ਸ਼ਹੀਦੀ ਪਰਵਾਨਿਆਂ ਦੀ ਲਸਾਨੀ ਜੋੜੀ ...

ਲੇਖ

ਸ਼ਹੀਦ ਕੀ ਜੋ ਮੌਤ ਹੈ… (9 ਅਕਤੂਬਰ ਦੇ ਸ਼ਹੀਦੀ ਦਿਹਾੜੇ ਮੌਕੇ ਖਾਸ ਤੌਰ ‘ਤੇ)

By ਐਡਵੋਕੇਟ ਜਸਪਾਲ ਸਿੰਘ ਮੰਝਪੁਰ

October 09, 2023

– ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਦੇਸ਼ ਦਿੱਤਾ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਬਾਰੇ ਅਜੇ ਤੱਕ ਏਨਾ ਕੁਝ ਨਹੀਂ ਲਿਖਿਆ ਗਿਆ ਜਿੰਨਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਉਹਨਾਂ ਬਾਰੇ ਦੱਸਣ ਦੀ ਜਰੂਰਤ ਹੈ।ਮੈਂ ਸਿੱਖ ਵਕੀਲ ਹੋਣ ਦੇ ਨਾਤੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਪੜ੍ਹਿਆ ਜਿਸ ਵਿਚ ਭਾਈ ਜਿੰਦਾ-ਸੁੱਖਾ ਨੂੰ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਅਤੇ ਉਸ ਵਿਚੋਂ ਜਿੱਥੇ ਉਹਨਾਂ ਸੂਰਬੀਰਾਂ ਦੀ ਸੂਰਬੀਰਤਾ ਝਲਕੀ ਉੱਥੇ ਹਿੰਦੋਸਤਾਨੀ ਸਰਕਾਰ ਦੀ ਕਾਇਰਤਾ ਵੀ ਸਪੱਸ਼ਟ ਨਜ਼ਰ ਆਈ ਕਿ ਯੋਧਿਆਂ ਨੂੰ ਹਰ ਹੀਲੇ ਕਿਵੇ ਫਾਂਸੀ ਲਾਇਆ ਜਾਵੇ ਤੇ ਜਦੋਂ ਸੂਰਮਿਆਂ ਨੇ ਜਨਰਲ ਵੈਦਿਆ ਨੂੰ ਮਾਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ ਤਾਂ ਹਿੰਦੋਸਤਾਨੀ ਸਰਕਾਰ ਦੀਆਂ ਵਾਛਾਂ ਖਿੜ੍ਹ ਗਈਆਂ ਪਰ ਨਾਲ ਹੀ ਨਿਰਾਸ਼ਾ ਹੋਈ ਇਹਨਾਂ ਦੋਹਾਂ ਤੋਂ ਇਲਾਵਾ ਹੋਰ ਦੋਸ਼ੀ ਠਹਿਰਾਏ ਸੱਤਾਂ ਵਿਚੋਂ ਕਿਸੇ ਦੇ ਖਿਲਾਫ਼ ਏਨਾ ਵੀ ਵਿਸਵਾਸ਼ ਕਰਨਯੋਗ ਸਬੂਤ ਨਹੀਂ ਸੀ ਕਿ ਉਹਨਾਂ ਵਿਚੋਂ ਕਿਸੇ ਨੂੰ ਕੋਈ ਵੀ ਸਜ਼ਾ ਦਿੱਤੀ ਜਾ ਸਕੇ।

ਇਸ ਕੇਸ ਵਿਚ ਕੁਲ ਨੌ ਜਣਿਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ : 1. ਭਾਈ ਸੁਖਦੇਵ ਸਿੰਘ ਸੁੱਖਾ, 2.ਭਾਈ ਨਿਰਮਲ ਸਿੰਘ ਨਿੰਮਾ, 3.ਭਾਈ ਯਾਦਵਿੰਦਰ ਸਿੰਘ ਪੀਰਜ਼ਾਦਾ, 4.ਭਾਈ ਅਵਤਾਰ ਸਿੰਘ ਦੁਰਗ, 5.ਭਾਈ ਹਰਜਿੰਦਰ ਸਿੰਘ ਜਿੰਦਾ, 6.ਭਾਈ ਸੁਖਮਿੰਦਰ ਸਿੰਘ ਸੁੱਖੀ, 7.ਭਾਈ ਦਲਜੀਤ ਸਿੰਘ ਬਿੱਟੂ – ਸੰਜੀਵ ਗੁਪਤਾ, 8.ਬੀਬੀ ਜਸਵਿੰਦਰ ਕੌਰ, 9.ਭਾਈ ਬਲਜਿੰਦਰ ਸਿੰਘ ਰਾਜੂ।ਪਹਿਲੇ ਪੰਜਾਂ ‘ਤੇ ਕੇਸ ਇਕੱਠੇ ਚੱਲਿਆ ਅਤੇ ਭਾਈ ਜਿੰਦਾ-ਸੁੱਖਾ ਨੂੰ ਫਾਂਸੀ ਹੋਈ ਤੇ ਬਾਕੀ ਤਿੰਨ ਬਰੀ ਹੋਏ। ਬਾਦ ਵਿਚ ਭਾਈ ਬਿੱਟੂ ਤੇ ਭਾਈ ਸੁੱਖੀ (ਭਾਈ ਸੁੱਖੀ ਨੂੰ ਅਮਰੀਕਾ ਸਰਕਾਰ ਵਲੋਂ ਹੀ ਭਾਰਤ ਸਰਕਾਰ ਨੂੰ ਸੌਂਪਣ ਤੋਂ ਪਹਿਲਾਂ ਇਸ ਕੇਸ ‘ਚੋ ਬਰੀ ਕਰ ਦਿੱਤਾ ਗਿਆ ਸੀ) ਵੀ ਇਸ ਕੇਸ ‘ਚੋ ਬਰੀ ਹੋਏ, ਭਾਈ ਰਾਜੂ ਸ਼ਹੀਦ ਹੋ ਗਏ ਸਨ ਅਤੇ ਬੀਬੀ ਜਸਵਿੰਦਰ ਕੌਰ ਬਾਹਰ ਚਲੇ ਗਏ ਸਨ।

