December 30, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ, ਪੰਜਾਬ (30 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਤੋਂ ਛਪਦੇ ਹਫਤਾਵਾਰੀ ਪੰਜਾਬੀ ਅਖਬਾਰ ਅੰਮ੍ਰਿਤਸਰ ਟਾਈਮਜ਼ ਵਿਚ ਛਪੀ ਇੱਕ ਅਹਿਮ ਖਬਰ ਅਨੁਸਾਰ ਪੰਚ ਪ੍ਰਧਾਨੀ ਇਨਾਂ ਚੋਣਾਂ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਵੀ ਨਹੀਂ ਕਰੇਗੀ। ਇਹ ਫੈਸਲਾ ਪੰਚ ਪ੍ਰਧਾਨੀ ਦੀ ਕੇਂਦਰੀ ਕਮੇਟੀ ਵਿਚ ਲਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) 30 ਨਵੰਬਰ 2007 ਨੂੰ ਹੋਂਦ ਵਿਚ ਆਇਆ ਸੀ ਅਤੇ ਇਸ ਨੇ ਪੰਥਕ ਮੋਰਚੇ ਨਾਲ ਰਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 19 ਸੀਟਾਂ ਉਤੇ ਲੜੀ ਸੀ, ਜਿਸ ਦੌਰਾਨ ਦਲ ਦੇ ਇਕ ਉਮੀਦਵਾਰ ਭਾਈ ਕੁਲਬੀਰ ਸਿੰਘ ਬੜਾਪਿੰਡ ਫਿਲੌਰ ਸੀਟ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੇ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਅਹੁਦੇਦਾਰਾਂ ਨੇ ਦਲ ਦੇ ਗਠਨ ਤੋਂ ਪਹਿਲਾਂ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ‘ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ। ਕੇਂਦਰੀ ਕਮੇਟੀ ਦਾ ਕਹਿਣਾ ਹੈ ਕਿ ਉਨਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਕਿਸੇ ਪਾਰਟੀ ਦੀ ਥਾਂ ਅਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਉਂਜ ਪੰਚ ਪ੍ਰਧਾਨੀ ਨੇ ਭਵਿੱਖ ਵਿਚ ਪੰਚਾਇਤ ਦੀਆਂ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਦਾ ਕਹਿਣਾ ਹੈ ਕਿ ਉਨਾਂ ਦੀ ਪਾਰਟੀ ਇਨਾਂ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਵਿਧਾਨ ਸਭਾ ਚੋਣਾਂ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਲ ਖਾਲਸਾ ਸਮੇਤ ਦੂਜੀਆਂ ਕਈ ਪੰਥਕ ਜਥੇਬੰਦੀਆਂ ਵੀ ਸਰਗਰਮ ਨਹੀਂ ਹਨ। ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਬਾਕੀ ਦੂਜੇ ਸਾਰੇ ਧੜੇ ਇਕ ਤਰਾਂ ਨਾਲ ਚੋਣਾਂ ਤੋਂ ਦੂਰ ਹੋ ਰਹੇ ਹਨ।
ਇਨਾਂ ਚੋਣਾਂ ਵਿਚੋਂ ਸ੍ਰੀ ਆਨਦੰਪੁਰ ਸਾਹਿਬ ਦਾ ਮਤਾ ਬਿਲਕੁਲ ਹੀ ਲਾਂਭੇ ਹੋ ਗਿਆ ਲਗਦਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨੀ ਬੰਦ ਕਰ ਦਿੱਤੀ ਹੈ। ਬਾਦਲ ਦਲ ਵਲੋਂ ਹਾਲ ਦੀ ਘੜੀ ਜਿਨਾਂ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਉਨਾਂ ਵਿਚ ਚੰਡੀਗੜ ਪੰਜਾਬ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਪਾਣੀਆਂ ਦੇ ਮਸਲੇ ਸਮੇਤ ਮਤੇ ਵਿਚਲੇ ਦੂਜੇ ਮਸਲੇ ਸ਼ਾਮਲ ਨਹੀਂ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖ਼ਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਤਾਂ ਕਰਦੇ ਹਨ ਪਰ ਉਹ ਵੀ ਸ੍ਰੀ ਆਨੰਦਪੁਰ ਸਾਹਿਬ ਮਤੇ ਨੂੰ ਚੋਣ ਮੁੱਦਾ ਨਹੀਂ ਬਣਾ ਰਹੇ ਹਨ।
ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਅਕਾਲੀ ਦਲ ਲੌਂਗੋਵਾਲ, ਸੀਪੀਆਈ ਅਤੇ ਸੀਪੀਐਮ ਨਾਲ ਸਮਝੌਤਾ ਹੋ ਚੁੱਕਾ ਹੈ। ਇਸ ਕਰਕੇ ਗਠਜੋੜ ਵਲੋਂ ਵੀ ਪੰਜਾਬ ਦੇ ਪਾਣੀਆਂ ਸਮੇਤ ਦੂਜੇ ਮਸਲਿਆਂ ਦੀ ਗੱਲ ਨਹੀਂ ਕੀਤੀ ਜਾ ਰਹੀ ਹੈ। ਅਕਾਲੀ ਦਲ 1920 ਅਜੇ ਤਾਈਂ ਚੋਣ ਤਿਆਰੀਆਂ ਦੇ ਪਹਿਲੇ ਦੌਰ ਵਿਚੋਂ ਅੱਗੇ ਨਹੀਂ ਵਧ ਸਕਿਆ ਹੈ। ਦਲ ਦੇ ਪ੍ਰਧਾਨ ਰਵੀਇੰਦਰ ਸਿੰਘ ਵਲੋਂ ਚੋਣਾਂ ਲਈ ਉਮੀਦਵਾਰਾਂ ਅਤੇ ਗਠਜੋੜ ਬਾਰੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਪਰ ਇਹ ਕਮੇਟੀ ਅਜੇ ਤਾਈਂ ਅਪਣੀ ਰਿਪੋਰਟ ਨਹੀਂ ਦੇ ਸਕੀ ਹੈ, ਜਦੋਂ ਕਿ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਅਕਾਲੀ ਦਲ 1920 ਵਲੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨਾਲ ਚੋਣ ਗਠਜੋੜ ਦਾ ਵਿਚਾਰ ਬਣਾਇਆ ਜਾ ਰਿਹਾ ਸੀ ਪਰ ਪੰਚ ਪ੍ਰਧਾਨੀ ਨੇ ਇਸ ਵਾਰ ਚੋਣਾਂ ਨਾ ਲੜਣ ਦਾ ਮਨ ਬਣਾਇਆ ਹੈ। ਪੰਚ ਪ੍ਰਧਾਨੀ ਦੇ ਆਗੂ ਸੁਰਿੰਦਰ ਸਿੰਘ ਕਿਸ਼ਨਪੁਰਾ ਦਾ ਕਹਿਣਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਤੋਂ ਲਾਂਭੇ ਜਾਣ ਵਾਲੀ ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਅਜਿਹੀ ਪਾਰਟੀ ਦੀ ਹਮਾਇਤ ਕੀਤੀ ਜਾਵੇਗੀ।
Related Topics: Panch Pardhnai, Punjab Assembly Elections 2012, Punjab Polls 2012