ਅੰਮ੍ਰਿਤਸਰ: ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 10 ਦਸੰਬਰ ਨੂੰ ਕਸ਼ਮੀਰ ਅੰਦਰ ਹੋ ਰਹੇ ਮਨੁੱਖੀ ਹੱਕਾਂ ਦੇ ਘੋਰ ਘਾਣ ਵਿਰੁੱਧ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਰੋਹ-ਭਰਪੂਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਕਾਰਕੁਨ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਜਥਿਆਂ ਦੇ ਰੂਪ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ 09 ਦਸੰਬਰ ਨੂੰ ਕਸ਼ਮੀਰ ਵੱਲ ਚਾਲੇ ਪਾਉਣਗੇ ਅਤੇ 10 ਦਸੰਬਰ ਨੂੰ ਸ਼੍ਰੀਨਗਰ ਪਹੁੰਚਕੇ ਕਸ਼ਮੀਰੀ ਲੋਕਾਂ ਦੇ ਕੁਚਲੇ ਜਾ ਰਹੇ ਹੱਕ-ਹਕੂਕ ਵਿਰੁੱਧ ਪ੍ਰਦਰਸ਼ਨ ਕਰਨਗੇ।
ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਨਰੈਣ ਸਿੰਘ ਚੌੜਾ ਵੀ ਮਾਰਚ ਵਿੱਚ ਸ਼ਾਮਲ ਹੋਣਗੇ।
ਪੱਤਰਕਾਰਾਂ ਵਲੋਂ ਕਸ਼ਮੀਰ ਨਾ ਜਾਣ ਦੇਣ ਤੇ ਪੁੱਛੇ ਸਵਾਲ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਪਰ ਉਹ ਕਸ਼ਮੀਰ ਜਰੂਰ ਜਾਣਗੇ ਅਤੇ ਜੇਕਰ ਰਾਹ ਵਿੱਚ ਜਾਂ ਉਥੇ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਜਾਂ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਉਹ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ।
♦ ਇਹ ਖਬਰ ਅੰਗਰੇਜੀ ਵਿਚ ਪੜ੍ਹੋ – SIKH BODIES ANNOUNCE TO OBSERVE HUMAN RIGHTS DAY IN SRINAGAR (KASHMIR) ON DECEMBER 10
ਕਸ਼ਮੀਰ ਜਾਣ ਦੇ ਆਪਣੀਆਂ ਪਾਰਟੀਆਂ ਦੇ ਫੈਸਲੇ ਦਾ ਖੁਲਾਸਾ ਕਰਦਿਆ ਉਹਨਾਂ ਕਿਹਾ ਕਿ ਭਾਰਤ ਦੀ ਫਾਸੀਵਾਦੀ ਸਰਕਾਰ ਨੇ ਕਸ਼ਮੀਰ ਨੂੰ ਖੱੁਲੀ ਜੇਲ ਵਿੱਚ ਤਬਦੀਲ ਕਰ ਰਖਿਆ ਹੈ। ਉਹਨਾਂ ਕਿਹਾ ਉਥੋਂ ਦੇ ਲੋਕਾਂ ਨੂੰ ਕੈਦੀ ਬਣਾ ਕੇ ਰਖਿਆ ਹੋਇਆ ਹੈ ਅਤੇ ਔਰਤਾਂ ਅਤੇ ਬੱਚੇ ਸਹਿਮ ਵਿੱਚ ਜੀਅ ਰਹੇ ਹਨ।
ਕਸ਼ਮੀਰ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਹੋ ਰਹੀ ਦੁਰਦਸ਼ਾ ਉੱਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸਾਲ 2019 ਵਿੱਚ ਮੋਦੀ ਸਰਕਾਰ ਅਧੀਨ ਸਭ ਤੋਂ ਵੱਧ ਮਨੁੱਖੀ ਹੱਕਾਂਂ ਦੀ ਉਲੰਘਣਾ ਕਸ਼ਮੀਰ ਵਿੱਚ ਹੋਈ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੇ ਗੁਆਂਢੀ ਹੋਣ ਦੇ ਨਾਤੇ ਪੰਜਾਬ ਦੇ ਸਿੱਖਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਬਦ-ਤੋਂ-ਬਦਤਰ ਹੋਈ ਸਥਿਤੀ ਦਾ ਵਿਰੋਧ ਕਰਨ ਅਤੇ ਕਸ਼ਮੀਰੀਆਂ ਦੇ ਕੁਚਲੇ ਜਾ ਰਹੇ ਹੱਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।
ਕਸ਼ਮੀਰ ਦੇ ਹੱਕ ਵਿਚ ਆਵਾਜ਼ ਚੁੱਕੇ ਕੌਮਾਂਤਰੀ ਭਾਈਚਾਰਾ:
ਦਲ ਖ਼ਾਲਸਾ ਨੇ ਦੁਨੀਆਂ ਭਰ ਅੰਦਰ ਮਨੁੱਖੀ ਹੱਕ ਦਿਹਾੜਾ ਮਨਾ ਰਹੀਆਂ ਸਾਰੀਆਂ ਜਥੇਬੰਦੀਆਂ ਤੇ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਇਸ ਵਾਰ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਅਤੇ ਆਪਣੀ ਆਵਾਜ਼ ਅਸਰਦਾਰ ਢੰਗ ਨਾਲ ਬੁਲੰਦ ਕਰਨ ਤਾਂ ਜੋ ਦਿੱਲੀ ਦੇ ਕੰਨ੍ਹਾਂ ਤੱਕ ਪਹੁੰਚੇ।
ਉਨ੍ਹਾਂ ਕਿਹਾ ਕਿ ਕੌਮਾਂਤਰੀ ਅਦਾਰੇ ਕਸ਼ਮੀਰ ਦੇ ਮੁੱਦੇ ਉੱਤੇ ਸਿਰਫ ਬਿਆਨਬਾਜ਼ੀ ਕਰ ਰਹੇਂ ਹਨ ਜਦਕਿ ਕਸ਼ਮੀਰ ਤੇ ਦੱਬੇ-ਕੁਚਲੇ ਲੋਕਾਂ ਨੂੰ ਕੌਮਾਂਤਰੀ ਆਵਾਜ਼ ਦੇ ਨਾਲ-ਨਾਲ ਸਹਾਇਤਾ ਦੀ ਵੀ ਲੋੜ ਹੈ।
ਬਹਿਬਲ ਕਲਾਂ ਤੇ ਬਰਗਾੜੀ ਸਮੇਤ ਹੋਰਨਾਂ ਮਾਮਲ਼ਿਆ ਬਾਰੇ:
ਇਸ ਦੇ ਨਾਨ-ਨਾਲ ਮਨੁੱਖੀ ਹੱਕ ਦਿਹਾੜੇ ਮੌਕੇ ਦਲ ਖ਼ਾਲਸਾ ਜਿੱਥੇ ਬਹਿਬਲ ਕਲਾਂ ਗੋਲੀ ਕਾਂਡ, ਮੌੜ ਬੰਬ ਧਮਾਕੇ ਅਤੇ ਬਰਗਾੜੀ ਦੇ ਕੇਸਾਂ ਵਿੱਚ ਯੋਜਨਾਬੰਦ ਤਰੀਕੇ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰੇਗਾ ਉੱਥੇ ਹੀ ਪੁਲਿਸ ਹਿਰਾਸਤ ਅੰਦਰ ਹੋ ਰਹੇ ਅੱਤਿਆਚਾਰਾਂ, ਨਾਜਾਇਜ਼ ਹਿਰਾਸਤ, 124-ਏ, ਯੂ.ਏ.ਪੀ.ਏ. ਜਿਹੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਰਵਾਇਤਾਂ ਦਾ ਵੀ ਵਿਰੋਧ ਕਰੇਗਾ।
ਭਾਈ ਰਾਜੋਆਣਾ ਮਾਮਲੇ ਤੇ ਅਮਿਤ ਸ਼ਾਹ ਦੇ ਬਿਆਨ ‘ਤੇ ਸਖਤ ਟਿੱਪਣੀਆਂ:
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਤੋਂ ਭਾਜਪਾ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁੱਕਰ ਜਾਣ ਉੱਤੇ ਸਖਤ ਟਿਪਣੀ ਕਰਦਿਆਂਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਮੌਕੇ ਸਿੱਖ ਕੈਦੀਆਂ ਨਾਲ ਧੋਖਾਧੜੀ ਦੀ ਖੇਡ ਖੇਡੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਆਗੂ ਸਿੱਖਾਂ ਨਾਲ ਧੋਖਾ ਕਰਨ ਵਿੱਚ ਮਾਹਿਰ ਹਨ ਅਤੇ ਅਕਾਲੀ ਲੀਡਰਸ਼ਿਪ ਧੋਖੇ ਖਾਣ ਅਤੇ ਬੇਇਜਤੀ ਕਰਵਾਉਣ ਦੀ ਆਦੀ ਹੋ ਚੁੱਕੀ ਹੈ। ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਵਿੱਚ ਕਿਹਾ ਕਿ ਸਿੱਖ ਰਾਜਨੀਤਿਕ ਨਜ਼ਰਬੰਦਾਂ ਦੀਆਂ ਸੰਭਾਵਿਤ ਰਿਹਾਈਆਂ ਦੇ ਸਬੰਧ ਵਿੱਚ ਭਾਰਤੀ ਖਬਰਖਾਨਾ ਝੂਠੀਆਂ ਖਬਰਾਂ ਚਲਾਉਣ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਮੀਤ-ਸਕੱਤਰ ਦੇ ਦਸਤਖਤ ਹੇਠ ਜੋ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਤਬਦੀਲ ਕਰਨ ਦੀ ਪੁਸ਼ਟੀ ਸੀ, ਜੇਕਰ ਉਹ ਚਿੱਠੀ ਝੂਠੀ ਸੀ ਤਾਂ ਹੁਣ ਤੱਕ ਉਸ ਅਫਸਰ ਨੂੰ ਮੁਅੱਤਲ ਕਿਉਂ ਨਹੀਂ ਕੀਤਾ ਗਿਆ ਅਤੇ ਜੇਕਰ ਚਿੱਠੀ ਸੱਚੀ ਹੈ ਤਾਂ ਫਿਰ ਅਮਿਤ ਸ਼ਾਹ ਦੱਸਣ ਕੇ ੳੇਹਨਾਂ ਲੋਕ ਸਭਾ ਵਿੱਚ ਝੂਠ ਕਿਉਂ ਬੋਲਿਆ?
ਉਹਨਾਂ ਕਿਹਾ ਕਿ ਅਜੇ ਤੱਕ ਇਹ ਹੀ ਸਪਸ਼ਟ ਨਹੀਂ ਕਿ ਰਾਸ਼ਟਰਪਤੀ ਨੇ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਰੱਦ ਕਰਨ ਦੀ ਫਾਈਲ ‘ਤੇ ਦਸਖਤ ਕੀਤੇ ਹਨ ਜਾਂ ਨਹੀਂ ਪਰ ਸਰਕਾਰ ਦੀ ਚਿੱਠੀ ਅਤੇ ਅਮਿਤ ਸ਼ਾਹ ਦੇ ਬਿਆਨ ਨੇ ਰਿਹਾਈਆਂ ਦਾ ਮਾਮਲਾ ਹੋਰ ਪੇਚੀਦਾ ਕਰ ਦਿੱਤਾ ਹੈ। ਇਸ ਮੌਕੇ ਦਲ ਖ਼ਾਲਸਾ ਦੇ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ਼ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵੀ ਹਾਜ਼ਰ ਸਨ।
⊕ ਭਾਈ ਰਾਜੋਆਣਾ ਦੀ ਫਾਂਸੀ ਬਾਰੇ ਅਮਿਤ ਸ਼ਾਹ ਦੇ ਬਿਆਨ ਬਾਰੇ ਸਿੱਖ ਸਿਆਸਤ ਦੀ ਖਾਸ ਪੜਚੋਲ ਜਰੂਰ ਪੜ੍ਹੋ –