Site icon Sikh Siyasat News

ਦੇਸ਼ ਧ੍ਰੋਹ ਦੇ ਕੇਸ ਵਿਚ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਗਿਆ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਸਜ਼ਾ ਯਾਫਤਾ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਨੂੰ ਇੱਥੇ ਵਧੀਕ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਭਾਈ ਤਾਰਾ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਨਾਮਜ਼ਦ ਹਨ।

ਬਠਿੰਡਾ ਅਦਾਲਤ ਵਿਚ ਪੇਸ਼ੀ ਭੁਗਤਣ ਮੌਕੇ ਭਾਈ ਜਗਤਾਰ ਸਿੰਘ ਤਾਰਾ

ਕੇਸ ਦੀ ਸੁਣਵਾਈ ਗਵਾਹਾਂ ’ਤੇ ਸੀ ਪਰ ਗਵਾਹਾਂ ਦੇ ਨਾ ਪਹੁੰਚਣ ਕਾਰਨ ਅਦਾਲਤ ਨੇ ਅਗਲੀ ਪੇਸ਼ੀ 14 ਜੂਨ ’ਤੇ ਪਾ ਦਿੱਤੀ ਹੈ। ਉਸ ਦਿਨ ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ।

ਭਾਈ ਤਾਰਾ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਕੋਤਵਾਲੀ ਪੁਲੀਸ ਨੇ 8 ਨਵੰਬਰ 2014 ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਰਮਨਦੀਪ ਸਿੰਘ ਉਰਫ਼ ਸੰਨੀ ਨੂੰ ਬੰਬ ਬਣਾਉਣ ਵਾਲੀ ਸਮੱਗਰੀ ਅਤੇ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਦੋਸ਼ ਲਾਇਆ ਹੈ ਕਿ ਉਹ ਬਠਿੰਡਾ ਦੇ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਕਥਿਤ ਗੈਰਕਾਨੂੰਨੀ ਗ਼ਤੀਵਿਧੀਆਂ ਚਲਾ ਰਿਹਾ ਸੀ। ਉਸ ਖਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ।

ਪੁਲੀਸ ਅਨੁਸਾਰ ਜਗਤਾਰ ਸਿੰਘ ਤਾਰਾ ਦੇ ਕਹਿਣ ’ਤੇ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਦਾ ਰਹਿਣ ਵਾਲਾ ਅਮਰਜੀਤ ਸਿੰਘ ਉਸ ਨੂੰ ਵਿਦੇਸ਼ ਵਿੱਚੋਂ ਪੈਸੇ ਮੁਹੱਈਆ ਕਰਵਾਇਆ ਕਰਦਾ ਸੀ। ਰਮਨਦੀਪ ਸਿੰਘ ਤੋਂ ਕੀਤੀ ਗਈ ਪੁੱਛ-ਪੜਤਾਲ ਤੋਂ ਬਾਅਦ ਜਗਤਾਰ ਸਿੰਘ ਤਾਰਾ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਭਾਈ ਤਾਰਾ ਨੂੰ ਇੱਕ ਵਾਰ ਫਰਵਰੀ 2015 ਵਿੱਚ ਬਠਿੰਡਾ ਪੇਸ਼ੀ ’ਤੇ ਲੈਕੇ ਆਏ ਸਨ। ਉਸ ਤੋਂ ਬਾਅਦ ਹੁਣ ਦੂਜੀ ਵਾਰ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version