ਮਹਿਮਾਨ ਬੁਲਾਰੇ ਇੰਜੀਨੀਅਰ ਪਵਨ ਕੁਮਾਰ ਦਾ ਸਵਾਗਤ ਕਰਦੇ ਹੋਏ ਡੀਨ ਖੋਜਾਂ; ਡਾ. ਬੀ.ਐਸ. ਭਾਟੀਆ, ਡੀਨ; ਵਿਦਿਆਰਥੀ ਭਲਾਈ ਡਾ. ਬੀਰ ਬਿਕਰਮ ਸਿੰਘ ਅਤੇ ਡਾ. ਨਵਦੀਪ ਕੌਰ

ਆਮ ਖਬਰਾਂ

ਵਰਲਡ ਯੂਨੀਵਰਸਿਟੀ ਵਿਖੇ ਡੀ.ਐਸ.ਟੀ. ਦੇ ਖੋਜ ਪ੍ਰਾਜੈਕਟਾਂ ਦੀ ਫ਼ੰਡਿੰਗ ਸਬੰਧੀ ਹੋਇਆ ਵਿਸ਼ੇਸ਼ ਲੈਕਚਰ

By ਸਿੱਖ ਸਿਆਸਤ ਬਿਊਰੋ

August 23, 2016

ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਡੀ.ਐਸ.ਟੀ. ਨਵੀਂ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਖੋਜ ਵਿਦਿਆਰਥੀਆਂ ਦੁਆਰਾ ਉਚੇਰੀ ਪੜ੍ਹ੍ਹਾਈ ਦੌਰਾਨ ਕੀਤੇ ਜਾਣ ਵਾਲੇ ਖੋਜ ਪ੍ਰਾਜੈਕਟਾਂ ਦੀ ਫ਼ੰਡਿੰਗ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿਚ ਡੀ.ਐਸ.ਟੀ. ਨਵੀਂ ਦਿੱਲੀ ਦੇ ਵਿਗਿਆਨੀ ਇੰਜੀਨਿਅਰ ਪਵਨ ਕੁਮਾਰ ਮੁੱਖ ਵਕਤਾ ਦੇ ਤੌਰ ਉਤੇ ਪਹੁੰਚੇ। ਵਰਲਡ ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਬੀ.ਐਸ. ਭਾਟੀਆ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇੰਜੀਨੀਅਰ ਪਵਨ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੀਐਚ.ਡੀ. ਕਰ ਰਹੇ ਵਿਦਿਆਰਥੀਆਂ ਨੂੰ ਆਪਣੇ ਖੋਜ ਕਾਰਜ ਲਈ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ, ਪ੍ਰੋਗਰਾਮਾਂ ਅਤੇ ਸਕੀਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਡੀ.ਐਸ.ਟੀ. ਨਵੀਂ ਦਿੱਲੀ ਵੱਲੋਂ ਚਲਾਏ ਜਾ ਰਹੇ ਇੰਸਪਾਇਰ ਪ੍ਰੋਗਰਾਮ ਅਧੀਨ ਖੋਜਾਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਇਨਟਰਨਸ਼ਿਪ, ਸਕਾਲਰਸ਼ਿਪ, ਫ਼ੈਲੋਸ਼ਿਪ ਅਤੇ ਐਵਾਰਡਾਂ ਆਦਿ ਬਾਰੇ ਵੀ ਜਾਗਰੂਕ ਕੀਤਾ।

ਇਸ ਮੌਕੇ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਅਜਿਹੀਆਂ ਉਸਾਰੂ ਸਕੀਮਾਂ ਬਹੁਗਿਣਤੀ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਵੱਖ-ਵੱਖ ਵਿਸ਼ਿਆਂ ਵਿਚ ਖੋਜ ਕਰਨ ਲਈ ਉਤਸ਼ਾਹਿਤ ਕਰਨਗੀਆਂ। ਉਨ੍ਹਾਂ ਪੀਐਚ.ਡੀ ਕਰ ਰਹੇ ਅਤੇ ਪੀਐਚ.ਡੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਜਿੱਥੇ ਅਣਥੱਕ ਮਿਹਨਤ ਕਰਨ ਲਈ ਕਿਹਾ ਉਥੇ ਨਾਲ ਹੀ ਉਨ੍ਹਾਂ ਨੂੰ ਦੇਸ਼ ਸੇਵਾ ਅਤੇ ਸਮਾਜ ਭਲਾਈ ਲਈ ਨਿਰੰਤਰ ਯਤਨਸ਼ੀਲ ਰਹਿਣ ਲਈ ਪ੍ਰੇਰਿਆ। ਇਸ ਮਗਰੋਂ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਉਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਕੰਵਲਜੀਤ ਸਿੰਘ, ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: