(ਫਾਈਲ ਫੋਟੋ)

ਸਿਆਸੀ ਖਬਰਾਂ

ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਲੋਂ ਭ੍ਰਿਸ਼ਟਾਚਾਰ ਮਾਮਲੇ ‘ਚ ਸ਼੍ਰੋ. ਕਮੇਟੀ ਦੇ 3 ਸਾਬਕਾ ਅਹੁਦੇਦਾਰ ਤਲਬ

By ਸਿੱਖ ਸਿਆਸਤ ਬਿਊਰੋ

August 08, 2017

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਲ 2014 ਵਿੱਚ ਅਨੰਦਪੁਰ ਸਾਹਿਬ ਵਿਖੇ ਮਹਿਜ਼ 13 ਮਰਲੇ ਜਗਾਹ ਵਿਚ ਬਣੀ ਕੋਠੀ ਖਰੀਦੇ ਜਾਣ ਦੇ ਮਾਮਲੇ ਬਾਰੇ ਦਾਇਰ ਇੱਕ ਕੇਸ ਦੀ ਸੁਣਵਾਈ ਕਰਦਿਆਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਜਿਥੇ ਸਾਲ 2011 ਤੋਂ 2016 ਤੀਕ ਕਾਰਜਸ਼ੀਲ ਰਹੀ ਕਮੇਟੀ ਦੀ ਕਾਰਜਕਾਰਣੀ ਦੇ 6 ਮੈਂਬਰਾਂ ਨੂੰ 19 ਅਗਸਤ ਲਈ ਸੰਮਨ ਜਾਰੀ ਕੀਤੇ ਹਨ ਉਥੇ ਕਮੇਟੀ ਦੇ ਚਾਰ ਅਧਿਕਾਰੀਆਂ ਦੇ ਕੰਮ ਕਰਨ ‘ਤੇ ਰੋਕ ਲਗਾ ਦਿੱਤੀ ਹੈ।

ਕਮਿਸ਼ਨ ਵਲੋਂ 5 ਅਗਸਤ ਨੂੰ ਸੁਣਾਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪਟੀਸ਼ਨ ਕਰਤਾ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਪ੍ਰਬੰਧ ਹੇਠਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ ਵਲੋਂ ਕਮੇਟੀ ਅਧਿਕਾਰੀਆਂ ਦੀ ਸਹਿਮਤੀ ਅਤੇ ਮਿਲੀਭੁਗਤ ਨਾਲ 13 ਮਰਲੇ ਜਗ੍ਹਾ 70 ਲੱਖ ਰੁਪਏ ‘ਚ ਖਰੀਦ ਕੇ ਇਕ ਸਾਲ ਬਾਅਦ ਇਹੋ ਜ਼ਮੀਨ (13 ਮਰਲੇ) ਦੋ ਕਰੋੜ 70 ਲੱਖ ਰੁਪਏ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਮ ‘ਤੇ ਰਜਿਸਟਰੀ ਕਰਕੇ ਗੁਰੂ ਕੀ ਗੋਲਕ ਨੂੰ ਦੋ ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬਣਦੀ ਦੋ ਕਰੋੜ ਰੁਪਏ ਦੀ ਰਕਮ 18 ਫੀਸਦੀ ਵਿਆਜ ਸਹਿਤ ਦੋਸ਼ੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਪਾਸੋਂ ਵਸੂਲਣ ਲਈ ਇਕ ਪਟੀਸ਼ਨ 4 ਅਗਸਤ ਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਦਾਇਰ ਕੀਤੀ ਗਈ ਸੀ ਜਿਸਤੇ ਸੁਣਵਾਈ ਕਰਦਿਆਂ ਕਮਿਸ਼ਨ ਨੇ ਤਤਕਾਲੀਨ ਕਾਰਜਕਾਰਣੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਕਾਰਜਕਾਰਣੀ ਮੈਂਬਰ ਕਰਨੈਲ ਸਿੰਘ ਪੰਜੋਲੀ, ਰਜਿੰਦਰ ਸਿੰਘ ਮਹਿਤਾ, ਨਿਰਵੈਲ ਸਿੰਘ ਜੋਹਲਾਂ ਨੂੰ 19 ਅਗਸਤ ਲਈ ਸੰਮਨ ਜਾਰੀ ਕੀਤੇ ਹਨ।

ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਅਨੰਦਪੁਰ ਸਾਹਿਬ ਦੇ ਉਸ ਵੇਲੇ ਦੇ ਮੈਨੇਜਰ ਅਤੇ ਹੁਣ ਮੀਤ ਸਕੱਤਰ ਸੁਖਵਿੰਧਰ ਸਿੰਘ ਰੇਵਲਾ, ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ ਸਮੇਤ ਕੁਲ਼ 4 ਮੁਲਾਜ਼ਮਾਂ ਦੇ ਕੰਮ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਇਕ ਹੋਰ ਹੁਕਮ ਰਾਹੀਂ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਹੁਕਮ ਕੀਤਾ ਹੈ ਕਿ ਉਹ ਆਪਣੀ ਅਗਵਾਈ ਵਿੱਚ ਇਕ ਹਾਈ ਪਾਵਰ ਜਾਂਚ ਕਮੇਟੀ ਦਾ ਗਠਨ ਕਰਨ ਅਤੇ ਸਮੁੱਚੇ ਮਾਮਲੇ ਦੀ ਜਾਂਦ ਦੋ ਮਹੀਨੇ ਅੰਦਰ ਕਰਵਾਕੇ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਕਮਿਸ਼ਨ ਨੂੰ ਸੌਂਪਣ। ਅਦਾਲਤ ਨੇ ਇਹ ਵੀ ਲਿਖਿਆ ਹੈ ਕਿ ਜੇਕਰ ਜਾਂਚ ਨਿਰਧਾਰਤ ਸਮੇਂ ਵਿੱਚ ਨਾ ਹੋਈ ਤਾਂ ਉਹ ਸਿੱਧੇ ਹੀ ਪੁਲਿਸ ਕਪਤਾਨ ਰੋਪੜ ਨੂੰ ਹਦਾਇਤ ਕਰੇਗੀ ਕਿ ਦੋਸ਼ੀਆਂ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਏ।

ਸਬੰਧਤ ਖ਼ਬਰ: ਮੱਕੜ ਦੇ ਪ੍ਰਧਾਨਗੀ ਕਾਲ ‘ਚ ਇਕੋ ਦਿਨ ਖਰੀਦੀ 61 ਏਕੜ ਜ਼ਮੀਨ ਦੀ ਨਿਰਪੱਖ ਜਾਂਚ ਹੋਵੇ: ਬਲਦੇਵ ਸਿੰਘ ਸਿਰਸਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: