ਬਹਾਦਰਗੜ੍ਹ, ਪਟਿਆਲਾ ਵਿਖੇ ਨੌਵੀਂ ਪਾਤਸ਼ਾਹੀ ਦੇ ਇਤਿਹਾਸਕ ਗੁਰਦੁਆਰੇ ਦਾ ਮੁੱਖ ਰਸਤਾ (ਪੁਰਾਣਾ ਫੋਟੋ)

ਸਿਆਸੀ ਖਬਰਾਂ

ਸ਼੍ਰੋਮਣੀ ਕਮੇਟੀ ਨੇ ਗੁ: ਬਹਾਦਰਗੜ੍ਹ ਸਾਹਮਣੇ ਬਣ ਰਹੇ ਪੁਲ ਲਈ ਗਡਕਰੀ ਨੂੰ ਲਿਖਿਆ ਪੱਤਰ

By ਸਿੱਖ ਸਿਆਸਤ ਬਿਊਰੋ

November 20, 2016

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਜੈ ਰਾਮ ਗਡਕਰੀ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਪਟਿਆਲਾ ਨੂੰ ਸਹੀ ਰਸਤਾ ਦਿੱਤੇ ਜਾਣ ਸਬੰਧੀ ਪੱਤਰ ਭੇਜਿਆ ਹੈ। ਪੱਤਰ ਵਿੱਚ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਸੜਕ ’ਤੇ ਬਣ ਰਹੇ ਪੁਲ (ਫਲਾਈਓਵਰ) ਕਰਕੇ ਗੁਰਦੁਆਰੇ ਨੂੰ ਜਾਂਦਾ ਰਸਤਾ ਬੰਦ ਹੋ ਸਕਦਾ ਹੈ। ਅਜਿਹੇ ਵਿੱਚ ਕੇਂਦਰ ਸਰਕਾਰ ਦਾ ਟਰਾਂਸਪੋਰਟ ਮਹਿਕਮਾ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਦੁਆਰੇ ਨਾਲ ਲੱਗਦੀ ਸੜਕ ਨੂੰ ਪ੍ਰਭਾਵਿਤ ਹੋਣ ਤੋਂ ਬਚਾਅ ਕਰੇ। ਪ੍ਰੋ. ਬਡੂੰਗਰ ਨੇ ਪੱਤਰ ਵਿੱਚ ਗਡਕਰੀ ਦਾ ਧਿਆਨ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ ਵੱਲ ਦਿਵਾਇਆ ਹੈ। ਇਹ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ 1925 ਅਧੀਨ ਸ਼ੈਡਿਊਲ 1 (ਫਸਟ) ਸੀਰੀਅਲ ਨੰਬਰ 243 ਅਧੀਨ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵੱਲੋਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਜ ਅਧੀਨ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਬਹਾਦਰਗੜ੍ਹ ਟਾਊਨ, ਜੋ ਕਿ ਰਾਜਪੁਰਾ ਤੋਂ ਪਟਿਆਲਾ ਦੀ ਮੁੱਖ ਸੜਕ ‘ਤੇ ਸਥਿਤ ਹੈ, ਵਿਖੇ ਪੁਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਬਣਨ ਨਾਲ ਜੋ ਸੜਕ ਗੁਰਦੁਆਰੇ ਨਾਲ ਜੁੜਦੀ ਹੈ, ਉਹ ਬੰਦ ਹੋ ਜਾਵੇਗੀ। ਇਸ ਕਾਰਨ ਇਸ ਸਥਾਨ ’ਤੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਗਡਕਰੀ ਨੂੰ ਅਪੀਲ ਕੀਤੀ ਕਿ ਸੰਗਤ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਪਟਿਆਲਾ ਨੂੰ ਜਾਣ ਵਾਲੇ ਰਸਤੇ ਨੂੰ ਸੁਖਾਲਾ ਬਣਾਇਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: