ਖਾਸ ਖਬਰਾਂ » ਲੇਖ

ਭਾਰਤੀ ਜ਼ਬਰ ਨੇ ਕਸ਼ਮੀਰ ਵਿਚ ਸੱਨਾਟਾ ਪਸਾਰਿਆ ਹੋਇਆ ਹੈ

October 30, 2019 | By

ਖੋਜੀ ਪੱਤਰਕਾਰ ਰਾਣਾ ਅਯੂਬ ਵੱਲੋਂ ਕਸ਼ਮੀਰ ਜਾ ਕੇ ਜਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਵਾਸ਼ਿੰਗਟਨ ਪੋਸਟ ਵਾਸਤੇ ਭੇਜਿਆ ਗਿਆ ਇਕ ਖਾਸ ਲੇਖਾ (ਰਿਪੋਰਟ) 23 ਅਕਤੂਬਰ, 2019 ਨੂੰ ਛਪਿਆ ਸੀ। ਸਿੱਖ ਸਿਆਸਤ ਵਲੋਂ ਇਸ ਲੇਖੇ ਦਾ ਪੰਜਾਬੀ ਉਲੱਥਾ ਕੀਤਾ ਗਿਆ ਹੈ ਤਾਂ ਕਿ ਪੰਜਾਬੀ ਬੋਲੀ ਅਤੇ ਸਿੱਖ ਸਿਆਸਤ ਦੇ ਪਾਠਕਾਂ ਨਾਲ ਵੀ ਇਹ ਖੋਜ ਤੇ ਵਿਚਾਰ ਸਾਂਝੇ ਕੀਤੇ ਜਾ ਸਕਣ। ਉਲੱਥਾ ਕਰਨ ਵੇਲੇ ਮੂਲ ਲਿਖਤ (ਜੋ ਕਿ ਅੰਗਰੇਜ਼ੀ ਵਿਚ ਸੀ) ਦੇ ਭਾਵ ਅਤੇ ਪੰਜਾਬੀ ਬੋਲੀ ਦੇ ਲਹਿਜੇ ਨੂੰ ਧਿਆਨ ਵਿਚ ਰੱਖਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਗਈ ਹੈ। ਮੂਲ ਲਿਖਤ ਇਹ ਤੰਦ ਛੂਹ ਕੇ ਪੜ੍ਹੀ ਜਾ ਸਕਦੀ ਹੈ। ਪੰਜਾਬੀ ਉਲੱਥਾ ਹੇਠਾ ਸਾਂਝਾ ਕਰ ਰਹੇ ਹਾਂ, ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝਾ ਕਰੋ – ਸੰਪਾਦਕ।


ਭਾਰਤੀ ਜ਼ਬਰ ਨੇ ਕਸ਼ਮੀਰ ਵਿਚ ਸੱਨਾਟਾ ਪਸਾਰਿਆ ਹੋਇਆ ਹੈ

ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕ ਅਤੇ ਖੋਜੀ ਪੱਤਰ ਰਾਣਾ ਅਯੂਬ

ਦੱਖਣੀ ਕਸ਼ਮੀਰ ਦੇ ਸੋਪੀਆਂ ਜਿਲ੍ਹੇ ਨੂੰ ਜਾਂਦੇ ਰਾਹ ਉੱਤੇ ਦੁਪਹਿਰ ਵੇਲੇ ਵੀ ਸੰਨਾਟਾ ਪੱਸਰਿਆ ਹੋਇਆ ਸੀ ਤੇ ਅਵਾਰਾ ਡੰਗਰਾਂ ਤੇ ਕੁੱਤਿਆਂ ਤੋਂ ਬਿਨਾ ਹੋਰ ਕੋਈ ਵੀ ਨਜ਼ਰੀਂ ਨਹੀਂ ਸੀ ਪੈਂਦਾ। ਪਰ ਅਚਾਨਕ ਹੀ ਨੀਮ-ਫੌਜ ਦੇ ਉੱਚ ਅਫਸਰਾਂ ਨੂੰ ਆਪਣੀ ਰਾਖੀ ਵਿਚ ਲਿਜਾਣ ਵਾਲੇ ਦਸਤਿਆਂ ਦੀਆਂ ਗੱਡੀਆਂ ਦੇ ਰੌਲੇ ਨੇ ਇਸ ਡੂੰਘੀ ਚੁੱਪ ਨੂੰ ਤੋੜ ਦਿੱਤਾ

17 ਅਕਤੂਬਰ ਨੂੰ ਜਦੋਂ ਅਸੀਂ ਸੋਪੀਆਂ ਪੁੱਜੇ ਤਾਂ ਸੇਬਾਂ ਦੇ ਬਾਗਾਂ ਵਾਲੇ ਇਸ ਜਰਖੇਜ਼ ਇਲਾਕੇ ਦਾ ਇਕ ਬਾਸ਼ਿੰਦਾ ਸਾਨੂੰ ਫਿਰਦੌਸ ਜਾਨ ਦੇ ਘਰ ਲੈ ਗਿਆ ਜਿਸ ਦੇ ਦੋ ਪੋਤੇ- ਜੁਨੈਦ (13 ਸਾਲ) ਅਤੇ ਅਹਿਮਦ (22 ਸਾਲ) ਨੂੰ 14 ਅਕਤੂਬਰ ਨੂੰ ਨੀਮ ਫੌਜੀ ਦਸਤਿਆਂ ਨੇ ਚੁੱਕ ਲਿਆ ਸੀ। 5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਕਸ਼ਮੀਰ ਦੇ ਖਾਸ ਸਿਆਸੀ ਰੁਤਬੇ ਨੂੰ ਰੱਦ ਕਰ ਦੇਣ ਤੋਂ ਬਾਅਦ ਕਸ਼ਮੀਰ ਵਿਚ ਲੋਹੜੇ ਦੀ ਸਖਤੀ ਵਰਤਦਿਆਂ ਹਜ਼ਾਰਾਂ ਜਵਾਨ ਅਤੇ ਨਾਬਾਲਿਗ ਬੱਚੇ ਇੰਝ ਹੀ ਚੁੱਕ ਕੇ ਸੀਖਾਂ ਪਿੱਛੇ ਡੱਕੇ ਗਏ ਹਨ।

92 ਸਾਲਾਂ ਦੀ ਬਜ਼ੁਰਗ ਫਿਰਦੌਸ ਜਾਨ ਦੇ ਘਰ ਜਦੋਂ 20 ਨੀਮ ਫੌਜੀਆਂ ਨੇ ਧਾਵਾ ਕੀਤਾ ਸੀ ਤਾਂ ਉਸਨੇ ਆਪਣੇ ਪੋਤੇ ਜੁਨੈਦ ਨੂੰ ਉਨ੍ਹਾਂ ਕੋਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਫੌਜੀਆਂ ਨੂੰ ਆਪਣੇ ਪੋਤੇ ਨੂੰ ਨਹੀਂ ਸੀ ਲਿਜਾਣ ਦੇ ਰਹੀ ਪਰ ਇਕ ਫੌਜੀ ਅਫਸਰ ਵੱਲੋਂ ਉਹਦੇ ਡਾਂਗ ਮਾਰਨ ਤੋਂ ਬਾਅਦ ਫੌਜੀਆਂ ਉਹਦੇ ਪੋਤੇ ਨੂੰ ਕਾਬੂ ਕਰ ਲਿਆ। ਬੀਬੀ ਜਾਨ ਦਾ ਕਹਿਣਾ ਹੈ ਕਿ ਸੈਂਕੜੇ ਨੀਮ-ਫੌਜੀਆਂ ਨੇ ਪਿੰਡ ਉੱਤੇ ਧਾਵਾ ਬੋਲ ਕੇ ਨੌਜਵਾਨਾਂ ਤੇ ਬੱਚਿਆਂ ਨੂੰ ਕਾਬੂ ਲਿਆ ਤੇ ਫਿਰ ਪਿੰਡ ਦੇ ਵੱਡੇ ਵਸਨੀਕਾਂ ਨਾਲ ਉਨ੍ਹਾਂ ਦੀ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਫੌਜੀ ਉਨ੍ਹਾਂ ਕੋਲੋਂ ਉਹਨਾਂ ਖਾੜਕੂਆਂ ਦਾ ਪਤਾ-ਟਿਕਾਣਾ ਪੁੱਛ ਰਹੇ ਸਨ ਜਿਨ੍ਹਾਂ ਨੇ ਪਰਵਾਸੀ ਮਜਦੂਰਾਂ ਦੇ ਸੇਬਾਂ ਵਾਲੇ ਟਰੱਕ ਸਾੜੇ ਸਨ।

ਬੀਬੀ ਜਾਨ ਦਾ ਗਵਾਂਢੀ ਮਹਿਮੂਦ ਯੂਸਫ ਬੱਟ, ਜਿਹਦੇ ਸੇਬਾਂ ਦੇ ਬਾਗ ਹਨ, ਢੇਰੀ ਢਾਹੀ ਬੈਠਾ ਸੀ ਤੇ ਉਹ ਜਿੰਦਗੀ ਤੋਂ ਹੀ ਨਿਰਾਸ਼ ਹੋ ਚੁੱਕਾ ਏ। ਉਸੇ ਰਾਤ ਉਸ ਦਾ ਪੁੱਤਰ ਸ਼ਕੀਰ ਅਹਿਮਦ ਬੱਟ (ਉਮਰ 30 ਸਾਲ) ਸਾੜੇ ਗਏ ਸੇਬਾਂ ਦੇ ਟਰੱਕਾਂ ਬਾਰੇ ਪਤਾ ਕਰਨ ਲਈ ਠਾਣੇ ਗਿਆ ਸੀ ਪਰ ਪੁਲਿਸ ਨੇ ਉਸਨੂੰ ਮਾਰੂ ਕਾਨੂੰਨ ‘ਪਬਲਿਕ ਸੇਫਟੀ ਐਕਟ’ ਲਾ ਕੇ ਗ੍ਰਿਫਤਾਰ ਕਰ ਲਿਆ। ਇਸ ਕਾਨੂੰਨ ਤਹਿਤ ਸਰਕਾਰ ਬਿਨਾ ਮੁਕਮਦਾ ਚਲਾਏ ਕਿਸੇ ਨੂੰ ਵੀ 2 ਸਾਲ ਤੱਕ ਨਜ਼ਰਬੰਦ ਰੱਖ ਸਕਦੀ ਹੈ। “ਉਹ ਮੇਰੇ ਇਕਲੌਤੇ ਪੁੱਤ ਨੂੰ ਲੈ ਗਏ ਨੇ, ਸਾਡੇ ਸੇਬ ਖੇਤਾਂ ਵਿਚ ਸੜ੍ਹਦੇ ਪਏ ਨੇ, ਤੇ ਉਹ ਸਾਡੇ ਉੱਤੇ ਹੀ ਖਾੜਕੂਆਂ ਨੂੰ ਲੁਕਾਉਣ ਦਾ ਦੋਸ਼ ਲਾ ਰਹੇ ਹਨ” ਮੁਹੰਮਦ ਨੇ ਮੇਰੇ ਨਾਲ ਗੱਲਬਾਤ ਦੌਰਾਨ ਦੱਸਿਆ। “ਪਹਿਲਾਂ ਉਹਨਾਂ ਸਾਡੇ ਹੱਕ ਖੋਹੇ ਸਨ, ਤੇ ਹੁਣ ਉਹ ਸਾਨੂੰ ਖਾੜਕੂਆਂ ਨੂੰ ਲੁਕਾਉਣ ਦਾ ਦੋਸ਼ੀ ਠਹਿਰਾਅ ਰਹੇ ਨੇ”।

