ਸਿੱਖ ਖਬਰਾਂ

ਕਰੋਨਾਵਾਇਰਸ: ਐਮਰਜੈਂਸੀ ਦੇ ਚੱਲਦਿਆਂ ਨਿਊਯਾਰਕ ਸਰਕਾਰ ਨੇ ਸਿੱਖਾਂ ਕੋਲ ਮਦਦ ਲਈ ਪਹੁੰਚ ਕੀਤੀ

By ਸਿੱਖ ਸਿਆਸਤ ਬਿਊਰੋ

March 22, 2020

ਨਿਊਯਾਰਕ, ਅਮਰੀਕਾ: ਅੱਜ ਸਮੁੱਚੀ ਦੁਨੀਆ ਕਰੋਨਾਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ। ਸਰਕਾਰਾਂ ਵੱਲੋਂ ਖਾਸ ਤੌਰ ‘ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ। ਅਜਿਹੇ ਵਿੱਚ ਲੋਕਾਂ, ਖਾਸ ਕਰਕੇ ਬਿਰਧ-ਆਸ਼ਰਮਾਂ ਵਿਚ ਰਹਿਣ ਵਾਲਿਆਂ ਤੱਕ ਖਾਣਾ ਪਹੁੰਚਾਉਣਾ ਇਕ ਵੱਡੀ ਮੁਸ਼ਕਿਲ ਹੈ। ਅਜਿਹੇ ਵਿਚ ਨਿਊਯਾਰਕ ਦੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਟ ਦੀ ਵੈਲਫੇਅਰ (ਲੋਕ-ਭਲਾਈ) ਕੌਂਸਲ ਨੇ ਉਸ ਵੇਲੇ ਕਮਰਕੱਸੇ ਕੱਸ ਲਏ ਜਦੋਂ ਨਿਊਯਾਰਕ ਮੇਅਰ ਬਿੱਲ ਡੀ. ਬਲੇਸੀਉ ਨੇ ਸਿੱਖ ਭਾਈ ਕੋਲ ਪਹੁੰਚ ਕੀਤੀ ਅਤੇ ਲੰਗਰ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ।

ਵਰਲਡ ਸਿੱਖ ਪਾਰਲੀਮੈਟ ਦੇ ਸਕੱਤਰ ਸ. ਮਨਪ੍ਰੀਤ ਸਿੰਘ ਵੱਲੋਂ ਸਿੱਖ ਸਿਆਸਤ ਨੂੰ ਦੱਸਿਆ ਗਿਆ ਕਿ ਕਊਨੀਜ਼ ਵਿਲਿਜ਼ ਸਥਿਤ ਸਿੱਖ ਗੁਰਦੂਆਰਾ ਸਾਹਿਬ (ਸਿੱਖ ਸੈਂਟਰ ਆਫ ਨਿਊਯਾਰਕ) ਵਿਖੇ ਸੋਮਵਾਰ ਤੋਂ ਸਵੇਰ 6 ਵਜੇ ਤੱਕ 28 ਹਜ਼ਾਰ ਲੋਕਾਂ ਲਈ ਖਾਣਾ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਗੁਰਦੁਆਰਾ ਸਾਹਿਬ ਦੀ ਰਸੋਈ ਨੂੰ ਦਵਾਈ ਦਾ ਛਿੜਕਾਅ ਕਰਕੇ ਜਿਵਾਣੂ ਮੁਕਤ ਕੀਤਾ ਗਿਆ ਹੈ।

ਲੰਗਰ ਤਿਆਰ ਕਰਨ ਲਈ ਰਸਦ ਸੇਵਾਦਾਰਾਂ ਵੱਲੋਂ ਗੁਰੂ-ਘਰ ਪਹੁੰਚਾਈ ਜਾ ਰਹੀ ਹੈ ਅਤੇ ਲੰਗਰ ਪਕਾਉਣ ਬਣਾਉਣ ਸਮੇਂ ਖਾਸ ਹਦਾਇਤਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇੰਝ ਤਿਆਰ ਕੀਤੇ ਜਾਣ ਵਾਲੇ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾਵੇਗਾ ਜਿਸਨੂੰ ਸਰਕਾਰੀ ਨੁੰਮਾਇਦੇ ਲੌੜਵੰਦਾਂ ਤੱਕ ਪਹੁੰਚਦਾ ਕਰਨਗੇ।

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ ਕਿ ਖਾਣਾ ਪਾਉਣ ਵਾਲੇ ਡੱਬੇ ਬਹੁਤ ਮੁਸ਼ਕਿਲ ਨਾਲ ਮਿਲ ਰਹੇ ਹਨ ਫਿਰ ਵੀ ਵੈਲਫੇਅਰ ਕੌਂਸਲ ਦੇ ਸੇਵਾਦਾਰ ਆਪਣੀ ਹਰ ਕੋਸ਼ਿਸ਼ ਕਰਕੇ ਦੂਰ ਦੁਰਾਡਿਓਂ ਖਾਣਾ ਪਾਉਣ ਲਈ ਡੱਬਿਆਂ ਦਾ ਪ੍ਰਬੰਧ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਿਸਾਹ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਲੋੜਵੰਦ ਪ੍ਰਾਣੀਆਂ ਦੀ ਮਦਦ ਕਰਨ ਦਾ ਮੌਕਾ ਮਿਲਣਾ ਉਹਨਾਂ ਲਈ ਸੁਭਾਗ ਵਾਲੀ ਗੱਲ ਹੈ ਅਤੇ ਇਸ ਕਾਰਜ ਵਿਚ ਜੁੜੇ ਸਮੂਹ ਸੇਵਾਦਾਰ ਆਪਣੇ-ਆਪ ਨੂੰ ਵਡਭਾਗੇ ਸਮਝ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: