Site icon Sikh Siyasat News

ਨਿਊਜ਼ੀਲੈਂਡ ਘਟਨਾਕ੍ਰਮ ਦਾ ਦੋਸ਼ ਮੁਸਲਮਾਨ ਪਰਵਾਸੀਆਂ ਸਿਰ ਮੜ੍ਹਨ ’ਤੇ ਸਿੱਖਾਂ ਵਲੋਂ ਮਨਜਿੰਦਰ ਸਿੰਘ ਸਿਰਸਾ ਦੀ ਭਰਵੀਂ ਨਿਖੇਧੀ

ਚੰਡੀਗੜ੍ਹ: ਬੀਤੇ ਕੱਲ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਵਿਚ ਚਲਾਈਆਂ ਗਈਆਂ ਗੋਲੀਆਂ ਕਾਰਨ ਹੁਣ ਤੱਕ 49 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ। ਪੂਰੀ ਦੁਨੀਆ ਵਿਚ ਇਸ ਕਾਰੇ ਦੀ ਅਤੇ ਇਸ ਪਿਛੇ ਕੰਮ ਕਰਦੀ ਨਫਰਤ ਭਰੀ ਮਾਨਸਿਕਤਾ ਦੀ ਨਿਖੇਧੀ ਹੋ ਰਹੀ ਹੈ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਲਈ ਮੁਸਲਮਾਨਾਂ ਦੇ ਪਰਵਾਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਇਕ ਬਿਆਨ ਦੀ ਪ੍ਰੋੜਤਾ ਕੀਤੀ ਹੈ ਜਿਸ ਕਾਰਨ ਉਸ ਨੂੰ ਸਿੱਖਾਂ ਵਲੋਂ ਨਿਖੇਧੀ ਤੇ ਫਿਟਕਾਰਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।

ਮਨਜਿੰਦਰ ਸਿੰਘ ਸਿਰਸਾ

ਅਸਲ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਆਸਟ੍ਰੇਲੀਆ ਦੇ ਕਿਊਨਜ਼ਲੈਂਡ ਸੂਬੇ ਦੇ ਸੈਨੇਟਰ ਫਰੇਜ਼ਰ ਐਨਿੰਗ ਵਲੋਂ ਜਾਰੀ ਕੀਤਾ ਗਿਆ ਇਕ ਬਿਆਨ ਟਵਿਟਰ ਉੱਤੇ ਸਾਂਝਾ ਕੀਤਾ ਸੀ ਜਿਸ ਵਿਚ ਸੈਨੇਟਰ ਨੇ ਕਰਾਈਸਟਚਰਚ ਵਿਚ ਹੋਏ ਕਤਲੇਆਮ ਪਿੱਛੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਮੁਸਲਮਾਨਾਂ ਦੇ ਪਰਵਾਸ ਕਾਰਨ ਵਧ ਰਹੇ ਕਥਿਤ ਡਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਇਸ ਵਿਵਾਦਤ ਬਿਆਨ ਦੀ ਨਕਲ ਅੱਗੇ ਸਾਂਝੀ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਟਵਿਟਰ ਉੱਤੇ ਲਿਿਖਆ ਕਿ “ਇਸ ਨਾਲ ਜਿਹਾਦੀ ਮਾਨਸਿਕਤਾ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਮ ਆਉਣੀ ਜਾਹੀਦੀ ਹੈ ਜਿਨ੍ਹਾਂ ਦੀ ਕੱਟੜ ਤੇ ਹਿੰਸਕ ਸੋਚ ਕਾਰਨ ਉਨ੍ਹਾਂ ਦੇ ਧਰਮ ਨੂੰ ਉੱਤੇ “ਫਾਸ਼ੀਵਾਦ” ਦੀ ਫੀਤੀ ਲੱਗੀ ਹੈ। ਕਿਊਨਜ਼ਲੈਂਡ ਦੇ ਸੈਨੇਟਰ ਫਰੇਜ਼ਰ ਐਨਿੰਗ ਨੇ ਨਿਧੜਕ ਪੱਖ ਲਿਆ ਹੈ। ਮੈਨੂੰ ਉਮੀਦ ਹੈ ਕਿ ਦੁਨੀਆ ਦਾ ਖਬਰਖਾਨਾ ਉਸ ਉੱਤੇ ਖਲਾਨਾਇਕ ਦੀ ਫੀਤੀ ਲਾ ਕੇ ਜਿਹਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ”। (ਮੂਲ ਅੰਗਰੇਜ਼ੀ ਤੋਂ ਪੰਜਾਬ ਵਿਚ ਉਲੱਥਾ)।

ਮਨਜਿੰਦਰ ਸਿੰਘ ਸਿਰਸਾ ਦੀ ਉਕਤ ਟਿੱਪਣੀ ਦੀ ਨਿਖੇਧੀ ਕਰਦਿਆਂ ਚੜ੍ਹਦੀਕਲਾ ਤੇ ਅਕਾਲ ਗਾਰਡੀਅਨ ਅਖਬਾਰਾਂ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ ਨੇ ਮਨਜਿੰਦਰ ਸਿੰਘ ਸਿਰਸਾ ਦੀ ਟਵੀਟ ਦੇ ਹਵਾਲੇ ਨਾਲ ਕਿਹਾ: “ਬੜੀ ਸ਼ਰਮ ਵਾਲੀ ਗੱਲ ਹੈ! ਜਦੋਂ ਅਮਰੀਕਾ ਦੇ ਓਕ ਕਰੀਕ ਵਿਚ ਇਕ ਨਸਲਵਾਦੀ ਗੋਰੇ ਨੇ ਇੰਝ ਹੀ ਛੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਤਾਂ ਅਸੀਂ ਸਾਰੇ ਕੁਰਲਾਅ ਰਹੇ ਸਾਂ। ਦਿ.ਸਿ.ਗੁ.ਪ੍ਰ.ਕ. ਦਾ ਨਵਾਂ ਪ੍ਰਧਾਨ ਐਹੋ ਜਿਹਾ ਜੇ। ਹਾਏ ਰੱਬਾ।”(ਮੂਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ)।

ਮਨਜਿੰਦਰ ਸਿੰਘ ਸਿਰਸਾ ਦੀ ਟਵੀਟ ਦੇ ਜਵਾਬ ਵਿਚ ਕਈ ਲੋਕਾਂ ਵਲੋਂ ਉਸ ਦੀ ਪਹੁੰਚ ਤੇ ਬਿਆਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਿੱਖੀ ਵਿਰੋਧੀ ਦੱਸਿਆ ਜਾ ਰਿਹਾ ਹੈ।

ਇਕ ਟਵਿਟਰ ਵਰਤੋਂਕਾਰ ਨੇ ਕਿਹਾ: “ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਤਾਂ ਇਹ ਕੀ ਸੀ? ਤੁਹਾਡੇ ਜਿਹੇ ਲਾਲਚੀ ਸਿਆਸਤਦਾਨਾਂ ਲਈ ਸ਼ਰਮ ਵੀ ਪੋਲਾ ਸ਼ਬਦ ਹੈ। ਸਿੱਖ ਇਵੇਂ ਦਾ ਵਿਕਾਊ ਮਾਲ ਨਹੀਂ ਹਨ ਜਿਵੇਂ ਕਿ ਤੁਸੀਂ ਲੋਕ (ਸਿੱਖਾਂ ਨੂੰ) ਵੋਟਾਂ ਖਾਤਰ ਵੇਚਣ ਲਈ ਪੱਬਾਂ ਭਾਰ ਹੋਏ ਪਏ ਓ ਅਤੇ ਜਿਥੇ ਮੁਸਲਮਾਨ ਹੀ ਪੀੜਤ ਹਨ ਓਥੇ ਜਿਹਾਦ ਨੂੰ ਦੋਸ਼ ਦੇ ਰਹੇ ਓ”। (ਮੂਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ)।

ਜਦੋਂ ਇਕ ਹੋਰ ਟਵਿਟਰ ਵਰਤੋਂਕਾਰ ਨੇ ਸਿਰਸਾ ਦੀ ਟਵੀਟ ਦੇ ਜਵਾਬ ਵਿਚ ਕਿਹਾ ਕਿ: “ਤੈਨੂੰ ਕੀ ਹੋ ਗਿਆ ਏ? ਤੈਨੂੰ ਇੰਝ ਨਹੀਂ ਕਰਨਾ ਚਾਹੀਦਾ। ਮੈਨੂੰ ਉਮੀਦ ਹੈ ਕਿ ਤੈਨੂੰ ਅਹਿਸਾਸ ਹੈ ਕਿ ਇਹ ਉਹੀ ਨਸਲਵਾਦੀ ਗੋਰੇ ਹਨ ਜਿਨ੍ਹਾਂ 2012 ਵਿਚ ਅਮਰੀਕਾ ਦੇ ਵਿਸਕਾਨਸਨ ਵਿਚਲੇ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਕੇ 6 ਸਿੱਖਾਂ ਨੂੰ ਮਾਰਿਆ ਸੀ” (ਮੂਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ) ਤਾਂ ਮਨਜਿੰਦਰ ਸਿੰਘ ਸਿਰਸਾ ਨੇ ਸਫਾਈ ਦਿੱਤੀ ਕਿ: “ਕਿਰਪਾ ਕਰਕੇ ਧਿਆਨ ਨਾਲ ਪੜ੍ਹੋ। ਮੈਂ ਜਿਹਾਦ ਦੇ ਖਿਲਾਫ ਬੋਲਿਆ ਹਾਂ, ਕਿਸੇ ਖਾਸ ਧਰਮ ਬਾਰੇ ਕੁਝ ਨਹੀਂ ਕਿਹਾ”।

ਇਥੇ ਇਹ ਗੱਲ ਦੱਸ ਦੇਈਏ ਕਿ ਜਿਥੇ ਇਕ ਬੰਨੇ ਮਨਜਿੰਦਰ ਸਿੰਘ ਸਿਰਸਾ ਆਸਟ੍ਰੇਲੀਆ ਦੀ ਸੈਨੇਟਰ ਦੇ ਵਿਵਾਦਤ ਬਿਆਨ ਦੀ ਪ੍ਰੋੜਤਾ ਅਤੇ ਪ੍ਰਚਾਰ ਕਰ ਰਿਹਾ ਹੈ ਓਥੇ ਦੂਜੇ ਬੰਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ। ਇਸ ਵਿਵਾਦਤ ਬਿਆਨ ਦੇ ਹਵਾਲੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ “ਸੈਨੇਟਰ ਫਰੇਜ਼ਰ ਐਨਿੰਗ ਨੇ ਇਕ ਸੱਜੇ-ਪੱਖੀ ਹਿੰਸਕ ਦਹਿਸ਼ਤਗਰਦ ਵਲੋਂ ਨਿਊਜ਼ੀਲੈਂਡ ਵਿਚ ਕੀਤੇ ਗਏ ਕਾਤਲਾਨਾ ਹਮਲੇ ਦਾ ਦੋਸ਼ ਨਿਊਜ਼ੀਲੈਂਡ ਵਿਚ ਹੋ ਰਹੇ ਪਰਵਾਸ ਸਿਰ ਮੜ੍ਹਨ ਵਾਲਾ ਜੋ ਬਿਆਨ ਦਿੱਤਾ ਹੈ ਉਹ ਵਾਹਿਯਾਤ ਹੈ। ਆਸਟ੍ਰੇਲੀਆ ਦੀ ਪਾਰਲੀਮੈਂਟ ਦੀ ਗੱਲ ਤਾਂ ਇਕ ਪਾਸੇ ਰਹੀ, ਅਜਿਹੇ ਵਿਚਾਰਾਂ ਦੀ ਆਸਟ੍ਰੇਲੀਆ ਵਿਚ ਵੀ ਕੋਈ ਥਾਂ ਨਹੀਂ ਹੈ”। (ਮੂਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version