ਜਿਨ੍ਹਾਂ ਬਾਸ਼ਿੰਦਿਆਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦੱਸਿਆਂ ਕਿ ਸੋਪੀਆ ਵਿਚੋਂ 14 ਅਕਤੂਬਰ ਨੂੰ 300 ਨਾਬਾਲਗਾਂ ਨੂੰ ਫੌਜ ਨੇ ਚੁੱਕਿਆ ਹੈ।

ਕਸ਼ਮੀਰ ਵਿਚ ਤਾਇਨਾਤ ਭਾਰਤੀ ਨੀਮ-ਫੌਜੀ ਦਸਤੇ (ਇਹ ਤਸਵੀਰ 12 ਅਕਤੂਬਰ ਦੀ ਹੈ)

ਪੰਜਾਹ ਸਾਲਾਂ ਦੀ ਗੁਲਸ਼ਨ ਸੋਪੀਆ ਠਾਣੇ ਦੇ ਗੇੜੇ ਰਹੀ ਏ ਜਿੱਥੇ ਕਿ ਉਸ ਦਾ ਪਤੀ ਆਪਣੇ ਦੋ ਪੁੱਤਰਾਂ, ਰਈਸ ਅਹਿਮਦ (11 ਸਾਲ) ਅਤੇ ਲਿਆਕਤ ਅਹਿਮਦ (14 ਸਾਲ) ਦੀ ਰਿਹਾਈ ਲਈ ਤਰਲੇ ਪਾ ਰਿਹਾ ਸੀ। ਉਹ ਦੋਵੇਂ ਸ਼੍ਰੀਨਗਰ ਵਿਚ ਪੜ੍ਹਦੇ ਸਨ ਪਰ ਸੇਬਾਂ ਦੇ ਬਾਗਾਂ ਵਿਚ ਆਪਣੇ ਘਰਦਿਆਂ ਦਾ ਕੰਮ ’ਚ ਹੱਥ ਵਟਾਉਣ ਲਈ ਪਿੰਡ ਆਏ ਹੋਏ ਸਨ। “ਅਸੀਂ ਆਪਣੇ ਜਵਾਕਾਂ ਨੂੰ ਬਾਗ ਵਿਚ ਭੇਜਣ ਤੋਂ ਡਰਦੇ ਹਾਂ ਕਿਉਂਕਿ ਓਥੇ ਸੀ.ਆਰ.ਪੀ.ਐਫ. ਵਾਲੇ ਡੇਰਾ ਲਾਈ ਬੈਠੇ ਹਨ ਤੇ ਉਹ ਸਾਡੇ ਬਾਲਾਂ ਨੂੰ ਵੇਖਦਿਆਂ ਹੀ ਫੜ੍ਹ ਲੈਂਦੇ ਹਨ” ਗੁਲਸ਼ਨ ਨੇ ਕਿਹਾ। ਉਸ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕੋਲੋਂ ਡਰਨਾ ਚਾਹੀਦਾ ਹੈ: ਖਾੜਕੂਆਂ ਤੋਂ ਜਾਂ ਫੌਜੀਆਂ ਤੋਂ।

ਜਦੋਂ ਉਕਤ ਦਾਅਵਿਆਂ ਦੀ ਤਸਦੀਕ ਲਈ ਮੈਂ ਸੋਪੀਆਂ ਠਾਣੇ ਵਿਚ ਗਈ ਤਾਂ ਛੋਟੇ ਠਾਣੇਦਾਰ ਨਜ਼ੀਰ ਅਹਿਮਦ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਗ੍ਰਿਫਤਾਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਸ ਦਾ ਫੋਨ ਲੰਘੇ ਚਾਰ ਦਿਨਾਂ ਤੋਂ ਨਹੀਂ ਚੱਲ ਰਿਹਾ। ਉਹਦੇ ਇਸ ਜਵਾਬ ਤੋਂ ਉਸਦੇ ਨਾਲ ਵਾਲੇ ਇਕ ਦੂਜੇ ਵੱਲ ਵੇਖ ਮੁਸ਼ਕੜੀਆਂ ’ਚ ਹੱਸੇ। ਠਾਣੇ ਦੀ ਕੰਧ ਉੱਤੇ ਉਰਦੂ ਦੇ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਦੀ ਇਹ ਤੁਕ ਲਿਖਤੀ ਹੋਈ ਸੀ: “ਨਹੀਂ ਤੇਰਾ ਨਸ਼ੇਮਾਂ ਕਸਰ-ਏ-ਸੁਲਤਾਨੀ ਕੇ ਗੁੰਬਦ ਪੇ, ਤੂੰ ਸ਼ਾਹੀਨ ਹੈ ਬਸੇਰਾ ਕਰ ਪੱਥਰੋਂ ਹੀ ਚੱਟਾਨੋ ਪਰ” (ਤੇਰਾ ਟਿਕਾਣਾ ਸ਼ਾਹੀ ਮਹੱਲ ਦੇ ਗੁੰਬਦਾਂ ’ਤੇ ਨਹੀਂ ਏ; ਤੂੰ ਬਾਜ ਏ ਬਸੇਰਾ ਕਰ ਪੱਥਰਾਂ ਅਤੇ ਚੱਟਾਨਾਂ ’ਤੇ)।

ਹਰ ਵੇਲੇ ਦੀ ਨਿਗਰਾਨੀ ਅਤੇ ਜਾਲਮਾਨਾ ਜ਼ਬਰ ਤੇ ਨਜ਼ਰਬੰਦੀ ਦੇ ਚੱਲਦਿਆਂ ਇੰਝ ਲੱਗਦਾ ਏ ਕਿ ਕਸ਼ਮੀਰੀ ਲਗਾਤਾਰ ਵਿਰਲਾਪ ਕਰ ਰਹੇ ਹੋਣ

ਰਾਣਾ ਅਯੂਬ ਦੀ ਗੁਜਰਾਤ ਕਤਲੇਆਮ ਅਤੇ ਗੁਜਰਾਤ ਵਿਚ ਹੋਏ ਝੂਠੇ ਮੁਕਾਬਲਿਆਂ ਦੀ ਹਕੀਕਤ ਨੂੰ ਉਜਾਗਰ ਕਰਦੀ ਕਿਤਾਬ ਗੁਜਰਾਤ ਫਾਈਲਾਂ ਖਰੀਦੋ

ਸ਼੍ਰੀਨਗਰ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਕਈ ਪਰਿਵਾਰ ਬਿਨਾ ਕੁਝ ਬੋਲੇ ਆਪਣੇ ਬੱਚਿਆਂ ਦੇ ਚੁੱਕੇ ਜਾਣ ਦਾ ਵਿਰਲਾਪ ਕਰ ਰਹੇ ਹਨ। 19 ਸਾਲਾਂ ਦਾ ਮੁਦਾਸਿਰ ਮਜੀਦ, ਜਿਹੜਾ ਕਾਰੋਬਾਰੀ ਪ੍ਰਬੰਧ (ਬਿਜਨਸ ਐਡਮਿਨਿਸਟ੍ਰੇਸਨ) ਦੀ ਪੜ੍ਹਾਈ ਕਰ ਰਿਹਾ ਸੀ, 4 ਅਗਸਤ ਨੂੰ ਆਪਣੇ ਪਿਤਾ ਦੀ ਮਦਦ ਕਰਨ ਲਈ ਘਰ ਪਰਤਿਆ ਸੀ। ਉਸਦਾ ਪਿਤਾ ਭੇਡਾਂ ਦਾ ਵਪਾਰੀ ਹੈ। ਅਗਲੀ ਸਵੇਰ ਜਦੋਂ ਉਹ ਭੇਡਾਂ ਨੂੰ ਟਰੱਕ ਵਿਚੋਂ ਲਾਹੁਣ ਵਿਚ ਆਪਣੇ ਪਿਤਾ ਦੀ ਮਦਦ ਕਰ ਰਿਹਾ ਸੀ ਤਾਂ ਨੀਮ-ਫੌਜੀਆਂ ਨੇ ਉਹਨੂੰ ਧੂਹ ਕੇ ਗੱਡੀ ਵਿੱਚ ਸੁੱਟ ਲਿਆ। ਜਦੋਂ ਉਹਦਾ ਪਿਤਾ ਠਾਣੇ ਗਿਆ ਤਾਂ ਉਹਨੂੰ ਅੱਗਿਓਂ ਜਵਾਬ ਮਿਲਿਆ ਕਿ ਉਹਦੇ ਪੁੱਤਰ ਨੂੰ ‘ਪਬਲਿਕ ਸੇਫਟੀ ਐਕਟ’ ਤਹਿਤ ਨਜ਼ਰਬੰਦ ਕਰਕੇ ਉੱਤਰ-ਪ੍ਰਦੇਸ਼ ਦੀ ਇਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। “ਮੈਨੂੰ ਡਰ ਹੈ ਕਿ ਜਦੋਂ ਮੇਰਾ ਪੁੱਤਰ ਬਾਹਰ ਆਏਗਾ ਤਾਂ ਉਹ ਉਹਨੂੰ ‘ਅੱਤਵਾਦੀ’ ਗਰਦਾਨ ਦੇਣਗੇ” ਮੁਦਾਸਿਰ ਦੇ ਪਿਤਾ ਨੇ ਮੇਰੇ ਕੋਲ ਆਪਣਾ ਖਦਸ਼ਾ ਜ਼ਾਹਰ ਕੀਤਾ।

ਸ਼੍ਰੀ ਨਗਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੁਸਰਤ ਜਹਾਂ ਨੇ ਮੈਨੂੰ ਦੱਸਿਆ ਕਿ ਕਸ਼ਮੀਰੀ ਅਵਾਮ ਸਿਰੇ ਦੀ ਨਿਰਾਸ਼ਤਾ (ਡਿਪਰੈਸ਼ਨ) ਵਿਚੋਂ ਲੰਘ ਰਹੀ ਹੈ। “ਮੈਂ ਖੁਰੇ ਵਿਚ ਜਾ ਕੇ ਰੋਨੀਂ ਆਂ ਜਦੋਂ ਕੈਂਸਰ ਦੇ ਮਰੀਜ ਪੀੜ ਨਾਲ ਕੀਰਨੇ ਪਾਉਂਦੇ ਨੇ ਤੇ ਸਾਡੇ ਕੋਲ ਉਨ੍ਹਾਂ ਦਾ ਦਰਦ ਰੋਕਣ ਲਈ ਮੋਰਫੀਨ ਦੇ ਟੀਕੇ ਨਹੀਂ ਹੁੰਦੇ” ਉਸ ਨੇ ਕਿਹਾ। “ਮੈਂ ਦਸ ਸਾਲ ਦੇ ਬੱਚਿਆਂ ਦੇ ਜਖਮਾਂ ਵਿਚ ਸ਼ੱਰ੍ਹੇ ਕੱਢੇ ਨੇ, ਤੇ ਮੈਨੂੰ ਇਵੇਂ ਲੱਗਦਾ ਸੀ ਜਿਵੇਂ ਮੈਂ ਆਪਣੇ ਹੀ ਬੱਚੇ ਦੇ ਸਰੀਰ ਵਿਚੋਂ ਸ਼ੱਰ੍ਹੇ ਕੱਢ ਰਿਹਾ ਹੋਵਾਂ। ਮਨੋਰੋਗੀਆਂ ਦੇ ਵਾਰਡ ਵਿਚ ਜਾ ਕੇ ਪੁੱਛੋ, ਮਰੀਜ ਅਜਿਹੇ ਨਸ਼ੇ ਦੀ ਮੰਗ ਰਹੇ ਨੇ ਜਿਹੜਾ ਉਨ੍ਹਾਂ ਨੂੰ ਸੁੱਤਿਆਂ ਨੂੰ ਹੀ ਮਾਰ ਦੇਵੇ”।

19 ਅਕਤੂਬਰ ਨੂੰ ਮੈਂ ਸ਼੍ਰੀਨਗਰ ਦੇ ਖਾਸਯਾਰ ਤੇ ਰੈਨਾਵਰੀ ਦੇ ਘਰਾਂ ਵਿਚ ਗਈ। ਇਹ ਇਲਾਕਾ ਵਿਰੋਧ ਵਿਖਾਵਿਆਂ ਲਈ ਜਾਣਿਆ ਜਾਂਦਾ ਸੀ, ਤੇ ਹਰੇਕ ਪਰਵਾਰ ਨੇ ਮੈਨੂੰ ਫੌਜ ਵੱਲੋਂ ਚੁੱਕੇ ਬੱਚਿਆਂ ਦੀ ਦਾਸਤਾਨ ਦੱਸੀ। ਰੈਨਾਵਰੀ ਵਿਚ ਦਵਾਈਆਂ ਦੇ ਦੁਕਾਨਦਾਰ (ਕੈਮਿਸਟ) ਮੁਬਾਸ਼ਿਰ ਪੀਰ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੁਨਾਇਟਡ ਨੇਸ਼ਨਜ਼ ਵਿਚ ਬੋਲਣ ਤੋਂ ਕੁਝ ਹਫਤੇ ਬਾਅਦ 18 ਅਕਤੂਬਰ ਦੀ ਰਾਤ ਨੂੰ 300 ਤੋਂ ਵੱਧ ਬੱਚੇ (ਨੀਮ-ਫੌਜਾਂ ਵੱਲੋਂ) ਚੁੱਕੇ ਲਏ ਗਏ।

ਕੀ ਤੁਹਾਡੇ ਪ੍ਰਧਾਨ ਮੰਤਰੀ ਨੂੰ ਸਾਡੀ ਕੋਈ ਫਿਕਰ ਹੈ?”, ਉਹਨੇ ਪੁੱਛਿਆ। “ਕਸ਼ਮੀਰੀਆਂ ਦਾ ਖੂਨ ਚੋਅ ਰਿਹੈ ਤੇ ਉਹ ਪਖਾਨੇ ਬਣਵਾਉਣ ਦੀਆਂ ਗੱਲਾਂ ਕਰ ਰਿਹਾ ਏ। ਕਸ਼ਮੀਰੀਆਂ ਨੇ ਇਮਰਾਨ ਖਾਨ (ਪਾਕਿਸਤਾਨੀ ਪ੍ਰਧਾਨ ਮੰਤਰੀ) ਦੀ ਤਕਰੀਰ ਨੂੰ ਸਲਾਹਿਆ ਏ ਕਿਉਂਕਿ ਘੱਟੋ-ਘੱਟ ਉਹਨੇ ਸਾਡੇ ਬਾਰੇ ਫਿਕਰਮੰਦੀ ਦਾ ਇਜ਼ਹਾਰ ਤਾਂ ਕੀਤਾ ਏ ਨਾ”।

