ਲੜੀਵਾਰ ਕਿਤਾਬਾਂ

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 13)

November 26, 2010 | By

(ਪਾਠ 2: ਰਾਜਸੀ ਜਾਗ੍ਰਿਤੀ ਤੇ ਜੱਦੋਜਹਿਦ): ਗੁਰਦੁਆਰਾ ਸੁਧਾਰ ਲਹਿਰ : ਇਕ ਨਵਾਂ ਮੋੜ(ਪਾਠਕਾਂ ਦੇ ਧਿਆਨ ਹਿੱਤ: ਇਸ ਲਿਖਤ ਵਿੱਚ ਜੋ ਅੰਕ {} ਵਿੱਚ ਪਾਏ ਗਏ ਹਨ, ਉਹ ਹਵਾਲਾ/ਟਿੱਪਣੀ ਸੂਚਕ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਇਸ ਹਿੱਸੇ ਦੇ ਅਖੀਰ ਵਿੱਚ ਦਰਜ਼ ਹਨ।)

Sikh Politics of Twentieth Century - Book by Ajmer Singhਆਪਣੇ ਉਦੇਸ਼ਾਂ ਪੱਖੋਂ ਗੁਰਦੁਆਰਾ ਸੁਧਾਰ ਤਹਿਰੀਕ ਸਿੰਘ ਸਭਾ ਲਹਿਰ ਦਾ ਹੀ ਜਾਰੀ ਅਮਲ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਅਠਾਰਵੀਂ ਸਦੀ ’ਚ ਸਿੰਘਾਂ ਉਤੇ ਜ਼ੁਲਮ ਵਧਣ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਸੰਪਰਦਾਇ ਹੱਥ ਚਲਾ ਗਿਆ। ਇਸ ਨਾਲ ਗੁਰਦੁਆਰਿਆਂ ਅੰਦਰ ਗੁਰਮਤਿ ਵਿਰੋਧੀ ਰਹੁ-ਰੀਤਾਂ ਤੇ ਅਮਲ ਸ਼ੁਰੂ ਹੋ ਗਏ। ਸਿੱਖ ਰਾਜ ਵੇਲੇ ਗੁਰਦੁਆਰਿਆਂ ਦੇ ਨਾਉਂ ਵੱਡੀਆਂ ਜਾਗੀਰਾਂ ਤਾਂ ਲੱਗ ਗਈਆਂ ਪਰ ਇਨ੍ਹਾਂ ਦੇ ਪ੍ਰਬੰਧ ਲਈ ਕੋਈ ਮਰਿਆਦਾ ਤੈਅ ਨਾ ਹੋਈ। ਸਿੱਖ ਜੀਵਨ ਦੇ ਹੋਰਨਾਂ ਖੇਤਰਾਂ ਵਾਂਗ, ਗੁਰਦੁਆਰਿਆਂ ਅੰਦਰ ਵੀ ਬ੍ਰਾਹਮਣਵਾਦੀ ਪ੍ਰਭਾਵਾਂ ਦਾ ਬੋਲਬਾਲਾ ਹੋ ਗਿਆ। ਉਦਾਸੀ ਮਹੰਤਾਂ ਨੇ ਹਿੰਦੂ ਪਰੰਪਰਾ ਮੁਤਾਬਕ ਚੇਲੇ ਭਰਤੀ ਕਰਨੇ ਅਤੇ ਆਪਣੇ ਵਾਰਸ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ। ਅੰਗਰੇਜ਼ਾਂ ਵੇਲੇ ਜ਼ਮੀਨ ਮਾਲਕੀ ਦੇ ਕਾਨੂੰਨਾਂ ਅੰਦਰ ਸੋਧਾਂ ਹੋਣ ਕਾਰਨ ਬਹੁਤੇ ਗੁਰਦੁਆਰਿਆਂ ਦੀ ਜਾਇਦਾਦ ਮਹੰਤਾਂ ਦੇ ਨਾਂ ਹੋ ਗਈ। ਨਹਿਰਾਂ ਨਿਕਲਣ ਕਰਕੇ ਅਤੇ ਖੇਤੀ ’ਚ ਆਏ ਸੁਧਾਰਾਂ ਦੀ ਬਦੌਲਤ ਗੁਰਦੁਆਰਿਆਂ ਦੀ ਆਮਦਨ ’ਚ ਚੋਖਾ ਵਾਧਾ ਹੋ ਗਿਆ। ਨਿਸ਼ਚਿਤ ਮਰਿਆਦਾ ਦੀ ਅਣਹੋਂਦ ਕਰਕੇ ਇਸ ਨਾਲ ਗੁਰਦੁਆਰਾ ਪ੍ਰਬੰਧ ਅੰਦਰ ਬੇਨਿਯਮੀਆਂ ਤੇ ਮਹੰਤਾਂ ਦੇ ਜੀਵਨ ਅਮਲ ਅੰਦਰ ਵੱਡੇ ਵਿਕਾਰ ਪੈਦਾ ਹੋ ਗਏ। ਸਿੰਘ ਸਭਾ ਲਹਿਰ ਦੇ ਪ੍ਰਚਾਰ ਪਸਾਰ ਨਾਲ ਸਿੱਖ ਭਾਈਚਾਰੇ ਅੰਦਰ ਪੈਦਾ ਹੋਈ ਨਵੀਂ ਚੇਤਨਾ ਕਾਰਨ ਸ਼ਰਧਾਲੂ ਸਿੱਖ ਵਰਗ ਨੂੰ ਮਹੰਤਾਂ ਦਾ ਆਚਾਰ-ਵਿਹਾਰ ਚੁੱਭਣ ਲੱਗਾ। ਸਹਿਜੇ ਸਹਿਜੇ ਗੁਰੁਦਆਰਿਆਂ ਦੇ ਪ੍ਰਬੰਧ ਅੰਦਰ ਸੁਧਾਰਾਂ ਦੀ ਲੋੜ ਦਾ ਅਹਿਸਾਸ ਜ਼ੋਰ ਫੜ ਤੁਰਿਆ। ਕੁਝ ਜਗ੍ਹਾ ਸਿੰਘਾਂ ਨੇ ਕਾਨੂੰਨੀ ਚਾਰਾਜ਼ੋਈ ਨਾਲ ਮਹੰਤਾਂ ਨੂੰ ਬਦਲਣਾ ਚਾਹਿਆ। ਪਰ ਅਦਾਲਤੀ ਸਿਲਸਿਲਾ ਉਲਝਵਾਂ, ਖਰਚੀਲਾ ਤੇ ਨਾਲ ਹੀ ਪੱਖਪਾਤੀ ਵੀ ਸੀ। ਇਸ ਕਰਕੇ ਸਿੱਖ ਵਰਗ ਅੰਦਰ ਅੰਦੋਲਨਵਾਦੀ (ਐਜੀਟੇਸ਼ਨਲ) ਸੋਚ ਅਤੇ ਪ੍ਰਵਿਰਤੀਆਂ ਜ਼ੋਰ ਫੜਨ ਲੱਗੀਆਂ। ਇਸ ਨਵੇਂ ਰੁਝਾਨ ’ਚੋਂ ਸਿੱਖ ਰਾਜਨੀਤੀ ਦੀ ਨਵੀਂ ਸ਼ਕਲ ਸੂਰਤ ਉਭਰ ਕੇ ਸਾਹਮਣੇ ਆਈ।

ਉਨੀਵੀਂ ਸਦੀ ਦੇ ਆਖਰੀ ਸਾਲਾਂ ਦੌਰਾਨ ਸਿੰਘ ਸਭਾਵਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਣ ਨਾਲ, ਉਨ੍ਹਾਂ ਦੀਆਂ ਸਰਗਰਮੀਆਂ ਅੰਦਰ ਤਾਲਮੇਲ ਬਿਠਾਉਣ ਲਈ ਕਿਸੇ ਕੇਂਦਰੀ ਸਿੱਖ ਸੰਸਥਾ ਦੀ ਲੋੜ ਖੜ੍ਹੀ ਹੋ ਗਈ ਸੀ। ਇਸ ਲੋੜ ਨੂੰ ਪੂਰਾ ਕਰਨ ਲਈ 1902 ਵਿਚ ਚੀਫ ਖਾਲਸਾ ਦੀਵਾਨ ਨਾਂ ਦੀ ਜਥੇਬੰਦੀ ਹੋਂਦ ਵਿਚ ਆਈ। ਇਸ ਬਾਰਸੂਖ ਸਿੱਖ ਸੰਸਥਾ ਦੇ ਅਹੁਦੇਦਾਰ ਧਾਰਮਿਕ, ਸਮਾਜੀ, ਸਭਿਆਚਾਰਕ ਤੇ ਸਿਆਸੀ ਮਸਲਿਆਂ ’ਤੇ ਸਿੱਖ ਪੰਥ ਦੀ ਤਰਜਮਾਨੀ ਕਰਦੇ ਸਨ। ਚੀਫ ਖਾਲਸਾ ਦੀਵਾਨ ਦੀ ਲੀਡਰਸ਼ਿੱਪ ਰਈਸ ਵਰਗ ਦੇ ਹੱਥਾਂ ਵਿਚ ਸੀ। (ਸੁੰਦਰ ਸਿੰਘ ਮਜੀਠੀਆ ਇਸ ਦਾ ਬਾਨੀ ਸਕੱਤਰ ਬਣਿਆ ਤੇ 1921 ਤੱਕ ਇਸ ਅਹੁਦੇ ’ਤੇ ਬਿਰਾਜਮਾਨ ਰਿਹਾ।) ਇਸ ਵਰਗ ਦਾ ਸਿੱਖੀ ਦੇ ਸਿਧਾਂਤਾਂ ਦੀ ਥਾਂ ਸਿੱਖੀ ਦੇ ਬਾਹਰੀ ਚਿੰਨ੍ਹਾਂ ਨਾਲ ਵਧੇਰੇ ਸਰੋਕਾਰ ਸੀ। ਇਹ ਵਰਗ ਅੰਗਰੇਜ਼ ਹਕੂਮਤ ਨਾਲ ਟਕਰਾਉ ਦੇ ਉੱਕਾ ਹੀ ਪੱਖ ਵਿਚ ਨਹੀਂ ਸੀ। ਅਸਲ ਵਿਚ, ਇਸ ਮਾਮਲੇ ’ਚ, ਚੀਫ ਖਾਲਸਾ ਦੀਵਾਨ ਦੀ ਲੀਡਰਸ਼ਿੱਪ ਸਿੰਘ ਸਭਾ ਲਹਿਰ ਦੇ ਮੋਢੀਆਂ ਦੀ ਸੋਚ ਤੇ ਵਿਰਾਸਤ ਨੂੰ ਹੀ ਜਾਰੀ ਰੱਖ ਰਹੀ ਸੀ। ਇਸ ਦੇ ਵਿਚਾਰ ਵਿਚ, ਸਿੱਖੀ ਸੁਧਾਰ ਜਾਂ ਗੁਰਦੁਆਰਾ ਸੁਧਾਰ ਦਾ ਕਾਰਜ, ਆਪਣੇ ਆਪ ਵਿਚ, ਸਿੱਖ ਭਾਈਚਾਰੇ ਦੇ ਅੰਗਰੇਜ਼ ਹਕੂਮਤ ਨਾਲ ਵਿਰੋਧ ਜਾਂ ਟਕਰਾਉ ਦਾ ਆਧਾਰ ਨਹੀਂ ਸੀ ਬਣਦਾ। ਉਹ ਸਗੋਂ ਇਸ ਮਾਮਲੇ ਵਿਚ ਬਰਤਾਨਵੀ ਹੁਕਮਰਾਨਾਂ ਦੀ ਦਇਆ, ਹਮਦਰਦੀ ਤੇ ਹਮਾਇਤ ਦੀਆਂ ਉਮੀਦਾਂ ਰੱਖ ਕੇ ਚੱਲ ਰਹੇ ਸਨ। ਉਹ ਅੰਦੋਲਨ ਦੀ ਬਜਾਇ ਸਰਕਾਰ ਕੋਲ ਬੇਨਤੀਆਂ, ਮੰਗ-ਪੱਤਰ ਅਤੇ ਲੋੜ ਪੈਣ ’ਤੇ ਅਦਾਲਤੀ ਕਾਰਵਾਈ ਦਾ ਆਸਰਾ ਲੈਣ ਦੀ ਸੋਚ ਅਤੇ ਸਿਆਸਤ ਦੇ ਧਾਰਨੀ ਸਨ।

ਅੰਗਰੇਜ਼ਾਂ ਦੀ ਸਿੱਖਾਂ ਪ੍ਰਤੀ ਯੁੱਧਨੀਤਕ ਪਹੁੰਚ ਅੰਦਰ ਗੁਰਦੁਆਰਿਆਂ ਦੀ ਅਤੇ ਸਿੱਖ ਇਲੀਟ (ਪਤਵੰਤੇ) ਤੇ ਰਈਸ ਵਰਗ ਦੀ ਵੱਡੀ ਅਹਿਮੀਅਤ ਸੀ। ਸਿੱਖ ਜਗਤ ਨਾਲ ਰਾਬਤਾ ਗੰਢਣ, ਸੰਚਾਰ ਸਥਾਪਤ ਕਰਨ ਅਤੇ ਉਸ ਨੂੰ ਆਪਣੇ ਕੰਟਰੋਲ ਹੇਠ ਰੱਖਣ ਲਈ, ਉਹ ਇਨ੍ਹਾਂ ਨੂੰ ਕਾਰਗਰ ਔਜ਼ਾਰ ਸਮਝਦੇ ਸਨ। ਭਾਵੇਂ ਉਨ੍ਹਾਂ ਸਿੱਖ ਰਈਸਾਂ ਤੇ ਸਰਦਾਰਾਂ ਦੀ ਹਮਾਇਤ ਅਤੇ ਮੱਦਦ ਨਾਲ ਸਿੱਖ ਭਾਈਚਾਰੇ ਅੰਦਰ ਆਪਣੀ ਚੰਗੀ ਪੈਂਠ ਬਣਾ ਲਈ ਹੋਈ ਸੀ ਅਤੇ ਉਨ੍ਹਾਂ ਨੂੰ ਫੌਰੀ ਕਿਸੇ ਵੱਡੇ ਵਿਦਰੋਹ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਸੀ ਦਿੰਦੀ, ਪ੍ਰੰਤੂ ਸਿੱਖ ਕੌਮ ਦੀ ‘‘ਰਾਜ ਕਰਹਿੰ ਕੈ ਲੜ ਮਰਹਿੰ’’ ਦੀ ਤਰਬੀਅਤ ਨੂੰ ਧਿਆਨ ਵਿਚ ਰਖਦਿਆਂ ਉਹ ਲਗਾਤਾਰ ਚੌਕਸੀ ਵਰਤ ਰਹੇ ਸਨ। ਉਹ ਸਿੱਖਾਂ ਦੇ ਧਾਰਮਿਕ ਪੱਖ ਪ੍ਰਤੀ ਖਾਸ ਤੌਰ ’ਤੇ ਸੁਚੇਤ ਸਨ। ਸਿੱਖੀ ਜਜ਼ਬੇ ਦੀ ਤਾਕਤ ਤੇ ਇਸ ਦੇ ਸੰਭਾਵੀ ਤੰਤ ਬਾਰੇ ਉਹ ਜਿੰਨੇ ਚੇਤੰਨ ਸਨ, ਉਨੇ ਹੀ ਚੌਕਸ ਵੀ ਸਨ। ਇਸ ਕਰਕੇ ਜਿੱਥੇ ਆਮ ਕਰਕੇ ਉਹ ਭਾਰਤੀ ਲੋਕਾਂ ਦੇ ਧਰਮ ਅਤੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨ ਦੀ ਪਹੁੰਚ ਅਪਣਾ ਕੇ ਚੱਲ ਰਹੇ ਸਨ, ਉਥੇ ਸਿੱਖਾਂ ਦੇ ਮਾਮਲੇ ’ਚ ਉਹ ਅਲੱਗ ਤਰ੍ਹਾਂ ਵਰਤ ਰਹੇ ਸਨ। ਉਨ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਧਾਰਮਿਕ ਅਸਥਾਨਾਂ ਦੀ ਆਪ ਸੰਭਾਲ ਕਰਨ ਦੀ ਖੁੱਲ੍ਹ ਪ੍ਰਦਾਨ ਕੀਤੀ ਹੋਈ ਸੀ। ਇਸ ਵਿਚ ਸਰਕਾਰੀ ਦਖਲ ਦੀ ਕੋਈ ਵਿਵਸਥਾ ਨਹੀਂ ਸੀ ਰੱਖੀ ਗਈ। ਪਰ ਸਿੱਖਾਂ ਨੂੰ ਇਹ ਖੁੱਲ੍ਹ ਨਹੀਂ ਸੀ। 1881 ਵਿਚ ਹੀ ਇਕ ਸੀਨੀਅਰ ਬਰਤਾਨਵੀ ਅਧਿਕਾਰੀ ਨੇ ਵਾਇਸਰਾਇ (ਲਾਰਡ ਰਿੱਪਨ) ਨੂੰ ਪੱਤਰ ਲਿਖ ਕੇ ਆਗਾਹ ਕਰ ਦਿੱਤਾ ਸੀ ਕਿ ‘ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਕੂਮਤੀ ਕੰਟਰਲ ਤੋਂ ਬਾਹਰੀ ਹੱਥਾਂ ’ਚ ਚਲੇ ਜਾਣ ਦੀ ਇਜਾਜ਼ਤ ਦੇਣਾ ਸਿਆਸੀ ਤੌਰ ’ਤੇ ਖਤਰਨਾਕ ਹੋਵੇਗਾ।’’{37} ਸਿੱਖਾਂ ਦੀ ਸ਼ਰਧਾ ਤੇ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸਿੱਧੇ ਸਰਕਾਰੀ ਕੰਟਰੋਲ ਅਤੇ ਨਿਗਰਾਨੀ ਹੇਠ ਰੱਖਣ ਲਈ ਵਿਸ਼ੇਸ਼ ਵਿਵਸਥਾ ਘੜੀ ਗਈ ਸੀ। ਦਰਬਾਰ ਸਾਹਿਬ ਦੇ ਮੈਨੇਜਰ (ਸਰਬਰਾਹ) ਦੀ ਨਿਯੁਕਤੀ ਸਰਕਾਰ ਵੱਲੋਂ ਹੁੰਦੀ ਸੀ ਅਤੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸ੍ਰੀ ਦਰਬਾਰ ਸਾਹਿਬ ਦੀ ਪ੍ਰ੍ਰਬੰਧਕੀ ਕਮੇਟੀ ਦਾ, ਕਾਨੂੰਨੀ ਹੈਸੀਅਤ ਵਿਚ, ਕਰਤਾ ਧਰਤਾ ਸੀ। ਸ਼ੁਰੂ ਵਿਚ ਭਾਵੇਂ ਸਿੱਖ ਜਨਤਾ ਨੂੰ ਇਹ ਗੱਲ ਜ਼ਿਆਦਾ ਚੁਭਵੀਂ ਨਹੀਂ ਸੀ ਲਗਦੀ। ਪ੍ਰੰਤੂ ਸਿੰਘ ਸਭਾ ਦੇ ਪ੍ਰਚਾਰ ਅਤੇ ਸਰਗਰਮੀਆਂ ਦੇ ਅਸਰ ਹੇਠ ਸਿੱਖ ਭਾਈਚਾਰੇ ਅੰਦਰ ਫੈਲੀ ਧਾਰਮਿਕ ਚੇਤਨਾ ਸਦਕਾ, ਉਸ ਦੇ ਮਨਾਂ ਅੰਦਰ ਇਸ ਸਬੰਧੀ ਤਿੱਖੇ ਸੁਆਲ, ਸ਼ੰਕੇ ਅਤੇ ਇਤਰਾਜ਼ ਪੈਦਾ ਹੋਣ ਲੱਗੇ। 1906 ਵਿਚ ਸਿੰਘ ਸਭਾ ਅੰਦਰਲੇ ਗਰਮਦਲੀਆਂ ਦੇ ਦਬਾਅ ਹੇਠ ਚੀਫ ਖਾਲਸਾ ਦੀਵਾਨ ਨੇ ਇਕ ਮਤਾ ਪਾਸ ਕਰਕੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੀ ਨੁਮਾਇੰਦਾ ਕਮੇਟੀ ਹਵਾਲੇ ਕਰਨ ਦੀ ਮੰਗ ਕੀਤੀ। ਬੇਸ਼ੱਕ ਚੀਫ ਖਾਲਸਾ ਦੀਵਾਨ ਦੇ ਆਗੂਆਂ ਨੇ, ਆਪਣੀ ਸੋਚ ਅਤੇ ਖਸਲਤ ਮੁਤਾਬਕ, ਇਸ ਮਤੇ ਦੀ ਅੱਗੇ ਕੋਈ ਪੈਰਵਾਈ ਨਾ ਕੀਤੀ ਪ੍ਰੰਤੂ ਸਿੱਖ ਜਨਤਾ ਅੰਦਰ ਇਹ ਸੋਚ ਅਤੇ ਜਜ਼ਬਾ ਲਗਾਤਾਰ ਤਕੜਾਈ ਫੜਦਾ ਚਲਾ ਗਿਆ। ਸਮੁੱਚੇ ਦੇਸ ਅੰਦਰ ਬਣ ਉਸਰ ਰਹੇ ਨਵੇਂ ਰਾਜਸੀ ਮਾਹੌਲ ਦੇ ਅਸਰ ਹੇਠ ਸਿੱਖ ਭਾਈਚਾਰੇ ਅੰਦਰ ਨਵੀਂ ਸੋਚ ਅਤੇ ਨਵੀਆਂ ਭਾਵਨਾਵਾਂ ਪੈਦਾ ਹੋਣ ਲੱਗੀਆਂ। ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਮਾਮਲਿਆਂ ’ਚ ਗੈਰਾਂ ਦੀ, ਖਾਸ ਕਰਕੇ ਸਰਕਾਰ ਦੀ ਦਖਲਅੰਦਾਜ਼ੀ ਰੜਕਣ ਲੱਗ ਪਈ ਅਤੇ ਇਸ ਨੂੰ ਉਹ ਕੌਮੀ ਅਪਮਾਨ ਦੇ ਰੂਪ ’ਚ ਦੇਖਣ ਲੱਗੇ। ਫਰਵਰੀ 1919 ਵਿਚ ‘ਪੰਥ ਸੇਵਕ’ ਨਾਂ ਦੇ ਸਿੱਖ ਸਪਤਾਹਕ ਪੱਤਰ ਦੀ ਦਰਬਾਰ ਸਾਹਿਬ ਦੇ ਪ੍ਰਬੰਧ ਬਾਰੇ ਹੇਠ ਲਿਖੀ ਟਿੱਪਣੀ ਸਿੱਖ ਭਾਈਚਾਰੇ ਅੰਦਰ ਪੈਦਾ ਹੋ ਰਹੀ ਨਵੀਂ ਸੋਚ ਅਤੇ ਰੌਂਅ ਦੀ ਪ੍ਰਤੀਕ ਸੀ। ‘ਪੰਥ ਸੇਵਕ’ ਨੇ ਲਿਖਿਆ ਕਿ ‘‘ਦਰਬਾਰ ਸਾਹਿਬ ਉਤੇ ਖਾਲਸੇ ਦਾ ਕੋਈ ਕੰਟਰੋਲ ਨਹੀਂ ਰਹਿ ਗਿਆ। ਜੋ ਭੇਟਾ ਚੜ੍ਹਦੀ ਹੈ, ਉਹ ਪੰਥ ਦੀ ਨਹੀਂ। ਪ੍ਰਬੰਧ ਸਿੱਖਾਂ ਦੇ ਹੱਥ ’ਚ ਨਹੀਂ।….ਕੀ ਸਿੱਖ ਏਨੇ ਜੋਗੇ ਵੀ ਨਹੀਂ ਕਿ ਉਹ ਆਪਣੇ ਧਾਰਮਿਕ ਅਸਥਾਨਾਂ ਦੀ ਦੇਖਭਾਲ ਖੁਦ ਕਰ ਸਕਣ?’’

ਇਹੋ ਗੱਲ ਗੁਰਦੁਆਰਾ ਰਕਾਬਗੰਜ ਦੇ ਮਸਲੇ ਨਾਲ ਵਾਪਰੀ। ਅੰਗਰੇਜ਼ਾਂ ਵੱਲੋਂ ਕਲਕੱਤੇ ਦੀ ਜਗ੍ਹਾ ਦਿੱਲੀ ਨੂੰ ਰਾਜਧਾਨੀ ਬਨਾਉਣ ਦੇ ਫੈਸਲੇ ਨਾਲ ਦਿੱਲੀ ਨੂੰ ਨਵਾਂ ਰੂਪ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਵਾਈਸਰੀਗਲ (ਅਜੋਕੇ ਰਾਸ਼ਟਰਪਤੀ ਭਵਨ) ਨੂੰ ਜਾਂਦੀ ਸੜਕ ਦੀ ਚੌੜਾਈ ਵਧਾਉਣ ਲਈ, 1913 ਵਿਚ ਲੋਕ ਨਿਰਮਾਣ ਮਹਿਕਮੇ ਨੇ ਰਕਾਬਗੰਜ ਦੀ ਬਾਹਰਲੀ ਕੰਧ ਢਾਹ ਦਿੱਤੀ। ਇਸ ਨਾਲ ਸਿੱਖ ਜਗਤ ਅੰਦਰ ਗੁੱਸੇ ਦੀ ਲਹਿਰ ਫੈਲ ਗਈ। ਸਿੱਖ ਆਪਣੀ ਪ੍ਰਮੁੱਖ ਨੁਮਾਇੰਦਾ ਸੰਸਥਾ ਚੀਫ਼ ਖਾਲਸਾ ਦੀਵਾਨ ਕੋਲੋਂ ਅਸਰਦਾਰ ਕਾਰਵਾਈ ਦੀ ਉਮੀਦ ਅਤੇ ਮੰਗ ਕਰਨ ਲੱਗੇ। ਦੀਵਾਨ ਦੇ ਆਗੂਆਂ ਨੇ, ਆਪਣੀ ਰਵਾਇਤੀ ਸੋਚ ਤੇ ਸ਼ੈਲੀ ਮੁਤਾਬਕ, ਅਧਿਕਾਰੀਆਂ ਨੂੰ ਬੇਨਤੀ-ਪੱਤਰ ਭੇਜਣ ਅਤੇ ਗੱਲਬਾਤ ਰਾਹੀਂ ਕਾਇਲ ਕਰਨ ਦੀਆਂ ਕੋਸ਼ਿਸ਼ਾਂ ਤੋਂ ਅੱਗੇ ਨਾ ਕੋਈ ਕਦਮ ਪੁੱਟਣਾ ਸੀ ਤੇ ਨਾ ਪੁੱਟਿਆ। ਬਰਤਾਨਵੀ ਅਧਿਕਾਰੀ ਸਿੱਖ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਸਨ। ਪਰ ਏਨੇ ਨੂੰ ਪਹਿਲੀ ਸੰਸਾਰ ਜੰਗ ਛਿੜ ਪਈ। ਇਸ ਨਾਲ ਇਹ ਮਸਲਾ ਆਰਜ਼ੀ ਤੌਰ ’ਤੇ ਦਬ ਗਿਆ। ਜੰਗ ਦੇ ਖਾਤਮੇ ਨਾਲ ਹੀ ਇਹ ਮਸਲਾ ਮੁੜ ਉਠ ਖੜ੍ਹਾ ਹੋਇਆ। ਸਿੱਖ ਜਨਤਾ ਢਾਹੀ ਹੋਈ ਕੰਧ ਨੂੰ ਮੁੜ ਉਸਾਰਨ ਦੀ ਮੰਗ ਕਰ ਰਹੀ ਸੀ। ਪਰ ਅੰਗਰੇਜ਼ ਸਰਕਾਰ ਹੁਕਮਰਾਨੀ ਹੈਂਕੜ ਕਰਕੇ ਆਪਣੀ ਪੋਜ਼ੀਸ਼ਨ ਤੋਂ ਪਿਛਾਂਹ ਹਟਣ ਲਈ ਰਾਜ਼ੀ ਨਹੀਂ ਸੀ। ਚੀਫ ਖਾਲਸਾ ਦੀਵਾਨ ਦੇ ਆਗੂ ਆਪਣੀ ਰਵਾਇਤੀ ਸੋਚ ਅਤੇ ਪੈਂਤੜੇ ਤੋਂ ਇਧਰ ਉਧਰ ਹੋਣ ਲਈ ਤਿਆਰ ਨਹੀਂ ਸਨ। ਇਸ ਨਾਲ ਸਿੱਖ ਲੀਡਰਸ਼ਿੱਪ ਦਾ ਇਹ ਵਰਗ ਸਿੱਖ ਜਨਤਾ ਦੇ ਮਨੋਂ ਲੱਥਣਾ ਸ਼ੁਰੂ ਹੋ ਗਿਆ। ਭਾਰੂ ਸਿੱਖ ਰੌਂਅ ਸਰਕਾਰ ਨਾਲ ਕਰਾਰੇ ਹੱਥੀਂ ਨਿਪਟਣ ਦੇ ਹੱਕ ਵਿਚ ਸੀ। ਇਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਜਦ ਲਾਹੌਰ ਤੋਂ ਛਪਦੇ ‘ਅਕਾਲੀ’ ਨਾਉਂ ਦੇ ਸਿੱਖ ਅਖਬਾਰ (2 ਸਤੰਬਰ 1920) ਵਿਚ ਸ. ਸਰਦੂਲ ਸਿੰਘ ਕਵੀਸ਼ਰ ਵੱਲੋਂ ਇਹ ਅਪੀਲ ਪ੍ਰਕਾਸ਼ਤ ਹੋਈ ਕਿ ਰਕਾਬਗੰਜ ਦੀ ਕੰਧ ਨੂੰ ਮੁੜ ਖੜ੍ਹੀ ਕਰਨ ਲਈ ਪੰਥ ਨੂੰ ਇਕ ਸੌ ਸਿਰਲੱਥ ਯੋਧਿਆਂ ਦੀ ਲੋੜ ਹੈ ਤਾਂ ਇਕ ਸੌ ਦੀ ਜਗ੍ਹਾ ਤੁਰੰਤ ਸੱਤ ਸੌ ਮਰਜੀਵੜੇ ਮੈਦਾਨ ਵਿਚ ਨਿਤਰ ਆਏ। ਅਨੇਕਾਂ ਸਿੰਘਾਂ ਨੇ ਆਪਣੇ ਖੂਨ ਨਾਲ ਚਿੱਠੀਆਂ ਲਿਖ ਕੇ ਭੇਜੀਆਂ।{38}

1918 ਵਿਚ ਸਿਆਲਕੋਟ ਵਿਖੇ ‘ਬਾਬੇ ਦੀ ਬੇਰ’ ਗੁਰਦੁਆਰੇ ਦੇ ਮਹੰਤ ਦੀ ਮੌਤ ਹੋ ਜਾਣ ਉਪਰੰਤ ਵਿਰਾਸਤ ਦਾ ਝਗੜਾ ਉਠ ਖੜ੍ਹਾ ਹੋਇਆ। ਗੁਰਦੁਆਰਿਆਂ ਦੇ ਪ੍ਰਬੰਧ ਅੰਦਰ ਸੁਧਾਰ ਲਿਆਉਣ ਦਾ ਵਿਚਾਰ ਸਿੱਖ ਜਗਤ ਦੇ ਵੱਡੇ ਹਿੱਸਿਆਂ ਅੰਦਰ ਫੈਲ ਚੁੱਕਾ ਸੀ। ਇਸ ਦੇ ਅਸਰ ਹੇਠ, ਜਗ੍ਹਾ ਜਗ੍ਹਾ ਸੁਧਾਰਵਾਦੀ ਤੱਤ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਸੰਗਤਾਂ ਦੇ ਹੱਥ ਦੇਣ ਦੀ ਮੰਗ ਉਠਾਉਣ ਲੱਗੇ। ‘ਬਾਬੇ ਦੀ ਬੇਰ’ ਗੁਰਦੁਆਰੇ ਦਾ ਪ੍ਰਬੰਧ ਸਿੱਖ ਸੰਗਤਾਂ ਦੇ ਹਵਾਲੇ ਕਰਨ ਦੀ ਮੰਗ ਕਾਫੀ ਜ਼ੋਰ ਫੜ ਗਈ। ਸਿੰਘ ਸਭਾ ਲਹਿਰ ਦੇ ਕਾਰੁਕੰਨਾਂ ਨੇ ਇਸ ਸਬੰਧੀ ਮਤੇ ਪਾਏ, ਅਧਿਕਾਰੀਆਂ ਨੂੰ ਯਾਦ-ਪੱਤਰ ਦਿੱਤੇ, ਕਾਨੂੰਨ ਦਾ ਆਸਰਾ ਵੀ ਲਿਆ। ਪਰ ਉਨ੍ਹਾਂ ਦੇ ਇਹ ਸਾਰੇ ਯਤਨ ਨਿਹਫਲ ਹੋ ਕੇ ਰਹਿ ਗਏ। ਇਹ ਕੋਈ ’ਕੱਲੀ ਕਹਿਰੀ ਘਟਨਾ ਨਾ ਰਹਿ ਕੇ, ਉਸ ਵੇਲੇ ਦਾ ਆਮ ਵਰਤਾਰਾ ਹੀ ਬਣ ਗਿਆ ਸੀ। ਗੁਰਧਾਮਾਂ ਦਾ ਪ੍ਰਬੰਧ ਸੁਧਾਰਨ ਅਤੇ ਭ੍ਰਿਸ਼ਟ ਮਹੰਤਾਂ ਨੂੰ ਲਾਂਭੇ ਕਰਕੇ ਗੁਰਦੁਆਰਿਆਂ ਨੂੰ ਸਿੱਖ ਸੰਗਤਾਂ ਦੇ ਹਵਾਲੇ ਕਰਨ ਦੀ ਮੰਗ ਥਾਂ ਥਾਂ ਉਠਣ ਲੱਗ ਪਈ। ਜਲਦੀ ਹੀ ਇਹ ਰੁਝਾਨ ਇਕ ਤਾਕਤਵਰ ਲਹਿਰ ਦਾ ਰੂਪ ਅਖਤਿਆਰ ਕਰ ਗਿਆ। ਇਸ ਨਾਲ ਸਿੱਖ ਕੌਮ ਦੇ ਅੰਗਰੇਜ਼ ਸਰਕਾਰ ਨਾਲ ਰਿਸ਼ਤੇ ਅੰਦਰ ਵੱਡੀ ਤਬਦੀਲੀ ਦਾ ਆਧਾਰ ਤਿਆਰ ਹੋਣ ਲੱਗਾ। ਅੰਗਰੇਜ਼ ਹਾਕਮ ਤੇ ਰਵਾਇਤੀ ਸਿੱਖ ਲੀਡਰਸ਼ਿਪ, ਦੋਨੋਂ ਹੀ ਇਸ ਘਟਨਾ ਕਰਮ ਤੋਂ ਡਾਢੇ ਫਿਕਰਮੰਦ ਸਨ। ਪਰ ਘਟਨਾਵਾਂ ਦੇ ਵਹਿਣ ਮੂਹਰੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ।

ਉਂਜ ਦੇਖਿਆ ਜਾਵੇ ਤਾਂ ਗੁਰਦੁਆਰਾ ਸੁਧਾਰ ਲਹਿਰ ਦਾ ਸੁਭਾਵਿਕ ਵਹਿਣ ਸਰਕਾਰ ਵਿਰੋਧੀ ਘੱਟ ਅਤੇ ਹਿੰਦੂਵਾਦ ਵਿਰੋਧੀ ਜ਼ਿਆਦਾ ਸੀ। ਇਸ ਦਾ ਅਸਲੀ ਉਦੇਸ਼ ਤਾਂ ਗੁਰਦੁਆਰਿਆਂ ਅੰਦਰ ਪ੍ਰਚਲਤ ਹਿੰਦੂ ਰਹੁ-ਰੀਤਾਂ ਦਾ ਖਾਤਮਾ ਕਰਨਾ ਸੀ। ਸਿੱਖ ਧਰਮ ਦੀ ਹਿੰਦੂਵਾਦ ਨਾਲੋਂ ਵੱਖਰੀ ਪਛਾਣ ਤੇ ਸੁਤੰਤਰ ਹਸਤੀ ਜਤਾਉਣ ਵਾਸਤੇ, ਵੱਖਰੀ ਸਿੱਖ ਪਛਾਣ ਨੂੰ ਖੋਰਾ ਲਾ ਰਹੇ ਹਿੰਦੂਵਾਦੀ ਅਮਲਾਂ ’ਤੇ ਰੋਕ ਲਾਉਣੀ ਜ਼ਰੂਰੀ ਸੀ। ਗੁਰਦੁਆਰਿਆਂ ਦਾ ਡੇਰਿਆਂ/ਅਖਾੜਿਆਂ ਨਾਲੋਂ ਨਖੇੜਾ ਕਰਨਾ ਜ਼ਰੂਰੀ ਸੀ। ਅਜਿਹਾ ਕੀਤੇ ਬਗੈਰ ਸਿੱਖੀ ਦੇ ਹਿੰਦੂ ਧਰਮ ਨਾਲੋਂ ਨਖੇੜੇ ਦਾ ਕਾਰਜ ਪੂਰਾ ਨਹੀਂ ਸੀ ਹੁੰਦਾ। ਸਿੰਘ ਸਭਾ ਲਹਿਰ ਨੇ ਇਸ ਦੇ ਲਈ ਲੋੜੀਂਦਾ ਵਿਚਾਰਧਾਰਕ ਆਧਾਰ ਤਿਆਰ ਕਰ ਦਿੱਤਾ ਸੀ। ਸਿੱਖ ਪੰਥ ਅੰਦਰ ਜਿਉਂ-ਜਿਉਂ ਇਹ ਚੇਤਨਾ ਤਿੱਖੀ ਹੁੰਦੀ ਗਈ, ਤਿਉਂ ਤਿਉਂ ਗੁਰਦੁਆਰਿਆਂ ਅੰਦਰ ਪ੍ਰਚਲਤ ਹਿੰਦੂਵਾਦੀ ਅਮਲਾਂ ਦੇ ਵਿਰੋਧ ਦੀਆਂ ਭਾਵਨਾਵਾਂ ਜ਼ੋਰ ਫੜਦੀਆਂ ਗਈਆਂ। ਅੰਮ੍ਰਿਤਸਰ ਦਰਬਾਰ ਸਾਹਿਬ ਅੰਦਰ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਵਾਲੇ ਕਮਰੇ ’ਚ ਬਹੁ-ਭੁਜਾਵਾਂ ਵਾਲੀ ਖੜਗਧਾਰੀ ਦੇਵੀ ਦੀ ਮੂਰਤ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਸਾਹਮਣੇ ਨੰਗੇ ਪੈਰੀਂ ਅਧੀਨਗੀ ਨਾਲ ਖੜ੍ਹੇ ਦਿਖਾਇਆ ਗਿਆ ਸੀ, ਪਤਾ ਨਹੀਂ ਕਿੰਨੇ ਚਿਰਾਂ ਤੋਂ ਬਰਦਾਸ਼ਤ ਹੁੰਦੀ ਆ ਰਹੀ ਸੀ। ਪਰ ਸਿੱਖ ਪੰਥ ਅੰਦਰ ਨਵੀਂ ਚੇਤਨਾ ਵਿਕਸਤ ਹੋਣ ਦੀ ਦੇਰ ਸੀ ਕਿ ਦਰਬਾਰ ਸਾਹਿਬ ਵਰਗੇ ਕੇਂਦਰੀ ਧਾਰਮਿਕ ਅਸਥਾਨ ਅੰਦਰ ਅਜਿਹੀ ਗੁਰਮਤਿ ਵਿਰੋਧੀ ਰੀਤ ਸਿੱਖ ਸੰਵੇਦਨਾ ਨੂੰ ਕੰਡੇ ਵਾਂਗ ਚੁੱਭਣ ਲੱਗ ਪਈ। ਇਸੇ ਤਰ੍ਹਾਂ ਹਿੰਦੂਵਾਦੀ ਅਨਸਰਾਂ ਵੱਲੋਂ ਦੁੱਖ ਭੰਜਨੀ ਬੇਰੀ ਹੇਠ ਹਿੰਦੂ ਮੂਰਤੀਆਂ ਸਜਾ ਕੇ ਉਨ੍ਹਾਂ ਦੀ ਪੂਜਾ ਆਰੰਭਣ ਦਾ ਕਰਮ, ਸਿੱਖ ਧਰਮ ਅੰਦਰ ਹਿੰਦੂਵਾਦੀ ਘੁਸਪੈਠ ਕਰਨ ਦੀ ਗਿਣੀ ਮਿੱਥੀ ਚਾਲ ਵਜੋਂ ਦੇਖਿਆ ਅਤੇ ਨਿੰਦਿਆ ਜਾਣ ਲੱਗਾ। ਇਹ ਹਰਕਤ ਏਨੀ ਭੜਕਾਊ ਸੀ ਕਿ ਦਰਬਾਰ ਸਾਹਿਬ ਦੇ ਮੈਨੇਜਰ ਅਰੂੜ ਸਿੰਘ ਨੂੰ, ਜੋ ਖੁਦ ਸਿੱਖਾਂ ਨੂੰ ਇਕ ਹਿੰਦੂ ਫਿਰਕਾ ਮੰਨਣ ਤੇ ਪ੍ਰਚਾਰਨ ਵਾਲਿਆਂ ’ਚੋਂ ਸੀ, ਚੀਫ ਖਾਲਸਾ ਦੀਵਾਨ ਦੇ ਜ਼ੋਰ ਪਾਉਣ ’ਤੇ 2 ਮਈ 1905 ਨੂੰ ਦਰਬਾਰ ਸਾਹਿਬ ਅੰਦਰੋਂ ਇਨ੍ਹਾਂ ਹਿੰਦੂ ਮੂਰਤੀਆਂ ਨੂੰ ਤੁਰੰਤ ਹਟਾਉਣ ਦਾ ਆਦੇਸ਼ ਜਾਰੀ ਕਰਨਾ ਪਿਆ। ਆਰੀਆ ਸਮਾਜ, ਜੋ ਖੁਦ ਮੂਰਤੀ ਪੂਜਾ ਦੀ ਕੱਟੜ² ਵਿਰੋਧਤਾ ਕਰਦਾ ਸੀ, ਨੇ ਇਸ ਆਦੇਸ਼ ਦੀ ਤਿੱਖੀ ਮੁਖਾਲਫਤ ਕੀਤੀ। ਅਖੇ ਇਸ ਨਾਲ ‘‘ਹਿੰਦੂ ਸਿੱਖਾਂ ਦੇ ਸਬੰਧਾਂ ’ਚ ਤਨਾਉ ਪੈਦਾ ਹੋਵੇਗਾ।’’ ਆਰੀਆ ਸਮਾਜੀਆਂ ਨੇ ਤੇਰਾਂ ਹਜ਼ਾਰ ਦਸਖ਼ਤ ਕਰਵਾ ਕੇ ਸਰਕਾਰ ਨੂੰ ਭੇਜੀ ਪਟੀਸ਼ਨ ਅੰਦਰ ਫਰਿਆਦ ਕੀਤੀ ਕਿ ਉਹ ਹਿੰਦੂ ਮੂਰਤੀਅਆਂ ਨੂੰ ਮੁੜ ਬਹਾਲ ਕਰਵਾਏ। ਇਕ ਗਿਆਰਾਂ ਮੈਂਬਰੀ ਵਫਦ ਮਹਾਰਾਜਾ ਨਾਭਾ ਕੋਲ ਭੇਜਿਆ ਕਿ ਉਹ ਆਪਣਾ ਅਸਰ ਰਸੂਖ ਵਰਤ ਕੇ ਅਰੂੜ ਸਿੰਘ ਨੂੰ ਇਹ ਆਦੇਸ਼ ਵਾਪਸ ਲੈਣ ਲਈ ਮਨਾਏ।{39} ਆਰੀਆ ਸਮਾਜ ਦਾ ਇਹ ਵਿਰੋਧ ਸਗੋਂ ਉਲਟ ਉਪਜਾਊ ਸਾਬਤ ਹੋਇਆ। ਇਸ ਨਾਲ ਸਿੱਖ ਪੰਥ ਅੰਦਰ ਵੱਖਰੀ ਪਛਾਣ ਦੀ ਚੇਤਨਾ ਦੀ ਧਾਰ ਹੋਰ ਤਿੱਖੀ ਹੋ ਗਈ।

ਹਿੰਦੂ ਸਮਾਜ ਅੰਦਰਲੇ ਕੁਝ ਹਿੱਸੇ ਸਿੱਖ ਭਾਈਚਾਰੇ ਅੰਦਰ ਜ਼ੋਰ ਫੜ ਰਹੀਆਂ ਇਨ੍ਹਾਂ ਵੱਖਰੇਪਣ ਦੀਆਂ ਭਾਵਨਾਵਾਂ ਤੋਂ ਡਾਢੇ ਪਰੇਸ਼ਾਨ ਅਤੇ ਚਿੰਤਾਤੁਰ ਸਨ। ਖਾਸ ਕਰਕੇ ਸਨਾਤਨੀ ਵਰਗ, ਜੋ ਭਾਰਤੀ ਮੂਲ ਦੇ ਸਭਨਾਂ ਧਾਰਮਿਕ ਮੱਤਾਂ ਤੇ ਫਿਰਕਿਆਂ (ਬੁੱਧ, ਜੈਨ, ਸਿੱਖ ਆਦਿ) ਨੂੰ ਹਿੰਦੂਵਾਦ ਦੀਆਂ ਹੀ ਵੰਨਗੀਆਂ ਮਿਥ ਕੇ ਚੱਲਦਾ ਸੀ ਅਤੇ ਗੈਰ-ਭਾਰਤੀ ਧਰਮਾਂ (ਇਸਲਾਮ ਤੇ ਈਸਾਈਅਤ) ਖਿਲਾਫ ਆਪਣੇ ਫਿਰਕੂ ਜਹਾਦ ਅੰਦਰ ਇਨ੍ਹਾਂ ਸਭਨਾਂ ‘‘ਭਾਰਤੀ’’ ਧਾਰਮਿਕ ਮੱਤਾਂ ਤੇ ਫਿਰਕਿਆਂ ਦੀ ਮਜ਼ਬੂਤ ਯਕਜਹਿਤੀ ਦੀ ਸਮਝ ਅਤੇ ਸੇਧ ਦਾ ਧਾਰਨੀ ਸੀ। ਸਿੱਖ ਧਰਮ ਦੀ ਹਿੰਦੂਵਾਦ ਨਾਲੋਂ ਵੱਖਰੀ ਪਛਾਣ ਜਤਾਉਣ ਦੀ ਕੋਸ਼ਿਸ਼ ਇਨ੍ਹਾਂ ਹਿੰਦੂਵਾਦੀ ਤਾਕਤਾਂ ਦੇ ਉਦੇਸ਼ਾਂ ਤੇ ਗਿਣਤੀਆਂ-ਮਿਣਤੀਆਂ ਵਿਚ ਵੱਡਾ ਵਿਘਨ ਪਾ ਰਹੀ ਸੀ। ਇਸ ਕਰਕੇ ਇਹ ਤਾਕਤਾਂ ਸਿੱਖ ਭਾਈਚਾਰੇ ਦੀ ਇਸ ਸੋਚ ਅਤੇ ਰੁਝਾਨ ਨੂੰ ਗਹਿਰੀ ਚਿੰਤਾ ਦੀ ਨਜ਼ਰ ਨਾਲ ਦੇਖ ਰਹੀਆਂ ਸਨ ਅਤੇ ਇਸ ਦਾ ਕੋਈ ਉਪਾਅ ਲੱਭ ਰਹੀਆਂ ਸਨ। ਸਿੱਖ ਭਾਈਚਾਰੇ ਦਾ ਬਰਤਾਨਵੀ ਹਾਕਮਾਂ ਨਾਲ ਤਿੱਖਾ ਹੋ ਰਿਹਾ ਟਕਰਾਉ ਇਨ੍ਹਾਂ ਹਿੰਦੂਵਾਦੀ ਤਾਕਤਾਂ ਦੇ ਇਨ੍ਹਾਂ ਮਨਸ਼ਿਆਂ ਤੇ ਮਨਸੂਬਿਆਂ ਦੇ ਅਨੁਕੂਲ ਬੈਠਦਾ ਸੀ। ਇਸ ਨਾਲ ਇਕ ਤਾਂ ਸਿੱਖ ਲੀਡਰਸ਼ਿੱਪ ਅੰਦਰਲਾ ਅੰਗਰੇਜ਼ ਭਗਤ ਵਰਗ ਚੀਫ ਖਾਲਸਾ ਦੀਵਾਨ ਤੇ ਹੋਰ ਰਈਸ ਤੱਤ, ਜੋ ਵੱਖਰੀ ਸਿੱਖ ਪਛਾਣ ਉਤੇ ਖਾਸ ਦੱਬ ਦੇ ਰਹੇ ਸਨ, ਸਿੱਖ ਭਾਈਚਾਰੇ ’ਚੋਂ ਖੁਦ-ਬ-ਖੁਦ ਅਲੱਗ ਥਲੱਗ ਹੁੰਦੇ ਸਨ। ਦੂਜਾ, ਅੰਗੇਰਜ਼ਾਂ ਨਾਲ ਟਕਰਾਉ ਦੇ ਤਿੱਖਾ ਹੋ ਜਾਣ ਦੀ ਸੂਰਤ ਵਿਚ ਸਿੱਖ ਕੌਮ ਦਾ ਹਿੰਦੂ ਵਰਗ ਨਾਲ ਵਿਰੋਧ ਆਪਣੇ ਆਪ ਠੰਢਾ ਪੈਂਦਾ ਸੀ। ਤੀਜਾ, ਇਸ ਨਾਲ ਹਿੰਦੂਵਾਦੀ ਤਾਕਤਾਂ ਦੀਆਂ ਵਿਸ਼ਾਲ ਹਿੰਦੂ ਏਕਤਾ ਸਾਕਾਰ ਕਰਨ ਅਤੇ ਇਸ ਦੇ ਆਸਰੇ ਭਾਰਤੀ ਰਾਜਭਾਗ ਦੀ ਵਾਗਡੋਰ ਸੰਭਾਲਣ ਦੀਆਂ ਰਾਜਸੀ ਮੁਰਾਦਾਂ ਪੂਰੀਆਂ ਹੁੰਦੀਆਂ ਸਨ। ਇਸ ਵਜ੍ਹਾ ਕਰਕੇ, ਇਹ ਹਿੰਦੂਵਾਦੀ ਤਾਕਤਾਂ ਗੁਰਦੁਆਰਾ ਸੁਧਾਰ ਲਹਿਰ ਦੇ ਉਦੇਸ਼ਾਂ ਤੇ ਟੀਚਿਆਂ ਅੰਦਰ ਅਛੋਪਲੇ ਹੀ ਤਬਦੀਲੀ ਕਰ ਦੇਣ ਅਤੇ ਇਸ ਦੇ ਹਮਲੇ ਦੀ ਧਾਰ ਹਿੰਦੂਵਾਦ ਵੱਲੋਂ ਮੋੜ ਕੇ ਅੰਗਰੇਜ਼ ਸਰਕਾਰ ਵੱਲ ਭੂੰਆ ਦੇਣ ਦੀ ਸੋਚ ਅਤੇ ਇੱਛਾ ਪਾਲ ਰਹੀਆਂ ਸਨ। ਆਪਣੀਆਂ ਇਨ੍ਹਾਂ ਇਛਾਵਾਂ ਨੂੰ ਹਕੀਕਤ ਵਿਚ ਪਲਟਣ ਲਈ ਇਹ ਢੁਕਵੇਂ ਮੌਕਿਆਂ ਤੇ ਬਹਾਨਿਆਂ ਦੀ ਤਲਾਸ਼ ਵਿਚ ਸਨ। ਜਿਵੇਂ ਕਿ ਅੱਗੇ ਚੱਲ ਕੇ ਦੇਖਿਆ ਜਾਵੇਗਾ, ਉਨ੍ਹਾਂ ਨੂੰ ਅਜਿਹੇ ਗਨੀਮਤ ਮੌਕੇ ਅਤੇ ਬਹਾਨੇ ਛੇਤੀ ਤੇ ਸੁਖਾਲਿਆਂ ਹੀ ਜੁੜ ਗਏ। ਇਨ੍ਹਾਂ ਤਾਕਤਾਂ ’ਚ ਹਿੰਦੂ ਮਹਾਂ ਸਭਾ ਤੇ ਆਰੀਆ ਸਮਾਜੀ ਕੱਟੜਵਾਦੀ ਹਿੰਦੂ ਸੰਗਠਨਾਂ ਤੋਂ ਲੈ ਕੇ ਕਾਂਗਰਸ ਪਾਰਟੀ ਅੰਦਰਲੇ ਕੁਝ ਉਦਾਰਵਾਦੀ ਹਿੰਦੂ ਤੱਤ, ਜਿਨ੍ਹਾਂ ਦਾ ਸਰਗਣਾ ‘ਮਹਾਤਮਾ’ ਗਾਂਧੀ ਸੀ, ਵੀ ਸ਼ਾਮਲ ਸਨ।

ਸਿੱਖ ਲੀਡਰਸ਼ਿੱਪ ਅੰਦਰਲੇ ਰਵਾਇਤੀ ਹਿੱਸੇ ਕਿਸੇ ਵੀ ਸੂਰਤ ਅੰਗਰੇਜ਼ ਸਰਕਾਰ ਨਾਲ ਟਕਰਾਉ ਦੇ ਪੱਖ ਵਿਚ ਨਹੀਂ ਸਨ। ਨਿਰਾ-ਪੁਰਾ ਆਪਣੇ ਅੰਗਰੇਜ਼ ਭਗਤ ਖਾਸੇ ਕਰਕੇ ਹੀ ਨਹੀਂ। ਵੱਧ ਆਪਣੇ ਵਿਚਾਰਧਾਰਕ ਨਜ਼ਰੀਏ ਕਰਕੇ। ਉਨ੍ਹਾਂ ਨੂੰ ਸਿੱਖ ਕੌਮ ਵਰਗੀ ਨਿਗੂਣੀ ਘੱਟਗਿਣਤੀ ਦੇ ਇਸ ਰਾਹ ਪੈਣ ਨਾਲ ਵੱਡੇ ਖਤਰੇ ਤੇ ਤਬਾਹੀ ਨਜ਼ਰ ਆਉਂਦੀ ਸੀ। ਇਸ ਕਰਕੇ ਉਹ ਸਿੱਖ ਕੌਮ ਦੀ ਭਲਾਈ ਦੀ ਸੁਹਿਰਦ ਭਾਵਨਾ ’ਚੋਂ ਹੀ, ਸਿੱਖ ਭਾਈਚਾਰੇ ਅੰਦਰ ਪੈਦਾ ਹੋਣ ਵਾਲੀ ਟਕਰਾਉਵਾਦੀ ਸੋਚ ਅਤੇ ਰੁਚੀ ਨੂੰ ਥਾਏਂ ਮੋਂਦਾ ਲਾ ਦੇਣ ਦੀ ਸਮਝ ਅਤੇ ਸੇਧ ਅਪਣਾ ਕੇ ਚੱਲ ਰਹੇ ਸਨ। ਉਨ੍ਹਾਂ ਵੱਲੋਂ 1914-15 ਵਿਚ ਗ਼ਦਰ ਪਾਰਟੀ ਦੀ ਅਤੇ ਬਾਅਦ ਵਿਚ ਬੱਬਰ ਅਕਾਲੀ ਲਹਿਰ ਸਮੇਤ ਸਭਨਾਂ ਸਰਕਾਰ ਵਿਰੋਧੀ ਹਿੰਸਕ ਰੁਝਾਨਾਂ ਦੀ ਕੱਟੜ ਮੁਖਾਲਫਤ ਨੂੰ, ਨਿਰਾ-ਪੁਰਾ ਝੋਲੀਚੁੱਕਪੁਣਾ ਕਹਿ ਕੇ ਨਿੰਦਣ ਦੀ ਬਜਾਇ, ਇਸ ਦ੍ਰਿਸ਼ਟੀਕੋਣ ਤੋਂ ਵੀ ਦੇਖਣ ਤੇ ਸਮਝਣ ਦੀ ਲੋੜ ਹੈ।

ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਹਾਲਤ ਅੰਦਰ ਵੱਡੀਆਂ ਤੇ ਬਹੁਗੁਣ ਤਬਦੀਲੀਆਂ ਵਾਪਰ ਗਈਆਂ ਜਿਨ੍ਹਾਂ ਨੇ ਸਿੱਖ ਰਾਜਨੀਤੀ ਨੂੰ ਨਵਾਂ ਮੋੜ ਦੇ ਦਿੱਤਾ। ਪਹਿਲੀ ਸੰਸਾਰ ਜੰਗ ਦੌਰਾਨ ਭਾਰਤ ਦੀਆਂ ਕੁਝ ਰਾਜਸੀ ਤਾਕਤਾਂ ਨੇ ਬਰਾਤਨਵੀ ਹਕੂਮਤ ਦੀ ਹਮਾਇਤ ਇਸ ਉਮੀਦ ਨਾਲ ਕੀਤੀ ਸੀ ਕਿ ਜੰਗ ਤੋਂ ਬਾਅਦ ਉਨ੍ਹਾਂ ਦੇ ਹਿਤਾਂ ਦਾ ਖਿਆਲ ਕਰਦਿਆਂ ਹੋਇਆਂ, ਉਨ੍ਹਾਂ ਦੀਆਂ ਵਾਜਬ ਮੰਗਾਂ ਤੇ ਸ਼ਿਕਾਇਤਾਂ ਉਤੇ ਹਮਦਰਦੀ ਨਾਲ ਵਿਚਾਰ ਕੀਤੀ ਜਾਵੇਗੀ। ਪਰ ਅਜਿਹਾ ਕੁਝ ਨਾ ਵਾਪਰਿਆ। ਜਿਸ ਸਦਕਾ ਦੇਸ ਅੰਦਰ ਆਮ ਕਰਕੇ ਬਰਤਾਨਵੀ ਹਕੂਮਤ ਵਿਰੁੱਧ ਨਾਰਾਜ਼ਗੀ ਦਾ ਮਾਹੌਲ ਬਣ ਗਿਆ। ਪੰਜਾਬ ਅੰਦਰ ਜੰਗ ਦੌਰਾਨ ਬਰਤਾਨਵੀ ਹਕੂਮਤ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਸੀ। ਲਗਭਗ ਸਾਰੇ ਧਾਰਮਿਕ ਫਿਰਕਿਆਂ ਦੇ ਰਈਸ ਹਿੱਸਿਆਂ, ਖਾਸ ਕਰਕੇ ਵੱਡੇ ਸਿੱਖ ਅਤੇ ਮੁਸਲਿਮ ਜ਼ਿਮੀਂਦਾਰਾਂ, ਸਿੰਘ ਸਭਾਵਾਂ, ਚੀਫੀਆਂ, ਮਹੰਤਾਂ, ਸੇਵਾਦਾਰਾਂ, ਰਿਆਸਤੀ ਰਾਜ ਘਰਾਣਿਆਂ, ਸਰਦਾਰਾਂ, ਜ਼ੈਲਦਾਰਾਂ ਨੇ ਆਪਣਾ ਅਸਰ ਰਸੂਖ ਵਰਤਦਿਆਂ ਹੋਇਆਂ ਵੱਡੀ ਪੱਧਰ ’ਤੇ ਫੌਜੀ ਭਰਤੀ ਕਰਵਾਈ। ਜੰਗ ਦੇ ਸ਼ੁਰੂ ’ਚ ਹੀ ਪੰਜਾਬ ਅੰਦਰੋਂ ਇਕ ਲੱਖ ਤੋਂ ਉੱਪਰ ਜਵਾਨ ਭਰਤੀ ਹੋਇਆ। ਜੰਗ ਦੇ ਖਾਤਮੇ ਤੱਕ ਇਕੱਲੇ ਸਿੱਖਾਂ ਦੀ ਭਰਤੀ ਲੱਖ ਤੋਂ ਉੱਪਰ ਪਹੁੰਚ ਗਈ ਸੀ। ਪੰਜਾਬ ਅੰਦਰ ਹਰ ਅਠਾਈਵਾਂ ਵਿਅਕਤੀ ਫੌਜ ਵਿਚ ਸੀ।{40}

ਸਿੱਖ ਰਈਸ ਵਰਗ ਨੂੰ ਇਹ ਪੱਕਾ ਭਰੋਸਾ ਸੀ ਕਿ ਜੰਗ ਤੋਂ ਬਾਅਦ ਬਰਤਾਨਵੀ ਹਾਕਮਾਂ ਵੱਲੋਂ ਸਿੱਖ ਕੌਮ ਦੀਆਂ ਸੇਵਾਵਾਂ ਦਾ ਮੁੱਲ ਜ਼ਰੂਰ ਤਾਰਿਆ ਜਾਵੇਗਾ। ਅੰਗਰੇਜ਼ ਹਾਕਮਾਂ ਨੇ ਮੁੱਲ ਤਾਰਿਆ ਤਾਂ ਜ਼ਰੂਰ, ਪਰ ਆਪਣੇ ਹੀ ਅੰਦਾਜ਼ ਵਿਚ! ਉਨ੍ਹਾਂ ਸਿੱਖ ਸਰਦਾਰਾਂ, ਪਤਵੰਤਿਆਂ ਅਤੇ ਮਹੰਤਾਂ/ਸੇਵਾਦਾਰਾਂ ਨੂੰ ਜਾਗੀਰਾਂ ਤੇ ਉਪਾਧੀਆਂ ਨਾਲ ਨਿਵਾਜ਼ਿਆ। ਉਦਾਹਰਣ ਵਜੋਂ ਬਾਬਾ ਖੇਮ ਸਿੰਘ ਬੇਦੀ ਦੇ ਸਪੁੱਤਰ ਬਾਬਾ ਗੁਰਬਖਸ਼ ਸਿੰਘ ਬੇਦੀ, ਜੋ ਪੰਜਾਬ ਹਿੰਦੂ ਸਭਾ ਦਾ ਪ੍ਰਧਾਨ ਤੇ ਸਿੱਖਾਂ ਨੂੰ ਹਿੰਦੂ ਕਹਿਣ ਵਾਲਿਆਂ ਦਾ ਸਰਗਣਾ ਸੀ, ਨੂੰ ਚਾਰ ਸੌ ਏਕੜ ਦੀ ਜਾਗੀਰ, ‘ਰਾਜੇ’ ਦੀ ਉਪਾਧੀ ਅਤੇ ‘ਸੋਰਡ ਆਫ ਆਨਰ’ ਨਾਲ ਸਨਮਾਨਤ ਕੀਤਾ ਗਿਆ। ਵੱਧ ਭਰਤੀ ਵਾਲੇ ਪਿੰਡਾਂ ਤੇ ਇਲਾਕਿਆਂ ਦਾ ਮਾਲੀਆ ਘਟਾ ਦਿੱਤਾ ਗਿਆ ਅਤੇ ਜੰਗੀ ਘੁਲਾਟੀਆਂ (ਵੈਟਰਨਜ਼) ਨੂੰ ਵੀ ਜ਼ਮੀਨਾਂ ਅਲਾਟ ਕਰ ਦਿੱਤੀਆਂ ਗਈਆਂ।{41} ਪਰ ਜਿੱਥੋਂ ਤੱਕ ਆਮ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਧਾਰਮਿਕ ਤੇ ਰਾਜਸੀ ਮੰਗਾਂ ਦਾ ਸਬੰਧ ਸੀ, ਉਨ੍ਹਾਂ ਪ੍ਰਤੀ ਹਕੂਮਤੀ ਰਵਈਏ ’ਚ ਕੋਈ ਤਬਦੀਲੀ ਨਾ ਆਈ। ਹਰ ਜਗ੍ਹਾ ਸਰਕਾਰੀ ਅਧਿਕਾਰੀ ਆਪਣੇ ਪਿੱਠੂ ਮਹੰਤਾਂ/ਸੇਵਾਦਾਰਾਂ ਦਾ ਪੱਖ ਪੂਰ ਰਹੇ ਸਨ। ਪ੍ਰਸ਼ਾਸਨੀ ਸੁਧਾਰਾਂ ਅਤੇ ‘ਲਖਨਊ ਪੈਕਟ’ ਦੀ ਰੋਸ਼ਨੀ ’ਚ ਸਿੱਖਾਂ ਵੱਲੋਂ ਜੋ ਆਪਣੀ ਉਚਿਤ ਨੁਮਾਇੰਦਗੀ ਦੀ ਮੰਗ ਕੀਤੀ ਜਾ ਰਹੀ ਸੀ, ਉਸ ਪ੍ਰਤੀ ਅੰਗਰੇਜ਼ ਹਕੂਮਤ ਵੱਲੋਂ ਬਰਾਬਰ ਆਪਣੀ ‘ਬੇਵਸੀ’ ਪ੍ਰਗਟਾਈ ਗਈ। ਰਕਾਬਗੰਜ ਗੁਰਦੁਆਰੇ ਦਾ ਮਸਲਾ ਉਵੇਂ ਖੜ੍ਹਾ ਸੀ। ਇਸ ਨਾਲ ਆਮ ਸਿੱਖ ਜਨਤਾ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਰੋਸ ਤੇ ਬੇਗਾਨਗੀ ਵਧਦੀ ਜਾ ਰਹੀ ਸੀ। ਦੂਜੇ ਪਾਸੇ ਰਵਾਇਤੀ ਸਿੱਖ ਲੀਡਰਸ਼ਿੱਪ ਅੰਗਰੇਜ਼ ਹਾਕਮਾਂ ਪ੍ਰਤੀ ਆਪਣੀ ਸੋਚ ਤੇ ਰਵੱਈਏ ਅੰਦਰ ਕੋਈ ਤਬਦੀਲੀ ਲਿਆਉਣ ਦੇ ਰੌਂਅ ਵਿਚ ਨਹੀਂ ਸੀ। ਰਈਸਾਂ, ਸਰਦਾਰਾਂ, ਪਤਵੰਤਿਆਂ ਦੀ ਅੰਗਰੇਜ਼ਾਂ ਪ੍ਰਤੀ ਵਫਾਦਾਰੀ, ਜਾਗੀਰਾਂ, ਉਪਾਧੀਆਂ, ਇਨਾਮਾਂ ਤੇ ਸਨਮਾਨਾਂ ਦੀ ‘ਬੁਰਕੀ’ ਨਾਲ, ਵਧ ਫੁਲ ਕੇ ‘ਪਿੱਠੂਪੁਣੇ’ ਦੀ ਪ੍ਰਵਿਰਤੀ ’ਚ ਤਬਦੀਲ ਹੋ ਗਈ। (ਅੰਗਰੇਜ਼ ਹਕੂਮਤ ਵੱਲੋਂ) ਸਿੱਖ ਸਮਾਜ ਅੰਦਰ ਸੁਚੇਤ ਰੂਪ ’ਚ ਬੀਜੇ ‘ਬੁਰਕੀ ਦੀ ਸਿਆਸਤ’ ਦੇ ਇਹਨਾਂ ਬੀਜਾਂ ਦਾ ਕੌੜਾ ਫਲ ਸਿੱਖ ਕੌਮ ਨੂੰ ਵਾਰ ਵਾਰ, ਲਗਾਤਾਰ ਚੱਖਣਾ ਪੈਂਦਾ ਰਿਹਾ। ਅਹੁਦਿਆਂ, ਤਰੱਕੀਆਂ, ਕੁਰਸੀਆਂ, ਠੇਕਿਆਂ ਤੇ ਪਰਮਿਟਾਂ ਆਦਿ ਲਈ ਹਾਕਮਾਂ ਅੱਗੇ ਵਿਛ ਜਾਣ ਦੀ ਇਹ ਪਿਰਤ ਅੱਜ ਵੀ ਬਦਸਤੂਰ ਜਾਰੀ ਹੈ। ਕੁਰਬਾਨੀ ਤੇ ਸੂਰਮਗਤੀ ਦੇ ਜਜ਼ਬੇ ਦੇ ਨਾਲ ਹੀ ਖੁਦਪ੍ਰਸਤੀ ਦੀ ਇਹ ਜ਼ਹਿਰ ਵੀ ਸਿੱਖ ਕੌਮ ਦੇ ਖੂਨ ’ਚ ਰਲ ਗਈ ਜਾਂ ਰਲਾ ਦਿੱਤੀ ਗਈ ਹੈ।

ਇਸ ਦੇ ਬਰੋ-ਬਰਾਬਰ ਹੀ, ਪੰਜਾਬੀ ਲੋਕਾਂ ਦੇ ਕੁਝ ਵਰਗਾਂ ਅੰਦਰ ਅੰਗਰੇਜ਼ ਵਿਰੋਧੀ ਭਾਵਨਾਵਾਂ ਦੀਆਂ ਕੁਝ ਹੋਰ ਧਾਰਾਵਾਂ ਵੀ ਵਗ ਰਹੀਆਂ ਸਨ। 1914-15 ਵਿਚ ਪੰਜਾਬੀ ਪਰਵਾਸੀਆਂ, ਜਿਨ੍ਹਾਂ ’ਚੋਂ ਵੱਡੀ ਗਿਣਤੀ ਸਿੱਖਾਂ ਦੀ ਸੀ, ਨੇ ਭਾਰਤੀ ਫੌਜਾਂ ਅੰਦਰ ਬਗਾਵਤ ਆਸਰੇ ਦੇਸ ਅੰਦਰ ‘‘ਗਦਰ ਮਚਾ ਕੇ’’, ਜੰਗ ’ਚ ਉਲਝੇ ਬਰਤਾਨਵੀ ਹਾਕਮਾਂ ਕੋਲੋਂ ਦੇਸ ਆਜ਼ਾਦ ਕਰਵਾਉਣ ਦੀ ਯੋਜਨਾ ਬਣਾਈ। ਪੰਜਾਬ ਦੇ ਲੋਕਾਂ, ਖਾਸ ਕਰਕੇ ਪੇਂਡੂ ਸਿੱਖ ਭਾਈਚਾਰੇ ਦਾ ਸਹਿਯੋਗ, ਇਸ ਯੋਜਨਾ ਦੀ ਕੇਂਦਰੀ ਟੇਕ ਸੀ। ਆਜ਼ਾਦੀ ਦੇ ਜਜ਼ਬੇ ਨਾਲ ਸਰਸ਼ਾਰ ਗਿਣਤੀ ਦੇ ਗਦਰੀ ਲੋਕਾਂ ਨੇ ਪੰਜਾਬ ਦੇ ਪਿੰਡਾਂ ਅੰਦਰ ਗਦਰ ਦਾ ਸੁਨੇਹਾ ਪਹੁੰਚਾਉਣ ਲਈ ਪ੍ਰਚਾਰ ਸਰਗਰਮੀਆਂ ਚਲਾਈਆਂ। ਪ੍ਰੰਤੂ ਪੇਂਡੂ ਸਿੱਖ ਭਾਈਚਾਰੇ ਨੇ ਇਸ ਪ੍ਰਚਾਰ ਦਾ ਕੋਈ ਖਾਸ ਹੁੰਗਾਰਾ ਨਾ ਭਰਿਆ। ਲੋਕਾਂ ਦੀ ਹਮਾਇਤ ਤੋਂ ਵਿਰਵੀ ਅਤੇ ਜਥੇਬੰਦਕ ਪੱਖ ਤੋਂ ਬੇਹੱਦ ਕੱਚੀ ਇਹ ਲਹਿਰ, ਹਕੂਮਤੀ ਜਬਰ ਮੂਹਰੇ ਬਹੁਤਾ ਚਿਰ ਨਾ ਟਿਕ ਸਕੀ। ਇਸ ਲਹਿਰ ਦੇ ਸਰਕਰਦਾ ਆਗੂਆਂ ਨੂੰ ਜਾਂ ਤਾਂ ਫਾਂਸੀ ਦੇ ਦਿੱਤੀ ਗਈ ਅਤੇ ਜਾਂ ‘ਕਾਲੇ ਪਾਣੀ’ ਵਰਗੀਆਂ ਸਖਤ ਸਜ਼ਾਵਾਂ ਦੇ ਦਿੱਤੀਆਂ ਗਈਆਂ। ਪੰਜਾਬ ਦੇ ਪੜ੍ਹੇ ਲਿਖੇ ਦਰਮਿਆਨੇ ਵਰਗ ਉਤੇ ਗ਼ਦਰੀ ਆਗੂਆਂ ਦੀਆਂ ਇਨ੍ਹਾਂ ਕੁਰਬਾਨੀਆਂ ਅਤੇ ਸਰਕਾਰੀ ਜ਼ੁਲਮਾਂ ਦਾ ਗਹਿਰਾ ਅਸਰ ਹੋਇਆ। ਉਨ੍ਹਾਂ ਅੰਦਰ ਆਜ਼ਾਦੀ ਦੀਆਂ ਭਾਵਨਾਵਾਂ ਪ੍ਰਫੁੱਲਤ ਹੋਈਆਂ ਅਤੇ ਬਰਤਾਨਵੀ ਸਰਕਾਰ ਵਿਰੁੱਧ ਰੋਸ ਤੇ ਗੁੱਸੇ ਦੀ ਇਕ ਲਹਿਰ ਜਿਹੀ ਪੈਦਾ ਹੋ ਗਈ। ਸਿੱਖ ਸਮਾਜ ਅੰਦਰਲੇ ਰਵਾਇਤੀ ਹਿੱਸਿਆਂ ਵੱਲੋਂ ਇਸ ਮਾਮਲੇ ’ਚ ਅਪਣਾਏ ਅੰਗਰੇਜ਼ ਭਗਤ ਵਤੀਰੇ ਨੇ ਰਵਾਇਤੀ ਸਿੱਖ ਲੀਡਰਸ਼ਿੱਪ ਨੂੰ ਆਮ ਸਿੱਖ ਜਨਤਾ ’ਚੋਂ ਅਲੱਗ-ਥਲੱਗ ਕਰਨ ਵਿਚ ਸਹਾਈ ਰੋਲ ਨਿਭਾਇਆ।

ਇਸੇ ਦੌਰਾਨ 1919 ਵਿਚ ਪੰਜਾਬ ਦੇ ਕੁਝ ਵਰਗਾਂ ਅੰਦਰ ‘ਰੋਲਟ ਐਕਟ’ ਦੇ ਨਾਂ ਨਾਲ ਜਾਣੇ ਜਾਂਦੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਦੀ ਲਹਿਰ ਫੈਲ ਗਈ। ਗਾਂਧੀ ਨੇ ਇਸ ਰੋਸ ਭਾਵਨਾ ਨੂੰ ਵਿਸ਼ਾਲ ਅੰਦੋਲਨ ਦਾ ਰੂਪ ਦੇਣ ਲਈ ਪੰਜਾਬ ਵਿਚ ਇਕ ਵਿਸ਼ੇਸ਼ ਕਮੇਟੀ ਬਣਾਈ। ਪਰ ਇਹ ਰੋਸ ਲਹਿਰ ਮੁੱਖ ਤੌਰ ’ਤੇ ਸ਼ਹਿਰੀ ਮੱਧ ਵਰਗ ਤੱਕ ਹੀ ਸੀਮਤ ਰਹੀ। ਪੇਂਡੂ ਸਿੱਖ ਵਸੋਂ ਇਸ ਐਜੀਟੇਸ਼ਨ ਵਿਚ ਖਾਸ ਰੁਚੀ ਨਹੀਂ ਸੀ ਲੈ ਰਹੀ। ਉਸ ਵੇਲੇ ਤੱਕ ਪੰਜਾਬ ਅੰਦਰ ਕਾਂਗਰਸ ਦਾ ਕੋਈ ਜਨਤਕ ਆਧਾਰ ਨਹੀਂ ਸੀ। ਪੇਂਡੂ ਖੇਤਰ ਵਿਚ ਤਾਂ ਉੱਕਾ ਹੀ ਨਹੀਂ। ਪੰਜਾਬ ਦੇ ਇਕ ਕਾਂਗਰਸੀ ਆਗੂ ਦੁਨੀ ਚੰਦ ਦੇ ਸ਼ਬਦਾਂ ’ਚ ਸ਼ੁਰੂ ਦੌਰ ਵਿਚ ਪੰਜਾਬ ਅੰਦਰ ਕਾਂਗਰਸ ‘‘ਐਵੇਂ ਗਿਣਤੀ ਦੇ ਛੁੱਟੀਆਂ ਮਨਾਉਣ ਵਾਲੇ ਲੋਕਾਂ ਦਾ ਬੌਧਿਕ ਮਨਪਰਚਾਵੇ ਲਈ ਜੋੜਮੇਲਾ ਹੀ ਸੀ।’’{42} ਜਿਸ ਨੂੰ ‘‘ਕੌਮੀ ਚੇਤਨਾ’’ ਕਿਹਾ ਜਾਂਦਾ ਸੀ, ਉਸਦਾ ਅਸਰ ਛੋਟੇ ਮੱਧਵਰਗੀ ਘੇਰੇ ਤੱਕ ਹੀ ਸੀਮਤ ਸੀ। ਆਮ ਸਿੱਖ ਜਨਤਾ, ਜ਼ਿਆਦਾ ਕਰਕੇ ਆਪਣੇ ਧਰਮ ਅਤੇ ਪੰਥ ਦੇ ਮਾਮਲਿਆਂ ਵਿਚ ਹੀ ਰੁਚੀ ਪ੍ਰਗਟਾਅ ਰਹੀ ਸੀ। ਗਾਂਧੀ ਇਸ ਹਾਲਤ ’ਤੇ ਖੁਸ਼ ਨਹੀਂ ਸੀ। ਉਹ ਸਿੱਖ ਜਨਤਾ ਨੂੰ ਖਾਸ ਕਰਕੇ ਪੇਂਡੂ ਸਿੱਖ ਵਰਗ ਨੂੰ ਬਰਤਾਨਵੀ ਹਕੂਮਤ ਪ੍ਰਤੀ ਵਫਾਦਾਰ ਸਿੱਖ ਸਰਦਾਰਾਂ, ਚੀਫੀਆਂ ਤੇ ਸ਼ਾਹੀ ਸਿੱਖ ਘਰਾਣਿਆਂ ਦੇ ਅਸਰ ਹੇਠੋਂ ਕੱਢ ਕੇ ਆਜ਼ਾਦੀ ਸੰਗਰਾਮ ਦੀ ‘‘ਮੁੱਖ ਧਾਰਾ’’ ਅੰਦਰ ਖਿੱਚ ਲਿਆਉਣ ਲਈ ਤਹੂ ਸੀ। ਅਸਲ ਵਿਚ ਗਾਂਧੀ, ਨਹਿਰੂ ਅਤੇ ਦੂਸਰੇ ਹਿੰਦੂ ਕਾਂਗਰਸੀ ਲੀਡਰ ਸਿੱਖਾਂ ਦੀ ਗੁਰੁਦਆਰਾ ਸੁਧਾਰ ਲਹਿਰ ਦੀ ਵਿਚਾਰਧਾਰਕ ਮਾਰਗ-ਦਿਸ਼ਾ ’ਤੇ ਢਿਡੋਂ ਖੁਸ਼ ਨਹੀਂ ਸਨ। ਉਨ੍ਹਾਂ ਦਾ ਵੱਡਾ ਇਤਰਾਜ਼ ਇਹ ਸੀ ਕਿ ਇਹ ਲਹਿਰ ਸਿੱਖਾਂ ਅੰਦਰ ਹਿੰਦੂਵਾਦ ਨਾਲੋਂ ਅਲਿਹਦਗੀ ਦੀ ਸੋਚ ਨੂੰ ਤਕੜਾਈ ਬਖਸ਼ ਰਹੀ ਹੈ। ਕੁਝ ਹਿੰਦੂ ਧਾਰਮਿਕ ਜਥੇਬੰਦੀਆਂ (ਹਰਦਵਾਰ ਦੇ ਅਖਾੜਿਆਂ), ਹਿੰਦੂ ਸਮਾਜੀ ਸੰਸਥਾਵਾਂ (ਲਾਹੌਰ ਤੇ ਪਿਸ਼ਾਵਰ ਦੀਆਂ ਹਿੰਦੂ ਸਭਾਵਾਂ), ਨੀਮ ਰਾਜਸੀ ਹਿੰਦੂ ਸੰਗਠਨਾਂ (ਪੰਜਾਬ ਹਿੰਦੂ ਕਾਨਫਰੰਸ ਆਦਿ) ਅਤੇ ਹਿੰਦੂ ਪੱਖੀ ਪ੍ਰੈੱਸ ਵੱਲੋਂ ਖੁਲ੍ਹੇਆਮ ਮਹੰਤਾਂ (ਜੋ ਸਿੱਖਾਂ ਦੀਆਂ ਨਜ਼ਰਾਂ ’ਚ ਗੁਰਦੁਆਰਿਆਂ ਅੰਦਰ ‘ਹਿੰਦੂਕਰਨ’ ਦੇ ਅਮਲ ਦੇ ਵਾਹਕ ਬਣੇ ਹੋਏ ਸਨ) ਦਾ ਪੱਖ ਪੂਰਨ ਸਦਕਾ, ਸਿੱਖ ਲਹਿਰ ਦੇ ਸਿੱਧੇ ਰੂਪ ’ਚ ਹਿੰਦੂ ਵਿਰੋਧੀ ਰੁਖ ਅਖਤਿਆਰ ਕਰ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਸਨ। ਗਾਂਧੀ ਨੂੰ ਅਜਿਹੀ ਕਲਪਨਾ ਤੋਂ ਹੀ ਡਰ ਲਗਦਾ ਸੀ। ਇਸ ਕਰਕੇ ਵੀ ਉਹ ਸਿੱਖ ਲਹਿਰ ਦਾ ਰੁਖ ਹਿੰਦੂਵਾਦ ਵੱਲੋਂ ਹਟਾ ਕੇ ਅੰਗਰੇਜ਼ ਹਕੂਮਤ ਵੱਲ ਭੁੰਆਉਣਾ ਚਾਹੁੰਦਾ ਸੀ। ਇਸ ਪਿਛੇ ਉਸ ਦੀਆਂ ਨਿਰੀਆਂ ਫੌਰੀ ਰਾਜਸੀ ਗਿਣਤੀਆਂ-ਮਿਣਤੀਆਂ ਹੀ ਨਹੀਂ ਸਗੋਂ ਵੱਡੀ ਯੁੱਧਨੀਤਕ ਸੋਚ ਕੰਮ ਕਰਦੀ ਸੀ। ਉਹ ਸਿਧਾਂਤਕ ਪੱਧਰ ’ਤੇ ਸਿੱਖਾਂ ਨੂੰ ਹਿੰਦੂਆਂ ਨਾਲੋਂ ਵਖਰਿਆਉਣ ਦੀ ਧਾਰਨਾ ਦਾ ਕੱਟੜ ਵਿਰੋਧੀ ਸੀ। ਸਿੱਖ ਲੀਡਰਾਂ ਨੂੰ ਲਿਖੇ ਪੱਤਰਾਂ ’ਚ ਉਸ ਨੇ ਵਾਰ ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ, ‘‘ਜ਼ਾਤੀ ਤੌਰ ’ਤੇ ਮੈਨੂੰ ਸਿੱਖੀ ਵਿਚ ਤੇ ਹਿੰਦੂ ਮੱਤ ਵਿਚ ਕੋਈ ਫਰਕ ਮਾਲੂਮ ਨਹੀਂ ਹੁੰਦਾ। ਇਹ ਇਕੋ ਧਰਮ ਦੀਆਂ ਹੀ ਵੰਨਗੀਆਂ ਹਨ’’ ਅਤੇ ਹੋਰ, ‘‘ਹਿੰਦੂਆਂ ਤੇ ਸਿੱਖਾਂ ’ਚ ਵਖਰੇਵਾਂ ਕਰਨਾ ਗਲਤ ਹੈ…..ਗੁਰੂ ਨਾਨਕ ਦੇਵ ਜੀ ਜੇਕਰ ਹਿੰਦੂ ਨਹੀਂ ਸਨ ਤਾਂ ਹੋਰ ਕੀ ਸਨ?…..ਹਿੰਦੂਵਾਦ ਇਕ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਹੈ ਜਿਹੜਾ ਸਭਨਾਂ ਨੂੰ ਕਬੂਲ ਕਰ ਲੈਂਦਾ ਹੈ ਤੇ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ।’’ 7 ਸਤੰਬਰ 1936 ਨੂੰ ਉਸ ਨੇ ਜੁਗਲ ਕਿਸ਼ੋਰ ਬਿਰਲਾ ਨੂੰ ਲਿਖਿਆ ਕਿ, ‘‘ਜੇ ਤੁਸੀਂ ਸਿੱਖਾਂ ਨੂੰ ਇਸ ਗੱਲ ਲਈ ਰਾਜ਼ੀ ਕਰ ਲਵੋ ਕਿ ਸਿੱਖ ਧਰਮ ਹਿੰਦੂਵਾਦ ਦਾ ਹੀ ਅੰਗ ਹੈ….. ਤਾਂ ਮੈਨੂੰ ਹਰੀਜਨਾਂ ਵੱਲੋਂ ਆਪਣੇ ਆਪ ਨੂੰ ਸਿੱਖ ਸਦਵਾਉਣ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ।’’ 19 ਸਤੰਬਰ 1936 ਨੂੰ ਉਸਨੇ ਆਪਣੇ ਅਖਬਾਰ ‘ਹਰੀਜਨ’ ਵਿਚ ਡਾ. ਬੀ.ਆਰ. ਅੰਬੇਦਕਰ ਦੀ ਇਸ ਗੱਲੋਂ ਲਾਹਪਾਹ ਕੀਤੀ ਕਿ ਉਹ ‘‘ਸਿੱਖਾਂ ਨੂੰ ਹਿੰਦੂ ਨਹੀਂ ਮੰਨਦਾ।’’ ਇਸੇ ਦੌਰਾਨ 14 ਨਵੰਬਰ 1936 ਨੂੰ ਅੰਮ੍ਰਿਤ ਕੌਰ ਨੂੰ ਲਿਖੇ ਇਕ ਖਤ ਅੰਦਰ ਉਸ ਨੇ ਵੱਖਰੀ ਸਿੱਖ ਪਛਾਣ ਦੀ ਧਾਰਨਾ ਵਿਰੁੱਧ ਆਪਣੇ ਮਨ ਦੀ ਭੜਾਸ ਕਢਦਿਆਂ ਹੋਇਆਂ ਇਹ ਗੁਸਤਾਖ ਸ਼ਬਦ ਲਿਖੇ ਕਿ, ‘‘ਗੁਰਮੁੱਖੀ ਲਿਪੀ ਵਿਚ ਕੋਈ ਖਾਸ ਖੂਬੀ ਨਹੀਂ ਹੈ। ਮੇਰੀ ਸਮਝ ਅਨੁਸਾਰ ਸਿੱਖਾਂ ਨੂੰ ਹੋਰਨਾਂ ਹਿੰਦੂਆਂ ਨਾਲੋਂ ਨਿਖੇੜਨ ਲਈ ਇਸ ਦੀ ਵੀ, ਸਿੰਧੀ ਵਾਂਗ ਹੀ ਝੂਠੀ ਘਾੜਤ ਘੜ ਲਈ ਗਈ……।’’{43} ਸਪਸ਼ਟ ਹੈ ਕਿ ਗਾਂਧੀ ਸਿੱਖਾਂ ਨੂੰ ‘‘ਹੋਰਨਾਂ ਹਿੰਦੂਆਂ’’ ਦੀ ਸ਼੍ਰੇਣੀ ਵਿਚ ਹੀ ਸ਼ਾਮਲ ਕਰਦਾ ਸੀ। ਉਸ ਦੇ ਮਨਸ਼ੇ ਸਪਸ਼ਟ ਸਨ। ਉਹ ਸਿੱਖ ਧਰਮ ਨੂੰ ‘‘ਹਿੰਦੂਵਾਦ ਦੇ ਵਿਸ਼ਾਲ ਸਮੁੰਦਰ ਅੰਦਰ ਜਜ਼ਬ’’ ਕਰ ਲੈਣ ਦੀਆਂ ਇਛਾਵਾਂ ਪਾਲ ਰਿਹਾ ਸੀ। ਉਸ ਨੂੰ ਪੱਕਾ ਭਰੋਸਾ ਸੀ ਕਿ ਜੇਕਰ ਸਿੱਖ ਲਹਿਰ ਨੂੰ, ਜੋ ਉਸ ਵੇਲੇ ਤੱਕ ਕਾਂਗਰਸ ਦੀ ਅਗਵਾਈ ਹੇਠਲੇ ਆਜ਼ਾਦੀ ਦੇ ਅੰਦੋਲਨ ਤੋਂ ਵੱਖਰਾ ਵਹਿਣ ਬਣ ਕੇ ਚੱਲ ਰਹੀ ਸੀ, ਇਕ ਵਾਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੀ ‘ਮੁੱਖ ਧਾਰਾ’ ਅੰਦਰ ਸ਼ਾਮਲ ਕਰ ਲਿਆ ਜਾਵੇ ਤਾਂ ਸਿੱਖ ਪੰਥ ਦੇ ਹਿੰਦੂ ਸਮਾਜ ਅੰਦਰ ਅਭੇਦ ਹੋਣ ਦਾ ਅਮਲ ਖੁਦ-ਬ-ਖੁਦ ਚਾਲੇ ਪੈ ਜਾਵੇਗਾ। ਏਸੇ ਹੀ ਸਮੇਂ ਸਿੱਖ ਸਮਾਜ ਅੰਦਰ ਕੁਝ ਅਜਿਹੀਆਂ ਅਹਿਮ ਸਮਾਜੀ, ਰਾਜਸੀ ਤਬਦੀਲੀਆਂ ਵਾਪਰ ਗਈਆਂ, ਜਿਨ੍ਹਾਂ ਨਾਲ ਗਾਂਧੀ ਨੂੰ ਆਪਣੀ ਇਹ ਮਨੋਕਾਮਨਾ ਪੂਰੀ ਕਰਨ ਦੇ ਸਾਜ਼ਗਾਰ ਮੌਕੇ ਨਸੀਬ ਹੋ ਗਏ।

ਹਵਾਲੇ ਅਤੇ ਟਿੱਪਣੀਆਂ:

37. ਸੋਹਨ ਸਿੰਘ ਜੋਸ਼, ਅਕਾਲੀ ਮੋਰਚਿਆਂ ਦਾ ਇਤਿਹਾਸ, ਸਫ਼ਾ 3
38. Harjot Singh, From Gurdwara Rikabganj to Viceregal Palace : A Study of Religious Protest, Punjab Past and Present, April 80, p. 192
39. ਖਾਲਸਾ ਸਮਾਚਾਰ 7 ਜੂਨ 1905,Quoted in Harjot Oberoi, The Construction of Religious Boundries, p. 324
40. Rajiv A. Kapur, op. cit., p. 61
41. Ibid, p. 63
37. ਸੋਹਨ ਸਿੰਘ ਜੋਸ਼, ਅਕਾਲੀ ਮੋਰਚਿਆਂ ਦਾ ਇਤਿਹਾਸ, ਸਫ਼ਾ 3
38. Harjot Singh, From Gurdwara Rikabganj to Viceregal Palace : A Study of Religious Protest, Punjab Past and Present, April 80, p. 192
39. ਖਾਲਸਾ ਸਮਾਚਾਰ 7 ਜੂਨ 1905,Quoted in Harjot Oberoi, The Construction of Religious Boundries, p. 324
40. Rajiv A. Kapur, op. cit., p. 61
41. Ibid, p. 63

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,