Site icon Sikh Siyasat News

ਭਾਈ ਅਵਤਾਰ ਸਿੰਘ ਖੰਡਾ ਨਮਿਤ ਸਮਾਗਮ ਤੇ ਭਲਕੇ ਮੋਗੇ ਵਿਚ ਦਫਾ 144 ਲੱਗਣ ਦੀ ਖਬਰ ਬਾਰੇ 13 ਨੁਕਤੇ

ਭਾਈ ਅਵਤਾਰ ਸਿੰਘ ਖੰਡਾ ਦੀ ਅੰਤਿਮ ਅਰਦਾਸ ਤੇ  ਭਲਕੇ ਮੋਗੇ ਵਿਚ ਹੋਣ ਵਾਲੇ ਸਮਾਗਮ ਬਾਬਤ  ਦਫਾ 144 ਲਾਗੂ ਹੋਣ ਦੀਆਂ ਖਬਰਾਂ ਹਨ। ਇਸ ਸਬੰਧ ਵਿਚ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਹੋਰਾਂ ਨੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ। ਉਹ 13 ਅਹਿਮ ਨੁਕਤੇ ਅਸੀ ਇੱਥੇ ਸਾਂਝਾ ਕਰ ਰਹੇ ਹਾਂ –

1. ਅੱਜ ਸਵੇਰੇ ਵਿਦੇਸ਼ ਰਹਿੰਦੇ ਇਕ ਵੀਰ ਨੇ ਸਵਾਲ ਕੀਤਾ ਕਿ “ਕੀ ਭਾਜੀ ਇਹ ਸੱਚ ਹੈ?”। ਸਵਾਲ ਨਾਲ ਉਹਨਾ ਇਕ ਤਸਵੀਰ ਭੇਜੀ ਜਿਸ ਵਿਚ ਇਕ ਸ਼ਹੀਦ ਅਵਤਾਰ ਸਿੰਘ ਖੰਡਾ ਨਮਿਤ ਮੋਗਾ ਵਿਖੇ ਹੋਣ ਵਾਲੇ ਸਮਾਗਮ ਦਾ ਇਸ਼ਤਿਹਾਰ ਸੀ ਅਤੇ ਨਾਲ ਹੀ ਇਕ ਖਬਰ ਅਦਾਰੇ ਵੱਲੋਂ ਮੋਗਾ ਵਿਖੇ ਦਫਾ 144 ਲਾਉਣ ਦੀ ਖਬਰ ਦੀ ਚਿੱਟ ਸੀ।

2. ਦਫਾ/ਧਾਰਾ 144 ਬਾਰੇ ਇਹ ਗੱਲ ਸ਼ਾਇਦ ਤੁਹਾਨੂੰ ਹੈਰਾਨ ਕਰੇ ਪਰ ਹੈ ਹਕੀਕਤ ਕਿ ਪੰਜਾਬ ਦੇ ਹਰ ਜਿਲ੍ਹੇ ਵਿਚ ਤਕਰੀਬਨ ਹਰ ਸਮੇਂ ਦਫਾ 144 ਲਾਗੂ ਰਹਿੰਦੀ ਹੈ। ਜਿਲ੍ਹੇ ਦਾ ਡੀ.ਸੀ. ਦਫਾ 144 ਲਾਗੂ ਕਰਨ ਦਾ ਹੁਕਮ ਜਾਰੀ ਕਰਦਾ ਹੈ ਜੋ ਕਿ ਕੁਝ ਸਮੇਂ ਵਾਸਤੇ ਹੁੰਦਾ ਹੈ। ਇਸ ਹੁਕਮ ਦੀ ਮਿਆਦ ਮੁੱਕਣ ਉੱਤੇ ਨਵਾਂ ਹੁਕਮ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਸਭ ਇਕ ਆਮ (ਰੁਟੀਨ) ਕਾਰਵਾਈ ਹੁੰਦੀ ਹੈ।

3. ਬੀਤੇ ਸਮੇਂ ਵਿਚ ਸਰਕਾਰ ਨੇ ਇਹ ਪੈਂਤੜਾ ਫੜ੍ਹਿਆ ਹੈ ਕਿ ਸਿੱਖਾਂ ਦੇ ਕਿਸੇ ਵੀ ਅਹਿਮ ਸਮਾਗਮ ਜਾਂ ਇਕੱਤਰਤਾ ਮੌਕੇ ਸਰਕਾਰ/ਪ੍ਰਸ਼ਾਸਨ ਜਾਣ-ਬੁੱਝ ਕੇ ਦਫਾ 144 ਲਾਗੂ ਕਰਨ/ਹੋਣ ਦੀ ਖਬਰ ਲਵਾ ਦਿੰਦਾ ਹੈ। ਅਸਲ ਵਿਚ ਖਬਰ ਲਵਾਉਣ ਦੀ ਇਹ ਕਾਰਵਾਈ ਮਨੋਵਿਗਿਆਨਕ ਦਬਾਅ ਬਣਾਉਣ ਲਈ ਕੀਤੀ ਜਾਂਦੀ ਹੈ ਕਿ ਆਮ ਲੋਕਾਂ ਨੂੰ ਲੱਗੇ ਕੇ ਸਮਾਗਮ ਵਿਚ ਜਾਣ ਉੱਤੇ ਰੋਕ ਜਾਂ ਮਨਾਹੀ ਹੈ। ਜਦਕਿ ਅਜਿਹੀ ਕੋਈ ਵੀ ਗੱਲ ਨਹੀਂ ਹੁੰਦੀ।

4. ਖਬਰਖਾਨੇ ਦਾ ਧੰਦਾ ਸਨਸਨੀ ਦੇ ਸਿਰ ਉੱਤੇ ਚੱਲਦਾ ਹੈ ਇਸ ਲਈ ਉਹ ਇਸ ਖਬਰ ਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰਦੇ ਹਨ।

5. ਸਿੱਖਾਂ ਵਿਚ ਵੀ ਇਕ ਅਜਿਹਾ ਹਿੱਸਾ ਹੈ ਜੋ ਇਸ ਕਾਰਵਾਈ ਨੂੰ ਸਰਕਾਰ ਦੀ ਧੱਕੇਸ਼ਾਹੀ ਦਰਸਾਉਣ ਲਈ ਇਸ ਖਬਰ ਦਾ ਵੱਡੇ ਪੱਧਰ ਉੱਤੇ ਪਰਚਾਰ ਕਰਦਾ ਹੈ।

6. ਇਸ ਸਭ ਦਾ ਅਸਰ ਆਮ ਲੋਕਾਂ ਉੱਤੇ ਪੈਂਦਾ ਹੈ ਅਤੇ ਉਹ ਵੀ ਇਸ ਨੂੰ ਬਹੁਤ ਅਲੋਕਾਰੀ ਗੱਲ ਮੰਨਣ ਤੇ ਪਰਚਾਰਨ ਲੱਗ ਪੈਂਦੇ ਹਨ।

7. ਹੁਣ ਇਸ ਸਾਰੀ ਕਾਰਵਾਈ ਪਿੱਛੇ ਸਰਕਾਰ ਦੀ ਮਨਸ਼ਾ ਸਮਝਣ ਦੀ ਲੋੜ ਹੈ। ਸਰਕਾਰ ਦੀ ਇਹ ਕੋਸ਼ਿਸ਼ ਹੁੰਦੀ ਹੈ ਲੋਕਾਂ ਉੱਤੇ ਦਫਾ 144 ਲਾਗੂ ਹੋਣ ਦੀ ਖਬਰ ਦਾ ਮਾਨਸਿਕ ਦਬਾਅ ਬਣੇ ਤੇ ਲੋਕਾਂ ਨੂੰ ਲੱਗੇ ਕੇ ਸਮਾਗਮ ਵਿਚ ਜਾਣ ਦੀ ਰੋਕ/ਮਨਾਹੀ ਹੈ। ਖਬਰ ’ਤੇ ਇਸ ਦੀ ਵਧਵੀਂ ਚਰਚਾ ਸਰਕਾਰ ਦੇ ਇਸ ਮਨੋਰਥ ਨੂੰ ਪੂਰਾ ਕਰਨ ਦਾ ਕੰਮ ਕਰਦੀ ਹੈ।

8. ਅਸੀਂ ਇਸ ਸਭ ਦੇ ਇੰਨੇ ਮਾਨਸਿਕ ਅਸਰ ਹੇਠ ਹਾਂ ਕਿ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਦਫਾ 144 ਲਾਗੂ ਹੋਣਾ ਆਮ (ਰੁਟੀਨ) ਕਾਰਵਾਈ ਹੈ। ਬਿਨਾ ਕਿਸੇ ਸਮਾਗਮ ਤੋਂ ਵੀ ਪੰਜਾਬ ਦੇ ਹਰ ਜਿਲ੍ਹੇ ਵਿਚ ਤਕਰੀਬਨ ਹਰ ਸਮੇਂ ਦਫਾ 144 ਲਾਗੂ ਰਹਿੰਦੀ ਹੈ।

9. ਦਫਾ 144 ਲਾਗੂ ਹੋਣ ਦੀ ਖਬਰ ਲੱਗਣ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਆਮ ਲੋਕ ਸਮਾਗਮ ਵਿਚ ਨਹੀਂ ਜਾ ਸਕਦੇ ਜਾਂ ਸਮਾਗਮ ਉੱਤੇ ਕੋਈ ਪਾਬੰਦੀ ਹੈ।

10. ਜੇ ਸਰਕਾਰ ਨੇ ਖਾਸ ਤੌਰ ਉੱਤੇ ਸਮਾਗਮ ਕਰਕੇ ਦਫਾ 144 ਲਾਈ ਵੀ ਹੋਵੇ ਤਾਂ ਕੀ ਸਿੱਖ ਆਪਣੇ ਸ਼ਹੀਦਾਂ ਦੇ ਸਮਾਗਮਾਂ ਵਿਚ ਜਾਣਾ ਬੰਦ ਕਰ ਦੇਣਗੇ? ਹਰਗਿਜ਼ ਨਹੀਂ।

11. ਸੋ ਸਭਨਾ ਨੂੰ ਇਹੀ ਬੇਨਤੀ ਹੈ ਕਿ ਆਪਾਂ ਇਹਨਾ ਖਬਰਾਂ ਨੂੰ ਵਧਵੀਂ ਚਰਚਾ ਦਾ ਵਿਸ਼ਾ ਨਾ ਬਣਾਈਏ ਤੇ ਨਾ ਹੀ ਖਬਰਖਾਨੇ ਦੀ ਇਸ ਸਨਸਨੀ ਨੂੰ ਸਰਕਾਰ ਦੇ ਮਾਨਸਿਕ ਦਬਾਅ ਦਾ ਸੰਦ ਬਣਨ ਦੇਈਏ।

12. ਸਰਕਾਰਾਂ ਤੇ ਖਬਰਖਾਨੇ ਦੀ ਇਸ ਕਾਰਵਾਈ ਦੀ ਹਕੀਕਤ ਨਾਲ ਜੁੜੇ ਤੱਥਾਂ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੇ ਕਰੀਏ।

13. ਸਹੀ ਜਾਣਕਾਰੀ ਦੀ ਸਾਂਝ ਤੇ ਚੜ੍ਹਦੀਕਲਾ ਦੀ ਭਾਵਨਾ ਹੀ ਸਰਕਾਰ ਤੇ ਖਬਰਖਾਨੇ ਦੇ ਮਾਨਸਿਕ ਦਬਾਅ ਬਣਾਉਣ ਦੇ ਪੈਂਤੜੇ ਦੀ ਕਾਟ ਕਰ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version