਾਗਮ ਵਿੱਚ ਸੁਹਿਰਦਤਾ, ਗੰਭੀਰਤਾ ਅਤੇ ਕੌਮੀ ਇੱਕਜੁਟਤਾ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਸਮੁੱਚੀਆਂ ਜਥੇਬੰਦੀਆਂ ਨੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾਂ ਕੌਮੀ ਕਾਰਜਾਂ ਲਈ ਇੱਕਜੁਟ ਹਨ ਅਤੇ ਸਿੱਖ ਵਿਰੋਧੀ ਤਾਕਤਾਂ ਦੀਆਂ ਸਿੱਖਾਂ ਵਿੱਚ ਪਾੜ ਪਾਉਣ ਦੀਆਂ ਸਾਜ਼ਿਸ਼ਾਂ ਨੂੰ ਕਦੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨਾਂ ਵੱਲੋਂ ਦਰਬਾਰ ਸਾਹਿਬ ਸਮੂਹ ਵਿੱਚ ਨਾਅਰੇਬਾਜ਼ੀ ਕੀਤੀ ਗਈ, ਜਿਹੜੀ ਮੰਦਭਾਗੀ ਸੀ।
ਸਿੱਖ ਸੰਗਤ ਨੇ ਗਿਆਨੀ ਗੁਰਬਚਨ ਸਿੰਘ ਵਲੋਂ ਸੰਦੇਸ਼ ਪੜ੍ਹੇ ਜਾਣ ਦਾ ਸਖਤ ਵਿਰੋਧ ਕੀਤਾ
ਪਟਿਆਲਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਨੇ ਘੱਲੂਘਾਰਾ ਅਰਦਾਸ ਸਮਾਗਮ ਸ਼ਾਂਤੀਪੂਰਨ ਨੇਪਰੇ ਚੜ੍ਹਨ ’ਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿੱਚ ਵੰਡ ਪਾਉਣ ਵਾਲੇ ਪੰਥ ਵਿਰੋਧੀ ਫੇਲ੍ਹ ਹੋਏ ਹਨਙ ਸਿੱਖ ਭਾਈਚਾਰੇ ਵੱਲੋਂ ਇੱਕ ਮੰਚ ’ਤੇ ਇਕੱਠਾ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਭਵਿੱਖ ਵਿੱਚ ਵੀ ਸਮੁੱਚਾ ਸਿੱਖ ਜਗਤ ਇਕ ਮੰਚ ‘ਤੇ ਇਕੱਠਾ ਹੋ ਸਕਦਾ ਹੈ।
ਸਬੰਧਤ ਖ਼ਬਰ:
ਭਾਰਤੀ ਫੌਜ ਵਲੋਂ ਜੂਨ 84 ‘ਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਯਾਦ ‘ਚ ਹੋਏ ਸਮਾਗਮ ਦੀ ਮੁਕੰਮਲ ਰਿਪੋਰਟ …
Related Topics: 6 June remembrance, Prof. Kirpal Singh Badunger, Shiromani Gurdwara Parbandhak Committee (SGPC)