⊕ ਇਹ ਵੀ ਪੜ੍ਹੋ –  ਮਨੀਪੁਰੀ ਆਗੂਆਂ ਵੱਲੋਂ ਭਾਰਤ ਤੋਂ ਅਜ਼ਾਦੀ ਅਤੇ ‘ਜਲਾਵਤਨ ਸਰਕਾਰ’ ਦਾ ਐਲਾਨ

ਮੈਨੂੰ ਸਿਆਸੀ ਦਲ ਨੈਸ਼ਨਲ ਕਾਨਫਰੰਸ ਦੇ ਇਕ ਵੱਡੇ ਆਗੂ ਮੁਹੰਮਦ ਸ਼ਾਫੀ ਨਾਲ ਮੁਲਾਕਾਤ ਤੇ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਇਸ ਦਲ ਦੇ ਆਗੂ 5 ਅਗਸਤ ਤੋਂ ਹੀ ਘਰਾਂ ਵਿਚ ਨਜ਼ਰਬੰਦ ਕੀਤੇ ਹੋਏ ਹਨ। “ਜੇਕਰ ਕਿਸੇ ਦਿਨ ਕਸ਼ਮੀਰ ਵਿਚ ਜਮਹੂਰੀ ਅਮਲ ਦੀ ਵਾਪਸੀ ਹੋ ਵੀ ਜਾਂਦੀ ਹੈ ਤਾਂ ਸਾਡੀਆਂ ਪਾਰਟੀਆਂ ਕਸ਼ਮੀਰੀਆਂ ਨਾਲ ਕਿਸ ਚੀਜ ਦੇ ਵਾਅਦੇ ਕਰ ਸਕਣਗੀਆਂ?”, ਉਹਨੇ ਸਵਾਲ ਕੀਤਾ। “ਨਵੀਂ ਦਿੱਲੀ ਵਾਲੇ ਭੇਡਾਂ-ਬੱਕਰੀਆਂ ਵਾਙ ਤਾੜੇ ਕਸ਼ਮੀਰੀਆਂ ਬਾਰੇ ਆਪੇ ਹੀ ਫੈਸਲੇ ਲੈਣਗੇ। ਉਨਹਾਂ ਹਾਲੀ ਕੱਲ ਹੀ 80 ਸਾਲਾਂ ਦੀ ਵਿਦਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੀ ਕਿ ਹੱਥਾਂ ਵਿਚ ਇਕ ਤਖਤੀ ਫੜ੍ਹ ਕੇ ਸਿਰਫ ਸੜਕ ਉੱਤੇ ਹੀ ਬੈਠੀ ਸੀ”।

ਉਹ 18 ਅਕਾਦਮਿਕ ਤੇ ਕਾਰਕੁੰਨ ਬੀਬੀਆਂ ਦੀ ਗ੍ਰਿਫਤਾਰੀ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਵਿਚ ਸਾਬਕਾ ਮੁੱਖ ਜੱਜ ਹਾਵਾ ਬਸ਼ੀਰ ਦੀ ਘਰਵਾਲੀ ਵੀ ਸ਼ਾਮਿਲ ਸੀ, ਜਿਹੜੀਆਂ ਕਿ ਸ਼੍ਰੀਨਗਰ ਵਿਚ ਸ਼ਹਿਰੀਆਂ ਦੇ ਹੱਕਾਂ ਦੀ ਬਹਾਲੀ ਲਈ ਸਾਂਤਮਈ ਤੇ ਬਿਨਾਂ ਨਾਅਰੇਬਾਜ਼ੀ ਤੋਂ ਵਿਖਾਵਾ ਕਰ ਰਹੀਆਂ ਸਨ। ਇਨ੍ਹਾਂ ਬੀਬੀਆਂ, ਜਿਨ੍ਹਾਂ ਵਿਚ ਇਕ 82 ਸਾਲਾਂ ਦੀ ਬਜ਼ੁਰਗ ਵੀ ਸ਼ਾਮਿਲ ਸੀ ਤੇ ਜਿਸ ਦਾ ਦਿਲ ਦਾ ਅਪਰੇਸ਼ਨ ਵੀ ਹੋਇਆ ਹੋਇਆ ਸੀ, ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਕ ਦਿਨ ਬਾਅਦ ਉਨਹਾਂ ਨੂੰ ਇਸ ਸ਼ਰਤ ਉੱਤੇ ਛੱਡਿਆ ਗਿਆ ਕਿ ਉਹ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਵਿਖਾਵਾ ਕਰਨਗੀਆਂ ਤੇ ਨਾ ਹੀ ਕਸ਼ਮੀਰ ਨੂੰ ਖਾਸ ਸਿਆਸੀ ਰੁਤਬਾ ਦੇਣ ਵਾਲੀ (ਭਾਰਤੀ) ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਬਾਰੇ ਕੋਈ ਗੱਲ ਕਰਨਗੀਆਂ।

ਇਸ ਸਭ ਨੇ ਜੰਮੂ ਕਸ਼ਮੀਰ ਵਿਚ ਮੁੜ ਚੁੱਪ-ਚਾਂ ਵਰਤਾ ਦਿੱਤੀ ਹੈ। ਜਦੋਂ ਮੈਂ ਲੋਕਾਂ ਨੂੰ ਪੁੱਛਿਆ ਕਿ ਉਹ ਕੰਮਾਂ-ਕਾਰਾਂ ’ਤੇ ਕਿਉਂ ਨਹੀਂ ਜਾ ਰਹੇ ਤਾਂ ਉਨਹਾਂ ਕਿਹਾ ਕਿ ਉਹ ਡਰਦੇ ਹਨ। ਇਕ ਸਰਕਾਰੀ ਮੁਲਾਜਮ ਨੇ ਮੈਨੂੰ ਦੱਸਿਆ ਕਿ ਕਸ਼ਮੀਰੀ ਆਪਣੇ ਬੱਚਿਆ ਨੂੰ ਘਰਾਂ ਦੇ ਅੰਦਰ ਹੀ ਰੱਖ ਰਹੇ ਹਨ।

“ਸਾਨੂੰ ਡਰ ਹੈ ਕਿ ਉਹ ਸਾਰੇ ਨਿਆਣਿਆਂ ਨੂੰ ਚੁੱਕ ਲਿਜਾਣਗੇ”, ਉਹਨੇ ਕਿਹਾ। “ਮੈਂ ਤੁਹਾਨੂੰ ਕਹਿਨਾਂ ਕਿ ਕਸ਼ਮੀਰੀ ਇਸੇ ਕਿਆਮਤ ਤੋਂ ਹੀ ਡਰਦੇ ਨੇ। ਇੱਥੇ ਸਾਡੇ ਸਾਰਿਆਂ ’ਤੇ ਮੁਰਦੇਹਾਣੀ ਛਾਈ ਹੋਈ ਏ”।

174 ਸ਼ੱਰਿਆਂ ਨਾਲ ਜਖਮੀ ਹੋਇਆ ਉਸ ਦਾ 18 ਸਾਲਾਂ ਦਾ ਭਤੀਜਾ ਨਜ਼ੀਰ ਹਸਪਤਾਲ ਵਿਚ ਪਿਆ ਹੈ। ਇਨ੍ਹਾਂ ਸ਼ੱਰਿਆਂ ਵਿਚੋਂ 4 ਸ਼ੱਰੇ ਉਸ ਦੇ ਦਿਲ ਵਿਚ ਵੱਜੇ ਹੋਏ ਹਨ। ਉਸ ਦੀ ਜਿੰਦਗੀ ਦੀ ਤੰਦ ਇਸ ਵੇਲੇ ਮਸ਼ੀਨਾਂ ਦੇ ਸਹਾਰੇ ਹੀ ਜੁੜੀ ਹੋਈ ਹੈ।

ਕਸ਼ਮੀਰੀ ਭਾਰਤੀ ਟੀ.ਵੀ. ਚੈਨਲਾਂ ਨੂੰ ਨਹੀਂ ਵੇਖਦੇ। ਕਸ਼ਮੀਰ ਦੇ ਹਾਲਾਤ ਨੂੰ ‘ਆਮ ਵਰਗੇ’ ਦੱਸਣ ਵਾਲੀਆਂ ਖਬਰਾਂ ਉਨਹਾਂ ਨੂੰ ਹੋਰ ਖਿਝਾ ਦਿੰਦੀਆਂ ਹਨ। ਮੈਂ ਵੇਖਿਆ ਕਿ ਇੰਡੀਆ ਟੂਡੇ ਉੱਤੇ ਇਕ ਪੱਤਰਕਾਰ ਕਸ਼ਮੀਰ ਵਿਚ ਅਮਨ-ਸ਼ਾਂਤੀ ਦੇ ਨਵੇਂ ਦੌਰ ਦਾ ਗੁਣਗਾਨ ਕਰ ਰਿਹਾ ਸੀ। ਕਸ਼ਮੀਰੀ ਰੇਡੀਓ ਉੱਤੇ ਸਿਰਫ ਗਾਣੇ ਹੀ ਆ ਰਹੇ ਹਨ ਤੇ ਰੇਡੀਓ ਤੋਂ ਮਿਲਣ ਵਾਲੀ ਹੋਰ ਜਾਣਕਾਰੀ 5 ਅਗਸਤ ਤੋਂ ਹੀ ਬੰਦ ਹੈ। ਅਖਬਾਰਾਂ ਵਿਚ ਸੰਪਾਦਕੀਆਂ ਨਹੀਂ ਛਪ ਰਹੀਆਂ ਅਤੇ ਸਿਰਫ ਸਰਕਾਰੀ ਪੱਖ ਤੇ ਸਰਕਾਰੀ ਖਬਰਾਂ ਹੀ ਛਪ ਰਹੀਆਂ ਹਨ

ਜਦੋਂ ਮੈਂ ਇਹ ਸਤਰਾਂ ਲਿਖ ਰਹੀ ਹਾਂ ਤਾਂ ਭਾਰਤ ਵਿਚ ਟਵਿਟਰ ਉੱਤੇ ਭਾਰਤ ਦੇ ਸਾਰੇ ਮੁਸਲਮਾਨਾਂ ਨੂੰ ਮੂੰਹ ਨਾ ਲਾਉਣ ਦਾ ਸੱਦਾ ਸਿਖਰਾਂ ’ਤੇ ਚੱਲ ਰਿਹਾ ਹੈ (“ਬਾਈਕਾਟ-ਆਲ-ਇੰਡੀਅਨ-ਮੁਸਲਿਮਸ” ਇਜ਼ ਟਰੈਂਡਿੰਗ)। ਜ਼ਿਆਦਾਤਰ ਟਵੀਟਾਂ ਨਰਿੰਦਰ ਮੋਦੀ ਤੇ ਉਸ ਦੇ ਮੰਤਰੀਆਂ ਦੇ ਪੈਰੋਕਾਰ (ਫੌਲੋਅਰ) ਫੈਲਾਅ ਰਹੇ ਹਨ। ਕਈ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਸੱਦਾ ਦੇ ਰਹੇ ਹਨ ਅਤੇ ਕਈ ਹੋਰ ਕਸ਼ਮੀਰੀਆਂ ਦਾ ਖੂਨ ਡੋਲ੍ਹਣ ਲਈ ਕਹਿ ਰਹੇ ਹਨ।

ਮੈਨੂੰ ਡਾਕਟਰ ਨੁਸਰਤ ਜਹਾਂ ਦੇ ਲਫਜ਼ ਚੇਤੇ ਆ ਰਹੇ ਹਨ ਕਿ ਛੇਤੀ ਹੀ ਸਾਰੇ ਕਸ਼ਮੀਰੀ ਜਾਂ ਤਾਂ ਜੇਲ੍ਹ ਵਿਚ ਹੋਣਗੇ ਤੇ ਜਾਂ ਫਿਰ ਦਿਮਾਗੀ ਮਰੀਜ਼ਾਂ ਦੇ ਹਸਪਤਾਲ (ਪਾਗਲਖਾਨੇ) ਵਿਚ

ਦੁਨੀਆ ਤੇ ਭਾਰਤੀ ਉਪਮਹਾਂਦੀਪ ਦੇ ਕਈ ਲੋਕਾਂ ਦੀ ਬੇਰੁਖੀ ਦੇ ਚੱਲਦਿਆਂ ਇਸ ਖਿੱਤੇ ਵਿਚ ਅਜਿਹਾ ਡਰ, ਸਹਿਮ ਤੇ ਜ਼ਬਰ ਫੈਲ ਰਿਹਾ ਹੈ ਜਿਹੜਾ ਕਿ ਇਸ ਨੇ ਪਿਛਲੇ ਦਹਾਕਿਆਂ ਵਿਚ ਵੀ ਨਹੀਂ ਸੀ ਵੇਖਿਆ।

ਪਰ ਇਹ ਧਿਆਨ ਦੇਣ ਦਾ ਵੇਲਾ ਹੈ। ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੱਖਣੀ ਏਸ਼ੀਆ ਵਿਚ ਮਨੁੱਖੀ ਹੱਕਾਂ ਦੇ ਵਿਸ਼ੇ ਉੱਤੇ ਸੁਣਵਾਈ ਵਿਚ ਹਿੱਸਾ ਲੈਣ ਵਾਲਿਆਂ ਨੇ ਭਾਰਤ ਸਰਕਾਰ ਦੀ ਕਸ਼ਮੀਰ ਵਿਚ ਕਾਰਵਾਈ ਉੱਤੇ ਉੰਗਲਾਂ ਚੁੱਕੀਆਂ ਹਨ। ਅਮਨੈਸਟੀ ਇੰਟਰਨੈਸ਼ਨਲ ਦੇ ਏਸ਼ੀਆ ਪੈਸੀਫਿਕ ਲਈ ਮੁਹਿੰਮ ਪ੍ਰਬੰਧਕ ਫਰੈਂਸਿਸਕੋ ਬੈਨਕੋਸਮ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਇਸ ਤੱਥ ਨੂੰ ਦਸਤਾਵੇਜ਼ਬਧ ਕੀਤਾ ਹੈ ਕਿ ਜੰਮੂ ਤੇ ਕਸ਼ਮੀਰ ਵਿਚ ਸਿਆਸਤਦਾਨਾਂ ਤੇ ਕਾਰਕੁੰਨਾਂ, ਜਿਨ੍ਹਾਂ ਬਾਰੇ ਇਹ ਖਦਸ਼ਾ ਸੀ ਕਿ ਇਹ 5 ਅਗਸਤ ਤੋਂ ਪਹਿਲਾਂ ਵੱਖਰੇ ਰਾਏ ਰੱਖਦੇ ਹੋ ਸਕਦੇ ਹਨ, ਨੂੰ ਵਿਓਂਤਬਧ ਤਰੀਕੇ ਨਾਲ ਹਿਰਾਸਤ ਵਿਚ ਸੁੱਟਿਆ ਜਾ ਰਿਹਾ ਹੈ।

ਸਾਨੂੰ ਹੋਰ ਵੱਧ ਬੋਲਣਾ ਚਾਹੀਦਾ ਹੈ ਤਾਂ ਕਿ ਸੰਸਾਰ ਕਸ਼ਮੀਰ ਵਿਚਲੇ ਬੋਲ਼ੇ ਕਰ ਦੇਣ ਵਾਲੇ ਸੰਨਾਟੇ ਨੂੰ ਸੁਣ ਸਕੇ। ਇਹ ਰਣਨੀਕਤ ਸੰਬੰਧਾਂ ਬਾਰੇ ਸੋਚਣ ਦਾ ਵੇਲਾ ਨਹੀਂ ਹੈ। ਕਸ਼ਮੀਰ ਤੇ ਉਸ ਦੇ ਬੱਚੇ ਨਿਆਂ ਦੀ ਉਡੀਕ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,