Site icon Sikh Siyasat News

ਬੱਬਰ ਅਕਾਲੀ ਯੋਧੇ ਕਿਉਂ ਅਤੇ ਕਿਵੇਂ ਲੜੇ?

ਪੰਥ ਸੇਵਕ ਜਥਾ ਦੁਆਬਾ ਵੱਲੋਂ ਬੱਬਰ ਅਕਾਲੀ ਲਹਿਰ ਦੇ 100 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ 6/1/2022 ਨੂੰ ਤੀਜਾ ਸਮਾਗਮ ਹੁਸ਼ਿਆਰਪੁਰ ਜਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਸਮੁੰਦੜਾ ਵਿਖੇ ਗੁਰਦੁਆਰਾ ਹਰਗੋਬਿੰਦ ਪ੍ਰਕਾਸ਼ (ਪਾ:੬ਵੀ) ਸਾਹਿਬ ਵਿਖੇ ਕਰਵਾਇਆ ਗਿਆ। ਇਹ ਸਮਾਗਮ ਬੱਬਰ ਸੁਰਜਨ ਸਿੰਘ ਹਿਆਤਪੁਰ ਰੁੜਕੀ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਬੱਬਰ ਰਾਮ ਸਿੰਘ ਸਹੂੰਗੜਾ ਦੀ ਯਾਦ ਨੂੰ ਸਮਰਪਿਤ ਸੀ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਅੱਜ ਇਹ ਗੱਲ ਕਰੀਬ-ਕਰੀਬ ਵਿਸਾਰ ਦਿੱਤੀ ਗਈ ਹੈ ਕਿ ਬੱਬਰ ਅਕਾਲੀ ਯੋਧਿਆਂ ਨੇ ਕਿਸ ਮਨੋਰਥ ਲਈ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਅੰਗਰੇਜੀ ਬਸਤੀਵਾਦੀ ਹਾਕਮਾਂ ਦੇ ਆਪਣੇ ਸ਼ਬਦਾਂ ਵਿੱਚ ਬੱਬਰ ਅਕਾਲੀ ਯੋਧੇ ਪੰਜਾਬ ਵਿੱਚ ਖਾਲਸਾ ਰਾਜ ਅਤੇ ਇੰਡੀਆਂ ਵਿੱਚ ਸਵੈ-ਰਾਜ ਲਿਆਉਣ ਲਈ ਹਕੂਮਤ ਨੂੰ ਟੱਕਰ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਬੱਬਰ ਅਕਾਲੀਆਂ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਦੁਆਬੇ ਦੇ ਲੋਕਾਂ ਦੇ ਮਨਾਂ ਵਿੱਚੋਂ ਬਰਤਾਨਵੀ ਹਕੂਮਤ ਦੇ ਦਬਦਬੇ ਦੀ ਛਾਪ ਫਿੱਕੀ ਪਾ ਦਿੱਤੀ ਸੀ।

ਭਾਈ ਮਨਧੀਰ ਸਿੰਘ ਨੇ ਕਿਹਾ ਕਿ ਬੇਸ਼ੁੱਕ ਤਖਤ ਸਾਹਿਬ ਦਾ ਪ੍ਰਬੰਧ ਰਿਵਾਇਤ ਅਨੁਸਾਰ ਹਾਸਲ ਕਰਨ ਵਾਲੇ ਅਕਾਲੀ ਫੌਜ ਵਜੋਂ ਵਿਚਰ ਰਹੇ ਹਨ ਅਤੇ ਕਈਆਂ ਦਾ ਵਿਹਾਰ ਤਾਂ ਚਕਰੈਲਾਂ ਵਾਲਾ ਹੈ। ਇਸ ਕਾਰਨ ਉਨ੍ਹਾਂ ਅਕਾਲੀ ਫੌਜ ਦੇ ਇਤਿਹਾਸ ਦੀ ਬਾਤ ਪਾਉਣੀ ਹੀ ਛੱਡ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡਾ ਆਪਣਾ ਵਿਹਾਰ ਵੀ ਅੱਜ ਅਕਾਲੀ ਫੌਜ ਜਿਹਾ ਨਾ ਹੋਵੇ ਪਰ ਉਹਨਾਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਪ੍ਰਚਾਰਨਾ ਸਾਡਾ ਨੈਤਿਕ ਫਰਜ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਪੰਥ ਸੇਵਕ ਜਥੇ ਦੀ ਇਹੀ ਕੋਸ਼ਿਸ਼ ਰਹੇਗੀ ਕਿ ਜਿਥੇ ਬਰਤਾਨਵੀ ਹਕੂਮਤ ਵਲੋਂ ਸਾਡੇ ਸਮਾਜ ਅਤੇ ਸੋਚ ਵਿਚ ਕੀਤੀ ਗਈ ਫੇਰ ਬਦਲ ਬਾਰੇ ਨਿੱਠ ਕੇ ਵਿਚਾਰ-ਚਰਚਾ ਕੀਤੀ ਜਾਵੇ। ਓਥੇ ਦੂਜੇ ਪਾਸੇ ਬੱਬਰ ਅਕਾਲੀ ਲਹਿਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇ। ਬੱਬਰ ਅਕਾਲੀ ਲਹਿਰ ਬਾਰੇ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ) ਵੱਲੋਂ ਪੇਸ਼ ਕੀਤੇ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version