ਸਿੱਖ ਖਬਰਾਂ

ਮਨੀਪੁਰ ਜਿਨਸੀ ਸ਼ੋਸ਼ਣ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ : ਦਲ ਖ਼ਾਲਸਾ

By ਸਿੱਖ ਸਿਆਸਤ ਬਿਊਰੋ

July 22, 2023

ਚੰਡੀਗੜ੍ਹ –  ਭਾਰਤੀ ਉਪ ਮਹਾਂਦੀਪ ਦੀਆਂ ਸੰਘਰਸ਼ਸ਼ੀਲ ਕੌਮਾਂ ਅਤੇ ਨਸਲੀ ਘੱਟ ਗਿਣਤੀਆਂ ਨਾਲ ਸਬੰਧ ਰੱਖਣ ਲਈ ਜਾਣੀ ਜਾਂਦੀ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਮਨੀਪੁਰ ਵਿੱਚ ਕੂਕੀ ਕਬਾਇਲੀ ਭਾਈਚਾਰੇ ਦੀਆਂ ਦੋ ਔਰਤਾਂ ‘ਤੇ ਜਿਨਸੀ ਸ਼ੋਸ਼ਣ ਦੀ ਘਿਨਾਉਣੀ ਘਟਨਾ ‘ਤੇ ਡੂੰਘਾ ਰੋਹ ਅਤੇ ਰੋਸ ਪ੍ਰਗਟ ਕੀਤਾ ਹੈ।

ਜਥੇਬੰਦੀ ਨੇ ਇਸ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੱਸਦਿਆਂ ਭਾਰਤ ਦੇ ਸਮੂਹ ਸੰਸਦ ਮੈਂਬਰਾਂ ਨੂੰ ਸਾਂਝੀ ਜ਼ਿੰਮੇਵਾਰੀ ਸਮਝਦਿਆਂ ਮੌਜੂਦਾ ਸਦਨ ​​ਦੇ ਸੈਸ਼ਨ ਦੌਰਾਨ ਦੋ ਮਿੰਟ ਲਈ ਸ਼ਰਮ ਨਾਲ ਸਿਰ ਝੁਕਾਉਣ ਲਈ ਕਿਹਾ ਹੈ।

ਦਲ ਖਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਅੰਦਰ ਇਸ ਅਤਿ ਵਿਗੜਦੀ ਸਥਿਤੀ ਲਈ ਨਰਿੰਦਰ ਮੋਦੀ ਸਰਕਾਰ ਜਵਾਬਦੇਹੀ ਤੋਂ ਬਚ ਨਹੀਂ ਸਕਦੀ। ਉਹਨਾਂ ਕਿਹਾ ਕਿ ਮਨੀਪੁਰ ਅੰਦਰ ਭੂਤਰੀ ਫਿਰਕੂ ਭੀੜ ਨੇ ਜਿਸ ਵਹਿਸ਼ੀਅਤ ਨਾਲ ਔਰਤਾਂ ਨੂੰ ਬੇਪੱਤ ਕੀਤਾ ਹੈ, ਇਨਸਾਨੀਅਤ ਅਤੇ ਸੱਭਿਅਤਾ ਨੂੰ ਦਾਗ਼ਦਾਰ ਕਰ ਦਿੱਤਾ ਹੈ।

ਦਲ ਖਾਲਸਾ ਆਗੂ ਨੇ ਚਿੰਤਾ ਪ੍ਰਗਟਾਉਂਦੀਆਂ ਕਿਹਾ ਕਿ ਬਲਾਤਕਾਰ ਨੂੰ ਦੱਬੇ-ਕੁਚਲੇ ਲੋਕਾਂ, ਘੱਟ ਗਿਣਤੀ ਭਾਈਚਾਰਿਆਂ ਦੇ ਸਵੈ-ਮਾਣ ਨੂੰ ਅਪਮਾਨਿਤ ਕਰਨ ਅਤੇ ਉਹਨਾਂ ਦੀ ਸਮੂਹਿਕ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਲਈ ਇੱਕ ਸਾਧਨ ਵਜੋਂ ਵਰਤਿਆ ਜਾਂਦਾ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਅਜਿਹੀਆਂ ਨਿੰਦਣਯੋਗ ਕਾਰਵਾਈਆਂ ਸਥਾਨਕ ਪ੍ਰਸ਼ਾਸਨ ਅਤੇ ਸੱਤਾ ਵਿੱਚ ਬੈਠੇ ਲੋਕਾਂ ਦੀ ਸ਼ੈਅ ਅਤੇ ਮਿਲੀਭੁਗਤ ਨਾਲ ਹੀ ਸੰਭਵ ਹੁੰਦੀਆਂ ਹਨ।

ਮਨੀਪੁਰ ਦੀ ਸ਼ਰਮਨਾਕ ਘਟਨਾ ‘ਤੇ, ਦਲ ਖਾਲਸਾ ਆਗੂ ਨੇ ਮਨੀਪੁਰ ਸਰਕਾਰ ਦੀ ਅਯੋਗਤਾ, ਕਬਾਇਲੀ ਭਾਈਚਾਰਿਆਂ ਪ੍ਰਤੀ ਨਫ਼ਰਤ ਅਤੇ ਪਿਛਲੇ ਕੁਝ ਸਾਲਾਂ ਤੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੁਆਰਾ ਦੇਸ਼ ਅੰਦਰ ਬਣਾਏ ਗਏ ਨਫ਼ਰਤ ਅਤੇ ਫਿਰਕੂਪੁਣੇ ਦੇ ਵਿਆਪਕ ਮਾਹੌਲ ਨੂੰ ਜ਼ਿੰਮੇਵਾਰ ਠਹਿਰਾਇਆ।

ਕੰਵਰਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਘਟਨਾ ਨੇ ਦਿੱਲੀ ਵਿੱਚ 1984 ਦੇ ਸਿੱਖ ਕਤਲੇਆਮ ਦੌਰਾਨ ਸਿੱਖ ਔਰਤਾਂ ਦੀ ਬੇਪਤੀ, 2002 ਵਿੱਚ ਗੁਜਰਾਤ ਦੰਗਿਆਂ ਦੌਰਾਨ ਮੁਸਲਿਮ ਔਰਤਾਂ ਨਾਲ ਦੁਰਵਿਵਹਾਰ ਅਤੇ ਜਿਸਮਾਨੀ ਹਮਲੇ ਅਤੇ ਇਸ ਤੋਂ ਪਹਿਲਾਂ ਮਨੀਪੁਰ ਅਤੇ ਉੱਤਰ ਪੂਰਬ ਦੇ ਹੋਰ ਹਿੱਸਿਆਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੀਆਂ ਕੌੜੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ।

ਦਲ ਖਾਲਸਾ ਨੇ ਭਾਰਤੀ ਸੰਸਦ ਮੈਂਬਰਾਂ ਨੂੰ ਧਰੁਵੀਕਰਨ ਦੀ ਰਾਜਨੀਤੀ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ ਜੋ ਅਜਿਹੀਆਂ ਘਿਣਾਉਣੀਆਂ ਕਾਰਵਾਈਆਂ ਲਈ ਅਨੁਕੂਲ ਮਾਹੌਲ ਪੈਦਾ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: