June 19, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਸੀ.ਬੀ.ਆਈ ਨੂੰ ਦਿੱਤੇ ਗਏ ਤਿੰਨ ਕੇਸਾਂ ਦੀ ਜਾਂਚ ਲਈ ਸੀ.ਬੀ.ਆਈ ਦੀ ਇਕ ਟੀਮ ਐਤਵਾਰ ਨੂੰ ਪੰਜਾਬ ਪਹੁੰਚੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਸੀ ਬੀ ਆਈ ਦੇ ਅਫਸਰਾਂ ਦੀ ਇਕ ਟੀਮ ਐਤਵਾਰ ਨੂੰ ਮੋਗਾ ਪੁੱਜ ਗਈ ਹੈ ਅਤੇ ਉਹ ਸਾਰੀ ਜਾਣਕਾਰੀ ਨੂੰ ਰਿਕਾਰਡ ਤੇ ਲਿਆਉਣ ਦੀ ਕਾਰਵਾਈ ‘ਚ ਹੈ।
ਪ੍ਰੈਸ ਬਿਆਨ ਵਿਚ ਡੀ.ਜੀ.ਪੀ ਸੁਰੇਸ਼ ਅਰੋੜਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਸੀ.ਬੀ.ਆਈ. ਦੀ ਟੀਮ ਨੂੰ ਸ਼ੱਕੀ ਵਿਅਕਤੀਆਂ ਤੱਕ ਪੂਰੀ ਪਹੁੰਚ ਕਰਾ ਰਹੀ ਹੈ ਅਤੇ ਚੱਲ ਰਹੀ ਜਾਂਚ ਨੂੰ ਮੁਕੰਮਲ ਕਰਨ ਲਈ ਸਹਿਯੋਗ ਦੇ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕੇ।
ਗੌਰਤਲਬ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਪੁਲਿਸ ਥਾਣੇ ਵਿਚ ਦਰਜ ਤਿੰਨ ਕੇਸਾਂ ਨੂੰ ਸੀ.ਬੀ.ਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਹਨਾਂ ਵਿਚ ਜੂਨ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣਾ, ਸਤੰਬਰ 2015 ਵਿਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਵਿਚ ਪੋਸਟਰ ਲਾ ਕੇ ਸਿੱਖਾਂ ਨੂੰ ਚੋਰੀ ਸਰੂਪ ਲੱਭਣ ਲਈ ਵੰਗਾਰਨਾ ਅਤੇ ਬਰਗਾੜੀ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਸ਼ਾਮਿਲ ਹਨ।
ਹੁਣ ਪੰਜਾਬ ਪੁਲਿਸ ਦੀ ਐਸ.ਆਈ.ਟੀ ਵਲੋਂ ਬੀਤੇ ਦਿਨੀਂ 2011 ਦੇ ਇਕ ਸਾੜ-ਫੂਕ ਦੇ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਦੇ ਰਿਮਾਂਡ ਮੌਕੇ ਪੰਜਾਬ ਪੁਲਿਸ ਨੇ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਇਹਨਾਂ ਵਿਅਕਤੀਆਂ ਦੀ ਉਪਰੋਕਤ ਬੇਅਦਬੀ ਕੇਸਾਂ ਵਿਚ ਵੀ ਸ਼ਮੂਲੀਅਤ ਹੈ।
Related Topics: CBI, Incident of Beadbi of Guru Granth Shaib at Bargar Village, Punjab Police