Site icon Sikh Siyasat News

ਪਿੰਡ ਮੱਲਣ, ਗਿੱਦੜਬਾਹਾ ਵਿੱਚ ਗੁਰਦੁਆਰੇ ’ਤੇ ਕਬਜ਼ੇ ਲਈ ਲੜਾਈ; ਤਿੰਨ ਮੌਤਾਂ, ਕਈ ਜ਼ਖਮੀ

ਗਿੱਦੜਬਾਹਾ: ਪਿੰਡ ਮੱਲਣ ਦੇ ਗੁਰਦੁਆਰਾ ਰਾਮਸਰ ਸਾਹਿਬ ਉਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਕਾਫੀ ਸਮੇਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੇ ਮੱਖਣ ਸਿੰਘ ਉਤੇ ਮੰਗਲਵਾਰ ਦੀ ਰਾਤ ਨਾਇਬ ਸਿੰਘ ਪੁੱਤਰ ਨਰ ਸਿੰਘ ਨੇ ਹਮਲਾ ਕਰਕੇ ਉਸ ਨੂੰ ਗੁਰਦੁਆਰੇ ’ਚੋਂ ਕੱਢ ਦਿੱਤਾ ਅਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਬੁੱਧਵਾਰ ਸਵੇਰੇ ਮੱਖਣ ਸਿੰਘ ਨੇ ਹਥਿਆਰਾਂ ਨਾਲ ਲੈਸ ਤਕਰੀਬਨ 150 ਵਿਅਕਤੀਆਂ ਨੂੰ ਨਾਲ ਲੈ ਕੇ ਹਮਲਾ ਕਰ ਦਿੱਤਾ, ਜਿਸ ਵਿੱਚ ਨਾਇਬ ਸਿੰਘ ਵਾਸੀ ਮੱਲਣ, ਉਸ ਦਾ ਪੋਤਾ ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ਹਿਣਾਖੇੜਾ ਮਾਰੇ ਗਏ।

ਮੱਲਣ ਦੇ ਗੁਰਦੁਆਰੇ ਉਤੇ ਕਬਜ਼ੇ ਨੂੰ ਲੈ ਕੇ ਹੋਏ ਟਕਰਾਅ ਵਿੱਚ ਸਾੜੀਆਂ ਗੱਡੀਆਂ

ਇਸ ਲੜਾਈ ਵਿੱਚ ਹਰਪ੍ਰੀਤ ਸਿੰਘ ਪੁੱਤਰ ਧਰਮਦੇਵ ਸਿੰਘ ਰੋਪੜ, ਸੋਨੂੰ ਪੁੱਤਰ ਮੰਦਰ ਅਜਾਲਦੀ, ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾੜੀ, ਹਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਭੈਣੀ ਫੱਤਾ, ਨਿਰਮਲ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਬੋਗਾ ਸਿੰਘ ਭੈਣੀ ਜ਼ਖ਼ਮੀ ਹੋ ਗਏ। ਇਸੇ ਦੌਰਾਨ ਗੁਰਦੁਆਰੇ ਵਿੱਚ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ।

ਮੱਲਣ ਦੇ ਗੁਰਦੁਆਰੇ ਉਤੇ ਕਬਜ਼ੇ ਨੂੰ ਲੈ ਕੇ ਹੋਏ ਟਕਰਾਅ ਵਿੱਚ ਮਾਰੇ ਗਏ ਨਾਇਬ ਸਿੰਘ ਅਤੇ ਹਰਵਿੰਦਰ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ

ਮੌਕੇ ਉਤੇ ਪੁੱਜੇ ਮੁਕਤਸਰ ਦੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਵਾਂ ਧਿਰਾਂ ’ਚ ਝਗੜਾ ਚੱਲ ਰਿਹਾ ਸੀ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 302/307/427/506/148/149 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version