ਚੰਡੀਗੜ੍ਹ :- ਭਗਤ ਰਵਿਦਾਸ ਜੀ ਦੇ ੬੪੬ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ੨੫ ਅਤੇ ੨੬ ਫਰਵਰੀ ਨੂੰ ਤੇਲੰਗਾਨਾ ਰਾਜ ਦੇ ਨਿਰਮਲ ਜਿਲ੍ਹੇ ਦੇ ਕਸਬਾ ਮੂਧਲ (ਵਿਧਾਨ ਸਭਾ ਹਲਕਾ) ਵਿਖੇ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਵਲੋਂ ਬੇਗਮਪੁਰਾ ਹਲੇਮੀ ਰਾਜ ਮਿਸ਼ਨ ਸੰਪੂਰਨ ਭਾਰਤ, ਸੰਤ ਰਵਿਦਾਸ ਯੂਵਾ ਫਾਊਂਡੇਸ਼ਨ ਨੰਦੇੜ ਮਹਾਰਾਸ਼ਟਰ, ਸੰਤ ਰਵਿਦਾਸ ਮੋਚੀ ਕੁੱਲ ਸੰਗਮ ਅਤੇ ਸਮੂਹ ਗ੍ਰਾਮ ਪੰਚਾਇਤ ਮੂਧਲ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
ਸਮਾਗਮ ਵਿਚ ਪੰਜਾਬ ਤੋਂ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਨੇ ਹਾਜਰੀ ਭਰੀ। ਭਾਈ ਮਨਧੀਰ ਸਿੰਘ ਹੁਣਾਂ ਬੋਲਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਸੇਧ ਲੈਕੇ ਸਾਨੂੰ ਆਪਣਾ ਨਿੱਜੀ ਜੀਵਨ ਗੁਣਵਾਨ ਬਣਾਉਣ ਦੀ ਜਰੂਰਤ ਹੈ ਅਤੇ ਆਪਣੀ ਸੁਰਤਿ ਦਾ ਪੱਧਰ ਪ੍ਰਮਾਤਮਾ ਦੇ ਨਾਮ ਅਭਿਆਸ ਨਾਲ ਉੱਚਾ ਚੁੱਕਣ ਦੀ ਲੋੜ ਹੈ ਤਾਂ ਹੀ ਅਸੀਂ ਅੱਜ ਦੇ ਸਮੇਂ ਸਮਾਜ ਨੂੰ ਕੋਈ ਸਹੀ ਰਾਹ ਦਿਖਾ ਸਕਾਂਗੇ ਅਤੇ ਬਿਪਰ ਵਲੋਂ ਕੀਤੀ ਹੋਈ ਵਰਣ ਵੰਡ ਨੂੰ ਖਤਮ ਕਰਕੇ ਇਸ ਸਮਾਜ ਨੂੰ ਪਿਆਰ, ਸਾਂਝੀਵਾਲਤਾ ਵਾਲਾ ਬਣਾ ਸਕਾਂਗੇ। ਇਸੇ ਸਮਾਜ ਨੂੰ ਭਗਤ ਜੀ ਨੇ ਬੇਗਮਪੁਰਾ ਕਿਹਾ ਹੈ।
ਇਸ ਮੌਕੇ ਤੇਲੰਗਾਨਾ ਦੀ ਖੇਤਰੀ ਪਾਰਟੀ ਬੀ.ਆਰ.ਐੱਸ. (ਭਾਰਤ ਰਾਸ਼ਟਰ ਸੰਮਤੀ) ਨਾਲ ਸੰਬੰਧਤ ਵਿਧਾਨ ਸਭਾ ਹਲਕਾ ਮੂਧਲ (ਤੇਲੰਗਾਨਾ) ਦੇ ਐਮ.ਐਲ.ਏ. ਵਿਠੁਲ ਰੈਡੀ ਨੇ ਵੀ ਹਾਜਰੀ ਭਰੀ।