ਇਸ ਕੇਸ ਦਾ ਫੈਸਲਾ ਪੂਨਾ ਸਪੈਸ਼ਲ ਕੋਰਟ ਨੇ 21 ਅਕਤੂਬਰ, 1987 ਨੂੰ ਦਿੱਤਾ, ਜਿਸ ਅਨੁਸਾਰ ਕੋਰਟ ਨੇ ਭਾਈ ਜਿੰਦਾ-ਸੁੱਖਾ ਨੂੰ 302/34 ੀਫਛ ਅਧੀਨ ਜਨਰਲ ਵੈਦਿਆ ਨੂੰ ਮਾਰਨ ‘ਤੇ ਫਾਂਸੀ ਅਤੇ 307/34 IPC ਅਧੀਨ ਵੈਦਿਆ ਦੀ ਘਰਵਾਲੀ ਭਾਨੂਮਤੀ ਨੂੰ ਮਾਰਨ ਦੇ ਇਰਾਦੇ ਨਾਲ ਹਮਲੇ ਲਈ 10 ਸਾਲ ਦੀ ਸਜ਼ਾ ਦਿੱਤੀ ਗਈ।ਬਾਕੀ ਸਾਰਿਆਂ ਨੂੰ ਬਾ-ਇਜ਼ਤ ਬਰੀ ਕੀਤਾ ਗਿਆ ਅਤੇ ਭਾਈ ਜਿੰਦਾ-ਸੁੱਖਾ ਨੂੰ ਵੀ ੀਫਛ ਦੀਆਂ ਧਾਰਾਵਾਂ 120-ਭ ਫੌਜਦਾਰੀ ਸਾਜ਼ਿਸ਼, 465, 468, 471 ਜਾਅਲਸਾਜ਼ੀ, 212 ਪਨਾਹਗਿਰੀ ‘ਚੋ , ਟਾਡਾ ਦੀ ਧਾਰਾ 3 ਦਹਿਸ਼ਤ ਫੈਲਾਉਂਣ, 4 ਦਹਿਸ਼ਤੀ ਸਾਜ਼ਿਸ਼ ਰਚਣ ‘ਚੋ , ਪਾਸਪੋਰਟ ਐਕਟ ਦੀ ਧਾਰਾ 10 ‘ਚੋ ਬਰੀ ਕਰ ਦਿੱਤਾ।ਸਰਕਾਰ ਵਲੋਂ ਭਾਈ ਜਿੰਦਾ-ਸੁੱਖਾ ਦੀ ਫਾਂਸੀ ‘ਤੇ ਸੁਪਰੀਮ ਕੋਰਟ ਦੀ ਸਹੀ ਪਵਾਉਂਣ ਲਈ ਅਤੇ ਬਰੀ ਕੀਤੇ ਬਾਕੀਆਂ ਨੂੰ ਸਜ਼ਾ ਦਿਵਾਉਂਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਗਈ ਜਿਸ ‘ਤੇ ਸੁਪਰੀਮ ਕੋਰਟ ਨੇ 15 ਜੁਲਾਈ 1992 ਨੂੰ ਫੈਸਲਾ ਦਿੰਦਿਆਂ ਪੂਨਾ ਸਪੈਸ਼ਲ ਕੋਰਟ ਦੇ ਫੈਸਲੇ ਉੱਤੇ ਹੀ ਸਹੀ ਪਾਈ।ਸੁਪਰੀਮ ਕੋਰਟ ਦਾ ਫੈਸਲਾ ਏ.ਐੱਮ. ਅਹਿਮਦੀ ਤੇ ਕੇ. ਰਾਮਾਸਵਾਮੀ ਜੱਜਾਂ ਨੇ ਸੁਣਾਇਆ ਸੀ ਅਤੇ ਸਰਕਾਰੀ ਧਿਰ ਵਲੋਂ ਅਲਤਾਫ ਅਹਿਮਦ ਐਡੀਸ਼ਨਲ ਸੋਲਿਸਟਰ-ਜਨਰਲ, ਵੀ.ਵੀ. ਵੇਜ਼ ਸੀਨੀਅਰ ਐਡਵੋਕੇਟ,( ਉਹਨਾਂ ਨਾਲ ਐੱਸ.ਬੀ.ਤਕਵਾਨੀ, ਐੱਸ. ਐੱਮ. ਜਾਧਵ, ਏ.ਐੱਸ. ਭਾਸਮੇ ਤੇ ਏ. ਸੁਬਾਸ਼ਨੀ ਐਡਵੋਕੇਟਸ ਮੁਦੱਈਆਂ ਵਲੋਂ ਪੇਸ਼ ਹੋਏ); ਸਿੰਘਾਂ ਵਲੋਂ ਆਰ.ਐੱਸ. ਸੋਢੀ, ਹਰਸ਼ਦ ਨੀਮਬਾਲਕਰ, ਪੀ.ਜੀ. ਸਾਵਰਕਰ ਤੇ ਆਈ. ਐੱਸ. ਗੋਇਲ ਐਡਵੋਕੇਟਸ ਪੇਸ਼ ਹੋਏ।

ਕੇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ 7 ਸਤੰਬਰ, 1986 ਨੂੰ ਦੋ ਵਿਅਕਤੀ ਲਾਲ ਇੰਡੋ-ਸ਼ਜ਼ੂਕੀ ‘ਤੇ ਪਿੰਪਰੀ ਥਾਣੇ ਅਧੀਨ ਇਕ ਟਰੱਕ ਨਾਲ ਟਕਰਾ ਗਏ ਤੇ ਉਹਨਾਂ ਪਾਸ ਗੋਲੀ-ਸਿੱਕਾ ਦੇਖਿਆ ਗਿਆ ਅਤੇ ਸੂਚਨਾ ਦੇ ਆਧਾਰ ‘ਤੇ ਉਹਨਾਂ ਨੂੰ ਵਿਸ਼ਾਲ ਸਿਨੇਮਾ ਦੇ ਲਾਗਿਓਂ ਗ੍ਰਿਫਤਾਰ ਕਰ ਲਿਆ ਗਿਆ, ਉਹ ਵਿਅਕਤੀ ਸਨ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਨਿਰਮਲ ਸਿੰਘ ਨਿੰਮਾ। ਸਰਕਾਰੀ ਧਿਰ ਨੇ ਕਿਹਾ ਕਿ ਉਹ ਦੋਵੇਂ ਗ੍ਰਿਫਤਾਰੀ ਸਮੇਂ “ ਖ਼ਾਲਿਸਤਾਨ ਜਿੰਦਾਬਾਦ ” ਦੇ ਨਾਅਰੇ ਲਗਾ ਰਹੇ ਸਨ ਤੇ ਮਾਣ ਨਾਲ ਜਨਰਲ ਵੈਦਿਆ ਨੂੰ ਮਾਰਨ ਦਾ ਦਾਅਵਾ ਕਰ ਰਹੇ ਸਨ।ਸਰਕਾਰੀ ਜਾਂਚ ਤੋਂ ਬਾਦ ਬਾਕੀਆਂ ਨੂੰ ਵੀ ਜਨਰਲ ਵੈਦਿਆ ਨੂੰ ਮਾਰਨ ਦੀ ਸਾਜ਼ਿਸ਼ ਵਿਚ ਦਰਸਾ ਕੇ 14 ਅਗਸਤ 1987 ਨੂੰ ਚਾਰਜਸ਼ੀਟ ਕਰ ਦਿੱਤਾ ਗਿਆ।(ਇੱਥੇ ਇਸ ਗੱਲ ਦਾ ਜਿਕਰ ਕਰਨਾ ਰੋਚਕ ਹੋਵੇਗਾ ਕਿ ਭਾਈ ਸੁੱਖਾ ਤੇ ਭਾਈ ਨਿੰਮਾ ਦੀ ਗ੍ਰਿਫਤਾਰੀ ਤੋਂ ਬਾਦ ਜਦ ਪੂਨੇ ਫਲੈਟ ਵਿਚ ਪੁਲਿਸ ਨੇ ਛਾਪਾ ਮਾਰਿਆ ਤਾਂ ਉਸ ਸਮੇਂ ਭਾਈ ਮਥਰਾ ਸਿੰਘ ਜੀ ਫਲੈਟ ਵਿਚ ਪਹੁੰਚ ਗਏ ਅਤੇ ਪੁਲਿਸ ਦਾ ਛਾਪਾ ਵੱਜਿਆ ਦੇਖ ਕੇ ਉਹਨਾਂ ਨੇ ਆਪਣਾ ਪੈਂਤੜਾ ਬਦਲਿਆ ਤੇ ਪੁਲਿਸ ਨੂੰ ਹੀ ਉਸੇ ਕਲੋਨੀ ਵਿਚਲੇ ਕਿਸੇ ਹੋਰ ਨੰਬਰ ਦੇ ਫਲੈਟ ਬਾਰੇ ਪੁੱਛ ਕੇ ਚਲੇ ਗਏ ਤੇ ਮੂਰਖ ਪੁਲਿਸ ਵਾਲਿਆਂ ਨੂੰ ਉਹਨਾਂ ‘ਤੇ ਭੋਰਾ-ਭਰ ਵੀ ਸ਼ੱਕ ਨਾ ਹੋਇਆ)

ਇਸ ਤੋਂ ਅੱਗੇ ਸਾਜ਼ਿਸ਼ ਇਸ ਤਰ੍ਹਾਂ ਦਰਸਾਈ ਗਈ ਕਿ ਭਾਈ ਸੁੱਖੀ ਨੇ ਅਕਤੂਬਰ-ਨਵੰਬਰ 1985 ‘ਚ 7, ਐੱਨਟਾਪ ਹਿੱਲ, ਬੰਬੇ ਕੁਝ ਸਮੇਂ ਲਈ ਇਕ ਫਲੈਟ ਕਿਰਾਏ ‘ਤੇ ਲਿਆ ਉਸ ਤੋਂ ਬਾਦ ਉਹ ਪੂਨੇ ਡਰੀਮਲਂੈਡ ਹੋਟਲ ਵਿਚ ਰਕੇਸ਼ ਸ਼ਰਮਾ ਦੇ ਨਾਂ ‘ਤੇ ਰਹਿਣ ਲੱਗਾ, 26 ਜਨਵਰੀ 1986 ਨੂੰ ਉਹ ਇਕ ਹੋਰ ਵਿਅਕਤੀ ਨਾਲ ਰਵਿੰਦਰ ਸ਼ਰਮਾ ਵਾਸੀ 307, ਓਮ ਅਪਾਰਟਮੈਂਟ, ਬੰਬੇ ਦੇ ਨਾਮ ‘ਤੇ ਹੋਟਲ ਗੁਲਮੋਹਰ ਵਿਚ ਚਲਾ ਗਿਆ ਤੇ ਪੂਨੇ ਸ਼ਹਿਰ ਵਿਚ ਬਿਜ਼ਨਸ ਦੇ ਸਬੰਧ ਵਿਚ ਵਿਚਰਨ ਲੱਗਾ।ਪੂਨੇ ਰਹਿੰਦਿਆਂ ਹੀ ਉਸਨੇ 15000/- ਨਗਦ ਤੇ 1500/- ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਅਗੇਤਾ ਕਿਰਾਇਆ 4500/- ਦੇ ਕੇ ਘ-21, ਸੋਲੰਕੀ ਵਿਹਾਰ, ਮੇਜਰ ਏ.ਕੇ ਮਦਾਨ ਦਾ ਫਲੈਟ ਕਿਰਾਏ ‘ਤੇ ਲਿਆ।ਸਰਕਾਰੀ ਧਿਰ ਨੇ ਇਸ ਮਕਾਨ ਨੂੰ ਦਰਸਾ ਕੇ ਸਾਜ਼ਿਸ਼ ਹੋਣ ਦਾ ਮੁੱਢ ਬੰਨਿਆ।

ਸਰਕਾਰੀ ਧਿਰ ਨੇ ਅੱਗੇ ਕਿਹਾ ਕਿ 3 ਮਈ 1986 ਨੂੰ 7, ਐੱਨਟਾਪ ਹਿੱਲ, ਬੰਬੇ ਵਿਚ ਛਾਪਾ ਮਾਰਿਆ ਗਿਆ ਜਿੱਥੋਂ ਅਸਲੇ ਤੇ ਗੋਲੀ-ਸਿੱਕੇ ਤੋਂ ਇਲਾਵਾ ਅੰਗਰੇਜ਼ੀ ਦਾ ਇਕ ਨਾਵਲ “ਟ੍ਰਿਪੱਲ” ਮਿਲਿਆ ਜਿਸ ਦੇ ਕਵਰ ਪੇਜ਼ ‘ਤੇ ਕਿਸੇ ਨੇ ਜਨਰਲ ਵੈਦਿਆ ਦੀ ਮਾਰੂਤੀ ਕਾਰ ਦਾ ਨੰਬਰ ਧੀਭ 1437 ਲਿਖਿਆ ਸੀ। (ਭਰੋਸੇਯੋਗ ਸੂਤਰਾਂ ਤੋਂ ਦਾਸ ਨੂੰ ਪਤਾ ਲੱਗਿਆ ਕਿ ਉਸ ਸਮੇਂ ਇਸ ਨੰਬਰ ਦੀ ਖ਼ੁਫੀਆ ਏਜੰਸੀਆਂ ਨੇ ਜਾਂਚ ਕੀਤੀ ਸੀ ਕਿ ਇਹ ਨੰਬਰ ਕਿਸ ਦੀ ਗੱਡੀ ਦਾ ਹੈ ? ਪਰ ਜਦੋਂ ਮਾਰੂਤੀ ਕਾਰ ਨੰਬਰ ਧੀਭ 1437 ਕਿਸੇ ਔਰਤ ਭਾਨੂੰਮਤੀ (ਜਨਰਲ ਵੈਦਿਆ ਦੀ ਘਰਵਾਲੀ) ਦੇ ਨਾਮ ਦੇਖੀ ਗਈ ਤਾਂ ਇਸ ਚੀਜ਼ ਨੂੰ ਅਣਗੌਲਿਆਂ ਕਰ ਦਿੱਤਾ ਗਿਆ।ਜਨਰਲ ਵੈਦਿਆ ਦੀ ਮੌਤ ਤੋਂ ਬਾਦ ਜਾ ਕੇ ਏਜੰਸੀਆਂ ਨੂੰ ਆਪਣੀ ਮੂਰਖਤਾ ਦਾ ਅਹਿਸਾਸ ਹੋਇਆ )। 8 ਮਈ 1986 ਨੂੰ ਇਕ ਇੰਡੋ-ਸਜ਼ੂਕੀ ਮੋਟਰ-ਸਾਈਕਲ ਨੰਬਰ ੰਢਖ 7548 ਸੰਜੀਵ ਗੁਪਤਾ ਦੇ ਨਾਮ ‘ਤੇ ਇਸ ਦੇ ਮਾਲਕ ਸੁਰੇਸ਼ ਸ਼ਾਹ ਤੋਂ ਆਰ.ਵੀ ਅੰਤਾਪੁਰਕਰ ਸੇਲਸਮੈਨ ਰਾਹੀਂ ਖਰੀਦਿਆ ਗਿਆ। ਭਾਈ ਸੁੱਖਾ ਨੂੰ 9 ਜੂਨ 1986 ਨੂੰ ਪੂਨੇ ਹੋਟਲ ਆਸ਼ੀਰਵਾਦ , 11 ਜੂਨ ਨੂੰ ਹੋਟਲ ਅਮੀਰ ਦੇ ਕਮਰਾ ਨੰ: 517, 12 ਜੂਨ ਨੂੰ ਹੋਟਲ ਜਵਾਹਰ ਦੇ ਕਮਰਾ ਨੰ: 206 ਅਤੇ 13 ਜੂਨ ਨੂੰ ਹੋਟਲ ਮਿਊਰ ਦੇ ਕਮਰਾ ਨੰ: 702 ਵਿਚ ਰਿਹਾ ਦਰਸਾਇਆ ਗਿਆ। 13 ਜੂਨ ਨੂੰ ਹੀ ਭਾਈ ਸੁੱਖਾ ਨੂੰ ਬੰਬੇ ਦੇ ਹੋਟਲ ਕਮਾਂਡੋ ਦੇ ਕਮਰਾ ਨੰ: 402 ਵਿਚ ਦਰਸਾਇਆ ਗਿਆ, ਇਸੇ ਹੀ ਦਿਨ ਯੂਨੀਅਨ ਬੈਂਕ ਵਿਚ ਡਾਕਾ ਵੱਜਿਆ ਸੀ। 1 ਜੁਲਾਈ ਨੂੰ ਮੋਟਰ-ਸਾਈਕਲ ਨੂੰ ਸਰਵਿਸ ਲਈ ਭੇਜਿਆ ਗਿਆ ਸੀ। 14 ਜੁਲਾਈ 1986 ਨੂੰ ਭਾਈ ਸੁੱਖੀ ਨੂੰ ਜਾਅਲੀ ਪਾਸਪੋਰਟ ਰਾਹੀਂ ਅਮਰੀਕਾ ਜਾਣ ਬਾਰੇ ਦੱਸਿਆ ਜਿੱਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤਰ੍ਹਾਂ ਦਰਸਾਇਆ ਗਿਆ ਕਿ ਇਹ ਲੋਕ ਵੱਖ-ਵੱਖ ਨਾਵਾਂ ‘ਤੇ ਵੱਖ-ਵੱਖ ਹੋਟਲਾਂ ‘ਚ ਰਹਿ ਕੇ ਜਨਰਲ ਵੈਦਿਆ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ।

ਇਸ ਤੋਂ ਅੱਗੇ ਸਰਕਾਰੀ ਧਿਰ ਅਨੁਸਾਰ ਜਨਰਲ ਵੈਦਿਆ ਨੂੰ ਮਾਰਨ ਦੀ ਸਾਜ਼ਿਸ਼ ਤਹਿਤ ਭਾਈ ਸੁੱਖਾ, ਭਾਈ ਨਿੰਮਾ ਤੇ ਭਾਈ ਜਿੰਦਾ 3 ਅਗਸਤ 1986 ਨੂੰ ਅੰਬਾਲਾ ਕੈਂਟ ਤੋਂ ਦੁਰਗ ਲਈ 138 ਯੂਪੀ-ਛਤੀਸਗੜ੍ਹ ਰਾਹੀਂ ਗਏ ਜਿਸ ਦੇ ਰਿਜ਼ਰਵੇਸ਼ਨ ਫਾਰਮ ਭਾਈ ਸੁੱਖਾ ਨੇ ਕਿਸੇ ਅਖੌਤੀ ਨਾਮ ‘ਤੇ 29 ਜੁਲਾਈ 1986 ਨੂੰ ਭਰੇ।ਉਹ 5 ਅਗਸਤ 1986 ਨੂੰ ਦੁਰਗ ਪੁੱਜੇ ਤੇ ਅਗਲੇ ਦਿਨ ਗੀਤਾਂਜ਼ਲੀ ਐਕਸਪ੍ਰੈਸ ਰਾਹੀਂ ਬੰਬੇ ਪੁੱਜੇ ਤੇ ਉੱਥੋਂ ਪੂਨੇ ਜਿੱਥੇ 9 ਅਗਸਤ 1986 ਨੂੰ ਭਾਈ ਸੁੱਖਾ-ਜਿੰਦਾ ਨੇ ਜਨਰਲ ਵੈਦਿਆ ਦੇ ਗੁਆਂਢੀ ਘਰ ਤੋਂ ਉਸ ਬਾਰੇ ਪੁੱਛ-ਗਿੱਛ ਕੀਤੀ।10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਮਾਰਨ ਤੋਂ ਬਾਦ ਭਾਈ ਸੁੱਖਾ ਸ਼ਾਮ 7:30 ਵਜੇ ਬੰਬੇ ਪਰਤ ਆਏ ਤੇ ਹੋਟਲ ਨੀਲਕੰਠ, ਖਾਰ ਵਿਚ ਪ੍ਰਦੀਪ ਕੁਮਾਰ ਦੇ ਨਾਮ ‘ਤੇ ਰਹੇ। 6 ਸਤੰਬਰ 1986 ਨੂੰ ਭਾਈ ਸੁੱਖਾ ਤੇ ਭਾਈ ਨਿੰਮਾ ਹੋਟਲ ਡਾਲਮੰਡ,ਬਾਂਦਰਾ, ਬੰਬੇ ਵਿਚ ਰਵੀ ਗੁਪਤਾ ਤੇ ਸੰਦੀਪ ਦੇ ਨਾਮ ‘ਤੇ ਰਹੇ ਅਤੇ 7 ਸਤੰਬਰ ਨੂੰ ਭਾਈ ਸੁੱਖਾ ਤੇ ਭਾਈ ਨਿੰਮਾ ਨੂੰ ਐਕਸੀਡੈਂਟ ਤੋਂ ਬਾਦ ਫੜ੍ਹ ਲਿਆ ਗਿਆ। ਇਸ ਤਰ੍ਹਾਂ ਸ਼ਰਕਾਰੀ ਧਿਰ ਨੇ ਜਨਰਲ ਵੈਦਿਆ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਆਪਣਾ ਕੇਸ ਤਿਆਰ ਕੀਤਾ ਅਤੇ ਇਸ ਸਭ ਕੁਝ ਸਾਬਤ ਕਰਨ ਲਈ ਵੱਡੀ ਗਿਣਤੀ ਵਿਚ ਦਸਤਾਵੇਜ਼ ਤੇ ਗਵਾਹ ਪੇਸ਼ ਕੀਤੇ ਗਏ।

ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ, “ਜਨਰਲ ਵੈਦਿਆ ਨੇ ਇੰਦਰਾਂ ਗਾਂਧੀ ਦੇ ਹੁਕਮਾਂ ‘ਤੇ ਗੋਲਡਨ ਟੈਂਪਲ ਅੰਮ੍ਰਿਤਸਰ ਵਿਚ ਆਸਰਾ ਲੈ ਕੇ ਬੈਠੇ ਖਾੜਕੂਆਂ ਦੀ ਸਫਾਈ ਦਾ ਔਖਾ ਕੰਮ ਪੂਰਾ ਕੀਤਾ।ਬਲਿਊ ਸਟਾਰ ਅਪ੍ਰੇਸ਼ਨ ਦੇ ਨਾਮ ਨਾਲ ਜਾਣੇ ਜਾਂਦੇ ਇਸ ਅਪ੍ਰੇਸ਼ਨ ਵਿਚ ਕੁਝ ਖਾੜਕੂ ਮਾਰੇ ਗਏ ਅਤੇ ਗੋਲਡਨ ਟੈਂਪਲ ਦਾ ਇਕ ਹਿੱਸਾ ਜੋ ਕਿ ਹਰਮੰਦਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਤਬਾਹ ਹੋ ਗਿਆ (ਇਥੇ ਜੱਜਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਹਰਮੰਦਰ ਸਾਹਿਬ ਕਹਿ ਕੇ ਆਪਣੀ ਅਗਿਆਨਤਾ ਦਾ ਵੱਡਾ ਸਬੂਤ ਦਿੱਤਾ) ਇਸ ਲਈ ਖਾੜਕੂ ਆਪਣੇ ਸਾਥੀਆਂ ਦੀ ਮੌਤ ਅਤੇ ਗੋਲਡਨ ਟੈਂਪਲ ਨੂੰ ਤਬਾਹ ਕਰਨ ਦੇ ਜਿੰਮੇਵਾਰਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ । ਇੰਦਰਾਂ ਗਾਂਧੀ ਨੂੰ 31 ਅਕਤੂਬਰ 1984 ਵਿਚ ਮਾਰਨ ਤੋਂ ਬਾਦ ਜਿਵੇ ਕਿ ਸਰਕਾਰੀ ਪੱਖ ਨੇ ਕਿਹਾ ਕਿ ਉਹ 31 ਜਨਵਰੀ 1986 ਨੂੰ ਉਡੀਕਣ ਲੱਗੇ ਕਿ ਜਨਰਲ ਵੈਦਿਆ ਦੀ ਰਿਟਾਇਰਮੈਂਟ ਤੋਂ ਬਾਦ ਉਸਦੀ ਸਕਿਓਰਟੀ ਘਟਣ ਤੋਂ ਬਾਦ ਉਸਨੂੰ ਮਾਰਨਾ ਸੌਖਾ ਹੋ ਜਾਵੇਗਾ। ਰਿਟਾਇਰਮੈਂਟ ਤੋਂ ਬਾਦ ਜਨਰਲ ਵੈਦਿਆ ਨੇ ਮਹਾਂਰਾਸ਼ਟਰ ਪ੍ਰਾਂਤ ਦੇ ਪੂਨੇ ਸਹਿਰ ਵਿਚ ਰਹਿਣ ਦਾ ਫੈਸਲਾ ਕੀਤਾ।31 ਜਨਵਰੀ 1986 ਨੂੰ ਰਿਟਾਇਰਮੈਂਟ ਤੋਂ ਬਾਦ ਜਨਰਲ ਵੈਦਿਆ ਤੇ ਉਸਦੀ ਪਤਨੀ ਭਾਨੂੰਮਤੀ ਦਿੱਲੀ ਤੋਂ ਪੂਨੇ ਚਲੇ ਗਏ।ਕਿਉਂਕਿ ਉਸਦਾ ਬੰਗਲਾ ਬਣ ਰਿਹਾ ਸੀ ਇਸ ਲਈ ਉਸਨੇ ਬੰਗਲਾ ਨੰ: 20, ਕੁਈਨਜ਼ ਗਾਰਡਨ ਵਿਚ ਮੇਜਰ-ਜਨਰਲ ਵਾਈ. ਕੇ. ਯਾਦਵ ਦੇ ਬੰਗਲੇ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਵੈਦਿਆ ਦੀ ਮਾਰੂਤੀ ਕਾਰ ਨੰਬਰੀ ਧੀਭ 1437 ਵੀ ਅਗਲੇ ਦਿਨ 1 ਫਰਵਰੀ ਨੂੰ ਦਿੱਲੀ ਤੋਂ ਪੂਨਾ ਪਹੁੰਚ ਗਈ।4 ਤੋਂ 16 ਫਰਵਰੀ 1986 ਤੱਕ ਵੈਦਿਆ ਆਪਣੀ ਪਤਨੀ ਨਾਲ ਗੋਆ ਛੁੱਟੀ ਕੱਟਣ ਗਿਆ। 24 ਮਾਰਚ ਤੋਂ 7 ਅਪ੍ਰੈਲ 1986 ਤੱਕ ਵੈਦਿਆ ਜੌਂਡਿਸ ਦੀ ਬੀਮਾਰੀ ਦੇ ਸ਼ੱਕ ਵਜੋਂ ਹਸਪਤਾਲ ‘ਚ ਰਿਹਾ।26 ਮਈ 1986 ਨੂੰ ਉਹ ਆਪਣੀ ਪਤਨੀ ਨਾਲ ਬੰਗਲਾ ਨੰ: 47/3, ਕੋਰਗਾਓਂ ਪਾਰਕ ਵਿਚ ਸ਼ਿਫਟ ਹੋ ਗਿਆ।ਇਥੇ ਸ਼ਿਫਟ ਹੋਣ ਤੋਂ ਪਹਿਲਾ ਉਸ ਨਾਲ ਇਕ ਸਬ-ਇੰਸਪੈਕਟਰ ਗਾਰਡ ਦੇ ਤੌਰ ‘ਤੇ ਸੀ ਪਰ ਬਾਦ ਵਿਚ ਨਵੇਂ ਘਰ ਵਿਚ ਉਸ ਕੋਲ ਕੇਵਲ ਇਕ ਹਥਿਆਰਬੰਦ ਹੈੱਡ-ਕਾਂਸਟੇਬਲ ਰਾਮਚੰਦਰ ਕਸ਼ੀਰਸਾਗਰ ਹੀ ਸੀ।

10 ਅਗਸਤ 1986 ਦਿਨ ਐਤਵਾਰ ਦੀ ਸਵੇਰ 10 ਵਜੇ ਜਨਰਲ ਵੈਦਿਆ ਆਪਣੀ ਪਤਨੀ ਤੇ ਗਾਰਡ ਨਾਲ ਮਾਰੂਤੀ ਕਾਰ ਵਿਚ ਬੈਠ ਕੇ ਬਾਜ਼ਾਰ ਗਿਆ। ਕਾਰ ਨੂੰ ਖੁਦ ਜਨਰਲ ਵੈਦਿਆ ਚਲਾ ਰਿਹਾ ਸੀ, ਉਸਦੀ ਨਾਲ ਦੀ ਸੀਟ ‘ਤੇ ਉਸਦੀ ਪਤਨੀ ਅਤੇ ਪਤਨੀ ਦੇ ਪਿੱਛੇ ਗਾਰਡ ਬੈਠਾ ਸੀ।ਤਕਰੀਬਨ 11:30 ਵਜੇ ਬਾਜ਼ਾਰੋਂ ਵਾਪਸੀ ਘਰ ਰਜਿੰਦਰਸਿੰਘਜੀ ਰੋਡ ਰਾਹੀਂ ਜਾਂਦੇ ਸਮੇਂ , ਕਾਰ ਨੇ ਸੱਜੇ ਪਾਸੇ ਉਸ ਚੌਂਕ ਤੋਂ ਮੋੜ ਕੱਟਣਾ ਸੀ ਜੋ ਕਿ 18 ਕੁਈਨਜ਼ ਦੇ ਸਾਹਮਣੇ ਅਤੇ ਰਜਿੰਦਰਸਿੰਘਜੀ ਤੇ ਅਭਿਮੰਨਿਊ ਰੋਡ ਨੂੰ ਕੱਟਦਾ ਸੀ। ਮੋੜ ਕੱਟਣ ਲਈ ਜਿਉਂ ਹੀ ਵੈਦਿਆ ਨੇ ਕਾਰ ਹੌਲੀ ਕੀਤੀ ਤਾਂ ਉਸੇ ਸਮੇਂ ਇਕ ਲਾਲ ਇੰਡੋ-ਸਜੂਕੀ ਮੋਟਰ-ਸਾਈਕਲ ਵੈਦਿਆ ਵਾਲੇ ਪਾਸੇ ਆਇਆ ਤੇ ਪਿਛਲੀ ਸੀਟ ‘ਤੇ ਬੈਠੇ ਵਿਅਕਤੀ ਨੇ ਜਨਰਲ ਵੈਦਿਆ ਦੇ ਸਿਰ ਵਿਚ ਤਿੰਨ ਗੋਲੀਆਂ ਲਾਗੇ ਤੋਂ ਮਾਰੀਆਂ। ਇਸ ਤੋਂ ਪਹਿਲਾਂ ਕਿ ਉਸਦੀ ਪਤਨੀ ਤੇ ਗਾਰਡ ਨੂੰ ਕੁਝ ਸਮਝ ਪੈ ਸਕਦਾ ਕਿ ਕੀ ਵਾਪਰ ਗਿਆ ਹੈ, ਜਨਰਲ ਵੈਦਿਆ ਆਪਣੀ ਪਤਨੀ ਭਾਨੂੰਮਤੀ ਦੇ ਮੋਢੇ ‘ਤੇ ਅਚਾਨਕ ਡਿੱਗ ਪਿਆ।ਮੋਟਰ-ਸਾਈਕਲ ਵਾਲੇ ਹਵਾ ਹੋ ਗਏ ਤੇ ਲੱਭੇ ਨਹੀਂ।ਵੈਦਿਆ ਦੀ ਕਾਰ ਡਾਵਾਂਡੋਲ ਹੋ ਗਈ ਤੇ ਇਕ ਸਾਈਕਲ ‘ਤੇ ਜਾ ਚੜ੍ਹੀ ਤੇ ਸਾਈਕਲ ਵਾਲੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਦ ਗਾਰਡ ਇਕ ਹਰੀ ਮੈਟਾਡੋਰ ਵੈਨ ਵਿਚ ਪਾ ਕੇ ਵੈਦਿਆ ਨੂੰ ਕਮਾਂਡ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮਰਿਆ ਘੋਸ਼ਿਤ ਕਰ ਦਿੱਤਾ ਗਿਆ”।

ਕੇਸ ਦਾ ਚਾਰਜ ਪੰਜਾਂ ਸਿੰਘਾਂ ‘ਤੇ ਲੱਗਾ ਅਤੇ ਚਾਰਜ ਲੱਗਣ ਤੋਂ ਬਾਦ 19 ਸਤੰਬਰ 1988 ਨੂੰ ਭਾਈ ਸੁੱਖਾ ਨੇ ਖੁੱਲੀ ਕੋਰਟ ਸਾਹਮਣੇ ਜ਼ਾਹਰ ਕੀਤਾ ਕਿ ਉਸਨੇ ਜਨਰਲ ਵੈਦਿਆ ਨੂੰ ਮਾਰਿਆ ਹੈ, ਕੋਰਟ ਨੇ ਭਾਈ ਸੁੱਖਾ ਨੂੰ 8 ਦਿਨ ਦਾ ਸਮਾਂ ਦਿੱਤਾ ਕਿ ਇਸ ਤੋਂ ਬਾਦ ਲਿਖਤ ਰੂਪ ਵਿਚ ਪੇਸ਼ ਕਰਨ ਲਈ ਕਿਹਾ।26 ਸਤੰਬਰ, 1988 ਨੂੰ ਭਾਈ ਸੁੱਖਾ ਨੇ ਕੋਰਟ ਸਾਹਮਣੇ ਲਿਖਤ ਬਿਆਨ ਪੇਸ਼ ਕੀਤਾ।ਜਿਸ ਵਿਚ ਭਾਈ ਸੁੱਖਾ ਨੇ ਇਹ ਮੰਨਿਆ ਕਿ ਉਸਨੇ ਜਨਰਲ ਵੈਦਿਆ ਨੂੰ 4 ਗੋਲੀਆਂ ਮਾਰੀਆਂ ਸਨ ਅਤੇ ਉਸਦਾ ਵੈਦਿਆ ਦੀ ਪਤਨੀ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਉਹ ਐਕਸੀਡੈਂਟਲੀ ਜਖ਼ਮੀ ਹੋ ਗਈ।ਇਸ ਬਿਆਨ ਵਿਚ ਭਾਈ ਸੁੱਖਾ ਨੇ ਕਿਹਾ ਕਿ ਮੋਟਰ-ਸਾਈਕਲ ਚਲਾਉਂਣ ਵਾਲਾ ਭਾਈ ਮਥੁਰਾ ਸਿੰਘ ਸੀ(ਭਾਈ ਮਥਰਾ ਸਿੰਘ ਜੀ ਦੀ ਸ਼ਹੀਦੀਿ 30 ਜੂਨ 1987 ਨੂੰ ਹੋ ਗਈ ਸੀ)। ਇਹੀ ਬਿਆਨ ਭਾਈ ਸੁੱਖੇ ਨੇ ਫੌਜਦਾਰੀ ਕੋਡ ਦੀ ਧਾਰਾ 313 ਦੇ ਬਿਆਨਾਂ ਵਿਚ ਮੰਨੇ। ਭਾਈ ਜਿੰਦੇ ਨੇ ਵੀ 313 ਦੇ ਬਿਆਨਾਂ ਵਿਚ ਮੰਨਿਆ ਕਿ ਭਾਈ ਸੁੱਖੇ ਨਾਲ ਕਾਲੇ ਰੰਗ (ਲਾਲ ਨਹੀਂ) ਦੇ ਮੋਟਰ-ਸਾਈਕਲ ਦੇ ਚਾਲਕ ਦੇ ਰੂਪ ਉਹ ਆਪ ਸੀ ਤੇ ਅਸੀਂ ਦੋਹਾਂ ਨੇ ਜਨਰਲ ਵੈਦਿਆ ਨੂੰ ਮਾਰਿਆ ਸੀ ਕਿਉਂਕਿ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਤਬਾਹ ਕੀਤਾ ਸੀ।ਉਹਨਾਂ ਅੱਗੇ ਕਿਹਾ ਕਿ ਸਿੱਖ ਖਾਲਿਸਤਾਨ ਵੱਖਰੇ ਰਾਜ ਲਈ ਜੂਝ ਰਹੇ ਹਨ ਅਤੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਇਹ ਜੰਗ ਜਾਰੀ ਰਹੇਗੀ। ਉਹਨਾਂ ਕਿਹਾ ਅਸੀਂ ਸਿੱਖ ਮੌਤ ਤੋਂ ਨਹੀਂ ਡਰਦੇ ਅਤੇ ਸਾਨੂੰ ਆਪਣੇ ਕੀਤੇ ‘ਤੇ ਮਾਣ ਹੈ ਅਤੇ ਅਸੀਂ ਆਪਣੇ ਧਰਮ ਲਈ ਜਾਨਾਂ ਕੁਰਬਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਸਰਕਾਰੀ ਧਿਰ ਵਲੋਂ ਬਣਾ ਕੇ ਪੇਸ਼ ਕੀਤੇ ਸਬੂਤਾਂ ਵਿਚ ਗਵਾਹ ਨੰ:120,5,68,41,160 ਐੱਮ.ਕੇ. ਕਾਨਬਰ, ਸ਼ੇਖ਼ ਜ਼ਾਹੀਰ, ਅਨੰਦ ਪਵਾਰ, ਰਾਮ ਕ੍ਰਿਪਾਲ ਤ੍ਰਿਵੇਦੀ, ਐੱਮ.ਪੀ. ਸਿੰਗ ਹੱਥ ਲਿਖ਼ਤ ਮਾਹਰ ਸਨ ਜਿਹਨਾਂ ਨੇ ਵੱਖ-ਵੱਖ ਲਿਖ਼ਤਾਂ ਨੂੰ ਸਿੰਘਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਸ ਕਤਲ ਨੂੰ ਸਾਜ਼ਿਸ਼ ਬਣਾ ਕੇ ਸਭ ਨੂੰ ਫਾਂਸੀ ਲਗਾਇਆ ਜਾ ਸਕੇ, ਪਰ ਕੋਰਟ ਨੇ ਇਹਨਾਂ ਗਵਾਹਾਂ ਨੂੰ ਵਿਸਵਾਸ਼ਯੋਗ ਨਹੀਂ ਮੰਨਿਆ ਕਿਉਂਕਿ ਇਹ ਮੰਨਿਆ ਗਿਆ ਹੈ ਕਿ ਜੋ ਵੀ ਮਾਹਰ ਨੂੰ ਕੰਮ ਲਈ ਕਰਦੇ ਹਨ, ਮਾਹਰ ਆਮ ਤੌਰ ‘ਤੇ ਉਸ ਦੇ ਹੱਕ ਵਿਚ ਹੀ ਭੁਗਤਦੇ ਹਨ, ਇਸ ਲਈ ਬਹੁਤੀ ਵਾਰ ਵੱਖ-ਵੱਖ ਧਿਰਾਂ ਵਲੋਂ ਵਰਤੇ ਗਏ ਮਾਹਰ ਉਹਨਾਂ ਦੇ ਹੱਕ ਵਿਚ ਹੀ ਰਿਪੋਰਟ ਕਰਦੇ ਹਨ। ਕੋਰਟ ਨੇ ਕਿਹਾ ਕਿ ਕੇਵਲ ਮਾਹਰਾਂ ਦੀ ਰਿਪੋਰਟ ਦੇ ਆਧਾਰ ‘ਤੇ ਹੀ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ , ਸਜ਼ਾ ਦੇਣ ਲਈ ਮਾਹਰਾਂ ਦੀਆਂ ਰਿਪੋਰਟਾਂ ਦੀ ਪ੍ਰੋੜਤਾ ਕਰਦੇ ਗਵਾਹ ਤੇ ਹੋਰ ਸਬੂਤ ਅਤਿ ਲੋਂੜੀਦੇ ਹਨ, ਇਸ ਲਈ ਇਸ ਕੇਸ ਵਿਚ ਸਰਕਾਰੀ ਧਿਰ ਹੱਥ-ਲਿਖ਼ਤ ਮਾਹਰਾਂ ਰਾਹੀਂ ਕੋਈ ਵੀ ਠੋਸ ਸਬੂਤ ਪੇਸ਼ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀਂ ਹੈ।

