ਖੇਤੀਬਾੜੀ

ਜੀ.ਐੱਮ ਸਰ੍ਹੋਂ ਬੀਜ ਕੀ ਹਨ ?

By ਸਿੱਖ ਸਿਆਸਤ ਬਿਊਰੋ

March 07, 2023

ਭਾਰਤ ਵੱਲੋਂ 2002 ਵਿੱਚ ਵੰਸ਼ਿਕ ਸੋਧੀ ਹੋਈ ਕਪਾਹ (ਜੈਨੇਟਿਕਲੀ ਮੌਡੀਫਾਈਡ ) ਦੇ ਬੀਜਾਂ ਨਾਲ ਕਾਸ਼ਤ ਲਈ ਪਹਿਲੀ ਪ੍ਰਵਾਨਗੀ ਮਿਲੀ। ਸਾਲ 2022 ਵਿਚ “ਕੇਂਦਰੀ ਮੰਤਰਾਲੇ ਵਾਤਾਵਰਣ ਜੰਗਲਾਤ ਤੇ ਜਲਵਾਯੂ ਬਦਲਾਅ”(ਐਮ. ਓ. ਈ. ਐਫ. ਸੀ. ਸੀ) ਦੁਆਰਾ ਵੰਸ਼ਿਕ ਸੋਧੀ ਹੋਈ ਸਰ੍ਹੋਂ (ਜੈਨੇਟਿਕਲੀ ਮੌਡੀਫਾਈਡ ਮਸਟਡ) ਦੀ ਵਪਾਰਕ ਕਾਸ਼ਤ ਕਰਨ ਤੋਂ ਪਹਿਲਾਂ ਇਸ ਨੂੰ ਖੁੱਲੇ ਮੈਦਾਨ ਵਿੱਚ ਲਗਾਉਣ ਦੀ ਮਾਨਤਾ ਦੇ ਦਿੱਤੀ ਗਈ। ਇਸ ਸਰ੍ਹੋਂ ਦੇ ਝਾੜ ਦੀ ਜਾਂਚ ਕਰਨ ਲਈ ਭਾਰਤੀ ਖੇਤੀ ਖੋਜ਼ ਕੌਂਸਲ (ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ) ਨੇ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਹੋਰ 100 ਥਾਈਂ ਏਸ ਦੀ ਪਰਖ ਕਰਵਾਈ ਗਈ। ਇਹ ਮੰਨਿਆ ਜਾਂਦਾ ਹੈ ਕਿ ਵੰਸ਼ਿਕ ਸੋਧੀ ਹੋਈ ਸਰ੍ਹੋਂ ਹੋਰਾਂ ਜੜ੍ਹੀਆਂ-ਬੂਟੀਆਂ ਨੂੰ ਸਹਿਣ ਕਰਨ ਦਾ ਗੁਣ ਰੱਖਣ ਵਾਲੀ ਫ਼ਸਲ ਹੈ। ਇਹ ਬੀਜ ਦੋ ਵਿਦੇਸ਼ੀ ਜੀਨ ਪਦਾਰਥ barnase ਅਤੇ barstar ਜੀਨ ਤੋਂ ਬਣੇ ਹਨ, ਇਹਨਾਂ ਨੂੰ ਧਾਰਾ ਮਸਟਰਡ ਹਾਈਬਰਿਡ ਡੀ ਐਮ ਐਚ 11 ਕਹਿੰਦੇ ਹਨ।

ਦਾਅਵਾ : ਸਾਲ 2021 ਵਿੱਚ ਭਾਰਤ ਨੇ ਖਾਣ ਵਾਲੇ ਤੇਲ ਦੀ ਪੂਰਤੀ ਕਰਨ ਲਈ 13.35 ਮੀਟ੍ਰਿਕ ਟਨ ਤੇਲ ਆਯਾਤ ਕੀਤਾ। ਪਰ ਸਰਕਾਰ ਦਾਅਵਾ ਕਰਦੀ ਹੈ ਕਿ 2025-26 ਵਿੱਚ ਭਾਰਤ ਨੂੰ 34 ਮੀਟ੍ਰਿਕ ਟਨ ਤੇਲ ਦੀ ਲੋੜ ਪਵੇਗੀ। ਹੁਣ ਭਾਰਤ 1-1.13 ਟਨ/ਹੈਕਟੇਅਰ ਸਰ੍ਹੋਂ ਪੈਦਾ ਕਰ ਰਿਹਾ ਹੈ,ਸਰਕਾਰ ਦਾ ਦਾਅਵਾ ਹੈ ਕਿ ਦੋਗਲੀ ਸਰ੍ਹੋਂ (ਜੈਨੇਟਿਕਲੀ ਮੌਡੀਫਾਈਡ ਮਸਟਡ) ਸਰ੍ਹੋਂ ਏਹ ਪੈਦਾਵਾਰ ਵਧਾ ਕੇ 3-3.5 ਟਨ ਕਰ ਦੇਵੇਗੀ।

ਜੀ.ਐੱਮ ਸਰ੍ਹੋਂ ਦਾ ਵਾਤਾਵਰਣ ਉੱਤੇ ਅਸਰ ਮਾਹਿਰਾਂ ਮੁਤਾਬਿਕ ਸਰਕਾਰੀ ਏਜੰਸੀਆਂ ਨੇ ਜੀਵ ਸੁਰੱਖਿਆ ਉਪਾਅ ਦਾ ਧਿਆਨ ਨਾ ਰੱਖ ਕੇ ਇਸ ਬੀਜ ਨੂੰ ਉਗਾਉਣ ਦੀ ਮਨਜੂਰੀ ਦਿੱਤੀ ਅਤੇ ਦੋਗਲੀ ਸਰ੍ਹੋਂ ਦਾ ਮੱਧੂ ਮੱਖੀਆਂ ਤੇ ਹੋਰ ਪਰਾਗਣ ਕਰਨ ਵਾਲੇ ਜੀਵਾਂ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਵੀ ਅਣਡਿੱਠ ਕੀਤਾ ਹੈ।

ਹਾਈਬ੍ਰਿਡ ਫ਼ਸਲਾਂ ਉਗਾਉਣ ਨਾਲ ਇਸ ਦੇ ਫੁੱਲਾਂ ਦੇ ਦਿਨ ਤਿੰਨ ਮਹੀਨੇ ਤੋਂ ਵੀ ਘੱਟ ਰਹਿ ਗਏ ਹਨ, ਜਿਸ ਨਾਲ ਸ਼ਹਿਦ ਦੀ ਪੈਦਾਵਾਰ ਤੇ ਅਸਰ ਪੈ ਰਿਹਾ ਹੈ।

ਜੀ.ਐੱਮ ਸਰ੍ਹੋਂ ਤੋਂ ਇਲਾਵਾ ਬੀ.ਟੀ ਕਪਾਹ ਤੇ ਬੈਂਗਣ ਵੀ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।

ਨਵੰਬਰ 2009 ਵਿੱਚ ਇੱਕ ਆਰਟੀਕਲ ਨੇ ਬੀ.ਟੀ ਬੈਂਗਣ ਵਿੱਚ ਮੌਜੂਦ ਪ੍ਰੋਟੀਨ ਨੂੰ ਜੀਵਾਂ ਲਈ ਜ਼ਹਿਰੀਲਾ ਦੱਸਿਆ।

ਮਾਹਿਰਾਂ ਵੱਲੋਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਸਰੂਪ ਵਿੱਚੋਂ ਸਰੋਂ ਵਰਗੀ ਖੁਸ਼ਬੂ ਨਹੀਂ ਆਵੇਗੀ, ਜਿਸ ਨਾਲ ਪੰਜਾਬ ਦੇ ਸਭਿਆਚਾਰ ਉੱਤੇ ਵੀ ਢਾਹ ਲੱਗੇਗੀ।

4 ਨਵੰਬਰ, 2022 ਨੂੰ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ 100 ਤੋਂ ਵੀ ਵੱਧ ਮੱਧੂ ਮੱਖੀ ਪਾਲਣ ਵਾਲੇ ਕਿਸਾਨ ਸਰੋਂ ਖੋਜ ਸੰਸਥਾਨ, ਰਾਜਸਥਾਨ ਵਿਖੇ ਸਰ੍ਹੋਂ ਦੀ ਬਿਜਾਈ ਨੂੰ ਬੰਦ ਕਰਨ ਲਈ ਇਕੱਠੇ ਹੋਏ। ਉਹਨਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਸ਼ਹਿਦ ਦੀ ਪੈਦਾਵਾਰ ਘੱਟ ਰਹੀ ਹੈ। ਪੰਜਾਬ ਵਿੱਚ ਵੀ ਇਸ ਦਾ ਸਮੇਂ ਸਮੇਂ ਉਤੇ ਵਿਰੋਧ ਹੁੰਦਾ ਰਹਿੰਦਾ ਹੈ।

ਸਰਕਾਰ ਦਾਅਵਾ ਤਾਂ ਕਰਦੀ ਹੈ ਕਿ ਵੰਸ਼ਿਕ ਸੋਧੀ ਹੋਈ ਸਰ੍ਹੋਂ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ, ਪਰ ਮਾਹਿਰਾਂ ਮੁਤਾਬਿਕ ਇਸ ਦੇ ਹਾਨੀਕਾਰਕ ਸਿੱਟੇ ਮਨੁੱਖੀ ਸਿਹਤ ਅਤੇ ਵਾਤਾਵਰਣ ਨੂੰ ਭੁਗਤਣੇ ਪੈਣੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: