Site icon Sikh Siyasat News

ਰੁਲਦਾ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ

ਪਟਿਆਲਾ: ਰਾਸ਼ਟਰੀ ਸਿੱਖ ਸੰਗਤ ਦੇ ਸੂਬਾਈ ਪ੍ਰਧਾਨ ਰਹੇ ਰੁਲਦਾ ਸਿੰਘ ਕਤਲ ਕੇਸ ਦੀ ਸੁਣਵਾਈ ਲਈ ਚੰਡੀਗੜ੍ਹ ਤੇ ਪੰਜਾਬ ਪੁਲੀਸ ਨੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠਾਂ ਭਾਈ ਜਗਤਾਰ ਸਿੰਘ ਤਾਰਾ ਨੂੰ ਇੱਥੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਇਸੇ ਕੇਸ ਵਿੱਚ ਰਮਨਦੀਪ ਸਿੰਘ ਗੋਲਡੀ ਨੂੰ ਵੀ ਪੁਲੀਸ ਪਟਿਆਲਾ ਜੇਲ੍ਹ ਵਿੱਚੋਂ ਲੈ ਕੇ ਆਈ। ਦੋ ਸਾਲ ਪਹਿਲਾਂ ਤਾਰਾ ਦੀ ਗ਼ੈਰਮੌਜੂਦਗੀ ਵਿੱਚ ਜੋ ਦੋਸ਼ ਆਇਦ ਕੀਤੇ ਗਏ ਸਨ, ਉਹ ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਪੜ੍ਹ ਕੇ ਸੁਣਾਏ ਗਏ। ਕੇਸ ਦੀ ਅਗਲੀ ਸੁਣਵਾਈ 3 ਮਈ ਨੂੰ ਹੋਵੇਗੀ।

ਭਾਈ ਜਗਤਾਰ ਸਿੰਘ ਤਾਰਾ ਦੀ ਅਦਾਲਤ ਵਿਚ ਪੇਸ਼ੀ ਮੌਕੇ ਲਈ ਗਈ ਤਸਵੀਰ

ਬੇਅੰਤ ਸਿੰਘ ਕਤਲ ਕੇਸ ਦੀ ਸੁਣਵਾਈ ਬੁੜੈਲ ਜੇਲ੍ਹ ਵਿੱਚ ਲੱਗੀ ਵਿਸ਼ੇਸ਼ ਅਦਾਲਤ ’ਚ ਚੱਲਦੀ ਹੋਣ ਕਰਕੇ ਧਾਰਾ 268 ਤਹਿਤ ਭਾਈ ਜਗਤਾਰ ਸਿੰਘ ਤਾਰਾ ਨੂੰ ਜੇਲ੍ਹ ਤੋਂ ਬਾਹਰ ਲਿਆਉਣ ’ਤੇ ਪਾਬੰਦੀ ਸੀ, ਪਰ ਪਿਛਲੇ ਮਹੀਨੇ ਕੇਸ ਦਾ ਨਿਬੇੜਾ ਹੋਣ ’ਤੇ ਇਹ ਧਾਰਾ ਵੀ ਟੁੱਟ ਗਈ, ਜਿਸ ਮਗਰੋਂ ਭਾਈ ਤਾਰਾ ਦੇ ਵਕੀਲ ਦੀ ਬੇਨਤੀ ’ਤੇ ਸਥਾਨਕ ਅਦਾਲਤ ਵੱਲੋਂ ਜਾਰੀ ਕੀਤੇ ਸੰਮਨਾਂ ਤਹਿਤ ਭਾਈ ਤਾਰਾ ਨੂੰ ਚੰਡੀਗੜ੍ਹ ਪੁਲੀਸ ਬੀਤੇ ਕੱਲ੍ਹ ਸਵਾ ਦੋ ਸਾਲਾਂ ਬਾਅਦ ਇੱਥੇ ਲੈ ਕੇ ਆਈ।

ਸਬੰਧਿਤ ਖ਼ਬਰ: ਕੀ ਕਹਿੰਦੀਆਂ ਹਨ ਭਾਈ ਜਗਤਾਰ ਸਿੰਘ ਤਾਰਾ ਦੇ ਪਿੰਡ ਦੀਆਂ ਹਵਾਵਾਂ (ਖਾਸ ਰਿਪੋਰਟ)

ਅੱਜ ਕੋਰਟ ਕੰਪਲੈਕਸ ਵਿੱਚ ਐੱਸਪੀ ਕੇਸਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਹਿਲਾਂ ਹੀ ਫੋਰਸ ਤਾਇਨਾਤ ਸੀ। ਉਧਰ, ਚੰਡੀਗੜ੍ਹ ਪੁਲੀਸ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਦਿਆਂ ਭਾਈ ਤਾਰਾ ਖ਼ਿਲਾਫ਼ ਚੰਡੀਗੜ੍ਹ ਵਿੱਚ ਚੱਲਦੇ ਕੇਸ ਦਾ ਨਿਬੇੜਾ ਹੋਣ ਦੇ ਤਰਕ ਤਹਿਤ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ। ਪਟਿਆਲਾ ਪੁਲੀਸ ਨੇ ਵੱਖਰੀ ਅਰਜ਼ੀ ਦਾਇਰ ਕਰਕੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਭਾਈ ਤਾਰਾ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਕਰਨ ’ਤੇ ਜ਼ੋਰ ਦਿੱਤਾ, ਜਿਸ ਦਾ ਭਾਈ ਤਾਰਾ ਦੇ ਵਕੀਲ ਨੇ ਵਿਰੋਧ ਕੀਤਾ, ਪਰ ਜੇਲ੍ਹ ਤਬਦੀਲੀ ਨਾਲ ਸਹਿਮਤੀ ਜਤਾਈ। ਇਸ ’ਤੇ ਅਦਾਲਤ ਨੇ ਲਿਖਤੀ ਜਵਾਬ ਦੇਣ ਲਈ ਆਖਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version