ਚੋਣਵੀਆਂ ਲਿਖਤਾਂ » ਜੀਵਨੀਆਂ » ਲੇਖ

ਸੰਖੇਪ ਇਤਿਹਾਸ – ਸਰਦਾਰ ਹਰੀ ਸਿੰਘ ਨਲੂਆ (ਭਾਗ – 1)

April 5, 2021 | By

ਸਰਦਾਰ ਹਰੀ ਸਿੰਘ ਦਾ ਜਨਮ ਸੰ: ੧੭੫੧ ਈ: ਨੂੰ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂ ਵਾਲੇ ਵਿਖੇ ਹੋਇਆ। ਇਹ ਹੋਨਹਾਰ ਬੱਚਾ ਅਜੇ ਕੇਵਲ ਸੱਤਾਂ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਛਤ੍ਰ ਉੱਠ ਗਿਆ। ਇਸ ਯਤੀਮ ਬੱਚੇ ਬਾਰੇ ਕਿਸੇ ਨੂੰ ਕੀ ਪਤਾ ਸੀ ਕਿ ਇਹ ਨਿੱਕਾ ਜਿਹਾ ਨਿਆਸਰਾ ਬੱਚਾ ਕਿਸੇ ਦਿਨ ਹਜ਼ਾਰਾਂ ਨਿਆਸਰਿਆਂ ਦਾ ਆਸਰਾ ਹੋਵੇਗਾ। ਇਹ ਗੱਲ ਤਾਂ ਕਿਸੇ ਦੇ ਫੁਰਨੇ ਵਿਚ ਵੀ ਨਾ ਆਈ ਕਿ ਇਹ ਮਹਿੱਟਰ ਬਾਲਕ ਕਿਸੇ ਦਿਨ ਖਾਲਸਾ ਰਾਜ ਦਾ ਪ੍ਰਸਿੱਧ ਕਮਾਂਡਰ ਇਨ-ਚੀਫ ਅਤੇ ਸਫਲ ਗਵਰਨਰ ਬਣੇਗਾ ਅਤੇ ਇਸ ਦੇ ਨਾਮ ਦਾ ਸਿੱਕਾ ਚੱਲੇਗਾ।

ਹਰੀ ਸਿੰਘ ਦੇ ਬਚਪਨ ਦੇ ਦਿਨ ਆਪਣੇ ਮਾਮੇ ਦੇ ਘਰ ਬੀਤੇ। ਆਪ ਦੀ ਵਿਦਿਆ ਯਾ ਫੌਜੀ ਸਿਖਿਆ ਲਈ ਕੋਈ ਖਾਸ ਪ੍ਰਬੰਧ ਤਾਂ ਨਾ ਹੋ ਸਕਿਆ, ਪਰ ਕੁਦਰਤ ਵਲੋਂ ਆਪ ਨੂੰ ਐਸੀ ਵਚਿੱਤ ਬੁੱਧੀ ਮਿਲੀ ਸੀ ਕਿ ਆਪ ਜੋ ਕੁਝ ਇਕ ਵਾਰੀ ਦੇਖਦੇ ਯਾ ਸੁਣਦੇ, ਝੱਟ ਉਸ ਨੂੰ ਆਪਣੇ ਹਿਰਦੇ ਵਿਚ ਡੂੰਘੀ ਥਾਂ ਦਿੰਦੇ ਹੁੰਦੇ ਸਨ।

ਇਸ ਤਰ੍ਹਾਂ ੧੫ ਸਾਲ ਦੀ ਆਯੂ ਵਿਚ ਆਪ ਨੇ ਦੇਖੋ ਦੇਖੀ ਲਗਭਗ ਸਾਰੇ ਜੰਗੀ ਕਰਤਬਾਂ ਵਿਚ, ਜਿਹੜੇ ਇਸ ਸਮੇਂ ਪ੍ਰਚਲਤ ਸਨ, ਪੂਰੀ ਪੂਰੀ ਨਿਪੁੰਨਤਾ ਪ੍ਰਾਪਤ ਕਰ ਲਈ। ਇਸ ਦੇ ਨਾਲ ਹੀ ਆਪ ਨੇ ਗੁਰਮੁਖੀ ਅਤੇ ਫਾਰਸੀ ਲਿਖਣ ਪੜ੍ਹਨ ਵਿਚ ਖਾਸੀ ਯੋਗਤਾ ਪੈਦਾ ਕਰ ਲਈ।

ਮਹਾਰਾਜਾ ਸਾਹਿਬ ਨਾਲ ਮੇਲ: ਸ਼ੇਰਿ ਪੰਜਾਬ ਕੌਮ ਦੇ ਨੌਜਵਾਨਾਂ ਨੂੰ ਪੰਥ ਦਾ ਇਕ ਬਹੁਮੁੱਲਾ ਖਜ਼ਾਨਾ ਜਾਣਦੇ ਸਨ ਅਤੇ ਉਨ੍ਹਾਂ ਦੇ ਜੀਵਨ ਨੂੰ ਉੱਚਾ ਕਰਨ ਤੇ ਹੌਸਲੇ ਵਧਾਉਣ ਲਈ ਆਪ ਸਾਲ ਵਿਚ ਇਕ ਬਹੁਤ ਬੜਾ ਸ਼ਾਹੀ ਦਰਬਾਰ ਕਰਦੇ ਹੁੰਦੇ ਸਨ, ਜਿਸ ਵਿਚ ਦੂਰ ਦੂਰ ਤੋਂ ਨੌਜਵਾਨ ਆ ਕੇ ਆਪਣਾ ਜੰਗੀ ਹੁਨਰ ਦੱਸਦੇ ਹੁੰਦੇ ਸਨ, ਜਿਹਾ ਕਿ ਸ਼ਾਹ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਕਰਤੱਬ ਮਹਾਰਾਜਾ ਨੂੰ ਦੱਸ ਕੇ ਵੱਡੇ ਵੱਡੇ ਇਨਾਮ ਅਤੇ ਜਿੰਮੇਵਾਰੀ ਦੇ ਔਹਦੇ ਪਾਉਂਦੇ ਸਨ। ਇਸ ਤਰ੍ਹਾਂ ਖਾਲਸੇ ਦਾ ਸਾਰਾ ਨਵਾਂ ਪੋਚ ਆਪਣੇ ਆਪ ਹੀ ਫੌਜੀ ਸੱਚੇ ਵਿਚ ਢਲਦਾ ਜਾ ਰਿਹਾ ਸੀ। ਸੰਨ ੧੮੦੫ ਦਾ ਬਸੰਤੀ ਦਰਬਾਰ ਇਕ ਯਾਦਗਾਰੀ ਇਕੱਠ ਸੀ। ਇਸ ਵਿਚ ਨੌਜਵਾਨ ਹਰੀ ਸਿੰਘ ਨੂੰ ਸ਼ੇਰਿ ਪੰਜਾਬ ਕੋਲੋਂ ਪਹਿਲੀ ਵਾਰੀ ਆਪਣੇ ਜੰਗੀ ਕਰਤੱਬਾਂ ਦੇ ਦੱਸਣ ਦਾ ਸਮਾਂ ਮਿਲਿਆ। ਇਨ੍ਹਾਂ ਨੂੰ ਦੇਖ ਕੇ ਮਹਾਰਾਜਾ ਸਾਹਿਬ ਨੇ ਆਪ ਨੂੰ ਫੌਜੇ-ਖਾਸ ਵਿਚ ਲੈ ਲਿਆ ਤੇ ਕੁਝ ਦਿਨਾਂ ਦੇ ਉਪਰੰਤ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਆਪ ਨੂੰ ਸ਼ੇਰ-ਦਿਲ ਨਾਮੀ ਰਜਮੰਟ ਵਿਚ ਸਰਦਾਰੀ ਦੇ ਦਿਤੀ।

