Site icon Sikh Siyasat News

ਪੰਜਾਬ ਦਾ ਜਲ ਸੰਕਟ : ਬਠਿੰਡਾ ਜਿਲ੍ਹੇ ਦੀ ਸਥਿਤੀ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਅਕਾਲ ਪੁਰਖ ਨੇ ਜਦ ਇਸ ਸੰਸਾਰ ਦੀ ਉਤਪਤੀ ਕੀਤੀ ਅਤੇ ਇਸ ਤੇ ਬਨਸਪਤੀ ਅਤੇ ਅਣਗਿਣਤ ਜੀਵਾਂ ਦਾ ਵਾਸਾ ਕੀਤਾ। ਇਹਨਾ ਜੀਵਾਂ ਅਤੇ ਬਨਸਪਤੀ ਦੇ ਮੌਲਣ ਲਈ ਅਕਾਲ ਪੁਰਖ ਨੇ ਹਵਾ, ਪਾਣੀ ਤੇ ਧਰਤੀ ਦਾ ਸੁਮੇਲ ਦਿੱਤਾ। ਗੁਰੂ ਸਾਹਿਬ ਨੇ ਵੀ ਇਹਨਾ ਤਿੰਨਾਂ ਨੂੰ ਉੱਚ ਦਰਜਾ ਦੇ ਕੇ ਨਿਵਾਜਿਆ :-
ਪਵਣੁ ਨੂੰ ਗੁਰੂ
ਪਾਣੀ ਨੂੰ ਪਿਤਾ
ਧਰਤੀ ਨੂੰ ਮਾਤਾ
ਇਹਨਾ ਬਿਨਾਂ ਏਸ ਸੰਸਾਰ ਤੇ ਬਨਸਪਤੀ ਅਤੇ ਜੀਵਾਂ ਦੇ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ । ਅਜੋਕੇ ਸਮੇਂ ਵਿੱਚ ਇਨਸਾਨ ਦੇ ਅਮਲਾਂ ਨੇ ਹਵਾ, ਪਾਣੀ ਤੇ ਧਰਤੀ ਨੂੰ ਇਸ ਹੱਦ ਤੱਕ ਪਲੀਤ ਕਰ ਦਿੱਤਾ ਹੈ ਕਿ ਉਸਦੀ ਖੁਦ ਦੀ, ਹੋਰ ਜੀਵਾਂ ਅਤੇ ਬਨਸਪਤੀ ਦੀ ਹੋਂਦ ਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ।
ਪੰਜਾਬ ਵਿੱਚ ਪਹਿਲਾਂ ਜਮੀਨ ਹੇਠਲੇ ਪਾਣੀ ਦੇ ਮੁਕਾਬਲੇ ਜਿਆਦਾਤਰ ਫਸਲਾਂ ਲਈ ਜਮੀਨ ਉਪਰਲਾ ਪਾਣੀ ਹੀ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਫ਼ਸਲਾਂ ਵੀ ਉਸ ਅਨੁਸਾਰ ਲਗਾਈਆਂ ਜਾਂਦੀਆਂ ਸਨ । ਜਿੰਨਾ ਕੁ ਪਾਣੀ ਜ਼ਮੀਨ ਵਿੱਚੋਂ ਕੱਢਿਆ ਜਾਂਦਾ ਸੀ, ਓਨਾ ਪਾਣੀ ਮੀਂਹ ਨਾਲ ਧਰਤੀ ਹੇਠਾਂ ਚਲਾ ਜਾਂਦਾ ਸੀ। ਪਰ ਸਮੇਂ ਨਾਲ਼ ਸਰਕਾਰੀ ਨੀਤੀਆਂ ਕਾਰਨ ਫਸਲੀ ਚੱਕਰ ਵਿੱਚ ਵੱਡੀ ਤਬਦੀਲੀ ਆਈ ਜਿਸ ਕਾਰਨ ਪੰਜਾਬ ਵਿੱਚ ਝੋਨੇ ਦੀ ਖੇਤੀ ਨੂੰ ਵੱਡੇ ਪੱਧਰ ਤੇ ਅਪਨਾਇਆ ਗਿਆ ਜਿਸ ਨੇ ਸਾਨੂੰ ਅਜੋਕੇ ਹਾਲਾਤ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਆਓ ਗੱਲ ਕਰਦੇ ਹਾਂ ਬਠਿੰਡਾ ਜਿਲ੍ਹੇ ਵਿੱਚ ਪਾਣੀ ਦੀ ਸਥੀਤੀ ਤੇ :-
ਬਠਿੰਡਾ ਜ਼ਿਲ੍ਹਾ ਜਿਸ ਨੂੰ ਕੇ ਟਿੱਬਿਆਂ ਦਾ ਦੇਸ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਸਤਲੁਜ ਦਰਿਆ ਬਠਿੰਡੇ ਦੇ ਕਿਲ੍ਹੇ ਦੇ ਨਾਲ ਦੀ ਵਹਿੰਦਾ ਰਿਹਾ ਹੈ । ਪਰ ਅੱਜ ਦੀ ਸਥਿਤੀ ਪਾਣੀ ਨੂੰ ਲੈ ਕੇ ਵੱਖਰੇ ਹੀ ਹਾਲਾਤ ਬਿਆਨ ਕਰਦੀ ਹੈ। ਬਠਿੰਡਾ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਘੱਟ ਚਿੰਤਾਜਨਕ ਨਹੀਂ ਹਨ। ਇਸ ਦੇ 2017 ਵਿਚ 7 ਬਲਾਕ ਸਨ ਜਿਹਨਾਂ ਵਿੱਚੋ 3 ਅਤਿ – ਸ਼ੋਸ਼ਿਤ, 1 ਅਰਧ ਸੋਸ਼ਿਤ ਤੇ 3 ਸੁਰੱਖਿਅਤ ਬਲਾਕ ਸਨ। ਜਦ ਕਿ 2020 ਵਿਚ ਦੋ ਨਵੇਂ ਬਲਾਕ ਬਣਾ ਦਿੱਤੇ ਗਏ ਜਿਸ ਨਾਲ ਜਿਲੇ ਵਿਚ ਬਲਾਕਾਂ ਦੀ ਗਿਣਤੀ 9 ਹੋ ਗਈ । ਇਹਨਾਂ ਵਿੱਚ 6 ਅਤਿ – ਸ਼ੋਸ਼ਿਤ, 1 ਅਰਧ ਸੋਸ਼ਿਤ, 1 ਸ਼ੋਸ਼ਿਤ ਤੇ ਬਸ 1 ਹੀ ਸੁਰੱਖਿਅਤ ਬਲਾਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ । ਵੱਖ – ਵੱਖ ਬਲਾਕਾਂ ਵਿਚ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ :-
2017(%) 2020(%)
ਫੂਲ 184 135
ਨਥਾਣਾ 73 109
ਮੌੜ 127 143
ਬਠਿੰਡਾ 103 107
ਤਲਵੰਡੀ ਸਾਬੋ 65 94
ਸੰਗਤ 67 40
ਰਾਮਪੁਰਾ 69 81
ਭਗਤਾ ਭਾਈ ਕਾ — 261
ਗੋਨਿਆਣਾ ਮੰਡੀ — 198
2019-20 ਬਲਾਕਾਂ ਦੀ ਸ਼ੋਸ਼ਣ ਦਰ:
ਬਠਿੰਡਾ ਜ਼ਿਲ੍ਹੇ ਦੇ ਬਹੁਤੇ ਬਲਾਕਾਂ ਵਿੱਚੋਂ ਬੇ-ਹਿਸਾਬਾ ਪਾਣੀ ਕੱਢਿਆ ਜਾ ਰਿਹਾ ਹੈ। ਭਾਵੇਂ ਕਿ ਇਸਦੇ 2 ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ ਪਰ ਫਿਰ ਵੀ ਬਹੁਤੇ ਬਲਾਕ ਅਤਿ-ਸ਼ੋਸ਼ਿਤ ਸ਼੍ਰੇਣੀ ਵਿੱਚ ਹੀ ਹਨ। ਸੰਗਤ ਬਲਾਕ ਨੂੰ ਛੱਡ ਕੇ ਬਾਕੀ ਸਾਰੇ ਬਲਾਕਾਂ ਵਿੱਚ ਸੁਰੱਖਿਅਤ ਮਾਪਦੰਡਾਂ ਨਾਲੋ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਭਗਤਾ ਭਾਈ ਕਾ ਬਲਾਕ ਵਿੱਚ ਤਾਂ 261%, ਗੋਨਿਆਣਾ ਮੰਡੀ ਵਿੱਚ 198% ਅਤੇ ਫੂਲ ਵਿੱਚ 135% ਤੱਕ ਵੀ ਪਾਣੀ ਕੱਢਿਆ ਜਾ ਰਿਹਾ ਹੈ।
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਬਠਿੰਡਾ ਜ਼ਿਲ੍ਹੇ ਵਿੱਚ 2018 ਦੇ ਅੰਕੜਿਆਂ ਅਨੁਸਾਰ ਧਰਤੀ ਹੇਠਲੇ ਤਿੰਨਾਂ ਪੱਤਣਾਂ ਦਾ ਪਾਣੀ ਜੋ ਕਿ ਪੰਜਾਬ ਦੇ ਮਾਨਸਾ ਤੇ ਪਠਾਨਕੋਟ ਨੂੰ ਛੱਡ ਕੇ ਬਾਕੀ ਸੱਭ ਜ਼ਿਲ੍ਹਿਆਂ ਨਾਲੋਂ ਘੱਟ ਹੈ। ਇਸ ਦੇ ਪਹਿਲੇ ਪੱਤਣ ਵਿੱਚ 11.92 ਲੱਖ ਏਕੜ ਫੁੱਟ (LAF), ਦੂਜੇ ਪੱਤਣ ਵਿੱਚ 0.6 ਲੱਖ ਏਕੜ ਫੁੱਟ (LAF) ਅਤੇ ਤੀਜੇ ਪੱਤਣ ਵਿੱਚ 0.48 ਲੱਖ ਏਕੜ ਫੁੱਟ (LAF) ਪਾਣੀ ਬਚਿਆ ਹੈ। ਜਿਸ ਗਤੀ ਨਾਲ ਇਸ ਜ਼ਿਲ੍ਹੇ ਦਾ ਪਾਣੀ ਕੱਢਿਆ ਜਾ ਰਿਹਾ ਹੈ, ਉਸ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਸ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਵੀ ਗੰਭੀਰ ਸਮੱਸਿਆ ਪੈਦਾ ਹੋ ਜਾਵੇਗੀ ਖੇਤੀ ਲਈ ਤਾਂ ਫੇਰ ਸੋਚਿਆ ਹੀ ਨਹੀਂ ਜਾ ਸਕਦਾ। ਦੂੱਜੇ ਤੇ ਤੀਜੇ ਪੱਤਣ ਵਿਚ ਤਾਂ ਪੀਣ ਯੋਗ ਪਾਣੀ ਵੀ ਨਹੀਂ ਹੈ। ਕਿਉੰ ਕਿ ਬਠਿੰਡੇ ਜ਼ਿਲ੍ਹੇ ਦੇ ਵਿਚ ਜਿੰਨਾ ਪਾਣੀ ਡੂੰਘਾ ਕੱਢਿਆ ਜਾਵੇਗਾ ਯੂਰੇਨੀਅਮ, ਸੇਲੇਨੀਅਮ, ਨਾਈਟ੍ਰੇਟ ਆਦਿ ਭਾਰੀ ਤੱਤਾਂ ਦੀ ਮਾਤਰਾ ਵੱਧ ਆਉਣ ਦਾ ਖਤਰਾ ਵੀ ਓਨਾ ਜਿਆਦਾ ਬਣਿਆ ਰਹਿੰਦਾ ਹੈ। ਜਿਸ ਕਾਰਨ ਬਠਿੰਡਾ ਜਿਲ੍ਹੇ ਵਿੱਚ ਕੈਂਸਰ, ਕਾਲਾ ਪੀਲੀਆ ਆਦਿ ਦੇ ਬਹੁਤ ਜਿਆਦਾ ਕੇਸ ਪਾਏ ਜਾਂਦੇ ਹਨ । ਬਠਿੰਡਾ ਜਿਲ੍ਹੇ ਵਿੱਚ ਨਹਿਰੀ ਪਾਣੀ ਦੀ ਵਰਤੋਂ ਪੀਣ ਲਈ ਵੀ ਕਾਫ਼ੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ:
ਬਠਿੰਡਾ ਜ਼ਿਲ੍ਹੇ ਵਿੱਚ ਸਿਰਫ਼ 1.68% ਹੀ ਜੰਗਲਾਤ ਹੇਠ ਰਕਬਾ ਹੈ। ਮਾਹਿਰਾਂ ਅਨੁਸਾਰ ਲਗਪਗ 33% ਧਰਤੀ ਉੱਤੇ ਜੰਗਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਬਠਿੰਡਾ ਜ਼ਿਲ੍ਹਾ ਜ਼ਰੂਰੀ ਅੰਕੜੇ ਤੋਂ ਬਹੁਤ ਜ਼ਿਆਦਾ ਦੂਰ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਹੇਠ ਰਕਬਾ:
