Site icon Sikh Siyasat News

ਵਾਜਪਾਈ ਦੀ ਕਸ਼ਮੀਰ ਬਾਰੇ ਬਿਆਨਬਾਜ਼ੀ ਦਾ ਢੰਡੋਰਾ ਬਨਾਮ ਚਿੱਠੀ ਸਿੰਘ ਪੁਰਾ

ਕਸ਼ਮੀਰ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਾਰੇ ਕਸ਼ਮੀਰ ਵਿੱਚ ਕਰਫਿਊ ਲੱਗਿਆਂ ਕਰੀਬ ਦੋ ਮਹੀਨੇ ਹੋ ਗਏ ਹਨ, ਜਿਸ ਦੌਰਾਨ 70 ਤੋਂ ਵੱਧ ਬੱਚੇ ਫ਼ੌਜੀ ਅਤੇ ਅਰਧ-ਫ਼ੌਜੀਆਂ ਦੀਆਂ ਪੈਲਟ ਗੋਲੀਆਂ ਨਾਲ ਮਾਰੇ ਗਏ ਹਨ ਅਤੇ ਤਕਰੀਬਨ 400 ਨੌਜਵਾਨ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿੱਚ ਕਸ਼ਮੀਰੀ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਕਸ਼ਮੀਰ ਦੇ ਇਨ੍ਹਾਂ ਹਾਲਾਤਾਂ ’ਤੇ ਗੰਭੀਰਤਾ ਨਾਲ ਨਜ਼ਰ ਮਾਰੀਏ ਤਾਂ ਇੱਕ ਗੱਲ ਉੱਭਰ ਕੇ ਨਜ਼ਰ ਆ ਰਹੀ ਹੈ ਕਿ ਭਾਰਤ ਦੀ ਸਿਆਸੀ ਸੱਤਾ ’ਤੇ ਭਾਰੂ ਹਿੰਦੂਤਵ ਤਾਕਤਾਂ ਕਸ਼ਮੀਰ ਦੀ ਧਰਤੀ ਬਾਰੇ ਤਾਂ ਫ਼ਿਕਰਮੰਦ ਹਨ, ਪਰ ਕਸ਼ਮੀਰੀ ਲੋਕਾਂ ਬਾਰੇ ਉਨ੍ਹਾਂ ਦੀ ਸੋਚ ਬਿਲਕੁਲ ਇਸ ਦੇ ਉਲਟ ਹੈ।

ਲੇਖਕ: ਡਾ. ਗੁਰਦਰਸ਼ਨ ਸਿੰਘ ਢਿੱਲੋਂ

ਲੇਖਕ: ਡਾ. ਗੁਰਦਰਸ਼ਨ ਸਿੰਘ ਢਿੱਲੋਂ

ਸਿਆਸੀ ਗਲਿਆਰਿਆਂ ਤੇ ਮੀਡੀਆ ਵਿੱਚ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਕਸ਼ਮੀਰ ਬਾਰੇ ਕਹੀ ਹੋਈ ਗੱਲ ‘ਕਸ਼ਮੀਰੀਅਤ, ਜਮਹੂਰੀਅਤ ਅਤੇ ਇਨਸਾਨੀਅਤ’ ਦਾ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਇਹ ਤਿੰਨੇ ਗੱਲਾਂ ਅਹਿਮ ਹਨ, ਪਰ ਇਨ੍ਹਾਂ ਤਿੰਨਾਂ ਵਿੱਚੋਂ ਸਭ ਤੋਂ ਵੱਧ ਅਹਿਮ ‘ਇਨਸਾਨੀਅਤ’ ਹੈ। ‘ਇਨਸਾਨੀਅਤ’ ਦਾ ਜਨਾਜ਼ਾ ਤਾਂ ਤਤਕਾਲੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਹੀ ਨਿਕਲ ਗਿਆ ਸੀ, ਜਦੋਂ 2000 ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੌਰੇ ਦੌਰਾਨ 38 ਨਿਰਦੋਸ਼ ਸਿੱਖਾਂ ਦਾ ਕਸ਼ਮੀਰ ਵਾਦੀ ਦੇ ਪਿੰਡ ਚਿੱਠੀ ਸਿੰਘ ਪੁਰਾ ਵਿੱਚ ਦਹਿਸ਼ਤਗਰਦਾਂ ਵੱਲੋਂ ਬੇ-ਰਹਿਮੀ ਨਾਲ ਕਤਲ ਕੀਤਾ ਗਿਆ ਸੀ। ਅਮਰੀਕੀ ਏਜੰਸੀਆਂ ਦੀ ਡੂੰਘੀ ਛਾਣਬੀਨ ਉਪਰੰਤ ਇਸ ਦਰਦਨਾਕ ਘਟਨਾ ਦਾ ਜ਼ਿਕਰ ਕਲਿੰਟਨ ਪ੍ਰਸ਼ਾਸਨ ਦੇ ਉਸ ਵੇਲੇ ਦੀ ਵਿਦੇਸ਼ ਮੰਤਰੀ ਮੈਡੇਲਿਨ ਅਲਬ੍ਰਾਈਟ ਨੇ ਆਪਣੀ ਬਹੁ-ਚਰਚਿਤ ਕਿਤਾਬ ‘ਦਾ ਮਾਇਟੀ ਐਂਡ ਦਾ ਆਲਮਾਇਟੀ’ ਦੇ ਮੁੱਖ-ਬੰਧ ਵਿੱਚ ਇਨ੍ਹਾਂ ਸ਼ਬਦਾਂ ਨਾਲ ਕੀਤਾ ਹੈ:

“ਸਾਲ 2000 ਵਿੱਚ ਮੇਰੇ ਭਾਰਤ ਦੇ ਦੌਰੇ ਵੇਲੇ ਕੁਝ ਹਿੰਦੂ ਉਗਰਵਾਦੀਆਂ ਨੇ ਆਪਣੇ ਕਹਿਰ ਦਾ ਇਜ਼ਹਾਰ ਕਰਨ ਦਾ ਫ਼ੈਸਲਾ ਕੀਤਾ ਅਤੇ 38 ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜੇ ਮੈਂ ਉਹ ਦੌਰਾ ਨਾ ਕੀਤਾ ਹੁੰਦਾ ਤਾਂ ਸੰਭਵ ਹੈ ਕਿ ਜ਼ੁਲਮ ਦਾ ਸ਼ਿਕਾਰ ਹੋਏ ਉਹ ਵਿਅਕਤੀ ਅਜੇ ਵੀ ਜਿਊਂਦੇ ਹੁੰਦੇ।” ਇਸ ਦਰਦਨਾਕ ਘਟਨਾ ਦੀ ਤਹਿਕੀਕਾਤ ਕਰਨ ਲਈ ਪੰਜਾਬ ਵਿੱਚੋਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਨਾਵਾਂ ਦੀ ਛਾਣਬੀਨ ਕਰਨ ਵਾਲੀ ਇੱਕ ਕਮੇਟੀ ਕਸ਼ਮੀਰ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਗਈ। ਪਿੰਡ ਵਾਸੀਆਂ ਨਾਲ ਬਹੁਤ ਡੂੰਘਾਈ ਵਿੱਚ ਜਾ ਕੇ ਟੀਮ ਇਸ ਨਤੀਜੇ ’ਤੇ ਪੁੱਜੀ ਕਿ ਇਹ ਸਾਰਾ ਘਟਨਾਕ੍ਰਮ ਭਾਰਤੀ ਸਰਕਾਰ ਦੀਆਂ ਏਜੰਸੀਆਂ ਵੱਲੋਂ ਕਰਵਾਇਆ ਗਿਆ ਸੀ।

ਜਦੋਂ ਇਸ ਘਟਨਾ ਦਾ ਬਹੁਤ ਰੌਲਾ ਪਿਆ ਤਾਂ ਸਰਕਾਰ ਨੇ ਚਾਰ ਨਿਰਦੋਸ਼ ਮੁਸਲਮਾਨਾਂ ਨੂੰ ਇਹ ਕਹਿ ਕਿ ਮਰਵਾ ਦਿੱਤਾ ਸੀ ਕਿ ਉਹ ਇਸ ਘਟਨਾ ਦੇ ਦੋਸ਼ੀ ਹਨ। ਕਸ਼ਮੀਰੀ ਮੁਸਲਮਾਨਾਂ ਨੇ ਸਪਸ਼ਟ ਕੀਤਾ ਸੀ ਕਿ ਕਿਸੇ ਵੀ ਮੁਸਲਮਾਨ ਜਥੇਬੰਦੀ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ। ਇਸ ਉਪਰੰਤ ਮਾਰੇ ਗਏ ਨਿਰਦੋਸ਼ ਮੁਸਲਮਾਨਾਂ ਦੀਆਂ ਹੱਡੀਆਂ ਦਾ ਡੀ.ਐਨ.ਏ. ਕਰਵਾਉਣ ’ਤੇ ਇਹ ਪਾਇਆ ਗਿਆ ਕਿ ਉਹ ਮੁਸਲਮਾਨ ਵੀ ਨਿਰਦੋਸ਼ ਮਾਰ ਦਿੱਤੇ ਗਏ ਸਨ। ਮਗਰੋਂ ਕੁਝ ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾ ਕੇ ਮੁਅੱਤਲ ਕਰ ਦਿੱਤਾ ਗਿਆ ਅਤੇ ਇਹ ਸਾਰਾ ਮਾਮਲਾ ਠੱਪ ਦਿੱਤਾ ਗਿਆ। ਇਨ੍ਹਾਂ ਨਿਰਦੋਸ਼ ਤੇ ਬੇਗੁਨਾਹ ਇਨਸਾਨਾਂ ਦੀਆਂ ਰੂਹਾਂ ਆਸ ਲਾਈ ਬੈਠੀਆਂ ਹਨ ਕਿ ਕਦੇ ਉਨ੍ਹਾਂ ਨੂੰ ਵੀ ਇਸ ਨਿਜ਼ਾਮ ਵਿੱਚ ਇਨਸਾਫ਼ ਮਿਲੇਗਾ? ਇਸ ਭਿਆਨਕ ਘਟਨਾ ਦੀ ਸਾਰੀ ਰਿਪੋਰਟ ਇੰਦਰਜੀਤ ਸਿੰਘ ਜੇਜੀ ਕੋਲ ਮੌਜੂਦ ਹੈ ਅਤੇ ਇਸ ਦੇ ਕੁਝ ਅੰਸ਼ ਕਈ ਪੰਜਾਬੀ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪ ਚੁੱਕੇ ਹਨ।

ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਿਸ ਦੇ ਕਾਰਜਕਾਲ ਦੌਰਾਨ ਕਸ਼ਮੀਰ ਵਿਚ 38 ਸਿੱਖਾਂ ਦਾ ਕਤਲੇਆਮ ਪਿੰਡ ਚਿੱਠੀ ਸਿੰਘਪੁਰਾ ‘ਚ ਹੋਇਆ ਸੀ

ਇੱਥੇ ਇਸ ਘਟਨਾ ਦਾ ਥੋੜ੍ਹਾ ਜਿਹਾ ਵਿਸ਼ਲੇਸ਼ਣ ਕਰਨਾ ਵੀ ਬਣਦਾ ਹੈ। ਪਾਠਕਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਸ ਵੇਲੇ ਦੀ ਐਨ.ਡੀ.ਏ. ਦੀ ਸਰਕਾਰ ਵਿੱਚ ਬਾਦਲ ਅਕਾਲੀ ਦਲ ਵੀ ਸ਼ਾਮਲ ਸੀ ਅਤੇ ਸੁਖਬੀਰ ਸਿੰਘ ਬਾਦਲ ਵਿਦੇਸ਼ ਰਾਜ ਮੰਤਰੀ ਸੀ। ਚਾਹੀਦਾ ਤਾਂ ਇਹ ਸੀ ਕਿ ਬਾਦਲ ਇਸ ਮਸਲੇ ਦੀ ਗੰਭੀਰਤਾ ਨੂੰ ਮੁੱਖ ਰੱਖ ਕੇ ਇਸ ਦਰਦਨਾਕ ਘਟਨਾ ਦੀ ਹਰ ਪਹਿਲੂ ਤੋਂ ਛਾਣਬੀਨ ਕਰਵਾਉਂਦੇ ਅਤੇ ਕਿਸੇ ਖ਼ਾਸ ਨਤੀਜੇ ’ਤੇ ਪੁੱਜ ਕੇ ਸਰਕਾਰ ਤੋਂ ਸਿੱਖਾਂ ਨੂੰ ਇਹ ਭਰੋਸਾ ਦਿਵਾਉਂਦੇ ਕਿ ਅੱਗੇ ਤੋਂ ਸਿੱਖਾਂ ਨਾਲ ਇਸ ਕਿਸਮ ਦੀਆਂ ਬੇ-ਰਹਿਮ ਘਟਨਾਵਾਂ ਨਹੀਂ ਵਾਪਰਨਗੀਆਂ ਪਰ ਉਨ੍ਹਾਂ ਕੁਰਸੀ ਦੇ ਲਾਲਚ ਵਿੱਚ ਅਜਿਹਾ ਕੁਝ ਵੀ ਨਾ ਕੀਤਾ।

ਇੱਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਇਹ ਸਾਰਾ ਘਟਨਾਕ੍ਰਮ ਕਿਉਂ ਕੀਤਾ ਗਿਆ। ਹੋ ਸਕਦਾ ਹੈ ਕਿ ਸਿੱਖਾਂ ਦੇ ਬੇ-ਰਹਿਮ ਕਤਲ ਇਸ ਕਰਕੇ ਕੀਤੇ ਗਏ ਹੋਣ ਤਾਂ ਕਿ ਦੁਨੀਆਂ ਨੂੰ ਅਤੇ ਖ਼ਾਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਇਹ ਪ੍ਰਭਾਵ ਦਿੱਤਾ ਜਾਵੇ ਕਿ ਕਸ਼ਮੀਰੀ ਵੱਖਵਾਦੀ ਕਿੰਨੇ ਜ਼ਾਲਮ ਹਨ ਅਤੇ ਉਹ ਕਿਸੇ ਨੂੰ ਨਹੀਂ ਬਖ਼ਸ਼ਦੇ ਅਤੇ ਉਨ੍ਹਾਂ ਵਿੱਚ ਦਇਆ-ਧਰਮ ਦਾ ਕੋਈ ਅੰਸ਼ ਬਾਕੀ ਨਹੀਂ ਬਚਿਆ ਹੈ। ਇਸ ਤੋਂ ਇਲਾਵਾ ਇਹ ਕਤਲ ਕਰਵਾਉਣ ਵਾਲਿਆਂ ਦੀ ਇਹ ਵੀ ਭਾਵਨਾ ਹੋ ਸਕਦੀ ਹੈ ਕਿ ਮੁਸਲਮਾਨਾਂ ਅਤੇ ਸਿੱਖਾਂ ਵਿੱਚ ਐਸਾ ਪਾੜਾ ਪਾ ਦਿੱਤਾ ਜਾਵੇ, ਜਿਸ ਕਾਰਨ ਸਿੱਖਾਂ ਦਾ ਕਸ਼ਮੀਰ ਵਿੱਚ ਰਹਿਣਾ ਹੀ ਮੁਸ਼ਕਲ ਹੋ ਜਾਵੇ।

ਅੱਜ ਭਾਰਤ ਵਿੱਚ ਹਰ ਪਾਸੇ ਪ੍ਰਧਾਨ ਮੰਤਰੀ ਵਾਜਪਾਈ ਦੀ ਕਸ਼ਮੀਰ ਬਾਰੇ ਕਹੀ ਹੋਈ ਬਿਆਨਬਾਜ਼ੀ ਦਾ ਢੰਡੋਰਾ ਪਿਟਿਆ ਜਾ ਰਿਹਾ ਹੈ ਕਿ ਕਸ਼ਮੀਰ ਦੀ ਸਮੱਸਿਆ ‘ਕਸ਼ਮੀਰੀਅਤ, ਜਮਹੂਰੀਅਤ ਅਤੇ ਇਨਸਾਨੀਅਤ’ ਦੇ ਸੰਦਰਭ ਵਿੱਚ ਹੱਲ ਹੋਣੀ ਚਾਹੀਦੀ ਹੈ। ਪਰ ਜਦੋਂ ਇਸ ਸਾਰੇ ਘਟਨਾਕ੍ਰਮ ਵਿੱਚੋਂ ਚਿੱਠੀ ਸਿੰਘਪੁਰਾ ਦੇ 38 ਨਿਰਦੋਸ਼ ਸਿੱਖਾਂ ਦੇ ਬੇ-ਰਹਿਮੀ ਨਾਲ ਵਹੇ ਖ਼ੂਨ ਦੀ ਦਾਸਤਾਂ ਨਜ਼ਰ ਆਉਂਦੀ ਹੈ ਤਾਂ ਉਮੀਦ ਦੀ ਕਿਰਨ ਵੀ ਧੁੰਦਲੀ ਪੈ ਜਾਂਦੀ ਹੈ।

ਸੰਪਰਕ: 98151-43911

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version