ਪਹਿਲੀ ਵਾਰ ਫੱਟੜ ਹੋਣਾ: ਸੰਨ ੧੮੧੦ ਵਿਚ ਨਵਾਬ ਮੁਜੱਫਰ ਖਾਨ ਮਲਤਾਨ ਪੁਰ ਮਹਾਰਾਜਾ ਸਾਹਿਬ ਨੇ ਖਾਲਸਾ ਫੌਜ ਨੂੰ ਚੜਾਈ ਦਾ ਹੁਕਮ ਦੇ ਦਿੱਤਾ ਅਗੋਂ ਮੁਜੱਫਰ ਖਾਨ ਆਪਣੀ ਨਾਮੀ ਫੌਜ ਤੇ ਪ੍ਰਸਿਧ ਕਿਲੇ ਦੇ ਭਰੋਸੇ ਪੁਰ ਖਾਲਸੇ ਨੂੰ ਰੋਕਣ ਲਈ ਡਟ ਗਿਆ। ਸ਼ੇਰਿ ਪੰਜਾਬ ਨੇ ਜਦ ਲੜਾਈ ਲਮਕਦੀ ਡਿੱਠੀ ਤਾਂ ਕਿਲ੍ਹੇ ਥੱਲੇ ਬਰੂਦ ਦੀਆਂ ਸੁਰੰਗਾਂ ਲਗਾ ਕੇ ਕਿਲੇ ਦੀ ਦੀਵਾਰ ਨੂੰ ਉਡਾ ਦੇਣ ਲਈ ਕੁਝ ਸਿਰਲੱਥ ਕੌਮੀ ਪਰਵਾਨਿਆਂ ਦੀ ਮੰਗ ਕੀਤੀ। ਇਸ ਸਮੇਂ ਕਈ ਬਹਾਦਰਾਂ ਨੇ ਆਪਣੇ ਆਪ ਨੂੰ ਸੀਸ ਭੇਟ ਕਰਨ ਲਈ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ, ਜਿਨ੍ਹਾਂ ਵਿਚੋਂ ਸਰਦਾਰ ਹਰੀ ਸਿੰਘ ਸਭ ਤੋਂ ਪਹਿਲਾਂ ਮੈਦਾਨ ਵਿਚ ਆਏ ਤੇ ਇਸ ਮਹਾਨ ਭਿਆਨਕ ਕੰਮ ਨੂੰ ਨਿਡਰਤਾ ਨਾਲ ਸਿਰ ਚਾੜਿਆ ਜਿਸ ਵਿਚ ਆਪ ਨੂੰ ਸਖ਼ਤ ਜ਼ਖਮ ਲੱਗੇ।

ਸੰਨ ੧੮੧੩ ਵਾਲੀ ਹਜ਼ਾਰੇ ਦੀ ਲੜਾਈ ਦੇ ਸਮੇਂ ਜਦ ਕਿ ਅਫ਼ਗਾਨਾਂ ਪੁਰ ਪੂਰੀ ਫਤਿਹ ਪਾ ਕੇ ਇਨ੍ਹਾਂ ਨੂੰ ਸਦਾ ਲਈ ਪੰਜਾਬ ਤੋਂ ਕੱਢਿਆ ਗਿਆ, ਇਸ ਸਮੇਂ ਆਪ ਨੇ ਦੀਵਾਨ ਮੋਹਕਮ ਚੰਦ ਨਾਲ ਮਿਲ ਕੇ ਬਹੁਤ ਬੜੀ ਬੀਰਤਾ ਦੱਸੀ ਸੀ।

ਕਸ਼ਮੀਰ ਦੀ ਫਤਿਹ ਤੇ ਗਵਰਨਰੀ: ਇਸੇ ਤਰ੍ਹਾਂ ਸੰਨ ੧੮੧੮ ਵਾਲੀ ਮੁਲਤਾਨ ਦੀ ਛੇਕੜਲੀ ਫਤਿਹ ਅਤੇ ਇਸ ਤੋਂ ਅਗਲੇ ਸਾਲ ਕਸ਼ਮੀਰ ਨੂੰ ਜਿੱਤ ਕੇ ਖਾਲਸਾ ਰਾਜ ਨਾਲ ਮਿਲਾਉਣ ਸਮੇਂ ਆਪ ਨੇ ਵੱਡੇ ਕਾਰਨਾਮੇ ਕੀਤੇ ਸਨ। ਕਸ਼ਮੀਰ ਬਾਰੇ ਆਪ ਦੀਆਂ ਘਾਲਾਂ ਕੇਵਲ ਇਸ ਸੂਬੇ ਦੇ ਫਤਿਹ ਕਰਨ ਨਾਲ ਮੁੱਕ ਨਹੀਂ ਸੀ ਗਈਆਂ, ਸਗੋਂ ਵਿਗੜ ਚੁਕੇ ਮੁਲਕੀ ਪ੍ਰਬੰਧ ਨੂੰ ਸੁਧਾਰਨ ਲਈ ਆਪ ਨੂੰ ਇਥੋਂ ਦਾ ਗਵਰਨਰ ਮੁਕੱਰਰ ਕੀਤਾ ਗਿਆ ਅਤੇ ਆਪ ਨੇ ਵੱਡੀਆਂ ਘਾਲਾਂ ਦੇ ਬਾਅਦ ਕਸ਼ਮੀਰ ਨੂੰ ਖਾਲਸਾ ਰਾਜ ਲਈ ਬਹੁਤ ਬੜਾ ਲਾਭਦਾਇਕ ਸੂਬਾ ਬਣਾ ਦਿੱਤਾ। ਆਪ ਦੇ ਪ੍ਰਬੰਧ ਤੋਂ ਸ਼ੇਰਿ ਪੰਜਾਬ ਇੰਨੇ ਪ੍ਰਸੰਨ ਹੋਏ ਕਿ ਆਪ ਨੂੰ ਆਪਣੇ ਨਾਂ ਦਾ ਸਿੱਕਾ ਚਲਾਉਣ ਦਾ ਅਧਿਕਾਰ ਬਖਸ਼ਿਆ। ਇਹ ਮਾਣ ਖਾਲਸਾ ਰਾਜ ਵਿਚ ਕੇਵਲ ਆਪ ਜੀ ਨੂੰ ਹੀ ਬਖਸ਼ਿਆ ਗਿਆ ਸੀ।

ਮਾਂਗਲੀ ਦੀ ਫਤਿਹ: ਸਰਦਾਰ ਹਰੀ ਸਿੰਘ ੯ ਨਵੰਬਰ ਸੰਨ ੧੮੨੧ ਨੂੰ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਲਾਗੇ ਪਹੁੰਚੇ। ਇਥੇ ਪਹੁੰਚ ਕੇ ਪਤਾ ਲੱਗਾ ਕਿ ਮਾਂਗਲੀ ਦਾ ਦੱਰਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ ਹੈ ਅਤੇ ਇਹ ਲੋਕ ਸਰਦਾਰ ਦਾ ਸਾਮਾਨ ਲੁੱਟਣ ਦੀਆਂ ਤਿਆਰੀਆਂ ਵਿਚ ਹਨ। ਸਰਦਾਰ ਹਰੀ ਸਿੰਘ ਨੇ ਆਪਣੇ ਸੁਭਾਵ ਅਨੁਸਾਰ ਪਹਿਲਾਂ ਇਨ੍ਹਾਂ ਜਦੂਨਾਂ ਨੂੰ ਸਮਝਾ ਬੁਝਾ ਕੇ ਇਥੋਂ ਲੰਘ ਜਾਣ ਲਈ ਬੜਾ ਯਤਨ ਕੀਤਾ, ਪਰ ਜਦ ਇਨ੍ਹਾਂ ਰਾਹ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਧਾਵੇ ਲਈ ਤਿਆਰ ਹੋ ਗਏ ਤਾਂ ਇਥੇ ਉਸੇ ਦਿਨ ਇਕ ਅਜੀਬ ਘਟਨਾ ਦੇਖਣ ਵਿਚ ਆਈ, ਅਰਥਾਤ ਇਕ-ਇਕ ਮੀਂਹ ਪੈ ਗਿਆ ਤੇ ਜਦ ਆਕਾਸ਼ ਸਾਫ਼ ਹੋ ਗਿਆ ਤਾਂ ਮਾਂਗਲੀ ਦੇ ਨਿਵਾਸੀ ਆਪਣੇ ਕੋਠਿਆਂ ਦੀਆਂ ਛੱਤਾਂ ਪਰ ਚੜ ਕੇ ਲੱਗੇ ਮੁੰਗਲੀਆਂ ਨਾਲ ਛੱਤਾਂ ਕੁੱਟਣ ਅਤੇ ਜਦ ਸਰਦਾਰ ਜੀ ਨੇ ਇਹ ਨਜ਼ਾਰਾ ਆਪਣੀ ਅੱਖੀਂ ਡਿੱਠਾ ਤਾਂ ਇਨਾਂ ਤੋਂ ਪੁਛਿਆ ਕਿ ਇਹ ਸਾਰੀਆਂ ਛੱਤਾਂ ਇਕੱਠੀਆਂ ਕਿਉਂ ਚੋਂਦੀਆਂ ਹਨ ? ਕੀ ਤੁਸੀਂ ਇਨ੍ਹਾਂ ਦੀ ਲਿਪਾਈ ਨਹੀਂ ਕਰਦੇ ? ਉਨਾਂ ਜੁਵਾਬ ਦਿੱਤਾ ਕਿ ਇਥੋਂ ਦੀ ਮਿੱਟੀ ਨੂੰ ‘ਕੁੱਟਣ ਮਿੱਟੀ’ ਆਖਦੇ ਹਨ। ਜਦ ਤੱਕ ਵੱਤਰ ਵਿਚ ਇਸ ਨੂੰ ਕੁੱਟਿਆ ਨਾ ਜਾਏ, ਇਹ ਸੂਤ ਨਹੀਂ ਬੈਠਦੀ। ਨਲੂਆ ਸਰਦਾਰ ਇਸ ਭੇਦ ਨੂੰ ਜਾਣ ਗਏ ਤੇ ਆਪਣੀ ਫੌਜ ਨੂੰ ਆ ਦੱਸਿਆ ਕਿ ਇਥੋਂ ਦੀ ਮਿੱਟੀ ਹੀ ਕੁੱਟਣ ਮਿੱਟੀ ਹੈ। ਇਨ੍ਹਾਂ ਸੁਲਹ ਸਫਾਈ ਨਾਲ ਰਾਹ ਨਹੀਂ ਦੇਣਾ, ਇਹ ਤਾਂ ਕੁੱਟਿਆਂ ਹੀ ਰਾਸ ਹੋਣਗੇ। ਸੋ ਉਸੀ ਵਕਤ ਖਾਲਸੇ ਨੇ ਚੜਾਈ ਕਰ ਦਿਤੀ ਅਤੇ ਉਸੇ ਸਮੇਂ ਸਰਦਾਰ ਹਰੀ ਸਿੰਘ ਨੇ ਆਪਣੇ ਜੰਗੀ ਹੁਨਰ ਦਾ ਉਹ ਕਮਾਲ ਦੱਸਿਆ ਕਿ ਵੈਰੀ ਦੇ ੩੦੦੦੦ ਲਸ਼ਕਰ ਪਰ ਕੇਵਲ ੭੦੦੦ ਖਾਲਸੇ ਨਾਲ ਪੂਰੀ ਫਤਿਹ ਪਾਈ। ਇਸ ਫਤਿਹ ਦੀ ਯਾਦਗਾਰ ਇਸ ਵਕਤ ਤੱਕ ਮਾਂਗਲੀ ਦਾ ਪੱਕਾ ਤਲਾ ਮੌਜੂਦ ਹੈ। ਇਸੇ ਸਾਲ ਮੰਘੇਰ ਦੀ ਫਤਿਹ ਤੇ ਹਜ਼ਾਰੇ ਦੀ ਗਵਰਨਰੀ ਆਪਣੇ ਜੀਵਨ ਦੇ ਖਾਸ ਕੰਮ ਸਨ।

ਹਜ਼ਾਰੇ ਦੇ ਲੋਕਾਂ ਪਰ ਹਕੂਮਤ ਕਰਨੀ ਬੜੀ ਹੀ ਕਠਨ ਕੰਮ ਸੀ, ਪਰ ਜਦ ਅਸੀਂ ਆਪ ਜੀ ਦੇ ਹਜ਼ਾਰੇ ਵਿਚ ਗਵਰਨਰੀ ਦੇ ਸਮੇਂ ਨੂੰ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਦੇਖਦੇ ਹਾਂ ਤਾਂ ਸਾਫ ਸਾਬਤ ਹੋ ਜਾਂਦਾ ਹੈ ਕਿ ਆਪ ਨੂੰ ਕੁਦਰਤ ਨੇ ਜੰਗੀ ਕਮਾਲਾਂ ਤੋਂ ਛੁਟ ਪ੍ਰਬੰਧਕ ਸ਼ਕਤੀ ਵੀ ਵੱਧ ਤੋਂ ਵੱਧ ਬਖਸ਼ੀ ਹੋਈ ਸੀ। ਆਪ ਜੀ ਦੀਆਂ ਹਜ਼ਾਰੇ ਦੀਆਂ ਘਾਲਾਂ ਨੂੰ ਸਦਾ ਜੀਵਤ ਰੱਖਣ ਲਈ ਹਰੀਪੁਰਦਾ ਘੁੱਗ ਵਸਦਾ ਸ਼ਹਿਰ ਤੇ ਕਿਲਾ ਕਿਸ਼ਨਗੜ੍ਹ ਉਹੀ ਸਮਾਂ ਮੁੜ ਅੱਖਾਂ ਅੱਗੇ ਲੈ ਆਂਵਦੇ ਹਨ।

ਨੌਸ਼ਹਿਰਾ ਤੇ ਜਹਾਂਗੀਰ ਦੇ ਸੰਗਰਾਮ : ਇਹ ਦੋਵੇਂ ਰਣ ਖੇਤਰ ਦਰਿਆ ਅਟਕ ਦੇ ਪਾਰ ਪਿਸ਼ਾਵਰ ਦੀ ਸ਼ੇਰ ਸ਼ਾਹੀ ਸੜਕ ਦੇ ਨਾਲ ਨਾਲ ਆਂਵਦੇ ਹਨ। ਇਥੋਂ ਖਾਲਸੇ ਨੇ ਆਪਣੇ ਨਾਲੋਂ ਵੀਹ ਗੁਣਾਂ ਤੋਂ ਵੱਧ ਬਹਾਦਰ ਪਠਾਣੀ ਲਸ਼ਕਰ ਪਰ ਸੰਪੂਰਨ ਵਿਜਯ ਪਾਈ ਸੀ। ਇਨ੍ਹਾਂ ਫਤਿਹਯਾਬੀਆਂ ਵਿਚ ਖਾਲਸੇ ਨੇ ਆਪਣੇ ਜੰਗੀ ਕਮਾਲ ਤੇ ਵਰਯਾਮਤਾ ਦੇ ਜੌਹਰ ਐਸੀ ਦਿੜਤਾ ਨਾਲ ਦੱਸੇ ਸਨ, ਜਿਨ੍ਹਾਂ ਨੂੰ ਦੇਖ ਕੇ ਇਥੋਂ ਦੇ ਲੋਕ ਹੈਰਾਨ ਰਹਿ ਗਏ ਸਨ। ਇਨ੍ਹਾਂ ਬਾਰੇ ਸਰ ਅਲੈਗਜ਼ੈਂਡਰ ਬਾਰਨਸ ਤੇ ਮੌਲਵੀ ਸ਼ਾਹਮਤ ਅਲੀ ਲਿਖਦੇ ਹਨ ਕਿ ਖਾਲਸੇ ਦੀਆਂ ਇਹ ਸਫਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ। ਇਨ੍ਹਾਂ ਦੋਹਾਂ ਜਿੱਤਾਂ ਵਿਚ ਹਰੀ ਸਿੰਘ ਨਲੂਏ ਦਾ ਜੰਗੀ ਹੁਨਰ ਤੇ ਨਿਡਰਤਾ ਮਿਲਵੀਂ ਵਰਤੀ ਗਈ ਸੀ ।

ਪਿਸ਼ਾਵਰ ਨੂੰ ਖਾਲਸਾ ਰਾਜ ਨਾਲ ਮਿਲਾਉਣਾ: ਪਿਸ਼ਾਵਰ ਦੀ ਰਾਜਸੀ ਅਤੇ ਇਤਿਹਾਸਕ ਮਹਾਨਤਾ ਨੂੰ ਸ਼ੇਰਿ ਪੰਜਾਬ ਪੂਰੀ ਤਰ੍ਹਾਂ ਸਮਝਦੇ ਸਨ। ਇਸ ਨੂੰ ਪੰਜਾਬ ਤੋਂ ਵੱਖ ਕਰ ਕੇ ਦੂਜਿਆਂ ਦੇ ਹੱਥਾਂ ਵਿਚ ਚਲੇ ਜਾਣ ਨਾਲ ਕਿਹੜਾ ਜੁਲਮ ਸੀ ਜਿਹੜਾ ਪੰਜਾਬੀਆਂ ਪਰ ਨਾ ਕੀਤਾ ਗਿਆ ਹੋਵੇ। ਇਹ ਅਨਿਆਇ ਤੇ ਵਧੀਕੀਆਂ ਲਗਾਤਾਰ ਸੱਤ ਸੌ ਸਾਲਾਂ ਤੱਕ ਹੁੰਦੀਆਂ ਨੂੰ ਸਹਾਰਨੀਆਂ ਪਈਆਂ। ਇਨ੍ਹਾਂ ਜ਼ੁਲਮੀ ਤੁਫਾਨਾਂ ਤੋਂ ਸਦਾ ਲਈ ਪੰਜਾਬੀਆਂ ਨੂੰ ਸੁਰੱਖਿਅਤ ਕਰਨ ਲਈ ਸੰਨ ੧੮੩੪ ਵਿਚ ਸ਼ੇਰਿ ਪੰਜਾਬ ਤੇ ਸਰਦਾਰ ਹਰੀ ਸਿੰਘ ਨੇ ਇਹ ਫੈਸਲਾ ਕੀਤਾ ਕਿ ਜਦ ਤਕ ਪਿਸ਼ਾਵਰ ਤੇ ਸਰਹੱਦੀ ਸੂਬੇ ਨੂੰ ਪੂਰੀ ਤਰ੍ਹਾਂ ਖਾਲਸਾ ਰਾਜ ਨਾਲ ਮਿਲਾ ਲਿਆ ਜਾਏ ਤਦ ਤਕ ਪੰਜਾਬ ਤੇ ਹਿੰਦੁਸਤਾਨ ਨੂੰ ਬਿਦੇਸ਼ੀਆਂ ਦੇ ਧਾਵਿਆਂ ਤੋਂ ਪੂਰੀ ਤਰ੍ਰਾ ਛੁਟਕਾਰਾ ਨਹੀਂ ਦਿੱਤਾ ਜਾ ਸਕਦਾ। ਦੂਜਾ ਖਾਲਸੇ ਦੀ ਸ਼ਾਨ ਵੀ ਇਸੇ ਵਿਚ ਹੈ ਕਿ ਜਿਹੜੀ ਗੱਲ ਨੂੰ ਅਜੇ ਤੱਕ ਅਸੰਭਵ ਮੰਨਿਆ ਜਾਂਦਾ ਰਿਹਾ ਹੈ ਉਸ ਨੂੰ ਸੰਭਵ ਕਰਕੇ ਦੱਸ ਦਿੱਤਾ ਜਾਏ, ਅਰਥਾਤ ਸੂਬਾ ਪਿਸ਼ਾਵਰ ਨੂੰ ਅਫ਼ਗਾਨਿਸਤਾਨ ਤੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਏ। ਹੁਣ ਇਨ੍ਹਾਂ ਭਾਵਾਂ ਨੂੰ ਮੁੱਖ ਰੱਖ ਸ਼ੇਰਿ ਪੰਜਾਬ ਨੇ ਖਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲੂਆ ਅਤੇ ਕੰਵਰ ਨੌਨਿਹਾਲ ਸਿੰਘ ਦੀ ਸੌਂਪਣੀ ਵਿਚ ਪਿਸ਼ਾਵਰ ਪਰ ਚੜਾਈ ਦੀ ਪ੍ਰਵਾਨਗੀ ਦੇ ਦਿੱਤੀ। ਉਪ੍ਰੋਕਤ ਵਿਚਾਰਾਂ ਅਨੁਸਾਰ ੨੭ ਅਪ੍ਰੈਲ ੧੮੩੪ ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਦੇ ਪੁਲ ਰਾਹੀਂ ਖਾਲਸਾ ਫੌਜ ਨੂੰ ਪਾਰ ਉਤਾਰਿਆ।

ਪਿਸ਼ਾਵਰ ਦੇ ਬਾਰਕਜ਼ਈ ਹਾਕਮਾਂ ਨੂੰ ਜਦ ਖਾਲਸੇ ਦੀ ਚੜਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰਤ ਫੁਰਤ ੧੨੦੦੦ ਕਵਾਇਦ ਦਾਨ ਫੌਜ ਤੇ ਬਹੁਤ ਸਾਰਾ ਮੁਲਕਈਆ ਲਸ਼ਕਰ ਇਕੱਠਾ ਕਰਕੇ ਖਾਲਸਾ ਫੌਜ ਨੂੰ ਰੋਕਣ ਲਈ ਚਮਕਨੀ ਦੀ ਹੱਦ ਪਰ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦਾ ਰਾਹ ਆਪਣੇ ਕਾਬੂ ਵਿਚ ਕਰ ਲਿਆ। ਹੁਣ ਜਦ ਖਾਲਸਾ ਫੌਜ ਵੈਰੀਆਂ ਦੇ ਮੋਰਚਿਆਂ ਦੇ ਲਾਗੇ ਪੁੱਜੀ ਤਾਂ ਧੂੰਆਂਧਾਰ ਗੋਲਾਬਾਰੀ ਅਰੰਭ ਦਿੱਤੀ ਗਈ। ਇਧਰੋਂ ਖਾਲਸੇ ਦੀਆਂ ਤੋਪਾਂ ਨੇ ਵੀ ਵਧ ਚੜ੍ਹ ਕੇ ਉੱਤਰ ਦਿੱਤਾ। ਹੁਣ ਦੋਹਾਂ ਧਿਰਾਂ ਵਲੋਂ ਤੋਪਾਂ ਦੀ ਭਿਆਨਕ ਆਵਾਜ਼ ਨਾਲ ਧਰਤਿ ਅਕਾਸ਼ ਕੰਬ ਉਠਿਆ। ਇਸ ਸਮੇਂ ਹਾਜੀ ਖਾਨ ਬੜੀ ਦਲੇਰੀ ਨਾਲ ਲੜਦਾ ਹੋਇਆ ਬਰਦਾਰ ਰਾਮ ਸਿੰਘ ਹਸਨ ਵਾਲੀਏ ਦੀ ਤਲਵਾਰ ਨਾਲ ਸਖਤ ਫੱਟੜ ਹੋਇਆ, ਇਸੇ ਤਰ੍ਹਾਂ ਬਹਾਦਰ ਖਾਨ ਮੁਹੰਮਦ ਖਾਨ ਨੇ ਆਪਣੇ ਦੇਸ਼ ਪਿਆਰ ਦੇ ਜੋਸ਼ ਵਿਚ ਵੱਡੀ ਬੀਰਤਾ ਦੱਸੀ ਅਤੇ ਇਸ ਨੂੰ ਵੀ ਕਈ ਜ਼ਖਮ ਲੱਗੇ। ਇਸ ਵਿਚ ਸੰਦੇਹ ਨਹੀਂ ਕਿ ਅਫ਼ਗਾਨ ਆਪਣੇ ਦਲੇਰ ਆਗੂਆਂ ਦੀ ਅਗਵਾਈ ਵਿਚ ਆਪਣੇ ਵਲੋਂ ਸਿਰ ਤਲੀ ਤੇ ਧਰ ਕੇ ਲੜ ਪਰ ਖਾਲਸੇ ਦੇ ਅਗਾਧ ਜੋਸ਼ ਅਗੇ ਵਧੇਰਾ ਚਿਰ ਨਾ ਠਹਿਰ ਸਕੇ ਤੇ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਤੈਹਕਾਲ ਜਾ ਪਹੁੰਚੇ। ਹੁਣ ਸਾਰੀ ਅਫ਼ਗਾਨੀ ਫੌਜ ਤੇ ਮਾਂਗਵੇਂ ਲਸ਼ਕਰ ਵਿਚ ਭਾਜੜ ਪੈ ਗਈ ਤੇ ਜਿੱਧਰ ਕਿਸੇ ਨੂੰ ਰਾਹ ਲੱਭਾ ਆਪਣੀ ਜਾਨ ਬਚਾਉਣ ਲਈ ਉਧਰ ਨੂੰ ਭੱਜ ਨੱਠਾ।
ਹੁਣ ਖਾਲਸਾ ਦਲ ਫਤਿਹਯਾਬੀ ਦੇ ਝੰਡੇ ਝਲਾਉਂਦਾ ਹੋਇਆ ੬ ਮਈ ਸੰਨ ੧੮੩ ਲੰਢੇ ਪਹਿਰ ਇਕ ਜਲੂਸ ਦੀ ਸ਼ਕਲ ਵਿਚ ਪਿਸ਼ਾਵਰ ਦੇ ਇਤਿਹਾਸਕ ਸ਼ਹਿਰ ਵਿਚ ਖਾਲਸਈ ਸ਼ਾਨ ਨਾਲ ਦਾਖ਼ਲ ਹੋਇਆ। ਪਿਸ਼ਾਵਰ ਦੇ ਫਤਿਹ ਹੋਣ ਨਾਲ ਸਾਰਾ ਸਰਹੱਦੀ ਇਲਾਕਾ ਖਾਲਸੇ ਦੇ ਅਧੀਨ ਹੋ ਗਿਆ। ਇਸ ਤਰ੍ਹਾਂ ਇਹ ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੋੜ ਦਿੱਤਾ ਗਿਆ। ਖਾਲਸੇ ਦੇ ਇਸ ਮਹਾਨ ਕਰਤੱਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਮ ਦਿੱਤਾ ਹੈ । ਭਾਵੇਂ ਇਸ ਨੂੰ ਕੁਝ ਹੀ ਆਖੋ, ਪਰ ਇਸ ਗੱਲ ਦੇ ਮੰਨਣ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਉਹ ਕੰਮ, ਜਿਹੜਾ ਇੰਨੇ ਲੰਮੇ ਸਮੇਂ ਵਿਚ ਕਿਸੇ ਤੋਂ ਭੀ ਨਹੀਂ ਸੀ ਹੋ ਸਕਿਆ, ਖਾਲਸੇ ਨੇ ਕਰਕੇ ਦੱਸ ਦਿੱਤਾ।

ਪਿਸ਼ਾਵਰ ਦੇ ਮੁਲਸਮਾਨਾਂ ਤੇ ਹਿੰਦੂਆਂ ਨੇ ਬਾਰਕਜ਼ਈਆਂ ਦੇ ਹੱਥੋਂ ਛੁਟਕਾਰਾ ਪਾਉਣ ਅਤੇ ਖਾਲਸੇ ਦੀ ਫਤਿਹ ਦੀ ਖੁਸ਼ੀ ਵਿਚ ਇਸ ਰਾਤ ਨੂੰ ਸਾਰੇ ਸ਼ਹਿਰ ਵਿਚ ਦੀਪ ਮਾਲਾ ਕੀਤੀ।

ਇਸ ਸੂਬੇ ਦੇ ਹਿੰਦੂਆਂ ਪਰ ਸੰਨ ੧੬੫੮ ਈ: ਵਿਚ ਔਰੰਗਜ਼ੇਬ ਬਾਦਸ਼ਾਹ ਨੇ ਜੋ ਜਜ਼ੀਆ ਇਕ ਦੀਨਾਰਾਂ ਵੀ ਸਿਰ ਲਾਇਆ ਹੋਇਆ ਸੀ, ਸਰਦਾਰ ਹਰੀ ਸਿੰਘ ਨੇ ਸ਼ਹਿਰ ਪੁਰ ਕਬਜ਼ਾ ਕਰਨ ਦੇ ਥੋੜੇ ਦਿਨਾਂ ਬਾਅਦ ਉਹ ‘ਕਰ’ ਹਿੰਦੂਆਂ ਦੇ ਸਿਰਾਂ ਤੋਂ ਹਟਾ ਦਿੱਤਾ।
ਇਸ ਤਰ੍ਹਾਂ ਇਸ ਬਿਖੜੇ ਇਲਾਕੇ ਦੇ ਫੌਜੀ ਤੇ ਮੁਲਕੀ ਪ੍ਰਬੰਧ ਨੂੰ ਇੰਨੀ ਯੋਗਤਾ ਨਾਲ ਚਲਦਾ ਹੋਇਆ ਦੇਖ ਕੇ ਸ਼ੇਰਿ ਪੰਜਾਬ ਸਰਦਾਰ ਹਰੀ ਸਿੰਘ ਪਰ ਇੰਨੇ ਪ੍ਰਸੰਨ ਹੋਏ ਕਿ ਆਪ ਨੂੰ ਖਾਲਸਾ ਰਾਜ ਦੀ ਸਭ ਤੋਂ ਵੱਡੀ ਵਡਿਆਈ ਬਖਸ਼ੀ, ਅਰਥਾਤ ਪਿਸ਼ਾਵਰ ਦੇ ਸੂਬੇ ਵਿਚ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ।

ਕਿਲ੍ਹਾ ਜਮਰੌਦ ਦਾ ਬਣਾਉਣਾ: ਸਰਦਾਰ ਹਰੀ ਸਿੰਘ ਸੂਬੇ ਦੇ ਮੁਲਕੀ ਪ੍ਰਬੰਧ ਤੋਂ ਜ਼ਰਾ ਵਿਹਲੇ ਹੋਏ ਤਾਂ ਆਪ ਨੇ ਹੁਣ ਦੱਰਾ ਖੈਬਰ ਦੀ ਪਕਿਆਈ ਵੱਲ ਧਿਆਨ ਦਿੱਤਾ। ਉਹ ਰਾਹ ਜਿਹੜਾ ਪਿਸ਼ਾਵਰ ਤੋਂ ਕਾਬਲ ਵੱਲ ਜਾਂਦਾ ਹੈ ਦਰਾ ਖੈਬਰ ਦੀਆਂ ਪਹਾੜੀਆਂ ਵਿਚੋਂ ਲੰਘਦਾ ਹੈ। ਸਰਦਾਰ ਜੀ ਨੇ ਮੌਕੇ ਪਰ ਜਾ ਕੇ ਇਸ ਨੂੰ ਆਪਣੇ ਅਧੀਨ ਰੱਖਣ ਵਾਸਤੇ ਇੱਥੇ ਇਕ ਕਿਲ੍ਹੇ ਲਈ ਥਾਂ ਪਸੰਦ ਕੀਤੀ, ਜਿਸ ਨਾਲ ਸਾਰਾ ਦੱਰਾ ਆਪਣੇ ਵੱਸ ਵਿਚ ਆ ਜਾਂਦਾ ਸੀ। ਇਸ ਥਾਂ ਦਾ ਨਾਮ ਜਮਰੌਦ ਸੀ। ਇਥੇ ਸਰਦਾਰ ਜੀ ਨੇ ਇਕ ਵੱਡਾ ਕਿਲਾ ਤਿਆਰ ਕਰਨ ਦਾ ਹੁਕਮ ਦਿੱਤਾ ਜੋ ਥੋੜੇ ਸਮੇਂ ਵਿਚ ਹੀ ਤਿਆਰ ਹੋ ਗਿਆ। ਇਸ ਦਾ ਨਾਮ ਸਰਦਾਰ ਜੀ ਨੇ ‘ਫਤਿਹ ਗੜ੍ਹ’ ਰਖਿਆ।
ਇਸ ਕਿਲੇ ਦੀ ਉਸਾਰੀ ਨਾਲ ਅਫ਼ਗਾਨਿਸਤਾਨ ਦੀ ਹਕੂਮਤ ਦਾ ਤਖਤਾ ਹਿਲ ਗਿਆ। ਉਨ੍ਹਾਂ ਜਾਤਾ ਜੋ ਪਿਸ਼ਾਵਰ ਦੀ ਫ਼ਤਿਹ ਦੇ ਬਾਅਦ ਹੁਣ ਖਾਲਸੇ ਦਾ ਅਗਲਾ ਕਦਮ ਕਾਬਲ ਨੂੰ ਫਤਿਹ ਕਰਨਾ ਹੋਵੇਗਾ। ਇਸ ਘਬਰਾਹਟ ਵਿਚ ਉਨ੍ਹਾਂ ਆਪਣੀ ੩੦੦੦੦ ਅਫ਼ਗਾਨੀ ਫੌਜ ੪੦ ਤੋਪਾਂ ਅਤੇ ਦੂਰ ਦੂਰ ਇਲਾਕਿਆਂ ਤੇ ਮੁਲਕਈਆ ਲਸ਼ਕਰ ਆਪਣੇ ਬਹਾਦਰ ਪੁੱਤ ਮੁਹੰਮਦ ਅਕਬਰ ਖਾਨ ਦੀ ਸਾਰੀ ਵਿਚ ਇਕੱਤਰ ਕਰਕੇ ਜਮਰੌਦ ਦੇ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਲਿਆਉਣ ਲਈ ਚੜ੍ਹਾਈ ਕਰ ਦਿੱਤੀ। ਇਸ ਤੋਂ ਛੁਟ ੨੦੦੦ ਫੌਜ ਤੇ ੬ ਤੋਪਾਂ ਸਣੇ ੧੦ ਹਜ਼ਾਰ ਜਹਾਦੀਆਂ ਦੇ, ਹਾਜ਼ੀ ਖਾਨ ਕਾਕੜ ਅਤੇ ਸੱਯਦ ਬਾਬਾ ਜੀ ਦੀ ਸੌਂਪਣੀ ਵਿਚ ਕਿਲ੍ਹਾ ਸ਼ੰਕਰ ਗੜ੍ਹ ਤੇ ਮਿਚਨੀ ਪੁਰ ਧਾਵਾ ਕਰਨ ਲਈ ਤੋਰ ਦਿੱਤੇ।

ਸਰਦਾਰ ਹਰੀ ਸਿੰਘ ਨਲੂਆ ਇਨ੍ਹਾਂ ਦਿਨਾਂ ਵਿਚ ਪਿਸ਼ਾਵਰ ਵਿਚ ਬੀਮਾਰ ਪਿਆ ਸੀ ਅਤੇ ਪਿਸ਼ਾਵਰ ਦੀ ਫੌਜ ਦਾ ਬਹੁਤ ਸਾਰਾ ਹਿੱਸਾ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਪਰ ਲਾਹੌਰ ਆਇਆ ਹੋਇਆ ਸੀ। ਕਿਲ੍ਹਾ ਜਮਰੋਦ ਵਿਚ ਸਰਦਾਰ ਮਹਾਂ ਸਿੰਘ ਮੀਰਪੁਰੀਏ ਦੀ ਤਾਇਤ ਵਿਚ ੮੦੦ ਪੈਦਲ, ੨੦੦ ਸਵਾਰ, ੮੦ ਤੋਪਖਾਨੇ ਦੇ ਗੋਲੰਦਾਜ਼, ੧੦ ਵਡੀਆਂ ਤੋਪਾਂ ਤੇ ੧੨ ਹਲਕੀਆਂ ਪਹਾੜੀ ਤੋਪਾਂ ਸਨ।

ਅਫ਼ਗਾਨੀ ਫੌਜ ਨੇ ਪਹੁੰਚਦੇ ਹੀ ੨੧ ਅਪ੍ਰੈਲ ਸੰਨ ੧੮੩੭ ਦੀ ਸਵੇਰ ਨੂੰ ਕਿਲ੍ਹਾ ਜਮਰੌਦ ਪਰ ਹੱਲਾ ਬੋਲ ਦਿੱਤਾ। ਅੱਗੋਂ ਬਹਾਦਰ ਸਰਦਾਰ ਮਹਾਂ ਸਿੰਘ ਵੀ ਸਾਰਾ ਦਿਨ ਬੜੀ ਦ੍ਰਿੜਤਾ ਨਾਲ ਵੈਰੀ ਦਾ ਟਾਕਰਾ ਕਰਦਾ ਰਿਹਾ ਤੇ ਅਫ਼ਗਾਨਾਂ ਨੂੰ ਕਿਲ੍ਹੇ ਤੋਂ ਖਾਸਾ ਦੂਰ ਹੀ ਰੋਕੀ ਰੱਖਿਆ ਅਗਲੇ ਦਿਨ ਪਹੁ ਫੁਟਾਲੇ ਦੇ ਨਾਲ ਹੀ ਅਕਬਰ ਖਾਨ ਨੇ ਕਲ ਤੋਂ ਵਧੇਰੇ ਜੋਸ਼ ਨਾਲ ਧਾਵਾ ਕੀਤਾ। ਖਾਲਸੇ ਇਸ ਦਿਨ ਵੀ ਖਾਲਸਈ ਸ਼ਾਨ ਅਨੁਸਾਰ ਵੈਰੀ ਦੇ ਹੱਲੇ ਰੋਕਦੇ ਰਹੇ,ਪਰ ਅਫਗਾਨੀ ਫੌਜ ਗਿਣਤੀ ਵਿਚ ਬਹੁਤ ਹੀ ਵੱਧ ਸੀ, ਇਸ ਲਈ ਸ਼ਾਮ ਪੈਣ ਤੋਂ ਕੁਝ ਅੱਗੇ ਵਧ ਆਈ ਤੇ ਭਾਰੀਆਂ ਤੋਪਾਂ ਦੀ ਮਾਰ ਨਾਲ ਕਿਲ੍ਹੇ ਦੇ ਦਰਵਾਜ਼ੇ ਦੀ ਲਾਗੇ ਵਾਲੀ ਕੰਧ ਇੱਕ ਥਾਂ ਤੋਂ ਢਿਲਕ ਗਈ ਤੇ ਇੱਕ ਖਾਸੀ ਦਰਾੜ ਪੈ ਗਈ; ਪਰ ਇਹ ਗੱਲ ਵਡੀ ਹੈਰਾਨ ਕਰਨ ਵਾਲੀ ਹੈ ਕਿ ਅਫ਼ਗਾਨਾਂ ਦੇ ਦਿਲਾਂ ਪਰ ਖਾਲਸੇ ਦਾ ਇੱਨਾਂ ਦਬਦਬਾ ਬੈਠਾ ਹੋਇਆ ਸੀ ਕਿ ਸਾਹਮਣੇ ਫਸੀਲ ਵਿਚ ਪਾੜ ਦੇਖਕੇ ਵੀ ਕਿਲੇ ਦੇ ਅੰਦਰ ਵੜਨ ਦਾ ਹੀਆ ਨਾ ਕਰ ਸਕੇ।
ਦੋ ਦਿਨ ਲਗਾਤਾਰ ਲੜਾਈ ਲੜਨ ਦੇ ਬਾਅਦ ਅਫ਼ਗਾਨੀ ਫ਼ੌਜ ਹਫ ਗਈ ਸੀ, ਜਿਸ ਕਰਕੇ ਹਨੇਰਾ ਪੈਂਦਿਆਂ ਹੀ ਉਨ੍ਹਾਂ ਇਸ ਖਿਆਲ ਨਾਲ ਲੜਾਈ ਬੰਦ ਕਰ ਦਿੱਤੀ ਕਿ ਹੁਣ ਕਿਲਾ ਇਕ ਅਧ ਦਿਨ ਦਾ ਮਹਿਮਾਨ ਹੈ, ਕੱਲ ਸਵੇਰੇ ਹੀ ਇਸ ਪਰ ਕਬਜ਼ਾ ਕਰ ਲਿਆ ਜਾਏਗਾ। ਇਸ ਖੁਸ਼ੀ ਵਿਚ ਅਫ਼ਗਾਨ ਖਾਨ ਪਾਨ ਦੇ ਆਹਰ ਵਿਚ ਜੁਟ ਪਏ।

ਇੱਧਰ ਸਰਦਾਰ ਮਹਾਂ ਸਿੰਘ ਨੇ ਕਿਲ੍ਹੇ ਦੇ ਸਾਰੇ ਸਰਦਾਰਾਂ ਨੂੰ ਇਕੱਠਾ ਕਰਕੇ ਬੜੇ ਜੋਸ਼ ਭਰੇ ਰੰਗ ਵਿਚ ਖਾਲਸੇ ਤੋਂ ਦੋ ਮੰਗਾਂ ਮੰਗੀਆਂ, ਪਹਿਲੀ ਇਹ ਕਿ ਕੁਝ ਕੁਰਬਾਨੀ ਵਾਲੇ ਨੌਜਵਾਨ ਹੁਣੇ ਹੀ ਜੁਟ ਪੈਣ ਤੇ ਕਿਲ੍ਹੇ ਦੀ ਫਸੀਲ ਦੇ ਖੱਪੇ ਨੂੰ ਰੇਤ-ਭਰੀਆਂ ਬੋਰੀਆਂ ਨਾਲ ਪੂਰ ਕੇ ਰਾਤੋ ਰਾਤ ਇਸ ਨੂੰ ਮੁੜ ਉਸੇ ਤਰ੍ਹਾਂ ਪੱਕਾ ਕਰ ਦੇਣ। ਦੂਜੀ ਇਹ ਕਿ ਇਕ ਦੋ ਐਸੇ ਕੌਮੀ ਭੌਰੇ ਚਾਹੀਦੇ ਹਨ ਜਿਹੜੇ ਰਾਤੋ ਰਾਤ ਪਿਸ਼ਾਵਰ ਪਹੁੰਚ ਕੇ ਸਰਦਾਰ ਹਰੀ ਸਿੰਘ ਨੂੰ ਇੱਥੋਂ ਦੇ ਸਾਰੇ ਹਾਲ ਪਹੁੰਚਾ ਦੇਣ। ਪਹਿਲੀ ਮੰਗ ਦੇ ਪੂਰਾ ਕਰਨ ਲਈ ਕਈ ਸੌ ਸੂਰਮੇ ਉਸ ਵਕਤ ਲੱਗ ਪਏ ਤੇ ਬਹੁਤ ਛੇਤੀ ਉਨ੍ਹਾਂ ਆਪਣਾ ਕੰਮ ਚੰਗੀ ਤਰ੍ਹਾਂ ਪੂਰਾ ਕਰ ਲਿਆ। ਦੂਜੀ ਸੇਵਾ ਲਈ ਵੀ ਕਈ ਕੰਮੀ ਸੇਵਕਾਂ ਆਪਣੇ ਨਾਮ ਪੇਸ਼ ਕੀਤੇ, ਇਨ੍ਹਾਂ ਵਿੱਚੋਂ ਇਕ ਬੀਬੀ ਸੀ। ਇਸ ਸਮੇਂ ਇਸ ਬੀਬੀ ਨੇ ਪਿਸ਼ਾਵਰ ਵੱਲ ਸੁਨੇਹਾ ਪਹੁੰਚਾਉਣ ਲਈ ਇੱਨਾ ਹਠ ਕੀਤਾ ਕਿ ਕਈ ਵਾਰੀ ਮਨਾ ਕਰਨ ਦੇ ਵੀ ਉਸ ਨੇ ਕਿਸੇ ਦੀ ਇੱਕ ਨਾ ਮੰਨੀ; ਛੇਕੜ ਇਸ ਅਤਿ ਕਠਨ ਸੇਵਾ ਦੀ ਵਡਿਆਈ ਇਸੇ ਨੂੰ ਦਿੱਤੀ ਗਈ।

ਸਰਦਾਰ ਮਹਾਂ ਸਿੰਘ ਦਾਖਤ ਸਰਦਾਰ ਹਰੀ ਸਿੰਘ ਵੱਲ ਬਹੁਤ ਲੰਮਾਂ ਨਹੀਂ ਸੀ, ਪਰ ਉਸਦਾ ਅੱਖਰ ਅੱਖਰ ਕੌਮੀ ਪਿਆਰ ਦੇ ਗੂੜ੍ਹੇ ਰੰਗ ਵਿਚ ਰੰਗਿਆ ਪਿਆ ਸੀ। ਯੋਗ ਸਤਿਕਾਰ ਦੇ ਉਪਰੰਤ ਲਿਖਿਆ ਸੀ – “ਜੀ ਨਹੀਂ ਸੀ ਚਾਹੁੰਦਾ ਕਿ ਆਪ ਜੀ ਨੂੰ ਬੀਮਾਰੀ ਦੀ ਹਾਲਤ ਵਿਚ ਇਸ ਆਪਦਾ ਵਿਚ ਆਪਣੇ ਨਾਲ ਰਲਾਇਆ ਜਾਏ, ਪਰ ਅਸੀਂ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ ਕਿ ਪਿਸ਼ਾਵਰ ਵਿਚ ਫੌਜ ਬਹੁਤ ਘੱਟ ਹੈ ਅਤੇ ਲਾਹੌਰੋਂ ਹੁਣ ਪਹੁੰਚ ਨਹੀਂ ਸੱਕਦੀ, ਇਸ ਲਈ ਕਿਲ੍ਹੇ ਦੇ ਖਾਲਸੇ ਦੀ ਇੱਛਾ ਹੈ ਕਿ ਅਜ ਦੇ ਹਾਲ ਆਪ ਜੀ ਤੱਕ ਪਹੁੰਚਾਏ ਜਾਣ।‘ਫਤਹ ਗੜ੍ਹ’ ਦੀ ਬਾਹਰਲੀ ਫਸੀਲ ਦਾ ਕੁਝ ਹਿੱਸਾ ਦਰਵਾਜ਼ੇ ਦੇ ਲਾਗਿਓਂ ਅੱਜ ਸ਼ਾਮ ਨੂੰ ਵੈਰੀ ਦੀਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਡਿੱਗ ਪਿਆ ਸੀ, ਜਿਸ ਨੂੰ ਕਿਲ੍ਹੇ ਦਾ ਖਾਲਸਾ ਇਸ ਵਕਤ ਬੜੀ ਹਿੰਮਤ ਨਾਲ, ਰੇਤ-ਭਰੀਆਂ ਬੋਰੀਆਂ ਨਾਲ ਪੂਰ ਰਿਹਾ ਹੈ, ਆਸ ਹੈ ਕਿ ਰਾਤੋ ਰਾਤ ਇਹ ਖੱਪਾ ਠੀਕ ਹੋ ਜਾਏਗਾ। ਅਜ ਉਸ ਸਮੇਂ ਸਤਿਗੁਰ ਨੇ ਖਾਲਸੇ ਦੀ ਪੈਜ ਰੱਖ ਲਈ ਕਿ ਵੈਰੀ ਫਸੀਲ ਦੇ ਡਿਗਦਿਆਂ ਸਾਰ ਕਿਲੇ ਪਰ ਧਾਵਾ ਕਰਨ ਦਾ ਹੀਆ ਨਾ ਕਰ ਸਕਿਆ, ਨਹੀਂ ਤਾਂ ਇਹ ਅੰਤਮ ਸੰਦੇਸ਼ਾ ਸ਼ਾਇਦ ਆਪ ਜੀ ਦੀ ਸੇਵਾ ਵਿਚ ਭੇਟ ਨਾ ਹੋ ਸਕਦਾ। ਪ੍ਰਤੀਤ ਹੋ ਰਿਹਾ ਹੈ ਕਿ ਸਵੇਰੇ ਅਫ਼ਗਾਨਾ ਨੇ ਕਿਲ੍ਹੇ ਪਰ ਹੱਲਾ ਕਰਨਾ ਹੈ ਅਤੇ ਖਾਲਸੇ ਦਾ ਅਤੇ ਆਪ ਦਾ ਅਤਿ ਪਿਆਰਾ ‘ਫਤਹ ਗੜ੍ਹ’ ਧਰਤੀ ਨਾਲ ਮਿਲਾ ਦਿਤਾ ਜਾਣਾ ਹੈ, ਪਰ ਆਪ ਇਹ ਗੱਲ ਸੁਣ ਕੇ ਅਤਿ ਪ੍ਰਸੰਨ ਹੋਵੋਗੇ ਕਿ ਆਪ ਨੇ ਜਿਨ੍ਹਾਂ ਜਵਾਨਾਂ ਪਰ ਭਰੋਸਾ ਕਰ ਕੇ ਇਸ ਕਿਲ੍ਹੇ ਦੀ ਇਜ਼ਤ ਉਨ੍ਹਾਂ ਦੇ ਹੱਥ ਸੌਂਪੀ ਸੀ, ਉਨਾਂ ਵਿਚੋਂ ਇਕ ਭੀ ਐਸਾ ਨਹੀਂ ਨਿਕਲਿਆ, ਜਿਸ ਨੇ ਕੌਮ ਦੀ ਇੱਜ਼ਤ ਦੇ ਟਾਕਰੇ ਪਰ ਆਪਣੀ ਜਾਨ ਨੂੰ ਵਧੇਰਾ ਪਿਆਰਾ ਸਮਝਿਆ ਹੋਵੇ। ਇਸ ਸਮੇਂ ਫਟੜਾਂ ਤੇ ਬੀਮਾਰਾਂ ਤੋਂ ਛੁਟ ਸੱਤ ਕੁ ਸੌ ਦਾ ਟਿਕਾਣਾ ਸੂਰਮੇ ਕਿਲ੍ਹੇ ਵਿਚ ਹਨ। ਅੱਜ ਇਨ੍ਹਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪ੍ਰਣ ਕੀਤਾ ਹੈ ਕਿ ਜਦ ਤਕ ਸਾਡੀਆਂ ਰਗਾਂ ਵਿਚ ਲਹੂ ਦਾ ਛੇਕੜਲਾ ਤੁਬਕਾ ਬਾਕੀ ਹੈ ਖਾਲਸਈ ਝੰਡੇ ਦੀ ਕੋਈ ਬੇਅਦਬੀ ਨਹੀਂ ਕਰ ਸਕੇਗਾ, ਇਸ ਦੇ ਪਿੱਛੋਂ ਸ਼ਾਇਦ ਸਾਡੇ ਵੱਲੋਂ ਆਪ ਨੂੰ ਕੋਈ ਖ਼ਤ ਨਾ ਪਹੁੰਚ ਸਕੇਗਾ। ਹੁਣ ਕਿਲੇ ਦੇ ਸਰਬੱਤ ਖਾਲਸੇ ਵੱਲੋਂ ਸਤਿਕਾਰ ਭਰੇ ਦਿਲ ਨਾਲ ਅੰਤਮ ‘ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ’ ਪ੍ਰਵਾਨ ਹੋਵੇ।

੧੭ ਵਿਸਾਖ
ਸੰਮਤ ੧੮੯੪ ਬਿ:
ਆਪ ਦਾ ਨਿਵਾਜਿਆ-
ਮਹਾਂ ਸਿੰਘ ਅਤੇ ਫਤਹਗੜ੍ਹ ਦਾ ਖਾਲਸਾ

ਇਹ ਖ਼ਤ ੩੦ ਅਪ੍ਰੈਲ ਨੂੰ ਅਜੇ ਕੁਝ ਰਾਤ ਬਾਕੀ ਸੀ ਕਿ ਨਲੂਏ ਸਰਦਾਰ ਪਾਸ ਪਹੁੰਚਾ ਦਿੱਤਾ ਗਿਆ। ਖ਼ਤ ਦੇ ਪੜ੍ਹਨ ਨਾਲ ਸਰਦਾਰ ਹਰੀ ਸਿੰਘ ਦੇ ਮਨ ਵਿਚ ਕੌਮੀ ਪਿਆਰ ਦੀ ਜੁਵਾਲਾ ਭੜਕ ਉੱਠੀ। ਆਪ ਛੇਤੀ ਨਾਲ ਉੱਠੇ ਤੇ ਇਸ ਖ਼ਤ ਨੂੰ ਮੁੜ ਗਹੁ ਨਾਲ ਪੜਿਆ। ਹੁਣ ਨਲੂਏ ਸਰਦਾਰ ਦੇ ਸਾਹਮਣੇ ਦੋ ਰਾਹ ਸਨ, ਇਕ ਤਾਂ ਆਪਣੀ ਬੀਮਾਰੀ ਵਿਚ ਸਰੀਰ ਰੱਖਿਆ ਦਾ ਅਤੇ ਦੂਜਾ ਖਾਲਸਾ ਰਾਜ ਦੀ ਸ਼ਾਨ ਨੂੰ ਬਚਾਉਣ ਦਾ, ਸੋ ਆਪ ਨੇ ਖਾਲਸਾ ਰਾਜ ਦੀ ਭਲਾਈ ਦੇ ਰਾਹ ਨੂੰ ਆਪਣੀ ਜਾਨ ਨਾਲੋਂ ਵਧੇਰਾ ਜ਼ਰੂਰੀ ਸਮਝਿਆ ਆਪ ਨੇ ਉਸੀ ਵੇਲੇ ਪਿਸ਼ਾਵਰ ਵਿਚ ਬਾਕੀ ਰਹੀ ਹੋਈ ਫੌਜ ਨੂੰ ਸ਼ੀਘਰ ਤਿਆਰ ਕਰਕੇ ਜਮਰੌਦ ਦੀ ਰਣ ਭੂਮੀ ਵਿਚ ਕੂਚ ਕਰ ਦਿੱਤਾ। ਤੁਰਨ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨੇ ਸਰਦਾਰ ਮਹਾਂ ਸਿੰਘ ਦਾ ਅਸਲ ਖ਼ਤ ਸਣੇ ਆਪਣੀ ਪੱਤ੍ਰਕਾ ਦੇ ਸ਼ੇਰਿ ਪੰਜਾਬ ਵਲ ਤੇਜ਼-ਰਫਤਾਰ ਸਾਂਢਨੀ ਸਵਾਰ ਦੇ ਹੱਥ ਭੇਜ ਦਿੱਤਾ, ਜਿਸ ਵਿਚ ਛੇਤੀ ਤੋਂ ਛੇਤੀ ਖਾਲਸਾ ਫੌਜ ਭੇਜਣ ਦੀ ਮੰਗ ਸੀ।

ਬਾਕੀ ਦੂਜੇ ਭਾਗ ਵਿੱਚ ………….

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: