Site icon Sikh Siyasat News

ਸਿੱਖੀ ਸਿਧਾਤਾਂ ਦੀ ਉਲੰਘਣਾ ਕਰਦੀ ਦਾਸਤਾਨ-ਏ-ਸਰਹਿੰਦ ਫਿਲਮ ਬੰਦ ਹੋਵੇ: ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ

ਫਰੈਕਫੋਰਟ : ਸਿੱਖੀ ਵਿੱਚ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਆਦਿ ਦੀ ਬਿਲਕੁਲ ਮਨਾਹੀ ਹੈ। ਸਿੱਖ ਕੇਵਲ ਸ਼ਬਦ ਦਾ ਹੀ ਪੁਜਾਰੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਨੁਸਾਰ,  ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾ ਬਨਾਕੇ ਬਿਪਰਵਾਦ ਅਤੇ ਡੇਰਾਵਾਦ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਅਗਿਆਨਤਾ ਦੇ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ। ਗੁਰਮਤਿ ਮਾਰਗ’ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। 

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਬਲਕਾਰ ਸਿੰਘ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਅਤੇ ਸਾਬਕਾ ਪ੍ਰਧਾਨ ਸਰਦਾਰ ਨਰਿੰਦਰ ਸਿੰਘ; ਭਾਈ ਰੁਲ਼ਦਾ ਸਿੰਘ (ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ, ਕਲੋਨ), ਭਾਈ ਗੁਰਪਾਲ ਸਿੰਘ (ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ),  ਭਾਈ ਉਂਕਾਰ ਸਿੰਘ ਗਿੱਲ, ਭਾਈ ਅਵਤਾਰ ਸਿੰਘ (ਪ੍ਰਧਾਨ ਗੁਰਦੁਆਰਾ ਗੁਰ ਨਾਨਕ ਨਿਵਾਸ ਸਟੁਟਗਾਟ), ਭਾਈ ਬਲਦੇਵ ਸਿੰਘ ਬਾਜਵਾ (ਪ੍ਰਧਾਨ ਗੁਰਦੁਆਰਾ ਲਾਈਪਸਿਕ), ਭਾਈ ਦਿਲਬਾਗ ਸਿੰਘ (ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਉਨਬਰਗ), ਭਾਈ ਨਰਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਰੀਗਨਸਬਰਗ), ਭਾਈ ਤਰਸੇਮ ਸਿੰਘ ਅਟਵਾਲ (ਸਾਬਕਾ ਪ੍ਰਧਾਨ ਗੁਰਦੁਆਰਾ ਮਿਊਨਿਚਨ ਸਿੰਘ ਸਭਾ ਜਰਮਨੀ), ਭਾਈ ਮਲਕੀਤ ਸਿੰਘ, ਭਾਈ ਜਸਵੀਰ ਸਿੰਘ ਬਾਬਾ, ਸਿੰਘ ਸਭਾ ਫਰੈਕਫੋਰਟ, ਭਾਈ ਗੁਰਵਿੰਦਰ ਸਿੰਘ ਅਤੇ ਬਾਵਾ ਸਿੰਘ (ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ) ਵੱਲੋਂ ਸਾਂਝੇ ਤੌਰ ਉੱਤੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘ਬਿਪਰਨ ਕੀ ਰੀਤ’ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦਿਆਂ, ਇਸ ’ਤੇ ਚੱਲਣ ਦੀ ਸਖਤ ਮਨਾਹੀ ਕੀਤੀ ਹੈ। ਗੁਰਮਤਿ ਦੇ ਪਾਂਧੀਆਂ ਲਈ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਦੇ ਪ੍ਰਚਾਰ-ਪ੍ਰਸਾਰ ਵਾਸਤੇ ਅਪਣਾਇਆ ਜਾਣ ਵਾਲਾ ਢੰਗ-ਤਰੀਕਾ ਵੀ ਗੁਰਮਤਿ ਅਨੁਸਾਰੀ ਹੀ ਹੋਣਾ ਚਾਹੀਦਾ ਹੈ। ਇਸ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਜਾਂ ਗੁਰ-ਸ਼ਬਦ ਦੇ ਪ੍ਰਚਾਰ ਲਈ ‘ਬਿਪਰਨ ਕੀ ਰੀਤ’ ਵਾਲੇ ਢੰਗ-ਤਰੀਕੇ ਬਿਲਕੁਲ ਨਹੀਂ ਅਪਣਾਏ ਜਾ ਸਕਦੇ।

ਖਾਲਸਾਈ ਸਿਧਾਤਾਂ ਤੇ ਰਵਾਇਤਾਂ ਵਿੱਚ ਗੁਰੂ-ਜੋਤਿ ਦੇ ਪ੍ਰਗਟਾਵੇ ਦੀ ਚਿੱਤਰਤ ਜਾਂ ਨਾਟਕੀ ਪੇਸ਼ਕਾਰੀ ਕਰਨ ਦੀ ਸਖਤ ਮਨਾਹੀ ਹੈ, ਕਿਉਂਕਿ ਅਜਿਹੀ ਪੇਸ਼ਕਾਰੀ ਗੁਰਮਤਿ ਦਾ ਮਾਰਗ ਨਹੀਂ, ਬਿਪਰਨ ਕੀ ਰੀਤ ਹੈ। ਇਸੇ ਲਈ ਹੀ ਖਾਲਸਾਈ ਰਿਵਾਇਤ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲਾਂ, ਸਾਹਿਬਜ਼ਾਦਿਆਂ, ਗੁਰੂ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਉਹਨਾਂ ਦੇ ਸਵਾਂਗ ਰਚਣ ਦੀ ਆਗਿਆ ਨਹੀਂ ਹੈ।

ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਦਾ ਪ੍ਰਚਲਨ ਵੀ ਸਿੱਖਾਂ ਵਿੱਚ ਬੁਤਪ੍ਰਸਤੀ ਦੇ ਕੁਰਾਹੇ ਦਾ ਆਧਾਰ ਬਣਦਾ ਜਾ ਰਿਹਾ ਹੈ। ਜਿਸ ਦਾ ਅਗਲਾ ਪੜਾਅ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਨਾਟਕੀ ਚਿਤਰਣ ਕਰਦੀਆਂ ਫਿਲਮਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਿੱਖਾਂ ਵਿੱਚ ਬਿੱਪਰ ਦੀ ਰੀਤ ਦੇ ਹੋ ਰਹੇ ਇਸ ਪਸਾਰੇ ਨੂੰ ਰੋਕਣਾ ਅਤੀ ਜ਼ਰੂਰੀ ਹੈ। ਇਸ ਲਈ ‘ਦਾਸਤਾਨ-ਏ-ਸਰਹੰਦ’ ਨਾਮੀ ਫਿਲਮ, ਜਿਸ ਵਿੱਚ ਸਾਹਿਬਜ਼ਾਦਿਆਂ ਦਾ ਸਵਾਂਗ ਰਚਿਆ ਗਿਆ ਹੈ, ਤੁਰੰਤ ਰੋਕ ਲਵਾ ਕੇ ਬੰਦ ਕਰਾਈ ਜਾਵੇ। ਇਹ ਫਿਲਮ ਰੋਕਣ ਲਈ ਪੰਥ ਦੇ ਸੇਵਾਦਾਰ ਜਥਿਆਂ, ਸਥਾਨਕ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਮਤੇ ਸੰਗਤ ਦੀਆਂ ਭਾਵਨਾਵਾਂ ਦਾ ਪ੍ਰਤੱਖ ਪ੍ਰਗਟਾਵਾ ਹਨ। ਇਸ ਲਈ ਪੂਰੇ ਸਿੱਖ ਜਗਤ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰਮਤਿ ਆਸ਼ੇ ਮੁਤਾਬਕ ਅਜਿਹੇ ਮਤੇ ਕਰਨੇ ਚਾਹੀਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਮੁੱਖ ਸਿੱਖ ਸ਼ਹੀਦਾਂ ਦੇ ਨਾਟਕੀਕਰਨ ਅਤੇ ਫਿਲਮਾਂਕਣ ਦੀ ਆਗਿਆ ਦੇਣ ਦੇ ਆਪਣੇ ਫੈਸਲੇ ਦਾ ਖਾਲਸਾਈ ਰਿਵਾਇਤਾਂ ਦੇ ਪਰਿਪੇਖ ਵਿੱਚ ਮੁੜ ਮੁਲਾਂਕਣ ਕਰੇ।

ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਅਜਿਹੀਆਂ ਫਿਲਮਾਂ ਨੂੰ ਰੋਕਣ ਬਾਰੇ ਕੋਈ ਪੱਕਾ ਫੈਸਲਾ ਨਾ ਲਏ ਜਾਣ ਕਾਰਨ ਹੀ ਇਹ ਕੁਰਾਹਾ ਵਾਰ-ਵਾਰ ਪ੍ਰਗਟ ਹੋ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਕਤ ਫਿਲਮ ਨੂੰ ਰੋਕਣ ਦੇ ਨਾਲ-ਨਾਲ ਅਗੇ ਤੋਂ ਅਜਿਹੀਆਂ ਫਿਲਮਾਂ ਬਣਾਉਣ ਦੀ ਮੁਕੰਮਲ ਮਨਾਹੀ ਦਾ ਫੈਸਲਾ ਲਿਆ ਜਾਵੇ। ਇਸ ਵਾਸਤੇ ਗੁਰੂ ਖਾਲਸਾ ਪੰਥ ਦੀਆਂ ਸਮੂਹ ਸੰਪਰਦਾਵਾਂ, ਜਥੇਬੰਦੀਆਂ, ਸੰਸਥਾਵਾਂ ਤੇ ਸਖਸ਼ੀਅਤਾਂ ਅਤੇ ਗੁਰ-ਸੰਗਤ ਨੂੰ ਉਚੇਚਾ ਉੱਦਮ ਕਰਨਾ ਚਾਹੀਦਾ ਹੈ ਤਾਂ ਕਿ ਇਸ ਕੁਰਾਹੇ ਨੂੰ ਸਦੀਵੀ ਠੱਲ੍ਹ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਕੀਤਾ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version