ਮੌਕੇ ਦੇ ਗਵਾਹਾਂ ਦੇ ਰੂਪ ਵਿਚ ਕਈ ਗਵਾਹ ਭੁਗਤਾਏ ਗਏ ਜਿੰਨਾਂ ਵਿਚ ਜਨਰਲ ਵੈਦਿਆ ਦੀ ਪਤਨੀ ਭਾਨੂੰਮਤੀ(ਗਵਾਹ ਨੰ:106), ਗਾਰਡ ਰਾਮਚੰਦਰ(ਗਵਾਹ ਨੰ: 16) ਤੇ ਜਨਰਲ ਵੈਦਿਆ ਦੀ ਗੱਡੀ ਥੱਲੇ ਆਉਂਣ ਵਾਲਾ ਸਾਈਕਲ-ਚਾਲਕ ਗਵਾਹ ਨੰ:14 ਦਿਗਾਂਬਰ ਅੰਸਾਰੀ।ਜਨਰਲ ਵੈਦਿਆ ਦੀ ਪਤਨੀ ਨੂੰ ਵੈਦਿਆ ਦੇ ਗੋਲੀਆਂ ਵੱਜਣ ਦਾ ਉਦੋਂ ਹੀ ਪਤਾ ਲੱਗਾ ਜਦੋਂ ਉਹ ਉਸਦੇ ਮੋਢੇ ‘ਤੇ ਡਿੱਗ ਪਿਆ, ਉਸਨੇ ਕੇਵਲ ਮੋਟਰ-ਸਾਈਕਲ ਦੇ ਪਿੱਛਲੇ ਸਵਾਰ ਨੂੰ ਕੇਵਲ ਪਿੱਠ ਤੋਂ ਹੀ ਦੇਖਿਆ। ਗਾਰਡ ਨੇ ਆਪਣੇ ਬਿਆਨਾਂ ਵਿਚ ਆਪ ਮੰਨਿਆ ਕਿ ਉਹ ਖੱਬੇ ਪਾਸੇ ਵੱਲੋਂ ਆ ਰਹੇ ਰਿਕਸ਼ੇ ਵੱਲ ਦੇਖ ਰਿਹਾ ਸੀ।ਜੇ ਉਸਨੇ ਸਿੰਘਾਂ ਨੂੰ ਦੇਖਿਆ ਵੀ ਹੁੰਦਾ, ਭਾਵੇਂ ਪਿੱਛੋਂ ਹੀ ਦੇਖਦਾ ਤਾਂ ਉਹ ਉਹਨਾਂ ਵੱਲ ਗੋਲੀਆਂ ਜਰੂਰ ਚਲਾਉਂਦਾ।(ਅਸਲ ਗੱਲ ਇਹ ਹੈ ਕਿ ਗਾਰਡ ਉਸ ਸਮੇਂ ਕਾਰ ਦੀਆਂ ਦੋਵੇ ਸੀਟਾਂ ਅਗਲੀ ਤੇ ਪਿਛਲੀ ਦੇ ਵਿਚਕਾਰ ਦੁਬਕ ਕੇ ਥੱਲੇ ਹੋ ਕੇ ਜਾਨ ਬਚਾਉਂਣ ਦੀ ਖਾਤਰ ਲੁਕ ਗਿਆ ਸੀ)।ਗਵਾਹ ਦਿਗਾਂਬਰ ਅੰਸਾਰੀ ਤਾਂ ਆਪ ਆਪਣੀ ਜਾਨ ਵੈਦਿਆ ਦੀ ਕਾਰ ਤੋਂ ਬਚਾਉਂਣ ਲਈ ਆਪਣੇ ਸਾਈਕਲ ਤੋਂ ਕੁੱਦ ਪਿਆ ਸੀ ਤੇ ਉਸਦਾ ਸਾਈਕਲ ਵੈਦਿਆ ਦੀ ਕਾਰ ਥੱਲੇ ਆ ਗਿਆ ਸੀ, ਉਸ ਨੇ ਕਿਸੇ ਨੂੰ ਕੀ ਦੇਖਣਾ ਸੀ।

ਮੌਕੇ ਦੇ ਗਵਾਹਾਂ ਦੀ ਇਕ ਹੋਰ ਲੜੀ ਖੜੀ ਕੀਤੀ ਗਈ- ਉਹ ਗਾਰਡ ਕੋਲੋਂ ਕਹਾਇਆ ਗਿਆ ਕਿ ਮੁੜਨ ਸਮੇਂ ਖੱਬੇ ਪਾਸਿਓਂ ਇਕ ਰਿਕਸ਼ਾ ਆ ਰਿਹਾ ਸੀ ਜਦ ਕਿ ਗੱਡੀ ਥੱਲੇ ਆਉਂਣ ਵਾਲੇ ਸਾਈਕਲ ਵਾਲੇ ਨੇ ਇਸਦਾ ਕੋਈ ਵੀ ਜ਼ਿਕਰ ਨਹੀਂ ਕੀਤਾ, ਇਹਨਾਂ ਗਵਾਹਾਂ ਵਿਚ ਗਵਾਹ ਨੰ: 115 ਬੀ.ਵੀ. ਦਿਓਕਰ(ਰਿਕਸ਼ਾ-ਚਾਲਕ) ਤੇ ਉਸ ‘ਤੇ ਬੈਠੇ ਗਵਾਹ ਨੰ:111 ਤੇ 114,ਜੀ.ਬੀ.ਨਾਇਕ ਤੇ ਵਿਜੇ ਅਨੰਤ ਕੁਲਕਰਨੀ। ਇਹਨਾਂ ਤਿੰਨਾਂ ਦੀ ਉੱਥੇ ਹਾਜ਼ਰੀ ਦਰਸਾਉਣ ਲਈ ਗਵਾਹ ਨੰ: 51,1,36,37, ਬੀ.ਸੀ. ਕਾਰਕੰਡੇ(ਜੁਡੀਸ਼ੀਅਲ ਮੈਜਿਸਟਰੇਟ), ਡਾ. ਸੁਧੀਰ, ਮਿਸਿਜ਼ ਗੋਖਲੇ ਤੇ ਹਿਦਾਇਤ ਅਲੀ ਆਦਿ ਕਰਵਾਏ ਗਏ ਪਰ ਇਹ ਸਭ ਵੀ ਫਲਾਪ ਸ਼ੋਅ ਹੋ ਨਿਬੜੇ।ਜਨਰਲ ਵੈਦਿਆ ਦੀ ਲਾਸ਼ ਦਾ ਪੋਸਟ-ਮਾਰਟਮ ਕਰਨ ਵਾਲੇ ਡਾ. ਐੱਲ.ਕੇ.ਬੜੇ (ਗਵਾਹ ਨੰ: 157) ਨੇ ਆਪਣੀ ਰਾਏ ਦਿੱਤੀ ਕਿ ਜਨਰਲ ਵੈਦਿਆ ਦੀ ਮੌਤ ਗੋਲੀਆਂ ਨਾਲ ਹੋਏ ਜਖ਼ਮਾਂ ਤੋਂ ਉਪਜੇ ਸਦਮੇ ਨਾਲ ਹੋਈ।

ਇਸ ਕੇਸ ਵਿਚ ਇਕ ਹੋਰ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਗਵਾਹ ਨੰ: 48 ਐੱਚ.ਐੱਸ.ਭੁੱਲਰ ਨੂੰ ਵੀ ਪੁਲਿਸ ਵੱਲੋਂ ਪਹਿਲਾਂ ਸਿੰਘਾਂ ਦੇ ਸਾਥੀ ਦੇ ਤੌਰ ‘ਤੇ 10 ਮਈ,1986 ਨੂੰ ਹਿਰਾਸਤ ਵਿਚ ਲਿਆ ਸੀ ਤੇ ਸਹਿ-ਦੋਸ਼ੀ ਵਜੋਂ ਨਿਯਤ ਕੀਤਾ ਸੀ ਪਰ ਬਾਦ ਵਿਚ ਛੱਡ ਕੇ ਸਰਕਾਰੀ ਗਵਾਹ ਬਣਾ ਲਿਆ ਸੀ ਜਿਸਨੇ ਕੋਰਟ ਵਿਚ ਬਿਆਨ ਦਿੱਤਾ ਸੀ ਕਿ ਉਹ ਫਲੈਟ ਵਿਚ ਰਹਿਣ ਵਾਲਿਆ ਦਾ ਮਿੱਤਰ ਸੀ ਤੇ ਉਹਨਾਂ ਦੀਆ ਕਾਮੁਕ ਲੋੜਾਂ ਦੀ ਪੂਰਤੀ ਲਈ ਤਿੰਨ ਵੇਸਵਾਵਾਂ ਦਾ ਪ੍ਰਬੰਧ ਉਸਨੇ ਕੀਤਾ ਸੀ। ਪਰ ਕੋਰਟ ਨੇ ਉਸਦੀ ਗਵਾਹੀ ਨੂੰ ਵੀ ਸੁਤੰਤਰ ਤੇ ਨਿਰਪੱਖ ਨਹੀਂ ਮੰਨਿਆ ਗਿਆ ਅਤੇ ਉਸ ਵੱਲੋਂ ਦਰਸਾਈ ਵੇਸਵਾ ਹੀਰਾ ਸਿਨਹਾ (ਗਵਾਹ ਨੰ: 50) ਨੇ ਜਿਰ੍ਹਾਹ ਵਿਚ ਮੰਨਿਆ ਕਿ ਉਸਨੂੰ ਪਹਿਲਾਂ ਹੀ ਪੁਲਿਸ ਵਲੋਂ ਭਾਈ ਸੁੱਖਾ ਨੂੰ ਪੁਲਿਸ ਹਿਰਾਸਤ ਵਿਚ ਦਿਖਾਇਆ ਗਿਆ ਸੀ।ਦੂਜੀ ਵੇਸਵਾ ਜਯਾ ਜਿਸਨੂੰ ਕੋਰਟ ਵਿਚ ਹਾਜ਼ਰ ਹੋਣ ਦੇ ਬਾਵਜ਼ੂਦ ਸਰਕਾਰੀ ਧਿਰ ਵਲੋਂ ਗਵਾਹੀ ਲਈ ਨਾ ਬੁਲਾਉਂਣਾ ਸਰਕਾਰ ਵਲੋਂ ਆਪਣੀ ਕੋਝੀ ਤੇ ਘਟੀਆ ਚਾਲ ਵਿਚ ਨਾਕਾਮ ਰਹਿਣ ਦਾ ਇਕ ਵੱਡਾ ਸਬੂਤ ਹੈ।

