ਸਿਆਸੀ ਖਬਰਾਂ

ਕਸ਼ਮੀਰੀਆਂ ਦੇ ਘਰ ਹੀ ਕੈਦ ਖਾਨਿਆਂ ਚ ਬਦਲ ਦਿੱਤੇ ਗਏ ਹਨ, ਪਰ ਕੌਮਾਂਤਰੀ ਭਾਈਚਾਰਾ ਅੱਖਾਂ ਮੀਚੀ ਬੈਠਾ ਹੈ: ਸਿੱਖ ਜਥੇਬੰਦੀਆਂ

By ਸਿੱਖ ਸਿਆਸਤ ਬਿਊਰੋ

August 11, 2019

ਤਰਨ ਤਾਰਨ: ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਮੋਦੀ ਹਕੂਮਤ ਨੇ ਕਸ਼ਮੀਰੀਆਂ ਦੇ ਹੱਕਾਂ ‘ਤੇ ਡਾਕਾ ਮਾਰਕੇ ਉਹਨਾਂ ਨੂੰ ਕੰਧ ਵੱਲ ਧੱਕਿਆ ਹੈ ਅਤੇ ਉਥੇ ਦੀ ਅਵਾਮ ਨੂੰ ਬੰਦੂਕ ਅਤੇ ਤਾਕਤ ਦੀ ਨੋਕ ‘ਤੇ ਉਹਨਾਂ ਦੇ ਹੀ ਮੁਲਕ ਅੰਦਰ ਕੈਦੀ ਬਣਾਕੇ ਰੱਖਿਆ ਹੈ। ਹਾਲਾਤ ਦੇ ਹੋਰ ਵਿਗੜਣ ਨਾਲ ਇਹ ਖਿੱਤਾ ਪੂਰੀ ਤਰਾਂ ਪ੍ਰਭਾਵਿਤ ਹੋਵੇਗਾ ਅਤੇ ਪੰਜਾਬ ਇਸ ਦੀ ਮਾਰ ਤੋਂ ਬੱਚ ਨਹੀਂ ਸਕਦਾ ਕਿਉਕਿ ਪੰਜਾਬ ਭਾਰਤ, ਪਕਿਸਤਾਨ ਅਤੇ ਕਸ਼ਮੀਰ ਦੇ ਵਿਚਾਲੇ ਵੱਸਦਾ ਹੈ।

ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ ਦਾ ਹਵਾਲਾ ਦੇਂਦਿੰਆਂ ਦਸਿਆ ਕਿ ਐਲ.ਕੇ.ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਇਸੇ ਤਰਾਂ ਦੇ ਵਿਚਾਰ ਦਿੱਤੇ ਸਨ ਅਤੇ ਆਪਣੀ ਕਿਤਾਬ ਵਿੱਚ ਆਨੰਦਪੁਰ ਸਾਹਿਬ ਮੱਤੇ ਨੂੰ ਵੱਖਵਾਦੀ ਦਸਤਾਵੇਜ਼ ਲਿਿਖਆ ਸੀ।

ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਆਗੂ ਹਰਪਾਲ ਸਿੰਘ ਬਲੇਰ, ਦਲ ਖਾਲਸਾ ਦੇ ਹਰਪ੍ਰੀਤ ਸਿੰਘ, ਸਤਿਨਾਮ ਸਿੰਘ ਪੱਟੀ ਵੀ ਹਾਜਿਰ ਸਨ।

ਉਹਨਾਂ ਕਿਹਾ ਕਿ ਮੋਦੀ ਅਤੇ ਅਡਵਾਨੀ ਦੇ ਵਿਚਾਰ ਅਸਲ ਵਿੱਚ ਆਰ.ਐਸ.ਐਸ ਦੀ ਸੋਚ ਦੀ ਤਰਜਮਾਨੀ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤ ਦੀ ਸੱਤਾ ਆਰ.ਐਸ.ਐਸ ਦੀ ਘੱਟ-ਗਿਣਤੀ-ਵਿਰੋਧੀ ਸੋਚ ਚਲਾ ਰਹੀ ਹੈ।

ਉਹਨਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ 14 ਅਗਸਤ ਦੀ ਸ਼ਾਮ ਨੂੰ ਚੰਡੀਗੜ੍ਹ ਵਿਖੇ ਅਤੇ 15 ਅਗਸਤ ਨੂੰ ਸੂਬੇ ਦੇ 15 ਜਿਿਲਆਂ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਦਲ ਖ਼ਾਲਸਾ ਦੇ ਬੁਲਾਰੇ ਨੇ ਦਸਿਆ ਕਿ ਇਹ ਮੁਜ਼ਾਹਰੇ ਪਿਛਲੇ ਕਈ ਦਹਾਕਿਆਂ ਤੋਂ ਕਸ਼ਮੀਰ ਅਤੇ ਪੰਜਾਬ ਅੰਦਰ ਦੇਸ਼ ਦੀਆਂ ਹਕੂਮਤਾਂ ਵਲੌਂ ਘੱਟ-ਗਿਣਤੀ ਕੰੌਮਾਂ ਨਾਲ ਜੋ ਗੁਲਾਮਾਂ ਵਾਲਾ ਅਤੇ ਜ਼ਲਾਲਤ ਭਰਿਆ ਸਲੂਕ ਕੀਤਾ ਜਾ ਰਿਹਾ ਹੈ ਉਸ ਵਿਰੁੱਧ ਹੋਣਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਜੋ ਕਸ਼ਮੀਰ ਅੰਦਰ ਫੌਜ ਦੀ ਅੰਨ੍ਹੀ ਤਾਕਤ ਵਰਤਕੇ ਬੰਦੂਕ ਦੀ ਛਾਂ ਹੇਠ ਧਾਰਾ 370 ਨੂੰ ਤੋੜਿਆ ਗਿਆ ਹੈ, ਉਸ ਨੇ ਇਸ ਖਿਤੇ ਵਿੱਚ ਵਸਦੀਆਂ ਘੱਟ-ਗਿਣਤੀਆਂ ਕੌਮਾਂ ਨੂੰ ਜਿਥੇ ਭੈ-ਭੀਤ ਕੀਤਾ ਹੈ ਉਥੇ ਇਹ ਅਹਿਸਾਸ ਵੀ ਮੁੜ ਕਰਵਾਇਆ ਹੈ ਕਿ ਉਹਨਾਂ ਨੂੰ ਇਸ ਦੇਸ਼ ਅੰਦਰ ਨਾਂ ਤਾਂ ਇਨਸਾਫੀ ਮਲੇਗਾ ਅਤੇ ਨਾ ਹੀ ਹੱਕ ।

ਉਹਨਾਂ ਕਿਹਾ ਕਿ ਪਕਿਸਤਾਨ-ਭਾਰਤ ਦਰਮਿਆਨ ਵੱਧੀ ਕਸ਼ੀਦਗੀ ਕਾਰਨ ਕਰਤਾਰਪੁਰ ਲਾਂਘੇ ਅਤੇ ਗੁਰਪੁਰਬ ਜਸ਼ਨਾਂ ਉਤੇ ਡੂੰਘਾ ਪ੍ਰਛਾਵਾਂ ਅਤੇ ਪ੍ਰਭਾਵ ਪੈਣਾ ਕੁਦਰਤੀ ਹੈ ਇਸ ਦੇ ਬਾਵਜੂਦ ਕਿ ਪਕਿਸਤਾਨ ਸਰਕਾਰ ਨੇ ਭਾਰਤ ਨਾਲ ਆਪਣੇ ਕੂਟਨੀਤਿਕ ਸਬੰਧ ਤੋੜਦਿਆਂ ਕਰਤਾਰਪੁਰ ਸਾਹਿਬ ਲਾਂਘੇ ‘ਤੇ ਕੰਮ ਨਿਰਵਿਘਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਉਹਨਾਂ ਅਕਾਲੀ ਦਲ ਬਾਦਲ ਉਤੇ ਵਾਰ ਕਰਦਿਆਂ ਕਿਹਾ ਕਿ ਧਾਰਾ ੩੭੦ ਤੋੜਣ ਵਿੱਚ ਭਾਈਵਾਲ ਬਣਕੇ ਅਕਾਲੀਆਂ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ ਹੈ ਅਤੇ ਕੌਮ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਸਵਾਲ ਕੀਤਾ ਕਿ ਅਕਾਲੀ ਹੁਣ ਕਿਸ ਮੂੰਹ ਨਾਲ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨਗੇ? ਉਹਨਾਂ ਕਿਹਾ ਕਿ ਭਾਜਪਾ ਨੇ ਕਸ਼ਮੀਰ ਨੂੰ ਮਿਲੇ ਵੱਧ ਅਧਿਕਾਰ ਵਾਪਿਸ ਖੋਹ ਕੇ ਬਾਕੀ ਸੂਬਿਆਂ ਵਿੱਚ ਇਸੇ ਤਰਜ ‘ਤੇ ਉਠ ਰਹੀ ਮੰਗ ਨੂੰ ਹਾਲ ਦੀ ਘੜੀ ਦੱਫਣ ਕਰ ਦਿੱਤਾ ਹੈ। ਉਹਨਾਂ ਸੁਖਪਾਲ ਸਿੰਘ ਖਹਿਰਾ ਨੂੰ ਵੀ ਇਸ ਸਬੰਧੀ ਚੁੱਪ ਤੋੜਣ ਲਈ ਕਿਹਾ ਜਿਨਾਂ ਦੇ ਫਰੰਟ ਦਾ ਏਜੰਡਾ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਹੈ।

ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਵਿਚ ਸਿੱਖ ਅਤੇ ਕਸ਼ਮੀਰੀ ਇਕੱਲੇ ਨਹੀਂ ਹਨ ਸਗੋਂ ਹੋਰ ਧਾਰਮਿਕ ਘੱਟ-ਗਿਣਤੀਆਂ, ਦਲਿਤ ਵੀ ਆਪਣੇ ਮੁੱਢਲੇ ਹੱਕਾਂ ਤੋਂ ਵਾਂਝੇ ਹਨ ਅਤੇ ਉਹ ਵੀ ਇਸ ਗੁਲਾਮੀ ਵਿਚੋਂ ਨਿਜ਼ਾਤ ਪਾਉਣ ਲਈ ਸੰਘਰਸ਼ਸ਼ੀਲ ਹਨ। ਉਹਨਾਂ ਕਿਹਾ ਕਿ ਕੌਮਾਂਤਰੀ ਭਾਈਚਾਰਾ ਸਿਰਫ ਉਦੋਂ ਹੀ ਪ੍ਰਤੀਕ੍ਰਿਆ ਕਰਦਾ ਹੈ ਜਦੋਂ ਹਥਿਆਰਬੰਦ ਸੰਘਰਸ਼ ਹੋਵੇ ਪਰ ਅਫਸੋਸ ਕਿ ਉਹ ਹਕੂਮਤੀ ਪ੍ਰਣਾਲੀ ਵਲੋਂ ਕੀਤੀ ਜਾਂਦੀ ਹਿੰਸਾ ‘ਤੇ ਗੂੰਗੇ-ਬਹਿਰੇ ਵਾਲੀ ਚੁੱਪੀ ਧਾਰ ਲੈਂਦਾ ਹੈ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਕੌਮਾਂਤਰੀ ਭਾਈਚਾਰਾ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਕੀਤੇ ਜਾ ਰਹੇ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਸੰਘਰਸ਼ ਦੇ ਮਸਲੇ ‘ਤੇ ਅੱਖਾ ਬੰਦ ਕਰੀ ਬੈਠਾ ਹੈ ਅਤੇ ਉਸ ਨੂੰ ਇਨ੍ਹਾਂ ਕੌਮਾਂ ਦਾ ਦਰਦ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਜ਼ਰ ਨਹੀਂ ਆਉਂਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: