Site icon Sikh Siyasat News

ਫੈਡਰੇਸ਼ਨ ਨੇ ਪੰਜਾਬੀ ਬੋਲੀ ਦੀ ਮੌਜੂਦਾ ਹਾਲਤ ਬਾਰੇ ਵਿਚਾਰ-ਚਰਚਾ ਕਰਵਾਈ

ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ, ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੇ ਮੁਖੀ ਪ੍ਰੋ: ਜੋਗਾ ਸਿੰਘ ਆਪਣਾ ਪਰਚਾ ਪੇਸ਼ ਕਰਦੇ ਹੋਏ

ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ, ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੇ ਮੁਖੀ ਪ੍ਰੋ: ਜੋਗਾ ਸਿੰਘ ਆਪਣਾ ਪਰਚਾ ਪੇਸ਼ ਕਰਦੇ ਹੋਏ

ਪਟਿਆਲਾ (5 ਅਕਤੂਬਰ, 2011): ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ‘ਪੰਜਾਬੀ ਬੋਲੀ ਦੀਆਂ ਵਰਤਮਾਨ ਹਾਲਤਾਂ’ ਵਿਸ਼ੇ ’ਤੇ ਇਕ ਉਚ-ਪੱਧਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿਖੇ ਕਰਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ’ਤੇ ਮੰਡਰਾ ਰਹੇ ਗੰਭੀਰ ਖਤਰੇ ਦੇ ਸੰਦਰਭ ਵਿਚ ਗੰਭੀਰ ਤੇ ਕੀਮਤੀ ਵਿਚਾਰ ਉਭਰ ਕੇ ਸਾਹਮਣੇ ਆਏ ਤੇ ਇਹ ਗੱਲ ਸਮੂਹ ਬੁਲਾਰਿਆਂ ਨੇ ਸ਼ਿੱਦਤ ਨਾਲ ਮਹਿਸੂਸ ਕਰਾਈ ਪੰਜਬੀ ਬੋਲੀ ’ਤੇ ਬਣੇ ਸੰਕਟ ਦਾ ਮੁੱਖ ਕਾਰਨ ਇਸ ਬੋਲੀ ਦੇ ਬੋਲਣਹਾਰਿਆਂ ਦਾ ਸੱਤਾ ਦੇ ਪੱਖ ਤੋਂ ਹਾਸ਼ੀਆਗ੍ਰਸਤ ਹੋਣਾ ਹੈ। ਇਸ ਮੌਕੇ ਮਸ਼ਹੂਰ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਆਪਣੇ ਡੂੰਘੇ ਤੇ ਭਾਵਪੂਰਵ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਭਾਸ਼ਾ ’ਤੇ ਹੀ ਮਨੁੱਖੀ ਸੱਭਿਅਤਾ ਦੇ ਸਾਰੇ ਪੱਖ ਜੁੜੇ ਹੋਏ ਹਨ। ਉਹਨਾਂ ਵਿਦਿਆ ਦੇ ਨਜ਼ਰੀਏ ਤੋਂ ਪੰਜਾਬੀ ’ਤੇ ਬਣ ਸੰਕਟ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਕਿਸੇ ਨੂੰ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਉਦੋਂ ਤੱਕ ਉਹ ਵਿਦੇਸ਼ੀ ਭਾਸ਼ਾ ’ਚ ਡੂੰਘਾ ਨਹੀਂ ਉਭਰ ਸਕਦਾ। ਜਿਥੇ ਪੰਜਾਬੀ ਬੋਲੀ ’ਚ ਨਿਘਾਰ ਇਸ ’ਚ ਬੇਲੋੜੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਨਾਲ ਹੋ ਰਿਹਾ ਹੈ, ਉਥੇ ਇਸ ਦੇ ਬੋਲਹਾਰਿਆਂ ਦੇ ਅੰਧ-ਵਿਸ਼ਵਾਸ਼ਾਂ ਕਰਕੇ ਵੀ ਪੰਜਾਬੀ ਬੋਲੀ ਖਾਤਮੇ ਵੱਲ ਵਧ ਰਹੀ ਹੈ।

ਵਿਦਵਾਨਾਂ ਦੇ ਵਿਚਾਰ ਸੁਣਦੇ ਹੋਏ ਯੂਨੀਵਰਸਿਟੀ ਵਿਦਿਆਰਥੀ ਅਤੇ ਹੋਰ ਸਰੇਤੇ ...

ਯੂ.ਐਨ.ਆਈ ਸੇਵਾ ਮੁਕਤ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੇ ਮੀਡੀਆ ਦਾ ਭਾਸ਼ਾ ’ਤੇ ਪ੍ਰਭਾਵ ਦੇ ਸੰਦਰਭ ’ਚ ਇਹ ਵਿਚਾਰ ਪ੍ਰਗਟਾਏ ਕਿ ਜਿਥੇ ਪੰਜਾਬੀ ਬੋਲੀ ਫਿਰਕਾਪ੍ਰਸਤੀ ਦਾ ਸ਼ਿਕਾਰ ਰਹੀ ਹੈ, ਉਥੇ ਹਾਕਮ ਧਿਰ ਵਲੋਂ ਇਸ ਨੂੰ ਖੂੰਝੇ ਲਾਉਣ ਲਈ ਤਮਾਮ ਹੀਲੇ ਵਰਤੇ ਜਾਂਦੇ ਰਹੇ ਹਨ ਜਿਸ ਵਿਚ ਮੀਡੀਆ ਦੀ ਜ਼ਿਕਰਯੋਗ ਭੂਮਿਕਾ ਹੈ। ਉਨ੍ਹਾਂ ਕਿਹਾ ਕਿਾ ਮੀਡੀਆ ਹੋਰ ਇਕ ਕਾਰੋਬਾਰ ਬਣ ਚੁੱਕਾ ਹੈ ਤੇ ਇਸ ਦਾ ਭਾਸ਼ਾਈ ਸੰਕਟ ਨਾਲ ਕੋਈ ਸਰੋਕਾਰ ਨਹੀਂ ਹੈ, ਤਾਹੀਓਂ ਭਾਸ਼ਾ ਦੀ ਮੀਡੀਆ ’ਚ ਵਰਤੋਂ ਦੌਰਾਨ ਸ਼ਬਦਾਂ ਦੀ ਚੋਣ ਤੇ ਇਸ ਦੇ ਸਭਿਆਚਾਰਕ ਮੁਹਾਵਰੇ ਦੇ ਪ੍ਰਚਲਣ ’ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਸਥਿਤੀ ਦਾ ਪੰਜਾਬੀ ਵੱਡੇ ਰੂਪ ’ਚ ਸ਼ਿਕਾਰ ਹੈ। ਪੰਜਾਬੀ ਅਖਬਾਰਾਂ ਬੇਲੋੜੇ ਰੂਪ ’ਚ ਗੈਰ-ਪੰਜਾਬੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵਰਤਦੀਆਂ ਹਨ। ਇਹ ਸਥਿਤੀ ਪੰਜਾਬੀ ਲਈ ਮਾਰੂ ਹੈ। ਤੀਜੇ ਬੁਲਾਰੇ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ (ਹਿ.ਪ੍ਰ.) ਦੇ ਪੰਜਾਬੀ ਮਹਿਕਮੇ ’ਚ ਸਹਾਇਕ ਪ੍ਰੋਫੈਸਰ ਡਾ. ਸਿਕੰਦਰ ਸਿੰਘ ਨੇ ਭਾਸ਼ਾਈ ਨਸਲਕੁਸ਼ੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਸਥਾਪਤ ਧਿਰ ਵਲੋਂ ਪੰਜਾਬੀ ਦੀਆਂ ਉਪ-ਭਾਸ਼ਾਵਾਂ ਜਿਵੇਂ ਡੋਗਰੀ, ਪੁਆਂਧੀ, ਪੁਣਛੀ, ਪੋਠੋਹਾਰੀ, ਸਹਾਇਕੀ ਆਦਿ ਦਾ ਵੀ ਸੁਚੇਤ ਤੌਰ ’ਤੇ ਪੰਜਾਬੀ ਨਾਲੋਂ ਨਿਖੇੜਾ ਕੀਤਾ ਜਾ ਰਿਹਾ ਹੈ ਪਰ ਸੁਤੰਤਰ ਭਾਸ਼ਾਵਾਂ ਜਿਵੇਂ ਭੋਜਪੁਰੀ, ਅਵਧੀ, ਬਿਹਾਰੀ ਆਦਿ ਨੂੰ ਹਿੰਦੀ ਦੇ ਘੇਰੇ ’ਚ ਲਿਆਂਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤਕੜੀ ਧਿਰ ਵਲੋਂ ਪੰਜਾੀਬ ’ਤੇ ਸਿੱਧੀ ਪਾਬੰਦੀ ਨਹੀਂ ਲਾਈ ਜਾ ਰਹੀ, ਸਗੋਂ ਇਸ ਨੂੰ ਪੰਜਾਬੀਆਂ ’ਮਨੋਵਿਗਿਆਨਕ ਪੱਧਰ ’ਤੇ ਮਾਰਿਆ ਜਾ ਰਿਹਾ ਹੈ। ਸਿੱਟੇ ਵਜੋਂ ਉਹਨਾਂ ’ਚ ਹੀਣ ਭਾਵਨਾ ਪੈਦਾ ਹੋ ਰਹੀ ਹੈ। ਇਸ ਮੌਕੇ ਹੋਈ ਬਹਿਸ ’ਤੇ ਸਵਾਲ-ਜਵਾਬ ਸ਼ੈਸ਼ਨ ’ਚ ਗੁਰੂ ਗ੍ਰੰਥ ਸਾਹਿਬ ਮਹਿਕਮੇ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਨੇ ਹਿੱਸਾ ਲਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਇਹਨਾਂ ਸਾਰਿਆਂ ਬੁਲਾਰਿਆਂ ਤੇ ਹਾਜ਼ਰੀਨਾਂ ਦਾ ਧੰਨਵਾਦ ਕਰਨ ਤੋਂ ਇਲਾਵਾ ਭਾਸ਼ਾਈ ਸੰਕਟ ਦੇ ਕੌਮਾਂਤਰੀ ਸੰਦਰਭ ਨੁੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਇਹ ਸੈਮੀਨਾਰ ਸਿੱਖ ਐਜੂਕੇਸ਼ਨ ਕੌਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਵੱਡੀ ਗਿਣਤੀ ’ਚ ਨੌਜਵਾਨ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪਹੁੰਚਣ ਵਾਲੀਆਂ ਸ਼ਖਸੀਅਤਾਂ ’ਚੋਂ ਡਾ. ਹਰਜਿੰਦਰ ਵਾਲੀਆ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਡਾ. ਧਰਮਿੰਦਰ ਸਿੰਘ, ਸ. ਖੁਸ਼ਹਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ, ਸੀਨੀਅਰ ਪੱਤਰਕਾਰ ਸ. ਰਾਮਿੰਦਰਜੀਤ ਸਿੰਘ ਵਾਸੂ, ਅਰਥ ਸ਼ਾਸ਼ਤਰੀ ਡਾ. ਗਿਆਨ ਸਿੰਘ, ਡਾ. ਸਮਸ਼ੇਰ ਸਿੰਘ, ਡਾ. ਆਈ.ਐਸ. ਬੋਰਕਰ, ਜਥੇ. ਟੌਹੜਾ ਇੰਸਟੀਚਿਊਟ ਦਾ ਸਮੂਹ ਸਟਾਫ ਤੇ ਤੇ ਵਿਦਿਆਰਥੀ, ਸੇਵਕ ਸਿੰਘ ਸਾਬਾਕ ਪ੍ਰਧਾਨ, ਫੈਡਰੇਸ਼ਨ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਫੈਡਰੇਸ਼ਨ ਦੇ ਸਾਬਕਾ ਜਿਲਾ ਪ੍ਰਧਾਨ ਪਰਮਜੀਤ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਗੋਪੀਪੁਰ (ਉਪ-ਸੰਪਾਦਕ ਰੋਜਾਨਾ ਅਜੀਤ) ਅਤੇ ਸ਼ਾਹਬਾਜ ਸਿੰਘ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version