ਹੋਰ ਬਹੁਤ ਸਾਰੇ ਗਵਾਹ ਸਰਕਾਰੀ ਧਿਰ ਵਲੋਂ ਭੁਗਤਾਏ ਗਏ ਜਿਹਨਾਂ ਬਾਰੇ ਕਿਹਾ ਗਿਆ ਕਿ ਇਹ ਲੋਕ ਸਿੰਘਾਂ ਨੂੰ ਵੱਖ-ਵੱਖ ਥਾਵਾਂ ‘ਤੇ ਮਿਲੇ ਸਨ ਜਾਂ ਉਹਨਾਂ ਲੋਕਾਂ ਨੇ ਸਿੰਘਾਂ ਨੂੰ ਵੱਖ-ਵੱਖ ਥਾਵਾਂ ‘ਤੇ ਦੇਖਿਆ ਸੀ ਪਰ ਉਹਨਾਂ ਵਿਚੋਂ ਬਹੁਤਿਆਂ ਨੂੰ ਸਿੰਘਾਂ ਨੂੰ ਪਛਾਣਨ ਲਈ ਜਾਂ ਪੁਲਿਸ ਹਿਰਾਸਤ ਵਿਚ ਜਾਂ ਫੋਟੋਆਂ ਰਾਹੀਂ ਦਿਖਾਇਆ ਗਿਆ ਸੀ ਅਤੇ ਉਹਨਾਂ ਵਿਚੋਂ ਬਹੁਤਿਆਂ ਨੂੰ ਸ਼ਨਾਖਤ ਦੇ ਗਵਾਹ ਰੱਖਣ ਲਈ ਸ਼ਨਾਖਤੀ ਪਰੇਡਾਂ ਨਹੀਂ ਸਨ ਕਰਵਾਈਆਂ ਗਈਆਂ ਅਤੇ ਸਰਕਾਰੀ ਧਿਰ ਵਲੋਂ ਸ਼ਨਾਖਤ ਦੇ ਗਵਾਹ ਵੀ ਭੁਰਦੇ ਦੇਖ ਕੇ ਇਹ ਦਲੀਲ ਦਿੱਤੀ ਗਈ ਕਿ ਦੋਸ਼ੀ ਪਹਿਲਾਂ ਕਲੀਨ-ਸ਼ੇਵ ਸਨ ਤੇ ਹੁਣ ਉਹਨਾਂ ਨੇ ਦਾੜੀ-ਕੇਸ ਰੱਖ ਕੇ ਪੱਗਾਂ ਬੰਨ ਲਈਆਂ ਹਨ ਜਿਸ ਕਾਰਨ ਉਹਨਾਂ ਨੂੰ ਪਛਾਣਨਾ ਔਖਾ ਹੈ।

ਅੰਤ ਵਿਚ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ, “ ਇਹ ਸਪੱਸ਼ਟ ਹੈ ਕਿ ਭਾਈ ਜਿੰਦਾ-ਸੁੱਖਾ ਨੇ ਜਨਰਲ ਵੈਦਿਆ ਨੂੰ ਮਾਰਨ ਦੀ ਜਿੰਮੇਵਾਰੀ ਲੈਂਣ ਦੇ ਬਿਆਨ ਦੇਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਫਾਂਸੀ ਦੀ ਸਜ਼ਾ ਲਈ ਮਾਨਸਿਕ ਰੂਪ ਵਿਚ ਤਿਆਰ ਕਰ ਲਿਆ ਸੀ ਅਤੇ ਇਸ ਲਈ ਜੇ ਉਹਨਾਂ ਦੀ ਇੱਛਾ ਘੱਟ ਸਜ਼ਾ ਪ੍ਰਾਪਤੀ ਲਈ ਕੋਈ ਸਮੱਗਰੀ ਪੇਸ਼ ਕਰਨ ਦੀ ਹੁੰਦੀ ਤਾਂ ਉਹਨਾਂ ਲਈ ਵਿਸਥਾਰਿਤ ਮੌਕਾ ਸੀ। ਉਹਨਾਂ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਆਪਣੇ ਬਿਆਨ ਦਿੱਤੇ ਅਤੇ ਕੋਈ ਵੀ ਇੱਛਾ ਜਾਂ ਬੇਨਤੀ ਘੱਟ ਸਜ਼ਾ ਲਈ ਪ੍ਰਗਟ ਨਹੀਂ ਕੀਤੀ। ਉਹਨਾਂ ਦੀ ਅਜਿਹਾ ਨਾ ਕਰਨ ਦੀ ਪ੍ਰਤਿੱਗਿਆ ਇਸ ਤੱਥ ਤੋਂ ਸਾਫ ਝਲਕਦੀ ਹੈ ਕਿ ਉਹਨਾਂ ਨੇ ਪੂਨਾ ਸਪੈਸ਼ਲ ਕੋਰਟ ਦੁਆਰਾ ਦਿੱਤੀ ਫਾਂਸੀ ਦੀ ਸਜ਼ਾ ਦੇ ਵਿਰੁੱਧ ਕੋਈ ਅਪੀਲ ਨਾ ਪਾਉਂਣ ਨੂੰ ਚੁਣਿਆ”।

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਕਿਸੇ ਕੋਰਟ ਵਿਚ ਕੋਈ ਦਮ ਨਹੀਂ ਸੀ , ਇਹ ਤਾਂ ਸਿੰਘਾਂ ਦਾ ਸ਼ਹੀਦੀ ਦਾ ਚਾਅ ਸੀ ਕਿ ਉਹਨਾਂ ਕੋਰਟ ਨੂੰ ਇਹ ਸਮਰੱਥਾ ਬਖ਼ਸ਼ੀ। ਕੋਰਟ ਹਰ ਪਾਸੇ ਸ਼ਸ਼ੋਪੰਜ ਵਿਚ ਸੀ ਕਿ ਕੋਈ ਵੀ ਠੋਸ ਸਬੂਤ ਇਹਨਾਂ ਸਿੰਘਾਂ ਨੂੰ ਫਾਂਸੀ ਲਗਾਉਂਣ ਲਈ ਕਾਫੀ ਨਹੀਂ ਸੀ। ਮੈਂ ਇਹ ਪੂਰੇ ਵਿਸਵਾਸ਼ ਨਾਲ ਕਹਿ ਸਕਦਾ ਹਾਂ ਕਿ ਜੇ ਸਿੰਘ ਵੈਦਿਆ ਨੂੰ ਮਾਰਨ ਦੀ ਜਿੰਮੇਵਾਰੀ ਨਾ ਲੈਂਦੇ ਤਾਂ ਭਾਰਤ ਸਰਕਾਰ ਲਈ ਸਿੰਘਾਂ ਨੂੰ ਫਾਂਸੀ ਲਾਉਂਣਾ ਅਸੰਭਵ ਸੀ ਪਰ ਸਰ-ਜ਼ਮੀਨੇ ਖ਼ਾਲਸਾ ਵਰਗੀ ਮੰਜ਼ਿਲੇ-ਮਕਸੂਦ ਦੇ ਪਾਂਧੀਆਂ ਲਈ ਤਾਂ ਸ਼ਹਾਦਤ ਇਕ ਪੂਰਾ ਹੋਣ ਜਾ ਰਿਹਾ ਸੁਪਨਾ ਸੀ ਕਿਉਂਕਿ ਉਹ ਜਾਣਦੇ ਸਨ ਕਿ…

“ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਮੌਤ ਬੀ ਹਯਾਤ ਹੈ”

 

ਉਕਤ ਲਿਖਤ ਪਹਿਲਾਂ 9 ਅਕਤੂਬਰ 2011 ਨੂੰ ਛਾਪੀ ਗਈ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: