ਸਿੱਖ ਖਬਰਾਂ

ਅਸੀਂ ਗਿਆਨੀ ਗੁਰਬਚਨ ਸਿੰਘ ਆਦਿ ਦੀ ਸੁਰੱਖਿਆ ਨਹੀਂ ਕਰ ਸਕਦੇ; ਉਹ ਪਟਨਾ ਸਾਹਿਬ ਨਾ ਆਉਣ: ਗਿ: ਇਕਬਾਲ ਸਿੰਘ

By ਸਿੱਖ ਸਿਆਸਤ ਬਿਊਰੋ

January 01, 2017

ਪਟਨਾ ਸਾਹਿਬ: ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਪੰਜਾਬ ਸਥਿਤ ਤਿੰਨ ਤਖ਼ਤਾਂ ਦੇ ਜਥੇਦਾਰ ਪਟਨਾ ਸਾਹਿਬ ’ਚ ਕੀਤੇ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ। ਗਿਆਨੀ ਇਕਬਾਲ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਜਥੇਦਾਰਾਂ ਦੀ ਸੁਰੱਖਿਆ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਫ਼ਤਹਿਗੜ੍ਹ ਸਾਹਿਬ ’ਚ ਉਨ੍ਹਾਂ ਦੀ ਸੁਰੱਖਿਆ ਨਹੀਂ ਕਰ ਸਕੀ ਤਾਂ ਉਹ ਇੱਥੇ ਕਿਵੇਂ ਕਰਨਗੇ? ਇਹ ਪੱਤਰ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ ਜਿਸ ‘ਤੇ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਦੇ ਦਸਤਖ਼ਤ ਹਨ।

ਗਿਆਨੀ ਇਕਬਾਲ ਸਿੰਘ ਨੇ ਆਪਣੀ ਰਿਹਾਇਸ਼ ’ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਟੈਲੀਫੋਨ ਰਾਹੀਂ ਪਟਨਾ ਸਾਹਿਬ ਦੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਕਿਹਾ ਸੀ ਕਿ ਇਸ ਬਾਰੇ ਲਿਖਤੀ ਪੱਤਰ ਭੇਜੋ, ਇਸ ਲਈ ਪੱਤਰ ਭੇਜਿਆ ਸੀ। ਇਸ ਬਾਰੇ ਫੈਸਲਾ 29 ਦਸੰਬਰ ਨੂੰ ਬਿਹਾਰ ਸਰਕਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ ਕਿ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਨੂੰ ਸਮਾਗਮਾਂ ਵਿੱਚ ਆਉਣ ਤੋਂ ਰੋਕਿਆ ਜਾਵੇ।

ਇਕਬਾਲ ਸਿੰਘ ਨੇ ਕਿਹਾ ਕਿ ਖੁਫ਼ੀਆ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਸਨ ਕਿ 26 ਦਸੰਬਰ ਨੂੰ ਫਤਹਿਗੜ੍ਹ ਸਾਹਿਬ ’ਚ ਸ਼ਹੀਦੀ ਜੋੜ ਮੇਲ ਦੌਰਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਨੂੰ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਵਿੱਚ ਨਹੀਂ ਬੈਠਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਗੁਰਬਚਨ ਸਿੰਘ, ਮੱਲ ਸਿੰਘ, ਗੁਰਮੁੱਖ ਸਿੰਘ ਦੀ ਸੁਰੱਖਿਆ ਨਹੀਂ ਕਰ ਸਕੀ ਤਾਂ ਉਹ ਕਿਵੇਂ ਕਰ ਸਕਦੇ ਹਨ।

ਇਕਬਾਲ ਸਿੰਘ ਨੇ ਦੱਸਿਆ ਕਿ 7 ਜਨਵਰੀ, 2014 ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮੇਂ ਉਨ੍ਹਾਂ ’ਤੇ ਵੀ ਹਮਲਾ ਹੋ ਗਿਆ ਸੀ ਤਾਂ ਉਹ ਪੰਜਾਬ ਤੋਂ ਆਉਣ ਵਾਲੇ ਗੁਰਬਚਨ ਸਿੰਘ, ਮੱਲ ਸਿੰਘ, ਗੁਰਮੁੱਖ ਸਿੰਘ ਦੀ ‘ਰੱਖਿਆ’ ਕਿਵੇਂ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਗੁਰਬਚਨ ਸਿੰਘ, ਮੱਲ ਸਿੰਘ, ਗੁਰਮੁੱਖ ਸਿੰਘ ਤੋਂ ਅਲਾਵਾ ਸਤਨਾਮ ਸਿੰਘ ਪਿੱਪਲੀਵਾਲਾ ਨੂੰ ਵੀ ਆਉਣ ਤੋਂ ਰੋਕਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: