Site icon Sikh Siyasat News

ਭਾਈ ਵੀਰ ਸਿੰਘ ਦੇ ਜੱਦੀ ਘਰ ਵਿੱਚ ਪਏ ਪੁਰਾਣੇ ਅਖਬਾਰਾਂ,ਖਰੜੇ ਅਤੇ ਰਸਾਲਿਆਂ ਨੂੰ ਡਿਜੀਟਲ ਕੀਤਾ ਜਾਵੇਗਾ

ਚੰਡੀਗੜ੍ਹ: ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ ਜੱਦੀ ਘਰ ਵਿੱਚ ਰੱਖੇ ਹੋਏ ਪੁਰਾਣੇ ਅਖਬਾਰ, ਰਸਾਲੇ, ਪੁਸਤਕਾਂ, ਖਰੜੇ ਅਤੇ ਹੋਰ ਦਸਤਾਵੇਜ਼ਾਂ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਡਿਜੀਟਲ ਕੀਤਾ ਜਾਵੇਗਾ। ਇਹ ਕੰਮ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ।

ਭਾਈ ਵੀਰ ਸਿੰਘ ਦਾ ਜੱਦੀ ਘਰ, ਜਿਸ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਨਾਲ ਸਬੰਧਤ ਸਥਾਨਕ ਕਮੇਟੀ ਵੱਲੋਂ ਵਿਰਾਸਤੀ ਘਰ ਵਜੋਂ ਸੰਭਾਲਿਆ ਹੋਇਆ ਹੈ। ਇਸ ਘਰ ਵਿੱਚ ਭਾਈ ਵੀਰ ਸਿੰਘ ਦਾ ਪੂਰਾ ਸਾਹਿਤਕ ਕਾਰਜ, ਹੱਥ ਲਿਖਤ ਖਰੜੇ ਤੇ ਉਨ੍ਹਾਂ ਨਾਲ ਸਬੰਧਤ ਵਸਤਾਂ ਮਿਊਜ਼ੀਅਮ-ਕਮ-ਲਾਇਬਰੇਰੀ ਵਿੱਚ ਸਾਂਭੀਆਂ ਹੋਈਆਂ ਹਨ।

ਭਾਈ ਵੀਰ ਸਿੰਘ ਦੇ ਜੱਦੀ ਘਰ ਦਾ ਦ੍ਰਿਸ਼।

ਭਾਈ ਵੀਰ ਸਿੰਘ ਜੱਦੀ ਘਰ ਦੇ ਡਾਇਰੈਕਟਰ ਡਾ. ਜੋਗਿੰਦਰ ਸਿੰਘ ਨੇ ਕਿਹਾ ਕਿ ਸਾਹਿਤ ਸਦਨ ਦੀ ਇਹ ਵੀ ਵਿਉਂਤ ਹੈ ਕਿ ਉਨ੍ਹਾਂ ਦੇ ਸਮੇਂ ਦੇ ਸਾਰੇ ਅਖਬਾਰ, ਜਿਨ੍ਹਾਂ ਵਿੱਚ ਖਾਲਸਾ ਸਮਾਚਾਰ, ਖਾਲਸਾ ਐਡਵੋਕੇਟ, ਅਕਾਲੀ ਪੱਤ੍ਰਿਕਾ, ਖਾਲਸਾ ਅਖਬਾਰ ਅਤੇ ਖਾਲਸਾ ਦਰਬਾਰ ਸ਼ਾਮਲ ਹਨ ਨੂੰ ਕੰਪਿਊਟਰੀਕਰਨ ਕੀਤਾ ਜਾਵੇ। ਇਹ ਕੰਮ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇੱਥੇ ‘ਡਿਜੀਟਲ ਲਾਇਬਰੇਰੀ’ ਵੀ ਉਸਾਰੀ ਜਾਵੇਗੀ, ਜਿਸ ਵਿੱਚ ਐਲ.ਈ.ਡੀ. ਸਕਰੀਨਾਂ ਲਾਈਆਂ ਜਾਣਗੀਆਂ, ਜਿਨ੍ਹਾਂ ’ਤੇ ਕੰਪਿਊਟਰੀਕਰਨ ਕੀਤੇ ਦਸਤਾਵੇਜ਼ ਦੇਖੇ ਜਾ ਸਕਣਗੇ।

ਭਾਈ ਵੀਰ ਸਿੰਘ ਦੇ ਇਸ ਜੱਦੀ ਘਰ ਵਿੱਚ ਬਹੁਤ ਸਾਰੇ ਫਲਾਂ ਦੇ ਦਰੱਖਤ, ਵੱਖ-ਵੱਖ ਕਿਸਮਾਂ ਦੇ ਗੁਲਾਬ ਦੇ ਫੁੱਲ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੇ ਫੁੱਲ ਵੀ ਮਹਿਕ ਰਹੇ ਹਨ। ਦੱਸਣਯੋਗ ਹੈ ਕਿ ਭਾਈ ਵੀਰ ਸਿੰਘ ਦੇ ਇਸ ਬਾਗ ਵਿੱਚੋਂ ਰੋਜ਼ਾਨਾ ਸਵੇਰੇ ਫੁੱਲਾਂ ਦੇ ਦੋ ਗੁਲਦਸਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂਦੇ ਹਨ ਅਤੇ ਇਹ ਰਵਾਇਤ ਉਨ੍ਹਾਂ ਦੇ ਵੇਲੇ ਤੋਂ ਹੀ ਚੱਲ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version