ਬਠਿੰਡਾ ਜਿਲ੍ਹੇ ਦਾ ਬਹੁਤਾ ਹਿੱਸਾ ਨਰਮਾ ਪੱਟੀ ਵਿੱਚ ਆਉਂਦਾ ਹੈ ਜਿੱਥੇ ਨਰਮੇ ਦੀ ਕਾਸ਼ਤ ਵੱਡੇ ਪੱਧਰ ਤੇ ਹੁੰਦੀ ਰਹੀ ਹੈ। ਪਰ ਪਿਛਲੇ ਸਮਿਆਂ ਵਿੱਚ ਨਰਮੇ ਦੀ ਫਸਲ ਨਕਲੀ ਬੀਜ, ਨਕਲੀ ਦਵਾਈਆਂ, ਬਿਮਾਰੀਆਂ ਕਾਰਨ ਕਈ ਵਾਰ ਨੁਕਸਾਨੀ ਗਈ, ਜਿਸ ਕਾਰਨ ਇਸ ਦੇ ਬਦਲ ਵਜੋਂ ਝੋਨੇ ਹੇਠ ਰਕਬੇ ਵਿੱਚ ਕਾਫੀ ਵਾਧਾ ਹੋਇਆ ਹੈ । ਮੌਜੂਦਾ ਸਮੇਂ ਲੱਗਭੱਗ 61% ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ।
ਸੰਭਾਵੀ ਹੱਲ ਲਈ ਕੀ ਕੀਤਾ ਜਾ ਸਕਦਾ ਹੈ:
੧. ਜਿਲ੍ਹੇ ਵਿਚ ਝੋਨੇ ਹੇਠ ਰਕਬਾ ਹੋਰ ਘਟਾਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਵਿੱਚ ਵਿੰਭਿੰਨਤਾ ਦੇ ਨਾਲ ਆਪਣੀਆਂ ਰਵਾਇਤੀ ਫ਼ਸਲਾਂ ਵੱਲ ਵਾਪਿਸ ਮੁੜਨਾ ਚਾਹੀਦਾ ਹੈ।
੨. ਖੇਤੀ ਲਈ ਜ਼ਮੀਨ ਹੇਠਲੇ ਪਾਣੀ ਦੀ ਜਗ੍ਹਾ ਨਹਿਰੀ ਪਾਣੀ ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ ।
੩. ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਅਤੇ ਫੁਆਰਾ ਤੇ ਤੁਪਕਾ ਸਿੰਚਾਈ ਵਿਧੀ ਵਰਗੇ ਸੰਚਾਈ ਦੇ ਪ੍ਰਬੰਧ ਅਪਣਾਉਣੇ ਚਾਹੀਦੇ ਹਨ।
੪. ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
੫. ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
ਇੱਥੇ ਇਹ ਦੱਸਣ ਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਗਾਏ ਜਾਂਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ। ਇਹ ਜੰਗਲ ਕਾਰਸੇਵਾ ਖਡੂਰ ਸਾਹਬ ਵੱਲੋਂ ਬਿਨਾਂ ਕੋਈ ਖਰਚ ਲਏ ਲਗਾਇਆ ਜਾਂਦਾ ਹੈ। ਇਸ ਬਾਬਤ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਨਾਲ ਜਾਂ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਸੰਪਰਕ : 9056684184 www.aecpunjab.com info@aecpunjab.com

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version