March 9, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰਨਾਂ ਸਿੰਘ ਸਾਹਿਬਾਨ ਵਲੋਂ ਕੀਤੀ ਗਈ ਇੱਤਰਤਾ ਅਮਨ-ਆਮਨ ਨਾਲ ਨੇਪਰੇ ਚੜ੍ਹ ਗਈ। ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਵਲੋਂ ਹਾਲ ਵਿਚ ਹੀ ਗਿਆਨੀ ਇਕਬਾਲ ਸਿੰਘ ਨੂੰ ‘ਜਥੇਦਾਰੀ’ ਤੋਂ ਲਾਹੁਣ ਦੇ ਮੱਦੇ-ਨਜ਼ਰ ਇਸ ਇਕੱਤਰਤਾ ਵਿਚ ਹੰਗਾਮਾ ਹੋਣ ਦੇ ਅਸਾਰ ਸਨ ਕਿਉਂਕਿ ਗਿਆਨੀ ਇਕਬਾਲ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਉਹ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਬਾਦਲਾਂ ਵਲੋਂ 2015 ਵਿਚ ਸੌਦਾ ਸਾਧ ਨੂੰ ਬਿਨਮੰਗੀ ਮਾਫੀ ਦੇਣ ਦਾ ਖੁਲਾਸਾ ਕਰੇਗਾ। ਪਰ ਅੱਜ ਦੀ ਇਕੱਤਰਤਾ ਦੌਰਾਨ ਗਿਆਨੀ ਇਕਬਾਲ ਸਿੰਘ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਨਹੀਂ ਆਇਆ ਤੇ ਇਕੱਤਰਾ ਸੁਖਾਵੇਂ ਮਾਹੌਲ ਵਿਚ ਹੀ ਹੋ ਗਈ।
ਅੱਜ ਦੀ ਇਸ ਇਕੱਤਰਤਾ ਵਿਚ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ, ਗਿਆਨੀ ਰਜਿੰਦਰ ਸਿੰਘ, ਗਿਆਨੀ ਜਗਤਾਰ ਸਿੰਘ ਅਤੇ ਗਿਆਨੀ ਦਿਲਬਾਗ ਸਿੰਘ ਨੇ ਸਮੂਲੀਅਤ ਕੀਤੀ।
ਨਵਾਂਸ਼ਹਿਰ ਅਦਾਲਤ ਦੇ ਫੈਸਲੇ ਤੋਂ ਪ੍ਰਭਾਵਤ ਸਿੱਖਾਂ ਦੀ ਕਾਨੂੰਨੀ ਤੇ ਅਰਥਕ ਮਦਦ ਦਾ ਫੈਸਲਾ
ਇਕੱਤਰਾ ਤੋਂ ਬਾਅਦ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ ‘ਪਿਛਲੀ ਦਿਨੀਂ ਹੁਸ਼ਿਆਰਪੁਰ (ਅਸਲ ਵਿਚ ਨਵਾਂਸ਼ਹਿਰ) ਵਿਖੇ ਤਿੰਨ ਨੌਜਵਾਨਾਂ (ਸ੍ਰ: ਅਰਵਿੰਦਰ ਸਿੰਘ, ਸ੍ਰ: ਸੁਰਜੀਤ ਸਿੰਘ ਅਤੇ ਸ੍ਰ: ਰਣਜੀਤ ਸਿੰਘ) ਨੂੰ ਸਿਰਫ ਧਾਰਮਿਕ ਸਾਹਿਤ ਰੱਖਣ ਦੇ ਦੋਸ਼ ਵਿਚ ਉੱਮਰ ਕੈਦ ਦੀ ਸਜਾ ਕਰ ਦਿੱਤੀ ਗਈ, ਇਸ ਕਾਰਵਾਈ ’ਤੇ ਅਫਸੋਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੌਜਵਾਨਾਂ ਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਕੀਤੀ ਜਾਵੇ’।
ਸ਼੍ਰੋ.ਗੁ.ਪ੍ਰ.ਕ. 550ਸਾਲਾ ਗੁਰਪੁਰਬ ਸਰਕਾਰ ਨਾਲ ਮਿਲ ਕੇ ਮਨਾਵੇ
ਇਸ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਇੱਕਠਿਆਂ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਕ ਸਟੇਜ ਤੇ ਗੁਰਮਤਿ ਸਮਾਗਮ ਕਰਨ ਦੇ ਯਤਨ ਕੀਤੇ ਜਾਣ।
ਪਟਨਾ ਸਾਹਿਬ ਨੇ ਨਵੇਂ ਜਥੇਦਾਰ ਦੀ ਚੋਣ ਲਈ 5 ਮੈਂਬਰੀ ਕਮੇਟੀ ਬਣਾਈ
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਪੁੱਜੀ ਬੇਨਤੀ ਦੇ ਅਧਾਰ ’ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਚੋਣ ਕਰਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਦਾ ਗਠਣ ਕੀਤਾ ਜਾਂਦਾ ਹੈ
1. ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
2. ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਪ੍ਰਬੰਧਕੀ ਬੋਰਡ।
3. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ।
4. ਪ੍ਰਧਾਨ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ।
5. ਇਕਬਾਲ ਸਿੰਘ ਮੈਂਬਰ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ।
ਇਸ ਕਮੇਟੀ ਦੇ ਕੋਆਰਡੀਨੇਟਰ ਸ੍ਰ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਮੈਂਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਹੋਣਗੇ।
ਇਹ ਕਮੇਟੀ ਸਿੱਖ ਸੰਪ੍ਰਦਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਰਾਏ ਲੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਯਾਦਾ ਅਨੁਸਾਰ ਸੇਵਾ ਸੰਭਾਲ ਕਰਨ ਦੀ ਯੋਗਤਾ ਰੱਖਣ ਵਾਲੇ ਕੋਈ ਦੋ ਗੁਰਸਿੱਖਾਂ ਦੀ ਚੋਣ ਕਰਕੇ ਉਨ੍ਹਾਂ ਦੇ ਨਾਮ ਤਜਵੀਜ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੇਗੀ ਤਾਂ ਜੋ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਯਾਦਾ ਅਨੁਸਾਰ ਸੇਵਾ ਸੰਭਾਲ ਹੋ ਸਕੇ’।
ਗਿਆਨੀ ਇਕਬਾਲ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ 15 ਦਿਨਾਂ ਚ ਪੂਰੀ ਕਰਨ ਦੇ ਆਦੇਸ਼
ਇਸ ਤੋਂ ਇਲਾਵਾ ਗਿਆਨੀ ਇਕਬਾਲ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਪੜਤਾਲ ਲਈ ਨਿਯਤ ਕੀਤੀ ਗਈ ਸਬ-ਕਮੇਟੀ ਨੂੰ ਮੁੜ ਆਦੇਸ਼ ਕੀਤਾ ਗਿਆ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਲੇਖਾ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰੇ।
ਸਤਵੇਂ ਪਾਤਿਸ਼ਾਹ ਦਾ ਗੁਰਤਾਗੱਦੀ ਦਿਹਾੜਾ ‘ਵਾਤਾਵਰਨ ਦਿਨ’ ਵਜੋਂ ਮਨਾਇਆ ਜਾਵੇ
ਬਿਆਨ ਵਿਚ ਅੱਗੇ ਦੱਸਿਆ ਗਿਆ ਹੈ ਕਿ ਸਤਵੇਂ ਪਾਤਿਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਹਾੜੇ ਨੂੰ ਵਾਤਾਵਰਨ ਦਿਨ ਵਜੋਂ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਹ ਦਿਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਖਾਸ ਕਰਕੇ ਸਿੱਖ ਭਾਈਚਾਰਾ ਇਸ ਦਿਨ ਨੂੰ ਹਰ ਸਾਲ ਉਤਸ਼ਾਹ ਨਾਲ ਮਨਾਵੇ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ “ਸੰਗਤਾਂ ਇਹ ਦਿਹਾੜਾ ਕੇਵਲ ਰੁੱਖ ਲਗਾ ਕੇ ਹੀ ਨਹੀਂ ਸਗੋਂ ਘਰ, ਪਿੰਡ, ਮੁਹੱਲਾ, ਸ਼ਹਿਰ ਦੀ ਸਫਾਈ ਵਿਚ ਯੋਗਦਾਨ ਪਾਉਣ। ਅੱਜ ਲੋੜ ਹੈ ਇਕੱਠਿਆਂ ਮਿਲ ਬੈਠ ਕੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਨੂੰ ਆਪਣੇ ਨਿਜੀ ਜੀਵਨ ਵਿਚ ਢਾਲਣ ਦੀ, ਬਾਣੀ ਅਤੇ ਬਾਣੇ ਨਾਲ ਜੁੜਨ ਦੀ, ਜਿਸ ਨਾਲ ਪੰਥ ਦੀ ਚੜ੍ਹਦੀ ਕਾਲ ਹੋਵੇ। ਇਸ ਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ੍ਹ ਬਠਿੰਡਾ ਵਿਖੇ ਉੱਚਤਮ ਕਿਸਮ ਦੇ 200 ਅੰਬਾਂ ਦੇ ਬੂਟੇ ਲਗਾਏ ਜਾ ਰਹੇ ਹਨ”।
ਹੋਰ ਫੈਸਲੇ
ਇਸ ਤੋਂ ਅਗਲੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ “ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਵਿਖੇ ਕਾਰਜਸ਼ੀਲ ਰਹਿ ਕੇ ਪਹਿਲਾ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।ਜਿਹੜੀ ਵੀ ਧਿਰ ਹਉਮੈ ਗ੍ਰਸਤ ਇਸ ਆਦੇਸ਼ ਨੂੰ ਅਪ੍ਰਵਾਨ ਕਰੇਗੀ ਉਸ ਉੱਪਰ ਮਰਿਯਾਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ”।
ਅਗਲੇ ਫੈਸਲੇ ਬਾਰੇ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ “ਪੱਡਲ ਮੰਡੀ ਹਿਮਾਚਲ ਪ੍ਰਦੇਸ਼ ਵਿਚ ਕੁਝ ਗੈਰ ਸਿੱਖਾਂ ਨੇ ਇਤਿਹਾਸਕ ਗੁਰਦੁਆਰੇ ’ਤੇ ਕਬਜਾ ਕਰਕੇ ਕੁਝ ਸਿੱਖਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ।ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਕਬਜਾ ਤੁਰੰਤ ਛੁਡਾਇਆ ਜਾਵੇ ਅਤੇ ਕਾਬਜ ਧਿਰ ਨੂੰ ਪੱੁਛਿਆ ਜਾਵੇ ਕਿ ਉਹਨਾਂ ਨੇ ਕਿਸ ਅਧਿਕਾਰ ਨਾਲ ਕੁਝ ਸਿੱਖਾਂ ਦਾ ਸਮਾਜਿਕ ਬਾਈਕਾਟ ਕੀਤਾ ਅਤੇ ਕਬਜਾ ਕਰਨ ਪਿੱਛੇ ਮਕਸਦ ਕੀ ਹੈ”।
Related Topics: Akal Takht Sahib, Chief Khalsa Diwan, DSGMC, Giani Harpreet Singh, Giani Iqbal Singh, Patna Sahib, SGPC, Takhat Sri Patna Sahib, Takhat Sri Patna Sahib Gurdwara commettee, Takht Patna Sahib