Site icon Sikh Siyasat News

ਵਿਸ਼ੇਸ਼ ਗੱਲਬਾਤ (2): ਸਾਕਾ ਦਰਬਾਰ ਸਾਹਿਬ ਦੀ ਦੇ ਵਿਰੋਧ ਦੀ ਰਾਜਨੀਤੀ

ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਇਨ੍ਹਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਅਤੇ ਬਾਹਰ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਾਰੇ ਅਤੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਬਾਰੇ ਕਾਫੀ ਚਰਚਾ ਛੇੜ ਦਿੱਤੀ ਹੈ। ਭਾਰਤੀ ਮੀਡੀਆ ਨੇ ਇਸ ਯਾਦਗਾਰ ਨੂੰ ਆਪਣੇ ਜਾਣੇ-ਪਛਾਣ ਇਕਪਾਸੜ ਤੇ ਦਲੀਲ ਰਹਿਤ ਅੰਦਾਜ਼ ਵਿਚ ਭਾਰਤ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਲਈ ਖਤਰਾ ਦੱਸਦਿਆ ਸਾਰੇ ਹੀ ਮਸਲੇ ਨੂੰ ਸਿਰੇ ਦੇ ਨਾਕਾਰਾਤਮਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਗਲਿਆਰਿਆ, ਸਾਬਕਾ ਫੌਜੀ ਹਲਕਿਆ, ਕਾਂਗਰਸ ਅਤੇ ਭਾਜਪਾ ਆਦਿ ਸਿਆਸੀ ਪਾਰਟੀਆਂ ਤੇ ਪੰਜਾਬ ਦੇ ਖੱਬੇ-ਪੱਖੀਆਂ ਨੇ ਵੀ ਵਧ-ਚੜ੍ਹ ਕੇ ਯਾਦਗਾਰ ਦਾ ਵਿਰੋਧ ਕੀਤਾ ਹੈ।

ਸਿਰਫ ਇੰਨਾ ਹੀ ਨਹੀਂ ਸਿੱਖ ਪੰਥ ਅੰਦਰਲੇ ਕਈ ਵਰਗਾਂ, ਜਿਨ੍ਹਾਂ ਵਿਚੋਂ ਕਈਆਂ ਦਾ ਸੰਬੰਧ ਸਿੱਖ ਸੰਘਰਸ਼ ਤੇ ਸਿਆਸਤ ਨਾਲ ਰਿਹਾ ਹੈ ਜਾਂ ਅੱਜ ਵੀ ਹੈ, ਵੱਲੋਂ ਵੀ ਆਪਣੇ-ਆਪਣੇ ਨਜ਼ਰੀਏ ਤੋਂ ਇਸ ਯਾਦਗਾਰ ਜਾਂ ਯਾਦਗਾਰ ਦੀ ਰੂਪ-ਰੇਖਾ, ਉਸਾਰੀ ਕਰਨ ਵਾਲੀ ਧਿਰ ਜਾਂ ਹੋਰ ਜੁੜਵੇਂ ਮਾਮਲਿਆਂ ਬਾਰੇ ਇਤਰਾਜ਼ ਜਾਂ ਵਿਰੋਧ ਦਰਜ਼ ਕਰਵਾਏ ਗਏ ਹਨ।

ਇਨ੍ਹਾਂ ਹਾਲਾਤਾਂ ਵਿਚ ਸਾਕਾ ਦਰਬਾਰ ਸਾਹਿਬ ਬਾਰੇ ਸਿੱਖ ਨੁਕਤਾ-ਨਜ਼ਰ ਲੱਭਣ ਦੇ ਯਤਨਾਂ ਤਹਿਤ “ਸਿੱਖ ਸਿਆਸਤ ਮਲਟੀਮੀਡੀਆ” ਵੱਲੋਂ ਸਿੱਖ ਚਿੰਤਕਾਂ ਨਾਲ ਵਿਸ਼ੇਸ਼ ਗੱਲ-ਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਦਾ ਸੰਚਾਲਨ ਸ੍ਰ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਵਿਚ ਉੱਘੇ ਸਿੱਖ ਚਿੰਤਕ ਤੇ ਲੇਖਕ ਸ੍ਰ: ਅਜਮੇਰ ਸਿੰਘ, ਸਮਾਜਕ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ: ਜਗਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।

ਇਸ ਵਿਚਾਰ-ਚਰਚਾ ਲਈ ਗੱਲਬਾਤ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਗੱਲਬਾਤ ਦੇ ਪਹਿਲੇ ਦੌਰ ਵਿਚ ਯਾਦਗਾਰ ਨਾਲ ਸੰਬੰਧਤ ਅੰਦਰੂਨੀ ਮਸਲਿਆਂ ਬਾਰੇ ਵਿਚਾਰ ਕੀਤੀ ਗਈ ਹੈ ਤੇ ਦੂਜੇ ਦੌਰ ਦੌਰਾਨ ਯਾਦਗਾਰ ਦੀ ਵਿਰੋਧਤਾ ਦੀ ਰਾਜਨੀਤੀ ਅਤੇ ਮੀਡੀਆ ਦੇ ਰੋਲ ਬਾਰੇ ਵਿਚਾਰ ਕੀਤੀ ਗਈ ਹੈ।

(ਇਸ ਗੱਲਬਾਤ ਦਾ ਪਹਿਲਾ ਹਿੱਸਾ ਦੇਖੋ…)

ਗੱਲਬਾਤ ਦੇ ਦੂਜੇ ਦੌਰ ਵਿਚ ਇਹ ਗੱਲ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਕਿ ਕਾਂਗਰਸ, ਬੀ. ਜੇ. ਪੀ ਜਾਂ ਕੁਝ ਹੋਰ ਸਿਆਸੀ ਧਿਰਾਂ ਵੱਲੋਂ ਸਾਕਾ ਦਰਬਾਰ ਸਾਹਿਬ ਦੀ ਜੋ ਵਿਰੋਧਤਾ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਭਾਰਤੀ ਸਟੇਟ ਦਾ ਨਜ਼ਰੀਆ ਹੈ ਤੇ ਪੰਜਾਬ ਦੇ ਖੱਬੇ-ਪੱਖੀਆਂ ਸਮੇਤ ਇਹ ਸਾਰੀਆਂ ਧਿਰਾਂ ਭਾਰਤੀ ਸਟੇਟ ਦੇ ਇਸ ਨਜ਼ਰੀਆਂ ਨੂੰ ਅੱਖਾਂ ਬੰਦ ਕਰਕੇ ਪ੍ਰਵਾਣ ਕਰ ਰਹੇ ਹਨ।

ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।

ਸ੍ਰ: ਅਜਮੇਰ ਸਿੰਘ ਨੇ ਕਿਹਾ ਕਿ ਮੀਡੀਆ ਵੱਲੋਂ ਮਨਘੜੰਤ ਤੱਥ ਘੜਨਾ ਤੌਖਲਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਵਰਤਾਰਾ ਕੋਈ ਖਲਾਅ ਵਿਚੋਂ ਪੈਦਾ ਹੋਈ ਸ਼ੈਅ ਨਹੀਂ ਹੈ ਬਲਕਿ ਇਸ ਪਿੱਛੇ ਭਾਰਤੀ ਸਟੇਟ ਦੀ ਬਕਾਇਦਾ ਨੀਤੀ ਕੰਮ ਕਰਦੀ ਹੈ।

ਗੱਲਬਾਤ ਦੇ ਇਸ ਹਿਸੇ ਵੀ “ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਦੇ ਵਿਰੋਧ ਦੀ ਰਾਜਨੀਤੀ” ਨਾਲ ਜੁੜ ਹੋਰਨਾਂ ਪਹਿਲੂਆਂ ਬਾਰੇ ਵੀ ਵਿਸਤਾਰ ਵਿਚ ਚਰਚਾ ਹੋਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version